ਅੰਬੇਦਕਰ ਦਾ ਲੰਡਨ ਵਿੱਚ ਬਣਿਆ ਮਿਊਜ਼ੀਅਮ ਕਿਉਂ ਖ਼ਤਰੇ ’ਚ?

ਲੰਡਨ ਦਾ ਇੱਕ ਸਾਂਤ ਕੋਨਾ ਅਤੇ ਸ਼ਹਿਰ ਦੇ ਸਭ ਤੋਂ ਅਹਿਮ ਇਲਾਕਿਆਂ ਵਿੱਚੋਂ ਇੱਕ ਪ੍ਰਿਮਰੋਜ਼ ਹਿਲ ਕਈ ਪੀੜ੍ਹੀਆਂ ਦੀਆਂ ਮਸ਼ਹੂਰ ਹਸਤੀਆਂ ਦਾ ਟਿਕਾਣਾ ਰਿਹਾ ਹੈ।

ਇਸ ਇਲਾਕੇ ਵਿੱਚ ਮਸ਼ਹੂਰ ਮਾਡਲ ਕੇਟ ਮੌਸ ਤੋਂ ਲੈ ਕੇ ਅਦਾਕਾਰ ਡੇਨੀਅਲ ਕ੍ਰੇਗ ਤੱਕ ਦਾ ਘਰ ਹੈ।

ਪਰ ਪੂਰੀ ਦੁਨੀਆਂ ਤੋਂ ਬਹੁਤ ਸਾਰੇ ਲੋਕ ਇੱਕ ਖਾਸ ਘਰ ਦਾ ਦੌਰਾ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹਨ।

ਘਰ ਦੇ ਬਾਹਰ ਇੱਕ ਨੀਲੇ ਰੰਗ ਦਾ ਬੋਰਡ ਹੈ ਜਿਸ 'ਤੇ ਲਿਖਿਆ ਹੈ, ''ਭਾਰਤ ਵਿੱਚ ਸਮਾਜਿਕ ਨਿਆਂ ਦੇ ਮੋਢੀ ਡਾ. ਭੀਮਰਾਓ ਅੰਬੇਦਕਰ ਇੱਥੇ 1921-22 ਤੱਕ ਰਹੇ ਸਨ।''

ਦਰਵਾਜ਼ੇ ਦੇ ਕੁਝ ਕਦਮ ਅੰਦਰ ਹੀ ਡਾ. ਅੰਬੇਦਕਰ ਦੀ ਇੱਕ ਮੂਰਤੀ ਹੈ ਜੋ ਫੁੱਲਾਂ ਦੀ ਮਾਲਾ ਨਾਲ ਲਿਪਟੀ ਹੋਈ ਹੈ। ਉਨ੍ਹਾਂ ਦੀ ਯਾਦ ਵਿੱਚ ਕਮਰੇ ਦੀ ਮੁੜ ਮੁਰੰਮਤ ਕਰਵਾਈ ਗਈ ਹੈ।

ਡਾਈਨਿੰਗ ਟੇਬਲ ਤੇ ਕੁਝ ਕਾਨੂੰਨੀ ਦਸਤਾਵੇਜ਼ ਪਏ ਹਨ। ਉਨ੍ਹਾਂ ਦਾ ਚਸ਼ਮਾ ਬਿਸਤਰ ਨਾਲ ਲੱਗੇ ਟੇਬਲ 'ਤੇ ਕਿਤਾਬਾਂ ਦੇ ਨਾਲ ਪਿਆ ਹੈ।

ਇਹ ਵੀ ਪੜ੍ਹੋ

ਹੋ ਰਿਹਾ ਹੈ ਵਿਰੋਧ

ਪਰ ਇੱਕ ਸਮੱਸਿਆ ਹੈ, ਸਥਾਨਕ ਨਗਰ ਨਿਗਮ ਦੇ ਮੁਤਾਬਕ ਕਦੇ ਡਾ. ਅੰਬੇਦਕਰ ਦਾ ਘਰ ਰਹੇ ਇਸ ਮਿਊਜ਼ੀਅਮ ਦਾ ਵਿਰੋਧ ਇਸਦੇ ਦੋ ਗੁਆਂਢੀ ਕਰ ਰਹੇ ਹਨ।

ਅਗਲੇ ਮਹੀਨੇ ਕਾਊਂਸਿਲ ਦੀ ਸੁਣਵਾਈ ਵਿੱਚ ਘਰ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਸਦੇ ਮਾਲਕਾਂ ਨੂੰ ਇਸ ਇਮਾਰਤ ਨੂੰ ਮਕਾਨ ਦੇ ਰੂਪ ਵਿੱਚ ਤਬਦੀਲ ਕਰਨ ਨੂੰ ਕਿਹਾ ਜਾ ਸਕਦਾ ਹੈ ਅਤੇ ਇਸ ਦਾ ਦਰਵਾਜ਼ਾ ਦੇਸ-ਦੁਨੀਆਂ ਤੋਂ ਆਉਣ ਵਾਲਿਆਂ ਲਈ ਬੰਦ ਕੀਤਾ ਜਾ ਸਕਦਾ ਹੈ।

ਇਹ ਇੱਕ ਅਜਿਹੇ ਸ਼ਖਸ ਦੀ ਵਿਰਾਸਤ ਨੂੰ ਵਿਸਾਰ ਦੇਵੇਗਾ ਜਿਸਦਾ ਅਸਰ ਅੱਜ ਵੀ ਭਾਰਤੀ ਸਮਾਜ 'ਤੇ ਹੈ।

ਅੰਬੇਦਕਰ ਹਾਊਸ ਨਾਲ ਮਸ਼ਹੂਰ ਇਸ ਇਮਾਰਤ ਨੂੰ ਮਹਾਰਾਸ਼ਟਰ ਸਰਕਾਰ ਨੇ ਸਾਲ 2015 ਵਿੱਚ ਤਕਰੀਬਨ 30 ਲੱਖ ਪਾਊਂਡ ਵਿੱਚ ਖਰੀਦਿਆ ਸੀ।

ਉਸ ਵੇਲੇ ਇਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ।

ਇਹ ਵੀ ਪੜ੍ਹੋ

ਨਿਯਮਾਂ ਦੀ ਉਲੰਘਣਾ

ਇਸ ਦੌਰਾਨ ਸੈਂਕੜੇ ਲੋਕ ਇਸ ਮਿਊਜ਼ੀਅਮ ਨੂੰ ਦੇਖਣ ਆਏ। ਸੜਕ ਦੇ ਪਰਲੇ ਪਾਸੇ ਰਹਿਣ ਵਾਲੇ ਇੱਕ ਸਥਾਨਕ ਵਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੈ ਕਿ ਇੱਥੇ ਕੋਈ ਮਿਊਜ਼ੀਅਮ ਹੈ।

ਪਰ ਜਨਵਰੀ 2018 ਵਿੱਚ ਕੈਮਡੇਨ ਕਾਊਂਸਲ ਨੂੰ ਇਹ ਸ਼ਿਕਾਇਤ ਮਿਲੀ ਕਿ ਮਿਊਜ਼ੀਅਮ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਇੱਕ ਮਿਊਜ਼ੀਅਮ ਦੇ ਰੂਪ ਵਿੱਚ ਚਲਾਉਣ ਲਈ ਇਜਾਜ਼ਤ ਨਹੀਂ ਲਈ ਗਈ।

ਫਰਵਰੀ 2018 ਵਿੱਚ ਜਾਇਦਾਦ ਦੇ ਮਾਲਕਾਂ ਨੇ ਇਮਾਰਤ ਨੂੰ ਮਿਊਜ਼ੀਅਮ ਦੇ ਰੂਪ ਵਿੱਚ ਚਲਾਉਣ ਦੀ ਇਜਾਜ਼ਤ ਮੰਗੀ, ਪਰ ਕਾਊਂਸਲ ਨੇ ਅਕਤੂਬਰ 2018 ਵਿੱਚ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਇਸ ਨਾਲ ਰਿਹਾਇਸ਼ੀ ਇਲਾਕੇ ਨੂੰ ''ਬਹੁਤ ਨੁਕਸਾਨ ਹੋਵੇਗਾ ਜੋ ਸਵੀਕਾਰ ਨਹੀਂ'' ਕੀਤਾ ਜਾ ਸਕਦਾ।

ਉੱਤਰ-ਪੱਛਮੀ ਲੰਡਨ ਦੇ ਦੋ ਵਾਸੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਬੱਸਾਂ ਵਿੱਚ ਭਰ-ਭਰ ਕੇ ਲੋਕਾਂ ਦੇ ਆਉਣ ਕਾਰਨ ਇਲਾਕੇ ਵਿੱਚ ਸ਼ੋਰ-ਸ਼ਰਾਬਾ ਵਧ ਰਿਹਾ ਹੈ।

ਇਹ ਵੀ ਪੜ੍ਹੋ

ਮਹਾਰਾਸ਼ਟਰ ਨੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਸਬੰਧ ਵਿੱਚ 24 ਅਕਤੂਬਰ ਨੂੰ ਇੱਕ ਜਨਤਕ ਜਾਂਚ ਕੀਤੀ ਜਾਣੀ ਹੈ।

ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੀਬੀਸੀ ਨੂੰ ਕਿਹਾ ਹੈ ਕਿ ਇਹ ਜਾਇਦਾਦ ਭਾਰਤ ਵਿੱਚ ਇੱਕ ਵੱਡੇ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।

ਹਾਈ ਕਮਿਸ਼ਨ ਨੇ ਕਿਹਾ ਕਿ ਇਮਾਰਤ ਨੂੰ ਮਿਊਜ਼ੀਅਮ ਵਿੱਚ ਬਦਲਣ ਲਈ ਕੈਮਡੇਨ ਪ੍ਰੀਸ਼ਦ ਵਿੱਚ ਅਪਲਾਈ ਕੀਤਾ ਗਿਆ ਹੈ।

ਇੱਥੇ ਕੀਤੀ ਸੀ ਪੜ੍ਹਾਈ

ਡਾ. ਅੰਬੇਦਕਰ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਮੌਤ ਸਾਲ 1956 ਵਿੱਚ ਹੋਈ ਸੀ।

ਕਾਨੂੰਨ ਦੇ ਜਾਣਕਾਰ ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਸੀ। ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵੀ ਸਨ।

ਡਾ. ਭੀਮਰਾਓ ਅੰਬੇਦਕਰ ਜਾ ਜਨਮ ਦਲਿਤ ਪਰਿਵਾਰ ਵਿੱਚ ਹੋਇਆ। ਦਲਿਤਾਂ ਅਤੇ ਔਰਤਾਂ ਨੂੰ ਬਰਾਬਰੀ ਦਾ ਹੱਕ ਦੁਆਉਣ ਲਈ ਉਨ੍ਹਾਂ ਨੇ ਲੜਾਈ ਲੜੀ।

ਸਿਆਸੀ ਜ਼ਿੰਦਗੀ ਸ਼ੁਰੂ ਕਰਨ ਤੋਂ ਪਹਿਲਾਂ ਡਾ. ਅੰਬੇਦਕਰ ਨੇ ਅਰਥਸ਼ਾਸਤਰ ਵਿੱਚ ਆਪਣੀ ਪੀਐਚਡੀ ਲੰਡਨ ਸਕੂਲ ਆਫ ਇਕਨੌਮਿਕਸ ਤੋਂ ਪੂਰੀ ਕੀਤੀ ਸੀ।

ਆਪਣੀ ਪੜ੍ਹਾਈ ਦੇ ਦੌਰਾਨ ਕਰੀਬ ਇੱਕ ਸਾਲ ਦਾ ਸਮਾਂ ਉਨ੍ਹਾਂ ਨੇ ਪ੍ਰਿਮਰੋਜ਼ ਹਿਲ ਵਿੱਚ ਗੁਜ਼ਾਰਿਆ ਸੀ।

ਬ੍ਰਿਟੇਨ ਦੀ ਇੱਕ ਚੈਰਿਟੀ- ਫੈਡਰੇਸ਼ਨ ਆਫ ਅੰਬੇਦਕਰਾਈਟ ਐਂਡ ਬੁੱਧਿਸਟ ਆਰਗੇਨਾਈਜੇਸ਼ਨ ਦੇ ਸੁਝਾਅ 'ਤੇ ਮਹਾਰਾਸ਼ਟਰ ਸਰਕਾਰ ਨੇ ਇਹ ਜਾਇਦਾਦ ਸਾਲ 2015 ਵਿੱਚ ਖਰੀਦੀ ਸੀ।

ਸਥਾਨਕ ਵਾਸੀ ਅਤੇ ਬ੍ਰਿਟੇਨ ਸਰਕਾਰ ਵਿੱਚ ਅਧਿਕਾਰੀ ਰਹਿ ਚੁਕੀ ਸੰਤੋਸ਼ ਦਾਸ ਨੇ ਮਹਾਰਾਸ਼ਟਰ ਸਰਕਾਰ ਨੂੰ ਇਸਨੂੰ ਖ਼ਰੀਦਨ ਲਈ ਰਾਜ਼ੀ ਕੀਤਾ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਜਾਇਦਾਦ ਉਸ ਸਮੇਂ ਮਾੜੇ ਹਾਲਾਤ ਵਿੱਚ ਸੀ ਅਤੇ ਇਸ ਵਿੱਚ ਮੁਰੰਮਤ ਦਾ ਕਾਫ਼ੀ ਕੰਮ ਹੋਇਆ ਹੈ।

ਸੰਤੋਸ਼ ਦਾਸ ਨੇ ਕਿਹਾ ਕਿ ਘਰ ਨੂੰ ਇੱਕ ਰਸਮੀ ਮਿਊਜ਼ੀਅਮ ਵਿੱਚ ਤਬਦੀਲ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ ਸੀ ਪਰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਵਿੱਚ ਇੰਨਾ ਸਮਾਂ ਲੱਗ ਜਾਵੇਗਾ।

ਉਨ੍ਹਾਂ ਮੁਤਾਬਕ, ''ਅਸਲ ਵਿੱਚ ਅਸੀਂ ਇਸਨੂੰ ਇੱਕ ਵਿਰਾਸਤ ਬਣਾਉਣਾ ਚਾਹੁੰਦੇ ਹਾਂ ਤਾ ਜੋ ਲੋਕ ਇੱਥੇ ਆਉਣ। ਕੁਝ ਲੋਕ ਇਸ ਨੂੰ ਤੀਰਥ ਸਥਾਨ ਵਾਂਗ ਸਮਝਦੇ ਹਨ।''

ਹਰ ਹਫ਼ਤੇ ਤਕਰੀਬਨ 50 ਲੋਕ ਅੰਬੇਦਕਰ ਹਾਊਸ ਪਹੁੰਚਦੇ ਹਨ। ਇਸ ਵਿੱਚ ਕਈ ਅਜਿਹੇ ਲੋਕ ਵੀ ਹਨ ਜੋ ਕਾਫ਼ੀ ਦੂਰ ਤੋਂ ਇੱਥੇ ਪਹੁੰਚਦੇ ਹਨ।

ਇਮਾਰਤ ਦੇ ਬਾਹਰ ਇੱਕ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਭਾਰਤ ਤੋਂ ਆਏ ਹਨ ਅਤੇ ਲੰਡਨ ਘੁੰਮਣ ਦੀਆਂ ਥਾਵਾਂ ਦੀ ਸੂਚੀ ਵਿੱਚ ਅੰਬੇਦਕਰ ਹਾਊਸ ਸਭ ਤੋਂ ਉੱਪਰ ਸੀ।

ਇੱਕ ਸਥਾਨਕ ਵਾਸੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, ''ਇਹ ਇੱਕ ਮਿਊਜ਼ੀਅਮ ਨਹੀਂ ਸਗੋਂ ਰਿਹਾਇਸ਼ ਹੋਣੀ ਚਾਹੀਦੀ ਹੈ।''

ਉਸਨੇ ਦਾਅਵਾ ਕੀਤਾ, ''ਅੰਬੇਦਕਰ ਹਾਊਸ ਦੀ ਮਰੰਮਤ ਬਿਨਾ ਇਜਾਜ਼ਤ ਤੋਂ ਕੀਤੀ ਗਈ। ਹੁਣ ਇਸਨੂੰ ਭੀੜ ਦੇਖਣ ਆਉਂਦੀ ਹੈ।''

ਕੈਮਡੇਨ ਨੇ ਜਦੋਂ ਲੋਕਾਂ ਦੀ ਰਾਇ ਜਾਨਣੀ ਚਾਹੀ ਤਾਂ ਇੱਕ ਵਸਨੀਕ ਨੇ ਇਹ ਸ਼ਿਕਾਇਤ ਕੀਤੀ ਕਿ ਲੋਕ ''ਇੱਥੇ ਗੱਡੀਆਂ 'ਚ ਆਉਂਦੇ ਹਨ, ਫੋਟੋ ਲੈਂਦੇ ਹਨ ਅਤੇ ਸ਼ੋਰ ਕਰਦੇ ਹਨ।''

ਕੌਂਸਲ ਦੇ ਬੁਲਾਕੇ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਅੰਬੇਦਕਰ ਹਾਊਸ ਦੀ ਅਪੀਲ ਖਾਰਿਜ ਹੋ ਜਾਂਦੀ ਹੈ ਤਾਂ ''ਇਸਦੇ ਮਾਲਕਾਂ ਨੂੰ ਇਸ ਇਮਾਰਤ ਨੂੰ ਇੱਕ ਰਿਹਾਇਸ਼ ਵਾਂਗ ਇਸਤੇਮਾਲ ਕਰਨਾ ਪਵੇਗਾ।''

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)