ਮੋਦੀ ਦੇ 'ਡਰੀਮ ਪ੍ਰਾਜੈਕਟ' ਲਈ ਮੁਸਲਮਾਨਾਂ ਦੇ 80 ਘਰਾਂ ਨੂੰ ਤੋੜਨ ਦਾ ਸੱਚ - ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਇੱਕ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਕਾਸ਼ੀ-ਵਿਸ਼ਵਨਾਥ ਕੋਰੀਡੋਰ ਯੋਜਨਾ ਦੇ ਤਹਿਤ ਮੁਸਲਮਾਨਾਂ ਦੇ 80 ਘਰਾਂ ਨੂੰ ਤੋੜਿਆ ਗਿਆ ਹੈ।

ਵਾਇਰਲ ਕੀਤੀ ਜਾ ਰਹੀ ਵੀਡੀਓ ਦੇ ਨਾਲ ਲਿਖਿਆ ਜਾ ਰਿਹਾ ਹੈ, "ਕਾਸ਼ੀ ਵਿਸ਼ਵਨਾਸ਼ ਮੰਦਿਰ ਤੋਂ ਗੰਗਾ ਨਦੀ ਤੱਕ ਰੋਡ ਨੂੰ ਚੌੜਾ ਕਰਨ ਲਈ ਮੋਦੀ ਨੇ ਰਸਤੇ 'ਚ ਪੈਂਦੇ 80 ਮੁਸਲਿਮ ਘਰਾਂ ਨੂੰ ਖਰੀਦਿਆਂ। ਜਦੋਂ ਇਨ੍ਹਾਂ ਘਰਾਂ ਨੂੰ ਤੋੜਿਆ ਗਿਆ ਤਾਂ ਉਨ੍ਹਾਂ 'ਚੋਂ 45 ਮੰਦਿਰ ਮਿਲੇ।"

ਮੋਦੀ ਦੇ "ਡਰੀਮ ਪ੍ਰਾਜੈਕਟ" ਕਾਸ਼ੀ-ਵਿਸ਼ਵਨਾਥ ਕੋਰੀਡੋਰ ਦਾ ਉਦੇਸ਼ 18ਸਦੀਂ ਦੇ ਸ਼ਿਵ ਮੰਦਿਰ ਕਾਸ਼ੀ ਵਿਸ਼ਵਨਾਥ ਲਈ ਗੰਗਾ ਤੋਂ ਸਿੱਧਾ ਰਸਤਾ ਬਣਾ ਕੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵਾਰਾਣਸੀ ਵਿੱਚ 8 ਮਾਰਚ 2019 ਨੂੰ ਰੱਖਿਆ ਸੀ।

ਵਾਇਰਲ ਵੀਡੀਓ ਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਗਿਆ ਹੈ।

ਸਾਡੇ ਵਟਸਐਪ ਰੀਡਰਸ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਤਾਂ ਜੋ ਇਸ ਦਾਅਵੇ ਦੀ ਪੜਚੋਲ ਕੀਤੀ ਜਾ ਸਕੇ।

ਅਸੀਂ ਆਪਣੀ ਪੜਚੋਲ 'ਚ ਦੇਖਿਆ ਕਿ ਇਹ ਦਾਅਵਾ ਭਰਮ-ਸਿਰਜਕ ਹੈ।

ਦਾਅਵੇ ਦੀ ਸੱਚਾਈ

ਇਹ ਪ੍ਰਾਜੈਕਟ ਵਿਸ਼ੇਸ਼ ਤੌਰ 'ਤੇ ਗਠਿਤ ਸ੍ਰੀ ਕਾਸ਼ੀ ਵਿਸ਼ਵਨਾਥ ਸਪੈਸ਼ਲ ਏਰੀਆ ਡਿਵੈਲਪਮੈਂਟ ਬੋਰਡ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।

ਅਸੀਂ ਇਸ ਬੋਰਡ ਦੇ ਸੀਈਓ ਵਿਸ਼ਾਲ ਸਿੰਘ ਨਾਲ ਇਸ ਦਾਅਵੇ ਦੀ ਸੱਚਾਈ ਪਤਾ ਲਗਾਉਣ ਲਈ ਗੱਲਬਾਤ ਕੀਤੀ।

ਵਿਸ਼ਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਪ੍ਰਾਜੈਕਟ ਲਈ ਕੁੱਲ 249 ਘਰਾਂ ਨੂੰ ਖਰੀਦਿਆਂ ਅਤੇ ਸਾਰੇ ਘਰ ਹਿੰਦੂਆਂ ਦੇ ਸਨ। ਇਨ੍ਹਾਂ ਵਿੱਚੋਂ ਅਸੀਂ ਅਜੇ ਤੱਕ 183 ਘਰ ਤੋੜੇ ਹਨ ਤੇ ਇਨ੍ਹਾਂ 'ਚੋਂ ਛੋਟੇ-ਵੱਡੇ 23 ਮੰਦਿਰ ਮਿਲੇ ਹਨ।"

ਮੰਦਿਰ ਦੇ ਨਾਲ ਹੀ ਗਿਆਨਵਾਪੀ ਮਸਜਿਦ ਵੀ ਹੈ।

ਪਰ ਮੰਦਿਰ ਦੇ ਵਿਸਥਾਰ ਅਤੇ ਸੁੰਦਰੀਕਰਨ ਲਈ ਕੋਈ ਵੀ ਮੁਸਲਿਮ ਘਰ ਨਹੀਂ ਤੋੜਿਆ ਗਿਆ।

ਇਹ ਵੀ ਪੜ੍ਹੋ

ਜ਼ਮੀਨੀ ਹਕੀਕਤ

ਗੰਗਾ ਨੂੰ ਕਾਸ਼ੀ-ਵਿਸ਼ਵਨਾਥ ਨਾਲ ਜੋੜਨ ਲਈ ਬਣੇ ਇਸ ਪ੍ਰਾਜੈਕਟ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਸ 'ਚ ਪੁਰਾਤਨ ਸ਼ਹਿਰ ਨੂੰ ਨਵਾਂ ਰੂਪ ਦੇਣਾ ਵੀ ਸ਼ਾਮਿਲ ਹੈ।

ਮੰਦਿਰ ਦੇ 50 ਫੁੱਟ ਚੌੜੇ ਕੋਰੀਡੋਰ ਲਈ ਘਰਾਂ ਅਤੇ ਦੁਕਾਨਾਂ ਨੂੰ ਹਟਾਉਣ ਤੋਂ ਇਲਾਵਾ ਗੰਗਾ ਘਾਟਾਂ ਦੀ ਦਿੱਖ ਸਵਾਰਨੀ, ਯਾਤਰੀਆਂ ਲਈ ਵੇਟਿੰਗ-ਰੂਮਜ਼ ਅਤੇ ਅਜਾਇਬ ਘਰ ਦੇ ਨਾਲ-ਨਾਲ ਆਡੀਟੋਰੀਅਮ ਬਣਾਉਣੇ ਵੀ ਪ੍ਰਾਜੈਕਟ 'ਚ ਸ਼ਾਮਿਲ ਹਨ।

ਇਸ ਦਾ ਉਦੇਸ਼ ਪੁਜਾਰੀਆਂ, ਸਵੈਮ-ਸੇਵਕਾਂ ਅਤੇ ਯਾਤਰੀਆਂ ਲਈ ਇੱਕ ਓਪਨ ਫੂਡ ਸਟ੍ਰੀਟ ਖੋਲ੍ਹਣਾ ਵੀ ਹੈ।

ਬੀਬੀਸੀ ਦੇ ਸਮੀਰਾਤਮਜ ਮਿਸ਼ਰਾ ਦੀ ਗਰਾਊਂਡ ਰਿਪੋਰਟ ਮੁਤਾਬਕ ਕਈ ਸਥਾਨਕਵਾਸੀ ਆਪਣੇ ਘਰਾਂ ਦੇ ਤੁੱਟਣ ਨਾਲ ਨਿਰਾਸ਼ ਹਨ।

ਇੱਕ ਸਥਾਨਕਵਾਸੀ ਦਾ ਕਹਿਣਾ ਹੈ, "ਲੋਕ ਵਾਰਾਣਸੀ ਤੰਗ ਗਲੀਆਂ ਦੇਖਣ ਆਉਂਦੇ ਹਨ ਨਾ ਕਿ ਮੌਲ ਤੇ ਪਾਰਕ। ਜੇਕਰ ਇਹ ਸਭ ਖ਼ਤਮ ਹੋ ਗਿਆ ਤਾਂ ਸਮਝੋ ਵਾਰਾਣਸੀ ਖ਼ਤਮ ਹੋ ਗਿਆ।"

ਮਿਸ਼ਰਾ ਦਾ ਕਹਿਣਾ ਹੈ, "ਜਦੋਂ ਅਸੀਂ ਗਰਾਊਂਡ ਰਿਪੋਰਟ ਕਰਨ ਗਏ ਸੀ ਤਾਂ ਅਸੀਂ ਦੇਖਿਆ ਕਿ ਇਲਾਕੇ ਵਿੱਚ ਵਧੇਰੇ ਹਿੰਦੂ ਹਨ ਅਤੇ ਕਿਸੇ ਮੁਸਲਮਾਨ ਦਾ ਘਰ ਨਹੀਂ ਟੁੱਟਾ।"

ਮੀਡੀਆ ਰਿਪੋਰਟਾਂ ਮੁਤਾਬਕ, ਸਥਾਨਕ ਹਿੰਦੂਆਂ ਨੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਅਤੇ ਉਨ੍ਹਾਂ ਦਾ ਦਾਅਵਾ ਸੀ ਕਿ ਸਰਕਾਰ ਵਾਰਾਣਸੀ ਨੂੰ ਇੱਕ ਧਾਰਮਿਕ ਸਥਾਨ ਤੋਂ ਸੈਰ-ਸਪਾਟੇ ਵਾਲਾ ਸਥਾਨ ਬਣੀ ਰਹੀ ਹੈ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)