CBSE 12ਵੀਂ ਦੇ ਨਤੀਜੇ: ਨਾ ਟਿਊਸ਼ਨ, ਨਾ ਪੱਕਾ ਟਾਈਮ-ਟੇਬਲ, ਹਰਿਆਣਾ ਦੀ ਭਵਿਆ ਦੀ ਕਾਮਯਾਬੀ ਦਾ ਕੀ ਹੈ ਰਾਜ਼

    • ਲੇਖਕ, ਸੱਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

"ਮੈਂ ਪਹਿਲੀ ਕਲਾਸ ਤੋਂ ਹੀ ਆਪਣੇ ਸਕੂਲ ਦੀ ਟੌਪਰ ਰਹੀ ਹਾਂ ਅਤੇ ਮੈਨੂੰ 10+2 ਵਿੱਚ ਵੀ ਇਹੀ ਉਮੀਦ ਸੀ ਪਰ ਆਲ ਇੰਡੀਆ ਟੌਪਰਾਂ ਵਿੱਚ ਆਪਣਾ ਨਾਮ ਦੇਖ ਕੇ ਤਾਂ ਜਿਵੇਂ ਸੁਪਨਾ ਸੱਚ ਹੋ ਗਿਆ।"

ਪਾਣੀਪਤ ਦੇ ਉਰਨਾਲਾ ਪਿੰਡ ਦੀ 17 ਸਾਲਾ ਭਵਿਆ ਭਾਟੀਆ ਲਈ ਵੀਰਵਾਰ ਦੀ ਸਵੇਰ ਆਮ ਦਿਨਾਂ ਵਰਗੀ ਹੀ ਸੀ ਪਰ ਦੁਪਹਿਰ ਨੇ ਸਾਰਾ ਕੁਝ ਖ਼ੁਸ਼ੀਆਂ ਨਾਲ ਭਰ ਦਿੱਤਾ।

ਭਵਿਆ ਨੇ ਸੀਬੀਐੱਸਸੀ ਵੱਲੋਂ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆਂ ਵਿੱਚ ਆਲ ਇੰਡੀਆ ਦੂਜਾ ਦਰਜਾ ਹਾਸਲ ਕੀਤਾ ਹੈ। ਉਸ ਦੇ 500 'ਚੋਂ 498 ਨੰਬਰ ਆਏ ਹਨ।

ਉੱਤਰ ਪ੍ਰਦੇਸ਼ ਦੀ ਹਨਸਿਕਾ ਸ਼ੁਕਲਾ ਅਤੇ ਕਰਿਸ਼ਮਾ ਅਰੋੜਾ ਨੇ ਪਹਿਲਾ ਦਰਜਾ ਹਾਸਿਲ ਕੀਤਾ ਹੈ। ਭਵਿਆ ਤੋਂ ਇਲਾਵਾ ਦੋ ਹੋਰ ਵਿਦਿਆਰਥੀਆਂ ਦੇ 500 'ਚੋਂ 498 ਨੰਬਰ ਆਏ ਹਨ।

ਇਹ ਵੀ ਪੜ੍ਹੋ:

ਭਵਿਆ ਦੇ ਪਿਤਾ ਵਿਕਾਸ ਭਾਟੀਆ ਇੱਕ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਮਾਂ ਰੰਜੂ ਘਰੇਲੂ ਸੁਆਣੀ ਹਨ।

ਭਵਿਆ ਨੇ ਦੱਸਿਆ ਕਿ ਸਕੈਂਡਰੀ ਵਿੱਚ 10 ਸੀਜੀਪੀਏ ਹਾਸਲ ਕਰਨ ਤੋਂ ਬਾਅਦ ਉਸ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਟੀਚਾ ਰੱਖਿਆ ਸੀ।

ਭਵਿਆ ਨੇ ਦੱਸਿਆ, "ਮੈਂ ਸਿਵਲ ਸਰਵਿਸ ਦੀ ਤਿਆਰੀ ਨੂੰ ਧਿਆਨ ਵਿੱਚ ਰੱਖ ਕੇ ਹੀ ਆਰਟਸ ਚੁਣਿਆ ਸੀ। ਮੇਰਾ ਸ਼ੁਰੂ ਤੋਂ ਹੀ ਸੈਲਫ਼-ਸਟੱਡੀ ਵਿੱਚ ਵਿਸ਼ਵਾਸ਼ ਰਿਹਾ ਹੈ। ਮੈਂ ਸਵੇਰੇ ਜਲਦੀ ਉੱਠਦੀ ਹਾਂ ਤੇ ਮੈਂ ਅੱਜ ਤੱਕ ਕੋਈ ਟਿਊਸ਼ਨ ਨਹੀਂ ਰੱਖੀ।"

ਭਵਿਆ ਨੇ ਦੱਸਿਆ ਕਿ ਇੱਕ ਸਿਵਲ ਸਰਵੈਂਟ ਕੋਲ ਸਮਾਜ ਨੂੰ ਪ੍ਰਭਾਵਿਤ ਕਰਨ ਦੇ ਭਰਭੂਰ ਮੌਕੇ ਹੁੰਦੇ ਹਨ। ਇਸੇ ਕਾਰਨ ਉਹ ਸਿਵਲ ਸਰਵੈਂਟ ਬਣਨਾ ਚਾਹੁੰਦੀ ਹੈ।

ਭਵਿਆ ਨੇ ਦੱਸਿਆ ਕਿ ਕੋਈ ਆਰਥਿਕ ਪੱਖੋਂ ਮਜਬੂਤ ਨਾ ਹੋਣ ਦੇ ਬਾਵਜੂਦ ਉਸ ਦੇ ਮਾਪਿਆਂ ਨੇ ਉਸ ਨੂੰ ਅਤੇ ਛੋਟੇ ਭਰਾ ਵਿੱਚ ਆਪਣੇ ਸਾਰੇ ਸਾਧਨ ਅਤੇ ਸਮਾਂ ਲਗਾ ਦਿੱਤਾ। ਭਵਿਆ ਦਾ ਭਰਾ ਹਾਰਦਿਕ ਵੀ ਉਸੇ ਸਕੂਲ ਵਿੱਚ ਬਾਰਵੀਂ ਕਲਾਸ ਵਿੱਚ ਪੜ੍ਹਦਾ ਹੈ।

ਭਵਿਆ ਦੇ ਪਿਤਾ ਨੇ ਦੱਸਿਆ ਕਿ ਆਮ ਇਨਸਾਨ ਸਿੱਖਿਆ ਰਾਹੀਂ ਹੀ ਕਾਮਯਾਬੀ ਦੀਆਂ ਪੌੜ੍ਹੀਆਂ ਚੜ੍ਹ ਸਕਦਾ ਹੈ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਨੁਸ਼ਾਸ਼ਨੀ ਬਣਾਇਆ ਹੈ।

ਪਿਤਾ ਨੇ ਦੱਸਿਆ, "ਭਵਿਆ ਦੇ ਪੜ੍ਹਨ ਦਾ ਕੋਈ ਤੈਅ ਸ਼ਡਿਊਲ ਨਹੀਂ ਸੀ। ਉਹ ਕਦੇ ਰਾਤ ਨੂੰ 12 ਵਜੇ ਅਤੇ ਕਦੇ ਸਵੇਰੇ 3 ਵਜੇ ਉੱਠ ਕੇ ਆਪਣੇ ਸਿਲੇਬਸ ਦੀ ਰਿਵੀਜ਼ਨ ਕਰਨ ਲੱਗ ਪੈਂਦੀ ਸੀ। ਆਪਣੇ ਬੋਰਡ ਪੇਪਰਾਂ ਲਈ ਭਵਿਆ ਨੇ ਆਪਣੇ ਸਾਰੇ ਸੁੱਖ-ਅਰਾਮ ਭੁਲਾ ਦਿੱਤੇ।"

ਉਨ੍ਹਾਂ ਦੱਸਿਆ ਕਿ ਪਰਿਵਾਰ ਉਰਨਾ ਪਿੰਡ ਵਿੱਚ ਰਹਿੰਦਾ ਹੈ ਅਤੇ ਭਵਿਆ ਪਿੰਡ ਤੋਂ 10 ਕਿੱਲੋਮੀਟਰ ਦੂਰ ਸਕੂਲ ਬੱਸ ਰਾਹੀਂ ਹੀ ਸਕੂਲ ਜਾਂਦੀ ਸੀ।

"ਭਵਿਆ ਦੇ ਦੂਸਰੇ ਦਰਜੇ ਨੇ ਸਾਫ਼ ਕਰ ਦਿੱਤਾ ਹੈ ਕਿ ਪੇਂਡੂ ਬੱਚੇ ਜੋ ਸ਼ਹਿਰਾਂ ਦੀ ਮਹਿੰਗੀ ਪੜ੍ਹਾਈ ਨਹੀਂ ਕਰ ਸਕਦੇ, ਉਹ ਦ੍ਰਿੜ ਹੋਣ ਤਾਂ ਸਫਲ ਹੋ ਸਕਦੇ ਹਨ।"

ਭਵਿਆ ਦੇ ਸਕੂਲ ਬੀਆਰਐੱਸਕੇ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਪ੍ਰਿੰਸੀਪਲ ਜਇਆ ਗੁਪਤਾ ਨੇ ਭਵਿਆ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਭਵਿਆ ਕੋ-ਕਰੀਕੁਲਰ ਗਤੀਵਿਧੀਆਂ ਵਿੱਚ ਵੀ ਅੱਗੇ ਰਹਿੰਦੀ ਹੈ।

"ਭਾਵਿਆ ਦੇ ਪਿਤਾ ਅਤੇ ਦਾਦੀ ਨੇ ਉਸ ਉੱਪਰ ਬਹੁਤ ਸਮਾਂ ਲਾਇਆ ਅਤੇ ਹਰੇਕ ਪੇਰੈਂਟ-ਟੀਚਰ ਮੀਟਿੰਗ ਵਿੱਚ ਆਏ ਹਨ, ਤਾਂ ਕਿ ਭਾਵਿਆ ਅਤੇ ਉਸਦਾ ਭਰਾ ਪੜ੍ਹਾਈ ਵਿੱਚ ਅੱਗੇ ਵਧਣ।"

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)