ਇਮਰਾਨ ਖ਼ਾਨ ਨੇ ਕਸ਼ਮੀਰ ਮਸਲੇ ’ਤੇ ਕਿਉਂ ਕਿਹਾ, ‘ਕਿਸੇ ਵੀ ਹੱਦ ਤੱਕ ਜਾਵਾਂਗੇ’- ਨਜ਼ਰੀਆ

    • ਲੇਖਕ, ਹਾਰੂਨ ਰਸ਼ੀਦ
    • ਰੋਲ, ਸੀਨੀਅਰ ਪੱਤਰਕਾਰ ਬੀਬੀਸੀ ਲਈ, ਪਾਕਿਸਤਾਨ ਤੋਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ-ਸ਼ਾਸਿਤ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ 'ਤੇ ਸੋਮਵਾਰ ਨੂੰ ਇੱਕ ਵਾਰੀ ਫਿਰ ਦੇਸ ਨੂੰ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਨੇ ਇਹ ਫ਼ੈਸਲਾ ਲੈ ਕੇ ਇਤਿਹਾਸਕ ਗਲਤੀ ਕੀਤੀ ਹੈ। ਇਸ ਨਾਲ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਦਾ ਇੱਕ ਵੱਡਾ ਮੌਕਾ ਮਿਲ ਗਿਆ ਹੈ।

ਭਾਰਤ ਦੇ ਇਸ ਕਦਮ ਨਾਲ ਕਸ਼ਮੀਰ ਹੁਣ ਇੱਕ ਕੌਮਾਂਤਰੀ ਮੁੱਦਾ ਬਣ ਗਿਆ ਹੈ।

ਇਮਰਾਨ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਹਾਕਮ ਧਿਰ ਭਾਜਪਾ ਨੂੰ ਆਪਣੇ ਨਿਸ਼ਾਨੇ 'ਤੇ ਨਾ ਲੈ ਕੇ ਆਰਐੱਸਐੱਸ 'ਤੇ ਹਮਲਾ ਕੀਤਾ ਹੈ।

ਇਮਰਾਨ ਖ਼ਾਨ ਨੇ ਕਿਹਾ ਹੈ ਕਿ ਭਾਰਤ ਆਰਐੱਸਐੱਸ ਦੇ ਨਜ਼ਰੀਏ ਕਾਰਨ ਕਸ਼ਮੀਰ ਮਾਮਲੇ ’ਤੇ ਗੱਲ ਕਰਨ ਤੋਂ ਪਿੱਛੇ ਹੱਟ ਰਿਹਾ ਹੈ ਜੋ ਭਾਰਤ ਨੂੰ ਹਿੰਦੂਆਂ ਦਾ ਦੇਸ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ:

ਪਾਕਿਸਤਾਨ ਆਰਐੱਸਐੱਸ ਨੂੰ ਇੱਕ ਕੱਟੜ ਹਿੰਦੂਵਾਦੀ ਸੰਗਠਨ ਮੰਨਦਾ ਹੈ ਅਤੇ ਦੁਨੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਮੁਸਲਮਾਨਾਂ ਦੇ ਖਿਲਾਫ਼ ਹੈ।

ਮੇਰੇ ਖਿਆਲ ਨਾਲ ਇਮਰਾਨ ਖ਼ਾਨ ਨੂੰ ਭਾਰਤ ਵਿੱਚ ਇੱਕ ਵਿਲੇਨ ਚਾਹੀਦਾ ਹੈ ਜਿਸ 'ਤੇ ਉਹ ਇਸ ਗੱਲ ਦਾ ਸਾਰਾ ਇਲਜ਼ਾਮ ਲਾ ਸਕਣ ਕਿ ਨਰਿੰਦਰ ਮੋਦੀ ਦੀ ਸਰਕਾਰ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਅਮਨ-ਸ਼ਾਂਤੀ ਨਹੀਂ ਚਾਹੁੰਦੀ ਹੈ।

ਉਹ ਭਾਰਤ ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਦੀ ਜਿੱਤ ਦੀ ਉਮੀਦ ਵੀ ਜਤਾ ਚੁੱਕੇ ਸਨ ਅਤੇ ਕਿਹਾ ਸੀ ਕਿ ਜੇ ਉਹ ਫਿਰ ਤੋਂ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਰਿਸ਼ਤੇ ਬਿਹਤਰ ਹੋਣਗੇ।

ਇਹੀ ਕਾਰਨ ਹੈ ਕਿ ਉਹ ਨਰਿੰਦਰ ਮੋਦੀ ਦੀ ਪਾਰਟੀ ਦਾ ਜ਼ਿਕਰ ਨਾ ਕਰਦੇ ਹੋਏ ਆਰਐੱਸਐੱਸ ਦਾ ਜ਼ਿਕਰ ਕਰਦੇ ਹਨ।

ਉਹ ਅਜਿਹਾ ਕਰ ਕੇ ਪਾਕਿਸਤਾਨ ਵਿੱਚ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਅਤੇ ਸ਼ਾਇਦ ਇਹ ਸਮਝਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਾਰੀ-ਵਾਰੀ ਬੋਲਣ ਨਾਲ ਦੁਨੀਆਂ ਮੰਨ ਜਾਵੇ ਕਿ ਆਰਐੱਸਐੱਸ ਇੱਕ ਕੱਟੜਪੰਥੀ ਜਥੇਬੰਦੀ ਹੈ।

ਧਿਆਨ ਭਟਕਾਉਣ ਦੀ ਕੋਸ਼ਿਸ਼?

ਪਾਕਿਸਤਾਨ ਗੰਭੀਰ ਵਿੱਤੀ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਪਾਕਿਸਤਾਨੀਆਂ ਦਾ ਧਿਆਨ ਉਸ ਤੋਂ ਹਟਾ ਕੇ ਕਸ਼ਮੀਰ ਦੇ ਮੁੱਦੇ ਵੱਲ ਲਾਉਣਾ ਚਾਹੁੰਦੇ ਹਨ ਤਾਂ ਜੋ ਸਰਕਾਰ ਦੀ ਅਲੋਚਨਾ ਹੋ ਰਹੀ ਹੈ, ਉਹ ਘੱਟ ਹੋਵੇ।

ਮੈਂ ਸਮਝਦਾ ਹਾਂ ਕਿ ਧਿਆਨ ਭਟਕਾਉਣ ਨਾਲ ਭਟਕਣ ਵਾਲਾ ਨਹੀਂ ਹੈ। ਵਿੱਤੀ ਮੁੱਦਾ ਆਪਣੀ ਥਾਂ ਹੈ ਕਿਉਂਕਿ ਪਾਕਿਸਤਾਨੀ ਇਸ ਮੁਸ਼ਕਿਲ ਨਾਲ ਹਰ ਦਿਨ ਦੋ-ਚਾਰ ਹੋ ਰਹੇ ਹਨ।

ਮੈਨੂੰ ਲਗਦਾ ਹੈ ਕਿ ਉਹ ਪਾਕਿਸਤਾਨੀਆਂ ਨੂੰ ਕੋਈ ਆਸ ਦੇਣਾ ਚਾਹ ਰਹੇ ਹਨ ਅਤੇ ਦੱਸਣਾ ਚਾਹ ਰਹੇ ਹਨ ਕਿ ਉਹ ਕਸ਼ਮੀਰ ਦਾ ਮੁੱਦਾ ਸੌਖਿਆਂ ਹੀ ਛੱਡਣ ਵਾਲੇ ਨਹੀਂ ਹਨ।

ਉਨ੍ਹਾਂ ਨੇ ਦੇਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਫ਼ਤੇ ਵਿੱਚ ਅੱਧਾ ਘੰਟਾ ਕਸ਼ਮੀਰ ਮੁੱਦੇ ਲਈ ਕੱਢਣ ਅਤੇ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚੋਂ ਬਾਹਰ ਨਿਕਲ ਕੇ ਭਾਰਤ ਦੇ ਖਿਲਾਫ਼ ਆਵਾਜ਼ ਚੁੱਕਣ।

ਉਹ ਇਸ ਨੂੰ ਇੱਕ ਸਿਆਸੀ ਮੁਹਿੰਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਸ਼ਮੀਰ ਦੇ ਮੁੱਦੇ 'ਤੇ ਹੁਣ ਤੱਕ ਆਮ ਪਾਕਿਸਤਾਨੀ ਘਰੋਂ ਬਹੁਤ ਵੱਡੀ ਗਿਣਤੀ ਵਿੱਚ ਨਿਕਲੇ ਨਹੀਂ ਸਨ ਅਤੇ ਜੋ ਪ੍ਰਤੀਕਰਮ ਆ ਰਹੇ ਹਨ ਉਹ ਧਾਰਮਿਕ ਸੰਗਠਨਾਂ ਵਲੋਂ ਆ ਰਹੇ ਹਨ।

ਕੋਈ ਬਹੁਤ ਵੱਡਾ ਪ੍ਰਦਰਸ਼ਨ ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ਵਿੱਚ ਨਹੀਂ ਹੋਇਆ ਹੈ।

ਲਗਦਾ ਹੈ ਕਿ ਇਮਰਾਨ ਖ਼ਾਨ ਭਾਰਤ ਦੇ ਖਿਲਾਫ਼ ਇਹ ਸਾਰਾ ਮਾਹੌਲ ਇਸ ਲਈ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂਕਿ ਯੂਐੱਨ ਜਾਣ ਤੋਂ ਪਹਿਲਾਂ ਇੱਕ ਕੌਮਾਂਤਰੀ ਦਬਾਅ ਬਣਾਇਆ ਜਾ ਸਕੇ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਸਵਾ ਅਰਬ ਮੁਸਲਮਾਨ ਯੂਐੱਨ ਵੱਲ ਦੇਖ ਰਹੇ ਹਨ ਕਿ ਉਹ ਕਸ਼ਮੀਰ ਦੀ ਮਦਦ ਕਰਦੇ ਹਨ ਕਿ ਨਹੀਂ।”

“ਕਸ਼ਮੀਰੀ ਲੋਕ ਮੁਸ਼ਕਿਲ ਵਿੱਚ ਹਨ ਅਤੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਹੈ। ਮੈਂ ਖੁਦ ਕਸ਼ਮੀਰ ਦਾ ਰਾਜਦੂਤ ਬਣ ਕੇ ਸਾਰੀ ਦੁਨੀਆਂ ਦੇ ਸਾਹਮਣੇ ਉਨ੍ਹਾਂ ਦੀ ਗੱਲ ਚੁੱਕਾਂਗਾ।”

“27 ਸਤੰਬਰ ਨੂੰ ਯੂਐਨ ਵਿੱਚ ਸਾਰੀ ਦੁਨੀਆਂ ਦੇ ਸਾਹਮਣੇ ਕਸ਼ਮੀਰ ਦੀ ਹਾਲਤ ਦੱਸਾਂਗਾ।”

ਕਿਸ ਹੱਦ ਤੱਕ ਜਾਵੇਗਾ ਪਾਕਿਸਤਾਨ?

ਇਮਰਾਨ ਖ਼ਾਨ ਨੇ ਇਹ ਵੀ ਕਿਹਾ ਕਿ ਜੇ ਇਹ ਮਾਮਲਾ ਜੰਗ ਵੱਲ ਗਿਆ ਤਾਂ ਯਾਦ ਰੱਖਣਾ ਕਿ ਦੋਵੇਂ ਦੇਸ ਪਰਮਾਣੂ ਸ਼ਕਤੀ ਵਾਲੇ ਹਨ ਅਤੇ ਪਾਕਿਸਤਾਨ ਕਿਸੇ ਵੀ ਹੱਦ ਤੱਕ ਜਾਵੇਗਾ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਲੋਕ ਜੰਗ ਨਾਲ ਜੋੜ ਕੇ ਦੇਖ ਰਹੇ ਹਨ ਪਰ ਮੈਨੂੰ ਨਹੀਂ ਲਗਦਾ ਹੈ ਕਿ ਪਾਕਿਸਤਾਨ ਜੰਗ ਦੇ ਹਾਲਾਤ ਤੱਕ ਜਾਵੇਗਾ।

ਪਹਿਲਾਂ ਤਾਂ ਪਾਕਿਸਤਾਨ ਵੱਲੋਂ ਇਸ਼ਾਰੇ ਮਿਲ ਰਹੇ ਹਨ ਕਿ ਉਹ ਲੜਨ ਦੇ ਮੂਡ ਵਿੱਚ ਨਹੀਂ ਹਨ ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਪਾਕਿਸਤਾਨ ਦਾ ਅਰਥਚਾਰਾ ਖਸਤਾਹਾਲ ਵਿੱਚ ਹੈ ਅਤੇ ਉਹ ਜੰਗ ਦੀ ਹਾਲਤ ਬਰਦਾਸ਼ ਨਹੀਂ ਕਰ ਸਕਦਾ ਹੈ।

ਇਮਰਾਨ ਖ਼ਾਨ ਨੂੰ ਇਹ ਡਰ ਜ਼ਰੂਰ ਹੈ ਕਿ ਕਿਤੇ ਭਾਰਤ, ਪਾਕਿਸਤਾਨ-ਸ਼ਾਸਿਤ ਕਸ਼ਮੀਰ ਨੂੰ ਉਸ ਤੋਂ ਲੈਣ ਦੀ ਕੋਸ਼ਿਸ਼ ਨਾ ਕਰਨ।

ਉਹ ਵਾਰੀ-ਵਾਰੀ ਦੁਨੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਾਕਿਸਤਾਨ ਨੂੰ ਭਾਰਤ ਤੋਂ ਖ਼ਤਰਾ ਹੈ। ਦੋਵੇਂ ਪਰਮਾਣੂ ਸ਼ਕਤੀ ਵਾਲੇ ਦੇਸ ਹਨ ਅਤੇ ਜੇ ਭਾਰਤ ਨੇ ਇੱਕ ਵਾਰੀ ਫਿਰ ਪਾਕਿਸਤਾਨ 'ਤੇ ਹਮਲਾ ਕੀਤਾ ਤਾਂ ਗੱਲ ਕਾਬੂ ਤੋਂ ਬਾਹਰ ਨਿਕਲ ਸਕਦੀ ਹੈ।

ਵੱਖੋ-ਵੱਖ ਪਾਕਿਸਤਾਨ

ਯੂਏਈ ਤੋਂ ਬਾਅਦ ਬਹਿਰੀਨ ਨੇ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਆ ਹੈ।

ਯਕੀਨੀ ਤੌਰ 'ਤੇ ਪਾਕਿਸਤਾਨ ਮੁਸਲਮਾਨ ਦੇਸਾਂ ਵਿੱਚ ਇਕੱਲਾ ਪੈ ਗਿਆ ਹੈ। ਉਹ ਇਹ ਮੰਨ ਰਿਹਾ ਹੈ ਕਿ ਮੁਸਲਮਾਨ ਦੇਸ ਉਨ੍ਹਾਂ ਦੇ ਨਾਲ ਖੜ੍ਹੇ ਨਹੀਂ ਹਨ, ਬਾਕੀ ਦੇਸਾਂ ਦੀ ਗੱਲ ਤਾਂ ਛੱਡ ਹੀ ਦਿਓ।

ਉਹ ਸਮਝਦੇ ਹਨ ਕਿ ਭਾਰਤ ਇੱਕ ਬਹੁਤ ਵੱਡਾ ਬਜ਼ਾਰ ਹੈ ਅਤੇ ਹਰ ਦੇਸ ਦਾ ਆਪਣਾ ਵਿੱਤੀ ਹਿੱਤ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨ ਦੇਣ ਦੀ ਟਾਈਮਿੰਗ ਬਹੁਤ ਖਾਸ ਹੈ।

ਪਾਕਿਸਤਾਨੀਆਂ ਦਾ ਇਸ ਨਾਲ ਦਿਲ ਦੁਖਿਆ ਹੈ ਪਰ ਉਸ ਨੂੰ ਆਪਣਾ ਸਟੈਂਡ ਵੀ ਕਲੀਅਰ ਕਰਨਾ ਹੈ। ਉਹ ਇਸ ਨਾਲ ਦੂਜੇ ਦੇਸਾਂ ਨੂੰ ਆਪਣੇ ਪੱਖ ਵਿੱਚ ਲਿਆਉਣਾ ਚਾਹੁੰਦਾ ਹੈ। ਇਸ ਸੂਰਤ-ਏ-ਹਾਲ ਵਿੱਚ ਫਿਲਹਾਲ ਭਾਰਤ ਦਾ ਹੱਥ ਭਾਰੀ ਦਿਖਾਈ ਦੇ ਰਿਹਾ ਹੈ।

ਇਮਰਾਨ ਖ਼ਾਨ ਇਸ ਨੂੰ ਸਿਆਸੀ ਰੂਪ ਤੋਂ ਅੱਗੇ ਲੈ ਜਾਣ ਦੀ ਸੋਚ ਰਹੇ ਹਨ ਪਰ ਬਾਕੀ ਬਦਲ ਵੀ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫ਼ੌਜ ਦੇ ਬੁਲਾਰੇ ਵੀ ਕਹਿ ਰਹੇ ਹਨ ਕਿ ਉਹ ਕਸ਼ਮੀਰ ਦੇ ਮੁੱਦੇ 'ਤੇ ਆਖਿਰੀ ਹੱਦ ਤੱਕ ਜਾਣਗੇ ਪਰ ਆਖਿਰੀ ਹੱਦ ਹੈ ਕੀ, ਉਸ ਨੂੰ ਸਪਸ਼ਟ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਕੀ ਪਾਕਿਸਤਾਨ ਸਰਕਾਰ ਕੱਟੜਪੰਥ ਨੂੰ ਫਿਰ ਤੋਂ ਉਤਸ਼ਾਹਿਤ ਕਰੇਗੀ? ਕੀ ਇਸ ਲਈ ਕੋਈ ਯੋਜਨਾ ਹੈ?

ਪਾਕਿਸਤਾਨ ਤੇ ਐਫ਼ਏਟੀਐਫ਼ ਸਣੇ ਹੋਰਨਾਂ ਕੌਮਾਂਤਰੀ ਸੰਗਠਨਾਂ ਦਾ ਦਬਾਅ ਵੀ ਹੈ। ਹੁਣ ਦੇਖਣਾ ਹੋਵੇਗਾ ਕਿ ਪਾਕਿਸਤਾਨ ਕਿਹੜਾ ਬਦਲ ਚੁਣਦਾ ਹੈ।

ਇਹ ਇੱਕ ਲੰਬੀ ਲੜਾਈ ਹੈ। ਮੈਨੂੰ ਨਹੀਂ ਲਗਦਾ ਹੈ ਕਿ ਹਫ਼ਤਾ-ਦਸ ਦਿਨ ਵਿੱਚ ਇਸ ਦਾ ਆਖਿਰੀ ਰੂਪ ਦਿਖੇਗਾ। ਹੁਣ ਸਭ ਦੀ ਨਜ਼ਰ ਇਸ ’ਤੇ ਹੋਵੇਗੀ ਕਿ ਉਹ ਯੂਐਨ ਵਿੱਚ ਕਸ਼ਮੀਰ ਦੇ ਮੁੱਦੇ ’ਤੇ ਕੀ ਬੋਲਦੇ ਹਨ?

(ਬੀਬੀਸੀ ਪੱਤਰਕਾਰ ਅਭਿਮਨਿਊ ਕੁਮਾਰ ਸਾਹਾ ਨਾਲ ਗੱਲਬਾਤ 'ਤੇ ਆਧਾਰਿਤ ਹੈ)

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)