ਕੀ ਭਾਜਪਾ ਨੇਤਾ ਨੇ ਵੱਡੀ ਗੱਡੀ ਚਲਾਉਣ ਕਰਕੇ ਦਲਿਤ ਮੁੰਡਾ ਕੁੱਟਿਆ — ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ ’ਤੇ ਇੱਕ ਮੁੰਡੇ ਦੀ ਕੁੱਟਮਾਰ ਦਾ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਨੇਤਾ ਨੇ ਇੱਕ ਦਲਿਤ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕੀਤੀ ਹੈ।

ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਕੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਫੜ ਕੇ, ਡੰਡਿਆ ਨਾਲ ਉਸ ਦੀ ਕੁੱਟਮਾਰ ਕਰ ਰਹੇ ਹਨ। ਬੀਬੀਸੀ ਦੇ ਕਈ ਪਾਠਕਾਂ ਨੇ ਵਟਸਐਪ ਰਾਹੀਂ ਸਾਨੂੰ ਇਹ ਵੀਡੀਓ ਭੇਜਿਆ ਅਤੇ ਉਸ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ-

ਕਰੀਬ ਡੇਢ ਮਿੰਟ ਦੇ ਇਸ ਵੀਡੀਓ ਨਾਲ ਜੋ ਸੰਦੇਸ਼ ਹਨ, ਉਨ੍ਹਾਂ 'ਚ ਲਿਖਿਆ ਹੈ ਕਿ “ਭਾਜਪਾ ਵਿਧਾਇਕ ਅਨਿਲ ਉਪਾਧਿਆਇ ਦੇ ਇਸ ਕਾਰੇ 'ਤੇ ਕੀ ਕਹਿਣਗੇ ਪੀਐੱਮ ਮੋਦੀ, ਦਲਿਤ ਪਿਛੜੇ ਆਲੀਸ਼ਾਨ ਕਾਰ 'ਚ ਵੀ ਨਹੀਂ ਘੁੰਮ ਸਕਦੇ ਹਨ?”

ਅਸੀਂ ਦੇਖਿਆ ਕਿ 29 ਅਪ੍ਰੈਲ ਤੋਂ ਬਾਅਦ ਇਹ ਵੀਡੀਓ ਫੇਸਬੁੱਕ 'ਤੇ ਵੀ ਕਈ ਵੱਡੇ ਗਰੁੱਪਾਂ 'ਚ ਸ਼ੇਅਰ ਕੀਤੀ ਗਈ ਹੈ। ਦਾਅਵਾ ਹੈ ਕਿ ਭਾਜਪਾ ਨੇਤਾ ਨੇ ਗੁੰਡਿਆਂ ਸਣੇ ਦਲਿਤ ਨੌਜਵਾਨ ਦੀ ਕੁੱਟਮਾਰ ਕੀਤੀ ਕਿਉਂਕਿ ਉਹ ਨੌਜਵਾਨ ਇੱਕ ਆਲੀਸ਼ਾਨ ਗੱਡੀ ਵਿੱਚ ਘੁੰਮ ਰਿਹਾ ਸੀ।

ਪਰ ਆਪਣੀ ਪੜਤਾਲ 'ਚ ਅਸੀਂ ਦੇਖਿਆ ਕਿ ਇਹ ਦਾਅਵਾ ਬਿਲਕੁਲ ਗ਼ਲਤ ਹੈ।

ਵੀਡੀਓ ਦੀ ਹਕੀਕਤ

ਰਿਵਰਸ ਇਮੇਜ ਸਰਚ ਤੋਂ ਪਤਾ ਲਗਦਾ ਹੈ ਕਿ ਇਹ ਦੋ ਸਾਲ ਪੁਰਾਣਾ ਵੀਡੀਓ ਹੈ। 4 ਅਪ੍ਰੈਲ 2017 ਨੂੰ ਕੁਝ ਮੀਡੀਆ ਰਿਪੋਰਟਾਂ ’ਚ ਇਸ ਵੀਡੀਓ ਦੀ ਵਰਤੋਂ ਕੀਤੀ ਗਈ ਸੀ।

ਇਨ੍ਹਾਂ ਰਿਪੋਰਟਾਂ ਮੁਤਾਬਕ ਵੀਡੀਓ 'ਚ ਜਿਸ ਸ਼ਖ਼ਸ ਦੀ ਕੁੱਟਮਾਰ ਹੋ ਰਹੀ ਹੈ, ਉਹ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਰਹਿਣ ਵਾਲੇ ਹਾਰਦਿਕ ਭਰਵਾਰਡ ਹਨ। ਹਾਰਦਿਕ ਨੂੰ ਪਰਿਵਾਰਕ ਵਿਵਾਦ ਕਰਕੇ ਉਨ੍ਹਾਂ ਦੇ ਸਹੁਰੇ ਪਰਿਵਾਰ ਨਾਲ ਸਬੰਧਤ ਲੋਕ ਕੁੱਟ ਰਹੇ ਸਨ। ਇਸ ਦੇ ਨਾਲ ਹੀ ਗੱਡੀ ਵੀ ਤੋੜੀ ਸੀ।

ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈਣ ਲਈ ਅਸੀਂ ਗੁਜਰਾਤ ਪੁਲਿਸ ਨਾਲ ਗੱਲ ਕੀਤੀ। ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਗਾਂਧੀਨਗਰ 'ਚ ਸਥਿਤ ਸੈਕਟਰ 7 ਦੀ ਹੈ।

ਇਹ ਵੀ ਪੜ੍ਹੋ

ਉਨ੍ਹਾਂ ਨੇ ਦੱਸਿਆ, "ਇਹ ਪੂਰਾ ਮਾਮਲਾ ਘਰੇਲੂ ਹਿੰਸਾ ਦਾ ਸੀ, ਜਿਸ ਵਿੱਚ ਕੁੜੀ ਨੇ ਆਪਣੇ ਪਤੀ 'ਤੇ ਘਰੇਲੂ ਹਿੰਸਾ ਅਤੇ ਦਾਜ ਮੰਗਣ ਦਾ ਇਲਜ਼ਾਮ ਲਗਾਇਆ ਸੀ।"

ਉਨ੍ਹਾਂ ਨੇ ਦੱਸਿਆ ਕਿ ਜਦੋਂ ਕੁੜੀ ਨੇ ਆਪਣੇ ਘਰ ਜਾ ਕੇ ਉਸ ਨਾਲ ਹੋਈ ਹਿੰਸਾ ਬਾਰੇ ਦੱਸਿਆ ਸੀ ਤਾਂ ਕੁੜੀ ਦੇ ਘਰਵਾਲਿਆਂ ਨੇ ਹਾਰਦਿਕ ਭਰਵਾਰਡ ਦੀ ਕੁੱਟਮਾਰ ਕਰ ਦਿੱਤੀ ਸੀ।

ਅਧਿਕਾਰੀ ਮੁਤਾਬਕ ਇਸ ਮਾਮਲੇ 'ਚ ਦੋਵਾਂ ਪੱਖਾਂ ਨੇ ਇੱਕ-ਦੂਜੇ ਖ਼ਿਲਾਫ਼ ਕੇਸ ਦਰਜ ਕਿਰਾਏ ਸੀ ਅਤੇ ਇਹ ਮਾਮਲਾ ਅਜੇ ਵੀ ਅਦਾਲਤ 'ਚ ਚੱਲ ਰਿਹਾ ਹੈ।

ਪੁਲਿਸ ਨੇ ਸਾਫ਼ ਕੀਤਾ ਹੈ ਕਿ ਇਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।