ਪੁਲਾੜ ਵਿੱਚ ਹੋਏ ਪਹਿਲੇ 'ਅਪਰਾਧ' ਦੀ ਕਿਸ ਤਰ੍ਹਾਂ ਜਾਂਚ ਕਰੇਗਾ ਨਾਸਾ

ਪੁਲਾੜ ਬਾਰੇ ਅਜੇ ਵੀ ਬਹੁਤ ਕੁਝ ਅਜਿਹਾ ਹੈ ਜਿਸ ਬਾਰੇ ਸਾਨੂੰ ਧਰਤੀ 'ਤੇ ਰਹਿਣ ਵਾਲਿਆਂ ਲਈ ਜਾਣਨਾ ਬਾਕੀ ਹੈ। ਪਰ ਇੱਕ ਗੱਲ ਤਾਂ ਤੈਅ ਹੈ ਕਿ ਜੇ ਤੁਸੀਂ ਧਰਤੀ ਦੀ ਕਲਾਸ ਛੱਡ ਕੇ ਪੁਲਾੜ ਜਾ ਰਹੇ ਹੋ ਅਤੇ ਉੱਥੇ ਜਾ ਕੇ ਕੁਝ ਵੀ ਅਜਿਹਾ ਕਰਦੇ ਹੋ ਜੋ ਅਪਰਾਧ ਹੈ ਤਾਂ ਤੁਹਾਡੇ 'ਤੇ ਨਿਯਮ ਧਰਤੀ ਵਾਲੇ ਹੀ ਲਾਗੂ ਹੋਣਗੇ।

ਨਾਸਾ ਇੱਕ ਅਜੀਹੇ ਹੀ ਅਪਰਾਧਿਕ ਮਾਮਲੇ ਦੀ ਜਾਂਚ ਕਰਨ ਵਾਲਾ ਹੈ। ਇਹ ਅਪਰਾਧ ਹੋਇਆ ਤਾਂ ਪੁਲਾੜ 'ਚ ਹੈ ਪਰ ਰਿਪੋਰਟ ਮੁਤਾਬਕ ਨਾਸਾ ਇਸ ਦੀ ਜਾਂਚ ਕਰਨ ਵਾਲਾ ਹੈ।

ਇੱਕ ਪੁਲਾੜ ਯਾਤਰੀ 'ਤੇ ਇਲਜ਼ਾਮ ਹੈ ਕਿ ਉਸ ਨੇ ਪੁਲਾੜ ਵਿੱਚ ਰਹਿਣ ਸਮੇਂ ਆਪਣੀ ਸਾਬਕਾ ਮੰਗੇਤਰ ਦੇ ਬੈਂਕ ਖ਼ਾਤੇ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ।

ਕਥਿਤ ਤੌਰ 'ਤੇ ਇਲਜ਼ਾਮ ਹੈ ਕਿ ਇਹ ਸਭ ਉਨ੍ਹਾਂ ਨੇ ਨਾਸਾ ਦੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਚ ਰਹਿਣ ਦੌਰਾਨ ਕੀਤਾ।

ਜੇ ਇਹ ਇਲਜ਼ਾਮ ਸਾਬਿਤ ਹੁੰਦਾ ਹੈ ਤਾਂ ਪੁਲਾੜ 'ਚ ਕੀਤਾ ਗਿਆ ਇਹ ਪਹਿਲਾ ਅਪਰਾਧ ਹੋਵੇਗਾ।

ਇਹ ਵੀ ਪੜ੍ਹੋ:

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਪੁਲਾੜ ਯਾਤਰੀ ਏਨ ਮੈਕਲੇਨ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਆਪਣੀ ਮੰਗੇਤਰ ਦੇ ਬੈਂਕ ਖ਼ਾਤੇ ਦੀ ਜਾਂਚ ਕਰਨ ਦੀ ਗੱਲ ਤਾਂ ਮੰਨ ਲਈ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ।

ਉਨ੍ਹਾਂ ਦੀ ਸਾਬਕਾ ਮੰਗੇਤਰ ਸਮਰ ਵਾਰਡਨ ਨੇ ਫ਼ੇਡਰਲ ਟ੍ਰੇਡ ਕਮਿਸ਼ਨ 'ਚ ਏਨ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਏਨ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਵਾਪਸ ਪਰਤ ਆਈ ਸੀ।

ਨਿਊਯਾਰਕ ਟਾਈਮਜ਼ ਤੋਂ ਆਪਣੇ ਵਕੀਲ ਦੇ ਜ਼ਰੀਏ ਗੱਲ ਕਰਦੇ ਹੋਏ ਏਨ ਨੇ ਕਿਹਾ ਕਿ ਸ਼ਾਇਦ ਹੀ ਕਦੇ ਅਜਿਹਾ ਹੁੰਦਾ ਸੀ ਕਿ ਵਾਰਡਨ ਹਿਸਾਬ-ਕਿਤਾਬ ਦਾ ਧਿਆਨ ਦੇਂਦੀ ਹੋਵੇ।

ਬਹੁਤ ਸਾਰੇ ਬਿੱਲ ਭਰਨੇ ਹੁੰਦੇ ਸਨ ਅਤੇ ਵਾਰਡਨ ਦੇ ਪੁੱਤਰ ਦੀ ਦੇਖਭਾਲ 'ਤੇ ਵੀ ਬਹੁਤ ਪੈਸਾ ਖ਼ਰਚ ਹੁੰਦਾ ਸੀ। ਹਾਲਾਂਕਿ ਵੱਖ ਹੋਣ ਤੋਂ ਪਹਿਲਾਂ ਦੋਵੇਂ ਮਿਲ ਕੇ ਉਸਦੀ ਦੇਖਭਾਲ ਕਰ ਰਹੀਆਂ ਸਨ।

ਏਨ ਦੇ ਵਕੀਲ ਰਸਟੀ ਹਾਰਡਨ ਦਾ ਕਹਿਣ ਹੈ ਕਿ ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਵੀ ਅਜਿਹਾ ਨਹੀਂ ਕੀਤਾ ਜੋ ਗ਼ਲਤ ਹੋਵੇ।

ਏਨ ਅਤੇ ਏਅਰ ਫ਼ੋਰਸ ਦੇ ਖ਼ੁਫ਼ੀਆ ਵਿਭਾਗ ਦੀ ਅਧਿਕਾਰੀ ਵਾਰਡਨ ਨੇ ਸਾਲ 2014 'ਚ ਵਿਆਹ ਕੀਤਾ ਸੀ। ਪਰ ਸਾਲ 2018 ਵਿੱਚ ਵਾਰਡਨ ਨੇ ਤਲਾਕ ਦੇ ਲਈ ਅਰਜ਼ਾ ਪਾ ਦਿੱਤੀ।

ਨਾਸਾ ਦੇ ਆਫ਼ਿਸ ਆਫ਼ ਇੰਸਪੈਕਟਰ ਜਨਰਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਉਨ੍ਹਾਂ ਨੇ ਦੋਵਾਂ ਨਾਲ ਸੰਪਰਕ ਕੀਤਾ ਹੈ।

ਪੁਲਾੜ 'ਚ ਕਿਵੇਂ ਕੰਮ ਕਰਨਗੇ ਨਿਯਮ ਤੇ ਕਾਨੂੰਨ?

ਇੰਟਰਨੈਸ਼ਨਲ ਸਪੇਸ ਸੈਂਟਰ ਪੰਜ ਕੌਮੀ ਅਤੇ ਅੰਤਰਰਾਸ਼ਟਰੀ ਸਪੇਸ ਏਜੰਸੀਆਂ ਦਾ ਸਾਂਝਾ ਉੱਦਮ ਹੈ। ਇਸ 'ਚ ਅਮਰੀਕਾ, ਕੈਨੇਡਾ, ਜਪਾਨ, ਰੂਸ ਅਤੇ ਕਈ ਯੂਰਪੀ ਦੇਸ ਸ਼ਾਮਿਲ ਹਨ।

ਰਹੀ ਗੱਲ ਕਾਨੂੰਨ ਦੀ ਤਾਂ ਭਾਵੇਂ ਕੋਈ ਸ਼ਖ਼ਸ ਪੁਲਾੜ 'ਚ ਹੋਵੇ ਪਰ ਉਸ 'ਤੇ ਉਹ ਸਾਰੇ ਨਿਯਮ ਲਾਗੂ ਹੋਣਗੇ ਜੋ ਧਰਤੀ 'ਤੇ ਰਹਿਣ ਦੌਰਨ ਉਸ ਦੇਸ ਦੇ ਕਿਸੇ ਵੀ ਨਾਗਰਿਕ 'ਤੇ ਲਾਗੂ ਹੁੰਦੇ ਹਨ।

ਇਹ ਵੀ ਪੜ੍ਹੋ:

ਅਜਿਹੇ 'ਚ ਜੇ ਕੈਨੇਡਾ ਦਾ ਕੋਈ ਸ਼ਖ਼ਸ ਪੁਲਾੜ 'ਚ ਕੋਈ ਅਪਰਾਧ ਕਰਦਾ ਹੈ ਤਾਂ ਉਸ 'ਤੇ ਕੈਨੇਡਾ ਦੇ ਕੌਮੀ ਨਿਯਮ ਲਾਗੂ ਹੋਣਗੇ ਅਤੇ ਜੇ ਕੋਈ ਰੂਸ ਦਾ ਸ਼ਖ਼ਸ ਹੈ ਤਾਂ ਉਸ 'ਤੇ ਰੂਸ ਦੇ ਉਹ ਸਾਰੇ ਕੌਮੀ ਨਿਯਮ ਲਾਗੂ ਹੋਣਗੇ ਜੋ ਧਰਤੀ 'ਤੇ ਰਹਿਣ ਵਾਲੇ ਇੱਕ ਰੂਸੀ ਨਾਗਰਿਕ 'ਤੇ ਹੁੰਦੇ ਹਨ।

ਜਿਵੇਂ ਕਈ ਵਾਰ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ 'ਚ ਪੁਲਾੜ ਸੈਰ-ਸਪਾਟਾ ਇੱਕ ਸੱਚਾਈ ਹੋਵੇਗਾ ਅਜਿਹੇ 'ਚ ਪੁਲਾੜ ਵਿੱਚ ਹੋਏ ਅਪਰਾਧ 'ਤੇ ਮੁਕੱਦਮਾ ਚਲਾਉਣ ਦੀ ਲੋੜ ਪੈ ਸਕਦੀ ਹੈ ਪਰ ਫ਼ਿਲਹਾਲ ਤਾਂ ਅਜਿਹੀ ਕੋਈ ਵਿਵਸਥਾ ਨਹੀਂ ਹੈ।

ਉਧਰ ਦੂਜੇ ਪਾਸੇ ਨਾਸਾ ਦੇ ਅਧਿਕਾਰੀਆਂ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਪੇਸ ਸਟੇਸ਼ਨ 'ਤੇ ਹੋਏ ਕਿਸੇ ਵੀ ਅਪਰਾਧ ਬਾਰੇ ਪਤਾ ਨਹੀਂ ਸੀ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)