ਰਵਿਦਾਸ ਮੰਦਿਰ: ਦਲਿਤ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਕਿੰਨੀਆਂ ਸੱਚੀਆਂ ਹਨ? ਫੈਕਟ ਚੈਕ

    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਫੈਕਟ ਚੈਕ ਟੀਮ

ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿੱਚ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਖ਼ਿਲਾਫ਼ ਕਈ ਦਲਿਤ ਸੰਗਠਨਾਂ ਨੇ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਪ੍ਰਦਰਸ਼ਨ ਕੀਤਾ ਸੀ।

ਇਹ ਪ੍ਰਦਰਸ਼ਨ ਬੀਤੇ ਬੁੱਧਵਾਰ ਨੂੰ ਹੋਇਆ ਸੀ। ਇਸ ਪ੍ਰਦਰਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਜੇ ਜਾ ਰਹੇ ਹਨ।

ਪਰ ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਇਸ ਵਿਚੋਂ ਕੁਝ ਬੁੱਧਵਾਰ ਨੂੰ ਹੋਏ ਪ੍ਰਦਰਸ਼ ਦੇ ਨਹੀਂ ਹਨ।

10 ਅਗਸਤ 2019 ਨੂੰ ਸੁਪਰੀਮ ਕੋਰਟ ਦੇ ਆਦੇਸ਼ 'ਤੇ ਗੁਰੂ ਰਵਿਦਾਸ ਮੰਦਿਰ ਨੂੰ ਢਾਹ ਦਿੱਤਾ ਗਿਆ ਸੀ ਜਿਸ ਨਾਲ ਦਲਿਤ ਭਾਈਚਾਰਾ ਕਾਫੀ ਨਾਰਾਜ਼ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਦਿੱਲੀ ਵਿਕਾਸ ਅਥਾਰਟੀ ਕਾਰਨ ਹੋਇਆ ਹੈ ਜੋ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ।

ਇਹ ਵੀ ਪੜ੍ਹੋ-

ਇਹੀ ਕਾਰਨ ਰਿਹਾ ਹੈ ਕਿ ਦਿੱਲੀ ਦੇ ਇਸ ਪ੍ਰਦਰਸ਼ਨ ਵਿੱਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਦੇਸ ਦੇ ਹੋਰਨਾਂ ਹਿੱਸਿਆਂ ਤੋਂ ਆਏ ਸੰਤ ਰਵਿਦਾਸ ਦੇ ਸ਼ਰਧਾਲੂਆਂ ਵਿਚਾਲੇ 'ਮੋਦੀ ਸਰਕਾਰ ਮੁਰਦਾਬਾਦ' ਦਾ ਸ਼ੋਰ ਸੁਣਾਈ ਦਿੱਤਾ ਹੈ।

ਪਰ ਸੋਸ਼ਲ ਮੀਡੀਆ 'ਤੇ ਜੋ ਲੋਕ ਇਸ ਪ੍ਰਦਰਸ਼ਨ ਨੂੰ ਪ੍ਰਮੋਟ ਕਰ ਰਹੇ ਸਨ, ਅਸੀਂ ਦੇਖਿਆ ਕਿ ਇਨ੍ਹਾਂ ਵਿੱਚ ਕੁਝ ਲੋਕਾਂ ਨੇ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਭਰਮਾਉਣ ਦੇ ਦਾਅਵਿਆਂ ਨਾਲ ਸ਼ੇਅਰ ਕੀਤੀਆਂ ਹਨ।

ਪੁਰਾਣੇ ਪ੍ਰਦਰਸ਼ਨ ਦਾ ਵੀਡੀਓ

'ਜੈ ਭੀਮ-ਜੈ ਭੀਮ' ਦੇ ਨਾਅਰੇ ਲਗਾਉਂਦੀ ਭੀੜ ਦਾ ਇੱਕ ਹੋਰ ਵੀਡੀਓ ਜਿਸ ਨੂੰ ਇੱਕ ਬਿਲਡਿੰਗ ਦੀ ਛੱਤ ਤੋਂ ਸ਼ੂਟ ਕੀਤਾ ਗਿਆ, ਸੋਸ਼ਲ ਮੀਡੀਆ 'ਤੇ 5 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ।

30 ਸੈਕੰਡ ਦੇ ਇਸ ਵੀਡੀਓ ਵਿੱਚ ਲੋਕੇਸ਼ਨ ਵਜੋਂ ਦਿੱਲੀ ਲਿਖਿਆ ਹੋਇਆ ਅਤੇ ਭੀੜ ਦੇ ਹੱਥਾਂ ਵਿੱਚ ਨੀਲੇ ਝੰਡੇ ਹਨ।

ਟਵਿੱਟਰ 'ਤੇ 'ਯੂਥ ਕਾਂਗਰਸ ਦੇ ਨੈਸ਼ਨਲ ਕੈਂਪੇਨ ਇੰਚਾਰਜ' ਵਜੋਂ ਆਪਣੀ ਪਛਾਣ ਦੇਣ ਵਾਲੇ ਸ਼੍ਰੀਵਤਸ ਨੇ ਵੀ ਇਸ ਵੀਡੀਓ ਨੂੰ ਟਵੀਟ ਕੀਤਾ ਹੈ, ਜਿਸ ਨੂੰ ਸੈਂਕੜੇ ਲੋਕਾਂ ਨੇ ਸ਼ੇਅਰ ਕੀਤਾ ਹੈ।

ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ, "ਦਲਿਤਾਂ ਦੇ ਮੁੱਦੇ ਨੂੰ ਮੀਡੀਆ ਇਸ ਲਈ ਨਹੀਂ ਚੁੱਕੇਗਾ ਕਿਉਂਕਿ ਇਹ ਹਿੰਦੁਤਵ ਪ੍ਰੋਜੈਕਟ ਦੇ ਖ਼ਿਲਾਫ਼ ਹਨ। ਆਰਐਸਐਸ ਲਈ 1509 'ਚ ਬਣਿਆ ਸੰਤ ਰਵਿਦਾਸ ਦਾ ਮੰਦਿਰ ਮਹੱਤਵ ਨਹੀਂ ਰੱਖਦਾ।"

"ਮੋਦੀ ਅਤੇ ਆਰਐਸਐਸ ਨੂੰ ਸਿਰਫ਼ ਦਲਿਤਾਂ ਦੇ ਵੋਟ ਚਾਹੀਦੇ ਹਨ। ਵਰਨਾ ਕਿਸੇ ਪ੍ਰਭਾਵੀ ਭਾਈਚਾਰੇ ਵੱਲੋਂ ਕੀਤੀ ਗਈ ਇੰਨੀ ਵੱਡੀ ਰੈਲੀ ਨੂੰ ਕਿਉਂ ਇੰਝ ਨਜ਼ਰ-ਅੰਦਾਜ਼ ਕੀਤਾ ਜਾਂਦਾ?"

ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਇਹ ਵੀਡੀਓ ਨਵੀਂ ਦਿੱਲੀ ਦੇ ਪ੍ਰਦਰਸ਼ ਦਾ ਨਹੀਂ, ਬਲਕਿ ਸਾਲ 2016 'ਚ ਹੋਏ ਮਹਾਰਸ਼ਟਰ ਦੇ ਇੱਕ ਅੰਦੋਲਨ ਦਾ ਹੈ।

ਮਹਾਰਾਸ਼ਟਰ ਦਾ ਵੀਡੀਓ

ਇਸ ਵਾਇਰਲ ਵੀਡੀਓ ਨੂੰ ਰਿਵਰਸ ਸਰਚ ਕਰਨ 'ਤੇ ਸਾਨੂੰ ਮਾਰਚ 2018 ਵਿੱਚ ਪੋਸਟ ਕੀਤੇ ਗਏ ਕੁਝ ਯੂ-ਟਿਊਬ ਵੀਡੀਓ ਮਿਲੇ ਜਿਨ੍ਹਾਂ ਦੀ ਲੰਬਾਈ ਫਿਲਹਾਲ ਵਾਇਰਲ ਹੋ ਰਹੇ ਵੀਡੀਓ ਦੀ ਤੁਲਨਾ ਵਿੱਚ ਥੋੜ੍ਹੀ ਜ਼ਿਆਦਾ ਸੀ।

ਇਨ੍ਹਾਂ ਦੀ ਕੁਆਲਿਟੀ ਚੰਗੀ ਸੀ ਜਿਸ ਕਾਰਨ ਸਾਨੂੰ ਵੀਡੀਓ ਨਾਲ ਸਬੰਧਿਤ ਤਿੰਨ ਅਹਿਮ ਸੁਰਾਗ਼ ਮਿਲੇ-

  • ਪਹਿਲਾ, ਵੀਡੀਓ ਵਿੱਚ ਦਿੱਖਣ ਵਾਲੇ ਪੋਸਟਰ
  • ਦੂਜਾ, ਇੱਕ ਦੁਕਾਨ ਜਿਸ ਦੇ ਬਾਹਰ ਲਿਖਿਆ ਹੈ, 'ਵਿਅੰਕਟੇਸ਼ ਖੇਤੀ ਭੰਡਾਰ'
  • ਤੀਜਾ, ਵੀਡੀਓ ਵਿੱਚ ਦਿਖ ਰਹੇ ਵੱਡੇ ਪਾਈਪ ਵਰਗੇ ਢਾਂਚੇ

ਇਨ੍ਹਾਂ ਦਾ ਆਧਾਰ 'ਤੇ ਅਸੀਂ ਜਾਂਚ ਨੂੰ ਅੱਗੇ ਵਧਾਇਆ ਤਾਂ ਪਤਾ ਲੱਗਾ ਕਿ 'ਵਿਅੰਕਟੇਸ਼ ਖੇਤੀ ਭੰਡਾਰ' ਪੂਰਬੀ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਦੇ ਵੀਆਈਪੀ ਰੋਡ 'ਤੇ ਸਥਿਤ ਹੈ।

ਇਸ ਤੋਂ ਬਾਅਦ ਗੂਗਲ ਮੈਪਸ ਦੀ ਮਦਦ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਵੀਡੀਓ ਵਿੱਚ ਦਿਖਣ ਵਾਲੇ 'ਵੱਡੇ ਪਾਈਪ ਵਰਗੇ ਢਾਂਚੇ' ਇਸ ਖੇਤੀ ਭੰਡਾਰ ਤੋਂ ਦੱਖਣੀ-ਪੂਰਬ 'ਚ ਸਥਿਤ ਵੱਡੇ ਗੋਦਾਮ ਹਨ ਜੋ ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦੇ ਹਨ।

ਨਾਂਦੇੜ ਸ਼ਹਿਰ ਵਿੱਚ ਬੀਤੇ ਸਾਲਾਂ ਵਿੱਚ ਹੋਏ ਦਲਿਤ ਪ੍ਰਦਰਸ਼ਨ ਬਾਰੇ ਜਦੋਂ ਅਸੀਂ ਇੰਟਰਨੈਟ 'ਤੇ ਸਰਚ ਕੀਤੀ ਤਾਂ ਪਤਾ ਲੱਗਾ ਕਿ 16 ਅਕਤੂਬਰ 2016 ਨੂੰ 'ਨਿਰਆਧਾਰ ਮਹਾਮੋਰਚਾ' ਨਾਮ ਦੇ ਬੈਨਰ ਹੇਠ ਲੱਖਾਂ ਲੋਕ ਸ਼ਹਿਰ ਦੇ ਖੇਤੀ ਉਤਪੰਨ ਬਾਜ਼ਾਰ ਸਮਿਤੀ ਮੈਦਾਨ ਵਿੱਚ ਇਕੱਠੇ ਹੋਏ ਸਨ।

ਪੁਰਾਣੀ ਮੀਡੀਆ ਰਿਪੋਰਟਾਂ ਮੁਤਾਬਕ, ਇਹ ਇੱਕ ਵੱਡਾ ਪ੍ਰਦਰਸ਼ਨ ਸੀ ਅਤੇ ਐਸੀ, ਐਸਟੀ ਸਣੇ ਓਬੀਸੀ ਵਰਗ ਦੇ 10 ਲੱਖ ਤੋਂ ਜ਼ਿਆਦਾ ਲੋਕ ਇਸ ਵਿੱਚ ਸ਼ਾਮਿਲ ਹੋਏ ਸਨ, ਜਿਨ੍ਹਾਂ ਦੀ ਮੰਗ ਸੀ ਕਿ ਦਲਿਤ ਸੋਸ਼ਣ ਰੋਕਥਾਮ ਕਾਨੂੰਨ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ।

ਬੀਬੀਸੀ ਨੇ ਦੇਖਿਆ ਕਿ ਇਹ ਵੀਡੀਓ ਦਿੱਲੀ ਦੇ ਪ੍ਰਦਰਸ਼ਨ ਬਾਰੇ ਦੱਸੇ ਜਾਣ ਤੋਂ ਪਹਿਲਾਂ ਸਾਲ 2018 'ਚ ਪ੍ਰਕਾਸ਼ ਅੰਬੇਡਕਰ ਦੇ 'ਯਲਗਾਰ ਮੋਰਚਾ' ਦੇ ਬੈਨਰ ਹੇਠ ਮੁੰਬਈ ਦੇ ਸੀਐਸਐਮਟੀ ਇਲਾਕੇ ਵਿੱਚ ਜਮਾਂ ਹੋਏ ਪ੍ਰਦਰਸ਼ਕਾਰੀ ਦੱਸ ਕੇ ਵਾਇਰਲ ਹੋਈ ਸੀ।

ਇਸ ਦੇ ਨਾਲ ਹੀ ਬਿਹਾਰ, ਜੋਧਪੁਰ ਅਤੇ ਇੰਦੌਰ ਵਿੱਚ ਹੋਏ ਦਲਿਤ ਪ੍ਰਦਰਸ਼ਨਾਂ ਵਜੋਂ ਵੀ ਸੋਸ਼ਲ ਮੀਡੀਆ 'ਤੇ ਇਸ ਨੂੰ ਸ਼ੇਅਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਨੀਲੇ ਝੰਡੇ ਅਤੇ ਲੋਕਾਂ ਦਾ ਸੈਲਾਬ

ਜਨਸੈਲਾਬ ਦੀ ਇਹ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਦਿੱਲੀ 'ਚ ਹੋਏ ਦਲਿਤ ਪ੍ਰਦਰਸ਼ਨ ਦੀ ਦੱਸ ਕੇ ਸ਼ੇਅਰ ਕੀਤੀ ਜਾ ਰਹੀ ਹੈ।

ਕਾਫੀ ਉਚਾਈ ਤੋਂ ਖਿੱਚੀ ਗਈ ਇਸ ਤਸਵੀਰ ਵਿੱਚ ਬਹੁਤ ਭੀੜ ਦਿਖਾਈ ਦਿੰਦੀ ਹੈ ਅਤੇ ਝੰਡਿਆਂ ਦੇ ਰੰਗ ਨੂੰ ਦੇਖ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲੋਕਾਂ ਨੇ 'ਭੀਮ ਆਰਮੀ' ਦੇ ਝੰਡੇ ਫੜੇ ਹੋਏ ਹਨ।

ਪਰ ਇਹ ਇੱਕ ਫਰਜ਼ੀ ਤਸਵੀਰ ਹੈ ਅਤੇ ਫੋਟੋ ਐਡੀਟਿੰਗ ਦੇ 'ਕਮਾਲ' ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ।

ਅਸਲ ਵਿੱਚ ਇਹ ਤਸਵੀਰ ਸਾਲ 2016 ਦੇ 'ਮਰਾਠਾ ਕ੍ਰਾਂਤੀ ਮੂਕ ਮੋਰਚਾ' ਦੀ ਹੈ ਅਤੇ ਭੀੜ ਦੇ ਹੱਥਾਂ ਵਿੱਚ ਕੇਸਰੀ (ਭਗਵਾ) ਰੰਗ ਦੇ ਝੰਡੇ ਸਨ, ਜਿਨ੍ਹਾਂ ਨੂੰ ਫੋਟੋ ਐਡੀਟਿੰਗ ਦੀ ਮਦਦ ਨਾਲ ਬਦਲ ਕੇ ਨੀਲਾ ਕਰ ਦਿੱਤਾ ਗਿਆ ਹੈ।

ਰਿਵਰਸ ਇਮੇਜ਼ ਸਰਚ ਦੇ ਨਤੀਜੇ ਦੱਸਦੇ ਹਨ ਕਿ ਇਸ ਫਰਜ਼ੀ ਤਸਵੀਰ ਨੂੰ ਸਾਲ 2016 ਤੋਂ ਹੀ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਦਲਿਤ ਪ੍ਰਦਰਸ਼ਨਾਂ ਦੌਰਾਨ ਸ਼ੇਅਰ ਕੀਤਾ ਜਾਂਦਾ ਰਿਹਾ ਹੈ।

ਪਰ ਇਸ ਥਾਂ ਦੀ ਪਛਾਣ ਤਸਵੀਰ ਵਿੱਚ ਦਿਖ ਰਹੀ, 'ਸੰਭਾਜੀ ਪੁਲਿਸ ਚੌਂਕੀ' ਅਤੇ 'ਸੰਭਾਜੀ ਮਿਤਰ ਮੰਡਲ' ਨਾਮ ਦੀ ਦੁਕਾਨ ਤੋਂ ਹੋਈ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਹੈ।

ਫੋਟੋ ਦੀ ਪੜਤਾਲ

ਸਾਲ 2016 ਵਿੱਚ ਪੁਣੇ ਸ਼ਹਿਰ ਵਿੱਚ ਹੋਏ ਵੱਡੇ ਪ੍ਰਦਰਸ਼ਨਾਂ ਬਾਰੇ ਸਰਚ ਕਰਨ 'ਤੇ ਪਚਾ ਲੱਗਾ ਕਿ 25 ਸਤੰਬਰ 2016 ਨੂੰ 'ਮਰਾਠਾ ਕ੍ਰਾਂਤੀ ਮੂਕ ਮੋਰਚਾ' ਦੇ ਬੈਨਰ ਹੇਠ 16 ਮਰਾਠਾ ਸੰਗਠਨਾਂ ਨੇ ਇਹ ਪ੍ਰਦਰਸ਼ਨ ਪ੍ਰਬੰਧਿਤ ਕੀਤਾ ਸੀ।

ਇਸ ਵਿੱਚ 15 ਲੱਖ ਲੋਕਾਂ ਨੇ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਪੁਣੇ 'ਚ ਮਰਾਠਿਆਂ ਦੇ ਪ੍ਰਦਰਸ਼ਨ ਦਾ ਜੋ ਫੋਟੋ ਸੋਸ਼ਲ ਮੀਡੀਆ 'ਤੇ ਦਿੱਲੀ ਦੇ ਦਲਿਤ ਪ੍ਰਦਰਸ਼ਨ ਦਾ ਕਹਿ ਕੇ ਸ਼ੇਅਰ ਹੋ ਰਿਹਾ ਹੈ, ਉਹ ਦਰਅਸਲ ਮਰਾਠਾ ਕ੍ਰਾਂਤੀ ਮੋਰਚਾ ਦੀ ਅਧਿਕਾਰਿਕ ਵੈਬਸਾਈਟ 'ਤੇ ਛਪੀ ਇੱਕ ਫੋਟੋ ਹੈਲਰੀ ਤੋਂ ਲਿਆ ਗਿਆ ਹੈ।

ਅਸੀਂ ਦੇਖਿਆ ਹੈ ਕਿ ਅਕਤੂਬਰ 2016 ਵਿੱਚ ਕਈ ਟਵਿੱਟਰ ਯੂਰਜ਼ਸ ਨੇ #marathakrantimorcha ਦੇ ਨਾਲ ਇਸ ਤਸਵੀਰ ਨੂੰ ਸ਼ੇਅਰ ਕੀਤਾ ਸੀ।

ਪੁਣੇ ਸ਼ਹਿਰ ਵਿੱਚ ਹੋਇਆ ਇਹ ਪ੍ਰਦਰਸ਼ਨ ਮਰਾਠਾ ਭਾਈਚਾਰੇ ਦੇ ਕਈ ਮਹੀਨਿਆਂ ਤੱਕ ਚੱਲੇ ਪ੍ਰਦਰਸ਼ਨਾਂ ਦਾ ਇੱਕ ਸੀਰੀਜ਼ ਦਾ ਹਿੱਸਾ ਸੀ।

ਇਸ ਦੌਰਾਨ ਮਹਾਰਾਸ਼ਟਨ ਦੇ ਛੋਟੇ ਸ਼ਹਿਰਾਂ-ਕਸਬਿਆਂ, ਜ਼ਿਲ੍ਹਿਆਂ ਅਤੇ ਤਾਲੁਕਾ ਦਫ਼ਤਰਾਂ ਦੇ ਬਾਹਰ ਵੀ ਮਰਾਠਾ ਭਾਈਚਾਰੇ ਨੇ ਪ੍ਰਦਰਸ਼ਨ ਕੀਤੇ ਸਨ।

ਇਨ੍ਹਾਂ ਪ੍ਰਦਰਸ਼ਨਾਂ ਦੇ ਪਿੱਛੇ ਇਸ ਭਾਈਚਾਰੇ ਦੀ ਰਾਖਵਾਂਕਰਨ ਅਤੇ ਕਿਸਾਨਾਂ ਨੂੰ ਪੈਂਸ਼ਨ ਵਰਗੀਆਂ ਕੁਝ ਮੰਗਾਂ ਸਨ। ਇਨ੍ਹਾਂ ਵਿੱਚ ਇੱਕ ਮੁੱਖ ਮੰਗ ਇਹ ਵੀ ਸੀ ਕਿ ਦਲਿਤ ਸੋਸ਼ਣ ਰੋਕਥਆਮ ਕਾਨੂੰਨ ਵਿੱਚ ਬਦਲਾਅ ਕੀਤਾ ਜਾਵੇ।

ਮਰਾਠਾ ਭਾਈਚਾਰੇ ਦੇ ਲੋਕਾਂ ਦਾ ਇਹ ਇਲਜ਼ਾਮ ਸੀ ਕਿ 'ਇਸ ਕਾਨੂੰਨ ਦੀ ਵੱਡੇ ਪੈਮਾਨੇ 'ਤੇ ਦੁਰਵਰਤੋਂ ਹੋ ਰਹੀ ਹੈ'। ਇਹ ਕੇਂਦਰ ਦਾ ਕਾਨੂੰਨ ਹੈ, ਇਸ ਲਈ ਇਸ ਵਿੱਚ ਸੋਧ ਕੇਂਦਰ ਸਰਕਾਰ ਹੀ ਕਰ ਸਕਦੀ ਹੈ।

ਫੈਕਟ ਚੈਕ ਦੀਆਂ ਹੋਰ ਖ਼ਬਰਾਂ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)