You’re viewing a text-only version of this website that uses less data. View the main version of the website including all images and videos.
'ਬੀਬੀਸੀ ਦੇ ਨਾਮ' 'ਤੇ ਵਾਇਰਲ ਹੋਈ ਤਸਵੀਰ ਗਲਤ: ਫੈਕਟ ਚੈੱਕ
- ਲੇਖਕ, ਯਾਕ਼ੂਤ ਅਲੀ
- ਰੋਲ, ਫੈਕਟ ਚੈੱਕ ਟੀਮ
ਦਾਅਵਾ: ਸੋਸ਼ਲ ਮੀਡੀਆ (ਫੇਸਬੁੱਕ. ਟਵਿੱਟਰ, ਵੱਟਸਐਪ) 'ਤੇ ਰੋਹਿੰਗਿਆ ਦੱਸੀ ਜਾ ਰਹੀ ਇੱਕ ਬੱਚੀ ਦੀ ਤਸਵੀਰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੀ ਨੇ 54 ਸਾਲ ਦੇ ਵਿਅਕਤੀ ਨਾਲ ਵਿਆਹ ਕੀਤਾ ਅਤੇ ਨਿੱਕੀ ਉਮਰੇ ਹੀ ਦੋ ਬੱਚਿਆਂ ਨੂੰ ਜਨਮ ਦੇ ਦਿੱਤਾ ਹੈ।
ਇਸ ਤਸਵੀਰ 'ਤੇ ਬੀਬੀਸੀ ਦੇ 'ਲੋਗੋ' ਦੀ ਵੀ ਵਰਤੋਂ ਕੀਤੀ ਗਈ ਹੈ। ਤਸਵੀਰ ਸ਼ੇਅਰ ਕਰਨ ਵਾਲਿਆਂ ਨੇ ਇਹ ਵੀ ਲਿਖਿਆ ਹੈ ਕਿ ਇਹ ਬੱਚੀ ਭਵਿੱਖ ਵਿੱਚ ਘੱਟੋ-ਘੱਟ 20 ਬੱਚਿਆਂ ਨੂੰ ਜਨਮ ਦੇਵੇਗੀ।
ਇਹ ਵੀ ਜ਼ਰੂਰ ਪੜ੍ਹੋ:
ਤਸਵੀਰ ਸ਼ੇਅਰ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਨੇ ਲਿਖਿਆ ਹੈ, ''ਦੇਸ ਵਿੱਚ ਵਧਦੀ ਹੋਈ ਮੁਸਲਮਾਨ ਆਬਾਦੀ, ਭਾਰਤ ਨੂੰ ਮੁਸਲਮਾਨ ਦੇਸ ਬਣਾਉਣ ਵੱਲ ਲੈ ਕੇ ਜਾ ਰਹੀ ਹੈ। ਸਾਡੇ ਕੁਝ ਗੱਦਾਰ ਨੇਤਾ ਵੀ ਇਸ ਕੰਮ ਵਿੱਚ ਉਨ੍ਹਾਂ ਦੇ ਨਾਲ ਹਨ। ਸਮੇਂ ਰਹਿੰਦੇ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਬਹੁਤ ਹੀ ਗੰਭੀਰ ਸਮੱਸਿਆ ਹੋ ਸਕਦੀ ਹੈ।''
ਵਾਇਰਲ ਕੀਤੀ ਜਾ ਰਹੀ ਤਸਵੀਰ ਦਾ ਸੱਚ
ਜਿਹੜੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਉਹ ਬੀਬੀਸੀ ਦੀ ਹੀ ਇੱਕ ਵੀਡੀਓ ਰਿਪੋਰਟ ਤੋਂ ਲਈ ਗਈ ਹੈ। ਪਰ ਬੀਬੀਸੀ ਦੀ ਰਿਪੋਰਟ ਵਿੱਚ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਹੈ ਜਿਸ ਤਰ੍ਹਾਂ ਦੇ ਦਾਅਵੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਵਿੱਚ ਕੀਤੇ ਜਾ ਰਹੇ ਹਨ।
ਬੀਬੀਸੀ ਨੇ ਰੋਹਿੰਗਿਆ ਮੁਸਲਮਾਨਾਂ 'ਤੇ 2017 ਵਿੱਚ ਇੱਕ ਰਿਪੋਰਟ ਬਣਾਈ ਸੀ। ਉਸ ਰਿਪੋਰਟ 'ਚ ਇਹ ਦੱਸਿਆ ਗਿਆ ਸੀ ਕੀ ਰੋਹਿੰਗਿਆ ਲੋਕ ਕਿਸ ਰਾਹ ਦੇ ਜ਼ਰੀਏ ਮਿਆਂਮਾਰ ਤੋਂ ਬੰਗਲਾਦੇਸ਼ ਵੱਲ ਵਧ ਰਹੇ ਹਨ ਅਤੇ ਉਸ ਵੀਡੀਓ ਵਿੱਚ ਤੁਸੀਂ 2.07 ਮਿੰਟ 'ਤੇ ਇਸ ਬੱਚੀ ਨੂੰ ਦੇਖ ਸਕਦੇ ਹੋ।
ਇਹ ਬੱਚੀ ਅਤੇ ਇਸ ਤੋਂ ਇਲਾਵਾ ਕਈ ਸਾਰੇ ਬੱਚੇ ਇੱਕ ਸਕੂਲ 'ਚ ਮੀਂਹ ਦੇ ਕਾਰਨ ਬੈਠੇ ਹੋਏ ਹਨ ਅਤੇ ਵੀਡੀਓ ਵਿੱਚ ਬੀਬੀਸੀ ਪੱਤਰਕਾਰ ਸੰਜੋਏ ਮਜੁਮਦਾਰ ਕਹਿ ਰਹੇ ਹਨ ਕਿ ਇਹ ਲੋਕ ਇੱਥੇ ਇੱਕ ਜਾਂ ਦੋ ਦਿਨ ਤੱਕ ਰਹਿਣ ਵਾਲੇ ਹਨ ਅਤੇ ਇਹ ਲੋਕ ਉਦੋਂ ਤੱਕ ਚਲਦੇ ਰਹਿਣਗੇ ਜਦੋਂ ਤੱਕ ਇੱਕ ਵੱਡੇ ਰਫ਼ਿਊਜੀ ਕੈਂਪ ਨਹੀਂ ਪਹੁੰਚ ਜਾਂਦੇ।
ਇਹ ਵੀ ਜ਼ਰੂਰ ਪੜ੍ਹੋ:
ਬੀਬੀਸੀ ਦੀ ਜਿਸ ਰਿਪੋਰਟ ਵਿੱਚੋਂ ਬੱਚੀ ਦੀ ਇਹ ਤਸਵੀਰ ਲਈ ਗਈ ਹੈ ਉਸਨੂੰ ਤੁਸੀਂ ਇੱਥੇ ਦੇਖ ਸਕਦੇ ਹੋ।
ਵਾਇਰਲ ਹੁੰਦੀ ਇਸ ਖ਼ਬਰ ਨੂੰ ਰੱਦ ਕਰਦੇ ਹੋਏ ਬੀਬੀਸੀ ਦੇ ਇੱਕ ਬੁਲਾਰੇ ਨੇ ਕਿਹਾ, ''ਜੋ ਤਸਵੀਰ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ ਉਹ ਬੀਬੀਸੀ ਦੀ ਰਿਪੋਰਟ ਤੋਂ ਲਈ ਗਈ ਹੈ। ਇਸ ਰਿਪੋਰਟ ਵਿੱਚ ਰੋਹਿੰਗਿਆ ਸ਼ਰਨਾਰਥੀਆਂ ਦੇ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚਣ ਤੋਂ ਪਹਿਲਾਂ ਦੇ ਅਨੁਭਵ ਬਾਰੇ ਦੱਸਿਆ ਗਿਆ ਹੈ।''
ਉਨ੍ਹਾਂ ਨੇ ਕਿਹਾ, ''ਇਸ ਰਿਪੋਰਟ ਦੇ ਕਿਸੇ ਵੀ ਹਿੱਸੇ ਵਿੱਚ ਇਹ ਦਾਅਵਾ ਨਹੀਂ ਕੀਤਾ ਗਿਆ ਹੈ ਕਿ ਜੋ ਬੱਚੇ ਉਸ ਬੱਚੀ ਦੀ ਗੋਦ ਵਿੱਚ ਹਨ ਉਹ ਉਸੇ ਦੀ ਔਲਾਦ ਹਨ। ਪਾਠਕਾਂ ਨੂੰ ਬੀਬੀਸੀ ਨਾਲ ਜੁੜੀ ਕਿਸੇ ਵੀ ਪੋਸਟ 'ਤੇ ਯਕੀਨ ਕਰਨ ਤੋਂ ਪਹਿਲਾਂ ਉਨ੍ਹਾਂ ਪੋਸਟ ਨੂੰ ਬੀਬੀਸੀ ਦੀ ਵੈੱਬਸਾਈਟ 'ਤੇ ਆ ਕੇ ਵੀ ਚੈੱਕ ਕਰਨਾ ਚਾਹੀਦਾ ਹੈ।''
ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਤਸਵੀਰ ਪਿਛਲੇ ਸਾਲ ਵੀ ''http://coveragetimes.com/'' ਵੱਲੋਂ ਵਾਇਰਲ ਕੀਤੀ ਗਈ ਸੀ ਜਿਸ 'ਤੇ ਸਾਡਾ ਸਹਿਯੋਗੀ ''ਵਿਨੀਤ ਖਰੇ'' ਨੇ ਇੱਕ ਰਿਪੋਰਟ ਕੀਤੀ ਸੀ।
ਜਦੋਂ ਵਿਨੀਤ ਖਰੇ ਨੇ ''http://coveragetimes.com/'' ਦੇ ਸੰਪਾਦਕ ''ਰਾਜੂ ਸਿਕਰਵਾਰ'' ਤੋਂ ਪੁੱਛਿਆ ਕਿ ਤੁਸੀਂ ਇਹ ਗ਼ਲਤ ਖ਼ਬਰ ਕਿੱਥੋਂ ਲੈ ਕੇ ਆਉਂਦੇ ਹੋ ਤਾਂ, ਉਨ੍ਹਾਂ ਨੇ ਕਿਹਾ ਕਿ ਸਾਡੇ ਸਰੋਤ ਹਨ ਅਤੇ ਗ਼ਲਤੀ ਹੋ ਜਾਂਦੀ ਹੈ।
ਤੁਸੀਂ ਉਸ ਰਿਪੋਰਟ ਨੂੰ ਇਸ ਲਿੰਕ ਦੇ ਜ਼ਰੀਏ ਦੇਖ ਸਕਦੇ ਹੋ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ਦੇ ਨਾਲ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਸਾਡੀ ਜਾਂਚ ਵਿੱਚ ਗ਼ਲਤ ਨਿਕਲਿਆ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ