You’re viewing a text-only version of this website that uses less data. View the main version of the website including all images and videos.
ਕਸ਼ਮੀਰ 'ਤੇ ਇਮਰਾਨ ਖ਼ਾਨ ਦੇ ਮੰਤਰੀ ਫ਼ਵਾਦ ਹੂਸੈਨ ਚੌਧਰੀ ਦਾ ਭੜਕਾਉਣ ਵਾਲਾ ਬਿਆਨ
ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਵੱਲੋਂ ਭਾਰਤ ਦੇ ਖ਼ਿਲਾਫ਼ ਤਿੱਖੀ ਪ੍ਰਤਿਕ੍ਰਿਆ ਆਉਣ ਦਾ ਸਿਲਸਿਲਾ ਜਾਰੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਉਨ੍ਹਾਂ ਦੇ ਮੰਤਰੀ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰ ਰਹੇ ਹਨ।
ਐਤਵਾਰ ਨੂੰ ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਫ਼ਵਾਦ ਹੁਸੈਨ ਚੌਧਰੀ ਨੇ ਪੀਐੱਮ ਮੋਦੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਭਾਰਤ ਨੇ ਜੇ ਉਂਗਲ ਦਿਖਾਈ ਤਾਂ ਪਾਕਿਸਤਾਨ ਹੱਥ ਤੋੜ ਦੇਵੇਗਾ ਅਤੇ ਮੁੱਕਾ ਦਿਖਾਇਆ ਤਾਂ ਮੂੰਹ ਤੋੜਣ ਦੀ ਤਾਕਤ ਰੱਖਦੇ ਹਾਂ।
ਫ਼ਵਾਦ ਚੌਧਰੀ ਨੇ ਕਿਹਾ, ''ਨਰਿੰਦਰ ਮੋਦੀ ਫਾਸੀਵਾਦੀ ਹਨ। ਜਦੋਂ ਤੋਂ ਦੁਬਾਰਾ ਜਿੱਤ ਕੇ ਆਏ ਹਨ ਉਦੋਂ ਤੋਂ ਹੀ ਉਹ ਕੁਝ ਜ਼ਿਆਦਾ ਹੰਕਾਰੀ ਹੋ ਗਏ ਹਨ। ਜੇ ਤੁਸੀਂ ਅਮਨ ਚਾਹੁੰਦੇ ਹੋ ਤਾਂ ਅਸੀਂ ਅਮਨ ਦੇ ਲਈ ਖੜੇ ਹਾਂ ਅਤੇ ਜੇ ਤੁਸੀਂ ਜੰਗ ਚਾਹੁੰਦੇ ਹੋ ਤਾਂ ਅਸੀਂ ਜੰਗ ਦੇ ਲਈ ਖੜੇ ਹਾਂ। ਅਸੀਂ ਹਰ ਹਾਲਾਤ ਲਈ ਤਿਆਰ ਹਾਂ। ਜੇ ਤੁਸੀਂ ਉਂਗਲ ਦਿਖਾਈ ਤਾਂ ਅਸੀਂ ਹੱਥ ਤੋੜਨ ਦੀ ਹਿੰਮਤ ਰੱਖਦੇ ਹਾਂ। ਜੇ ਮੁੱਕਾ ਦਿਖਾਓਗੇ ਤਾਂ ਅਸੀਂ ਤੁਹਾਡਾ ਮੂੰਹ ਤੋੜਨ ਦੀ ਤਾਕਤ ਰੱਖਦੇ ਹਾਂ।''
ਫ਼ਵਾਦ ਚੌਧਰੀ ਨੇ ਅੱਗੇ ਕਿਹਾ, ''ਇਸ ਸਮੇਂ ਪਾਕਿਸਤਾਨ ਦੀ ਡਿਪਲੋਮੇਸੀ ਬਿਲਕੁਲ ਸਹੀ ਰਾਹ 'ਤੇ ਹੈ। 27 ਸਤੰਬਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਯੁਕਤ ਰਾਸ਼ਟਰ 'ਚ ਬਹੁਤ ਅਹਿਮ ਤਕਰੀਰ ਕਰਨ ਜਾ ਰਹੇ ਹਨ। ਸਾਡੇ ਨਾਲ ਇਸਲਾਮਿਕ ਦੇਸ ਖੜੇ ਹਨ। ਤੁਰਕੀ ਸਾਡੇ ਨਾਲ ਖੜਾ ਹੈ। ਯੂਏਈ ਨੇ ਮੋਦੀ ਨੂੰ ਸਨਮਾਨ ਦੇ ਕੇ ਪਾਕਿਸਤਾਨ ਨੂੰ ਨਿਰਾਸ਼ ਕੀਤਾ ਹੈ।'' ਫ਼ਵਾਦ ਚੌਧਰੀ ਲਾਹੌਰ 'ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਫ਼ਵਾਦ ਚੌਧਰੀ ਨੂੰ ਪੁੱਛਿਆ ਗਿਆ ਕਿ ਕਸ਼ਮੀਰ ਵਿਵਾਦ 'ਤੇ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋ-ਆਪਰੇਸ਼ਨ ਅਤੇ ਇਸਲਾਮਿਕ ਬਲਾਕ ਦੀ ਭੂਮਿਕਾ ਕੀ ਹੋਵੇਗੀ।
ਇਸ ਦੇ ਜਵਾਬ 'ਚ ਫ਼ਵਾਦ ਚੌਧਰੀ ਨੇ ਕਿਹਾ, ''ਇੱਥੇ ਕੋਈ ਮੁਸਲਿਮ ਬਲਾਕ ਨਹੀਂ ਹੈ। ਸਾਰੇ ਮੁਸਲਿਮ ਦੇਸ ਸੰਘਰਸ਼ 'ਚ ਉਲਝੇ ਹੋਏ ਹਨ। ਜੋ ਦੇਸ ਸਥਿਰ ਹਨ, ਜਿਵੇਂ ਤੁਰਕੀ ਸਾਡੇ ਨਾਲ ਖੜਾ ਹੈ। ਬਾਕੀ ਦੇ ਮੁਸਲਿਮ ਦੇਸ ਆਪਣੇ ਹਿੱਤਾਂ ਦੇ ਹਿਸਾਬ ਨਾਲ ਫ਼ੈਸਲਾ ਕਰਨਗੇ।''
ਫ਼ਵਾਦ ਚੌਧਰੀ ਨੇ ਸੰਯੁਕਤ ਅਰਬ ਅਮੀਰਾਤ (UAE) ਵੱਲੋਂ ਮੋਦੀ ਨੂੰ ਸਨਮਾਨ ਮਿਲਣ 'ਤੇ ਕਿਹਾ, ''ਇਸ 'ਚ ਕੋਈ ਸ਼ੱਕ ਨਹੀਂ ਹੈ ਮੋਦੀ ਨੂੰ ਯੂਏਈ ਦਾ ਸਰਬਉਚ ਨਾਗਰਿਮ ਸਨਮਾਨ ਮਿਲਣ ਨਾਲ ਪਾਕਿਸਤਾਨ 'ਚ ਨਿਰਾਸ਼ਾ ਹੈ। ਅਸੀਂ ਲੋਕ ਯੂਏਈ ਨੂੰ ਆਪਣਾ ਦੋਸਤ ਮੰਨਦੇ ਹਾਂ ਅਤੇ ਉਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੁਬਈ ਨੂੰ ਬਣਾਉਣ 'ਚ ਪਾਕਿਸਤਾਨ ਦੀ ਵੱਡੀ ਭੂਮਿਕਾ ਰਹੀ ਹੈ। ਕਸ਼ਮੀਰ ਵਿਵਾਦ ਕੋਈ ਪਾਕਿਸਤਾਨ ਦੀ ਸਮੱਸਿਆ ਨਹੀਂ ਹੈ ਸਗੋਂ ਇਹ ਵਿਸ਼ਵ ਪੱਧਰ 'ਤੇ ਮਨੁੱਖੀ ਅਧਿਕਾਰ ਦਾ ਮੁੱਦਾ ਹੈ।''
ਅਬੂ ਧਾਬੀ ਦੇ ਕ੍ਰਾਉਨ ਪ੍ਰਿੰਸ ਨੇ ਪੀਐੱਮ ਮੋਦੀ ਦੇ ਯੂਏਈ ਦੌਰੇ 'ਤੇ ਕਿਹਾ ਕਿ ਉਹ ਬਹੁਤ ਹੀ ਧੰਨਵਾਦੀ ਹਨ ਕਿ ਉਨ੍ਹਾਂ ਦੇ ਭਰਾ ਆਪਣੇ ਦੂਜੇ ਘਰ ਅਬੂ ਧਾਬੀ (ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ) ਆਏ ਹਨ। ਇਸ ਤੋਂ ਪਹਿਲਾਂ ਯੂਏਈ ਨੇ 'ਆਰਡਰ ਆਫ਼ ਜਾਯੇਦ' ਸਨਮਾਨ ਨਾਲ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਮਹਾਰਾਣੀ ਐਲਿਜ਼ਾਬੇਥ-2 ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਨਵਾਜ਼ਿਆ ਸੀ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਵੀ ਐਤਵਾਰ ਨੂੰ ਕਸ਼ਮੀਰ ਮੁੱਦੇ 'ਤੇ ਭਾਰਤ ਦੇ ਖ਼ਿਲਾਫ਼ ਹਮਲਾ ਕਰਦਿਆਂ ਕਿਹਾ ਕਿ ਜੇ ਭਾਰਤ ਨੇ ਪਾਕਿਸਤਾਨ 'ਤੇ ਹਮਲਾ ਕੀਤਾ ਤਾਂ ਭਾਰਤੀ ਉੱਪ ਮਹਾਦੀਪ ਦਾ ਨਕਸ਼ਾ ਬਦਲ ਜਾਵੇਗਾ। ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਮੁਜ਼ੱਫਰਾਬਾਦ ਦੇ ਸਿਟੀ ਪ੍ਰੈੱਸ ਕਲੱਬ 'ਚ ਸ਼ੇਖ ਰਾਸ਼ਿਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਸ਼ੇਖ ਰਾਸ਼ਿਦ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਦਾ ਮੁੱਦਾ ਦੁਨੀਆਂ ਦੇ ਹਰ ਮੰਚ 'ਤੇ ਚੁੱਕੇਗਾ। ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ 'ਤੇ ਇਸਲਾਮਿਕ ਦੁਨੀਆਂ ਵੀ ਹੁਣ ਪਾਕਿਸਤਾਨ ਦੀ ਗੱਲ ਸਮਝ ਰਹੇ ਹਨ।
ਕੁਰੈਸ਼ੀ ਨੇ ਕਿਹਾ, ''ਪਾਕਿਸਤਾਨ ਨੇ ਆਪਣਾ ਰੁਖ ਸਾਫ਼ ਕੀਤਾ ਹੈ ਅਤੇ ਭਾਰਤ ਨੇ ਕਿਹਾ ਹੈ ਕਿ ਕਸ਼ਮੀਰ 'ਚ ਮੁਸਲਮਾਨਾਂ 'ਤੇ ਜ਼ਿਆਦਤੀ ਬੰਦ ਹੋਵੇ। ਆਰਗੇਨਾਇਜ਼ੇਸ਼ਨ ਆਫ਼ ਇਸਲਾਮਿਕ ਕੋ-ਆਪਰੇਸ਼ਨ ਵੀ ਕਸ਼ਮੀਰ 'ਤੇ ਬੋਲ ਚੁੱਕਿਆ ਹੈ। ਤੁਰਕੀ ਦੇ ਅੰਦਰ ਕਸ਼ਮੀਰੀਆਂ ਨੂੰ ਲੈ ਕੇ ਸਮਰਥਨ ਹੈ। ਮਲੇਸ਼ੀਆ ਨੇ ਵੀ ਆਪਣੀ ਗੱਲ ਕਹੀ ਹੈ। ਮੈਨੂੰ ਯਕੀਨ ਹੈ ਕਿ ਇਸਲਾਮਿਕ ਦੁਨੀਆਂ ਸਾਡਾ ਸਾਥ ਦੇਵੇਗੀ।''
ਕੁਰੈਸ਼ੀ ਨੇ ਕਿਹਾ ਕਿ ਯੂਏਈ ਅਤੇ ਭਾਰਤ ਦੇ ਬਹੁਤ ਚੰਗੇ ਰਿਸ਼ਤੇ ਹਨ ਅਤੇ ਦੋਵਾਂ ਦੇ ਆਪੋ-ਆਪਣੇ ਹਿੱਤ ਹਨ। ਕੁਰੈਸ਼ੀ ਨੇ ਕਿਹਾ ਕਿ ਉਹ ਯੂਏਈ ਦੇ ਸਾਹਮਣੇ ਸਾਰੇ ਤੱਥਾਂ ਨੂੰ ਰੱਖਣਗੇ।
ਪਾਕਿਸਤਾਨ ਦੇ ਪੱਤਰਕਾਰ ਵੀ ਇਸ ਗੱਲ ਨੂੰ ਲੈ ਕੇ ਹਮਲਾਵਰ ਹਨ ਕਿ ਇਸਲਾਮਿਕ ਦੇਸ ਕਸ਼ਮੀਰ ਉੱਤੇ ਪਾਕਿਸਤਾਨ ਦਾ ਸਾਥ ਦੇਣ ਦੀ ਥਾਂ ਪੀਐੱਮ ਮੋਦੀ ਨੂੰ ਸਨਮਾਨਿਤ ਕਰ ਰਹੇ ਹਨ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਬਹਿਰੀਨ 'ਚ ਮੋਦੀ ਦੇ ਸਨਮਾਨਿਤ ਹੋਣ 'ਤੇ ਲਿਖਿਆ ਕਿ ਬਹਿਰੀਨ ਪਾਕਿਸਤਾਨ ਦਾ ਕਦੇ ਦੋਸਤ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ:
ਉੱਧਰ ਅਮਰੀਕਾ 'ਚ ਪਾਕਿਸਤਾਨ ਦੇ ਰਾਜਦੂਤ ਰਹੇ ਹੁਸੈਨ ਹੱਕਾਨੀ ਨੇ ਮੋਦੀ ਨੂੰ ਯੂਏਈ 'ਚ ਅਵਾਰਡ ਦਿੱਤੇ ਜਾਣ ਬਾਰੇ ਪਾਕਿਸਤਾਨ ਦੀ ਪ੍ਰਤਿਕ੍ਰਿਆ ਨੂੰ ਨਕਾਰ ਦਿੱਤਾ ਹੈ।
ਹੁਸੈਨ ਹੱਕਾਨੀ ਨੇ ਟਵਿੱਟਰ 'ਤੇ ਲਿਖਿਆ ਹੈ, ''ਪਾਕਿਸਤਾਨੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਯੂਏਈ ਆਪਣੇ ਹਿੱਤਾਂ ਦੀ ਬਲੀ ਦੇ ਕੇ ਪਾਕਿਸਤਾਨ ਦਾ ਪੱਖ ਕਿਉਂ ਲਏਗਾ? ਯਾਦ ਰੱਖਣਾ ਚਾਹੀਦਾ ਹੈ ਕਿ ਇਸੇ ਸੰਯੁਕਤ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਕੁਝ ਮਹੀਨੇ ਪਹਿਲੇ ਤਿੰਨ ਅਰਬ ਡਾਲਰ ਦੀ ਲਾਈਫ਼ ਟਾਈਮ ਮਦਦ ਕੀਤੀ ਸੀ।''
ਹੁਸੈਨ ਹੱਕਾਨੀ ਨੇ ਇਹ ਵੀ ਲਿਖਿਆ ਹੈ ਕਿ ਪਾਕਿਸਤਾਨ ਕਸ਼ਮੀਰ ਬਾਰੇ ਸਮਰਥਨ ਮਿਲਣ ਦਾ ਦਾਅਵਾ ਕਰ ਰਿਹਾ ਹੈ ਪਰ ਜਿਸ ਦੇਸ ਦਾ ਨਾਮ ਲੈ ਰਿਹਾ ਹੈ ਉਹੀ ਮੁੱਕਰ ਰਿਹਾ ਹੈ।
ਹੱਕਾਨੀ ਨੇ ਕਿਹਾ ਕਿ ਸ੍ਰੀਲੰਕਾ 'ਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਦਾਅਵਾ ਕੀਤਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਕਸ਼ਮੀਰ ਦੀ ਵਿਚੋਲਗੀ ਸਾਰਕ ਰਾਹੀਂ ਕਰਨ ਦੀ ਤਜਵੀਜ਼ ਰੱਖਿਆ ਹੈ ਜਿਸ ਨੂੰ ਸ੍ਰੀਲੰਕਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਜੀ-7 ਦੇਸਾਂ ਦੇ ਸੰਮੇਲਨ 'ਚ ਫਰਾਂਸ ਵਿੱਚ ਹਨ। ਮੋਦੀ ਨੇ ਟਵਿੱਟਰ 'ਤੇ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਏਂਟੋਨਿਯੋ ਗੁਟੇਰਸ ਨਾਲ ਮੁਲਾਕਾਤ ਦੀਆਂ ਤਸਵੀਰਾਂ ਪਾਈਆਂ ਹਨ ਅਤੇ ਲਿਖਿਆ ਹੈ ਕਿ ਮੌਸਮੀ ਬਦਲਾਅ ਅਤੇ ਪ੍ਰਵਾਸੀਆਂ ਦੇ ਮੁੱਦਿਆਂ 'ਤੇ ਗੱਲਬਾਤ ਹੋਈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਯੂਐਨ ਮੁੱਖ ਸਕੱਤਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਹੈ।
ਨਰਿੰਦਰ ਮੋਦੀ ਨੇ ਪੀਐੱਮ ਬਣਨ ਤੋਂ ਬਾਅਦ ਖਾੜੀ ਦੇ ਲਗਭਗ ਸਾਰੇ ਇਸਲਾਮਿਕ ਦੇਸਾਂ ਦਾ ਦੌਰਾ ਕੀਤਾ। ਦਿਲਚਸਪ ਹੈ ਕਿ ਮੋਦੀ ਨੇ ਇਸ ਦੇ ਨਾਲ ਹੀ ਇਸਰਾਇਲ ਦਾ ਵੀ ਦੌਰਾ ਕੀਤਾ। ਮੋਦੀ ਇਸਰਾਇਲ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਪੀ ਬਣੇ।