2019 World Cup : ਉਹ ਪਲ ਜਦੋਂ ਲੰਡਨ 'ਚ ਭਾਰਤ ਨੇ ਜਿੱਤਿਆ ਕ੍ਰਿਕਟ ਵਰਲਡ ਕੱਪ - ਬਲਾਗ

    • ਲੇਖਕ, ਵੰਦਨਾ
    • ਰੋਲ, ਟੀਵੀ ਐਡੀਟਰ, ਬੀਬੀਸੀ ਭਾਰਤੀ ਭਾਸ਼ਾਵਾਂ

ਲੰਡਨ ਦਾ ਲਾਰਡਸ ਕ੍ਰਿਕਟ ਮੈਦਾਨ...ਯਾਨਿ ਕਿ ਕ੍ਰਿਕਟ ਦਾ ਮੱਕਾ।

ਇਹ ਉਹੀ ਮੈਦਾਨ ਹੈ ਜਿੱਥੇ ਭਾਰਤ ਨੇ 36 ਸਾਲ ਪਹਿਲਾਂ 1983 ਵਿੱਚ 25 ਜੂਨ ਨੂੰ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਿਆ ਸੀ।

ਕਪਿਲ ਦੇਵ ਦੇ ਹੱਥ 'ਚ ਲਾਰਡਸ ਦੇ ਮੈਦਾਨ ਵਿੱਚ ਵਰਲਡ ਕੱਪ ਟ੍ਰਾਫ਼ੀ - ਇਹ ਤਸਵੀਰ ਭਾਰਤ ਦੇ ਇਤਿਹਾਸ ਦੀ ਸਭ ਤੋਂ ਯਾਦਗਾਰ ਤਸਵੀਰਾਂ ਵਿੱਚੋਂ ਹੈ।

ਜੇਤੂ ਟੀਮ ਦਾ ਹਿੱਸਾ ਰਹੇ ਮਦਨ ਲਾਲ ਦੀਆਂ ਉਹ ਸਤਰਾਂ ਹਮੇਸ਼ਾ ਯਾਦ ਆਉਂਦੀਆਂ ਹਨ ਜੋ ਉਨ੍ਹਾਂ ਨੇ ਮੈਨੂੰ ਇੱਕ ਵਾਰ ਇੰਟਰਵਿਊ ਵਿੱਚ ਕਹੀਆਂ ਸਨ, ''ਆਖ਼ਰੀ ਵਿਕਟ ਲੈਣ ਤੋਂ ਬਾਅਦ ਅਸੀਂ ਖ਼ੁਸ਼ੀ ਦੇ ਮਾਰੇ ਇੰਝ ਭੱਜੇ ਸੀ ਜਿਵੇਂ ਕੋਈ ਸਾਡੀ ਜਾਨ ਦੇ ਪਿੱਛੇ ਪਿਆ ਹੋਵੇ।''

ਸਾਰੇ ਨਿਯਮਾਂ ਨੂੰ ਤੋੜਦਿਆਂ ਪਿਚ 'ਤੇ ਭੱਜਦੇ ਹੋਏ ਭਾਰਤੀ ਦਰਸ਼ਕਾਂ ਵਾਲੀ ਉਹ ਮਸ਼ਹੂਰ ਤਸਵੀਰ ਦੇਖ ਕੇ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਕ੍ਰਿਕਟ ਪ੍ਰੇਮੀ ਕਿਸ ਉਤਸਾਹ ਨਾਲ ਭਰੇ ਹੋਣਗੇ।

ਇਹ ਵੀ ਜ਼ਰੂਰ ਪੜ੍ਹੋ:

ਉਸ ਸਮੇਂ ਕ੍ਰਿਕਟ ਦੇ ਬੇਤਾਜ ਬਾਦਸ਼ਾਹ ਰਹੇ ਵੈਸਟਇੰਡੀਜ਼ ਦੇ ਸਾਹਮਣੇ ਭਾਰਤ 183 ਦੌੜਾਂ ਉੱਤੇ ਢੇਰ ਹੋ ਗਿਆ ਸੀ। ਪਰ ਅੰਡਰਡੌਗ ਮੰਨੀ ਜਾਣ ਵਾਲੀ ਭਾਰਤੀ ਟੀਮ ਨੇ ਸਭ ਤੋਂ ਵੱਡਾ ਉਲਟਫ਼ੇਰ ਕਰਦਿਆਂ ਵਰਲਡ ਕੱਪ 43 ਦੌੜਾਂ ਨਾਲ ਜਿੱਤ ਲਿਆ ਸੀ ਅਤੇ ਮੋਹਿੰਦਰ ਅਮਰਨਾਥ ਤਿੰਨ ਵਿਕਟ ਲੈ ਕੇ ਮੈਨ ਆਫ਼ ਦਿ ਮੈਚ ਬਣੇ ਸਨ।

ਭਾਰਤੀ ਟੀਮ ਦੀ ਜਿੱਤ ਸਮੇਂ ਪੱਤਰਕਾਰ ਮਾਰਕ ਟਲੀ ਭਾਰਤ ਵਿੱਚ ਹੀ ਸਨ ਅਤੇ ਤੁਰੰਤ ਪੁਰਾਣੀ ਦਿੱਲੀ ਗਏ ਸਨ। ਮਾਰਕ ਟਲੀ ਨੇ ਮੈਨੂੰ ਦੱਸਿਆ ਸੀ ਕਿ ਉਹ ਦੌੜ ਭੱਜ ਕੇ ਜਦੋਂ ਪੁਰਾਣੀ ਦਿੱਲੀ ਪਹੁੰਚੇ ਤਾਂ ਇੰਨੇ ਲੋਕ ਜਸ਼ਨ ਮਨਾਉਣ ਗਲੀਆਂ ਵਿੱਚ ਨਿਕਲ ਆਏ ਸਨ ਕਿ ਪੈਰ ਰੱਖਣ ਨੂੰ ਥਾਂ ਵੀ ਨਹੀਂ ਸੀ।

ਇੰਗਲੈਂਡ 'ਚ ਪਹਿਲੀ ਭਾਰਤੀ ਟੀਮ ਦੀ ਤਸਵੀਰ

ਉਂਝ ਭਾਰਤ ਦੇ ਪਹਿਲੇ ਵਰਲਡ ਕੱਪ ਤੋਂ ਇਲਾਵਾ ਲਾਰਡਸ ਕਈ ਮਾਅਨਿਆਂ ਵਿੱਚ ਭਾਰਤੀ ਕ੍ਰਿਕਟ ਫ਼ੈਨਸ ਲਈ ਖ਼ਾਸ ਹੈ। ਲਾਰਡਸ ਮਿਊਜ਼ਿਅਮ 'ਚ ਬਹੁਤ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਰੱਖੀਆਂ ਹਨ ਜਿਨ੍ਹਾਂ ਨੂੰ ਦੇਖਣ ਲਈ ਦੂਰੋਂ-ਦੂਰੋਂ ਤੋਂ ਲੋਕ ਆਉਂਦੇ ਹਨ।

ਇੰਗਲੈਂਡ 'ਚ ਕਿਸੇ ਵੀ ਭਾਰਤੀ ਦਲ ਦਾ ਪਹਿਲਾ ਕ੍ਰਿਕਟ ਦੌਰਾ 1886 ਦੀ ਇੱਥੇ ਰੱਖੀ ਤਸਵੀਰ ਅਤੇ ਪੋਸਟਰ 'ਚ ਕੈਦ ਹੈ ਜਦੋਂ ਪਾਰਸੀਆਂ ਦਾ ਇੱਕ ਸਮੂਹ ਭਾਰਤ ਤੋਂ ਇੰਗਲੈਂਡ ਆਇਆ ਸੀ।

ਭਾਰਤੀ ਕ੍ਰਿਕਟ ਦੇ ਸੁਪਰਹੀਰੋ ਸੀਕੇ ਨਾਇਡੂ ਦਾ ਸਾਈਨ ਕੀਤਾ ਹੋਇਆ ਬੈਟ ਇੱਥੇ ਦਰਸ਼ਕਾਂ ਲਈ ਰੱਖਿਆ ਗਿਆ ਹੈ। ਸੀਕੇ ਨਾਇਡੂ ਭਾਰਤ ਦੀ ਉਸ ਪਹਿਲੀ ਟੈਸਟ ਟੀਮ ਦੇ ਪਹਿਲੇ ਕਪਤਾਨ ਸਨ ਜੋ 1932 'ਚ ਲਾਰਡਸ ਦੇ ਮੈਦਾਨ 'ਤੇ ਖੇਡੀ ਸੀ।

ਅੰਤਰਰਾਸ਼ਟਰੀ ਕ੍ਰਿਕਟ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਉਹ 60 ਸਾਲ ਦੀ ਉਮਰ 'ਚ ਰਣਜੀ ਖੇਡ ਰਹੇ ਸਨ ਅਤੇ ਆਖ਼ਰੀ ਚੈਰਿਟੀ ਮੈਚ 69 ਸਾਲ ਦੀ ਉਮਰ ਵਿੱਚ ਖੇਡਿਆ।

ਇਹ ਵੀ ਜ਼ਰੂਰ ਪੜ੍ਹੋ:

ਕ੍ਰਿਕਟ ਦੇ ਇਤਿਹਾਸ ਦੀਆਂ ਗਵਾਹ ਨਿਸ਼ਾਨੀਆਂ

1946 ਵਿੱਚ ਭਾਰਤ ਦੇ ਇੰਗਲੈਂਡ ਦੌਰੇ ਦਾ ਗਵਾਹ ਰਿਹਾ ਪੋਸਟਰ ਹੋਵੇ, ਸ਼ੇਨ ਵਾਰਨ ਦੀ 300ਵੀਂ ਵਿਕਟ ਦੀ ਯਾਦਗਾਰ, ਤੇਂਦੁਲਕਰ ਦੀ ਸਾਈਨ ਕੀਤੀ ਹੋਈ ਖ਼ਾਸ ਟੀ-ਸ਼ਰਟ ਜਾਂ ਫ਼ਿਰ ਦ੍ਰਵਿੜ ਦਾ ਸਾਈਨ ਕੀਤਾ ਹੋਇਆ ਬੈਟ....ਕ੍ਰਿਕਟ ਦੇ ਇਤਿਹਾਸ ਦੀਆਂ ਗਵਾਹ ਰਹੀਆਂ ਨਿਸ਼ਾਨੀਆਂ ਲਾਰਡਸ ਮਿਊਜ਼ਿਅਮ ਵਿੱਚ ਮੌਜੂਦ ਹਨ।

ਕ੍ਰਿਕਟ ਵਰਲਡ ਕੱਪ ਜਿੱਤਣ ਦੀ ਦੌੜ ਵਿੱਚ ਸ਼ਾਮਿਲ ਭਾਰਤ ਅਤੇ ਇੰਗਲੈਂਡ ਇਸੇ ਲਾਰਡਸ ਮੈਦਾਨ 'ਤੇ ਐਤਵਾਰ ਨੂੰ ਆਹਮੋ-ਸਾਹਮਣੇ ਹੋਣਗੇ।

ਐਤਵਾਰ ਨੂੰ ਲਾਰਡਸ 'ਚ ਮੈਚ ਦੇਖਣ ਆਉਣ ਵਾਲਿਆਂ ਵਿੱਚ ਸ਼ਾਇਦ ਹੀ ਕੋਈ ਦਰਸ਼ਕ ਅਜਿਹਾ ਵੀ ਹੋਵੇ ਜਿਸ ਨੇ 1983 ਦੀ ਇਤਿਹਾਸਿਕ ਜਿੱਤ ਦੇਖੀ ਹੋਵੇਗੀ।

1983 ਦੀ ਜਿੱਤ ਮੈਂ ਭਾਵੇਂ ਨਾ ਦੇਖੀ ਹੋਵੇ ਪਰ ਲਾਰਡਸ ਵਿੱਚ ਮੈਨੂੰ ਉਸ ਪਲ ਦਾ ਗਵਾਹ ਬਣਨ ਦਾ ਮੌਕਾ ਜ਼ਰੂਰ ਮਿਲਿਆ ਸੀ ਜਦੋਂ 1983 ਦੀ ਪੂਰੀ ਟੀਮ ਜਿੱਤ ਦੀ 25ਵੀਂ ਵਰ੍ਹੇਗੰਢ 'ਤੇ 2008 ਵਿੱਚ ਲਾਰਡਸ ਵਿੱਚ ਇਕੱਠੀ ਹੋਈ ਸੀ।

ਹੂ ਬ ਹੂ ਉਸੇ ਤਰ੍ਹਾਂ ਦਾ ਹੀ ਦ੍ਰਿਸ਼ ਲਾਰਡਸ 'ਤੇ ਦੁਬਾਰਾ....ਬਾਲਕਨੀ ਵਿੱਚ ਸ਼ੈਂਪੇਨ ਦੀ ਬੋਤਲ ਖੋਲ੍ਹੀ ਗਈ ਸੀ, 1983 ਵਿੱਚ ਲਾਰਡਸ ਦੀ ਜਿੱਤ ਨੂੰ ਮਹਿਸੂਸ ਕਰਨ ਦਾ ਇਸ ਤੋਂ ਵਧੀਆ ਦਿਨ ਨਹੀਂ ਹੋ ਸਕਦਾ ਸੀ ਮੇਰੇ ਵਰਗੇ ਫ਼ੈਨਸ ਲਈ।

ਇਸ ਵਾਰ ਕ੍ਰਿਕਟ ਵਰਲਡ ਕੱਪ ਦਾ ਫਾਈਨਲ ਲਾਰਡਸ 'ਤੇ ਹੀ ਹੋਣਾ ਹੈ।

1983 ਵਿੱਚ ਤਾਂ ਇੰਗਲੈਂਡ 'ਚ ਸੱਟਾ ਲਗਾਉਣ ਵਾਲੀ ਮਸ਼ਹੂਰ ਕੰਪਨੀ ਲੈਡਬ੍ਰੋਕਸ ਨੇ ਭਾਰਤ ਨੂੰ ਜ਼ਿੰਬਾਬਵੇ ਤੋਂ ਬਸ ਥੋੜ੍ਹੀ ਹੀ ਉੱਤੇ ਥਾਂ ਦਿੱਤੀ ਸੀ। ਪਰ 2019 ਵਿੱਚ ਹਾਲਾਤ ਅਜਿਹੇ ਨਹੀਂ ਹਨ।

ਭਾਰਤੀ ਕ੍ਰਿਕਟ ਫ਼ੈਨਸ ਨੂੰ ਉਮੀਦ ਹੋਵੇਗੀ ਕਿ 1983 ਅਤੇ 2011 ਦੀਆਂ ਬਿਹਤਰੀਨ ਯਾਦਾਂ ਵਿੱਚ ਇੱਕ ਹੋਰ ਯਾਦ ਅਤੇ ਟ੍ਰਾਫ਼ੀ ਫ਼ਿਰ ਜੁੜ ਜਾਵੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)