ਚੰਨ 'ਤੇ ਜਾਣ ਵਾਲੇ ਚਾਰ ਪੁਲਾੜ ਯਾਤਰੀਆਂ ਨੇ ਯਾਦ ਕੀਤੇ ਤਜਰਬੇ

ਚੰਨ 'ਤੇ ਜਾਣ ਵਾਲਾ ਆਖਰੀ ਅਮਰੀਕੀ ਮਿਸ਼ਨ ਅਪੋਲੋ 17 ਸੀ। 7 ਦਸੰਬਰ, 1972 ਨੂੰ ਲਾਂਚ ਹੋਏ ਮਿਸ਼ਨ ਦੌਰਾਨ ਨਾਸਾ ਕਰਮੀਆਂ ਨੇ ਤਿੰਨ ਦਿਨ ਚੰਨ 'ਤੇ ਬਿਤਾਏ ਸਨ।

ਇਸ ਦੌਰਾਨ ਉਨ੍ਹਾਂ ਕਈ ਨਵੇਂ ਐਕਸਪੈਰੀਮੈਂਟ ਕੀਤੇ ਅਤੇ ਅੱਗੇ ਰਿਸਰਚ ਲਈ ਸੈਂਪਲ ਇਕੱਠੇ ਕੀਤੇ ਸਨ।

ਚੀਨ ਨੇ ਕਿਹਾ ਹੈ ਕਿ 2030 ਤੱਕ ਉਹ ਪੁਲਾੜ ਯਾਤਰੀਆਂ ਨੂੰ ਚੰਨ 'ਤੇ ਪਹੁੰਚਾਵੇਗਾ, ਅਪੋਲੋ 17 ਤੋਂ ਬਾਅਦ ਕਿਸੇ ਨੇ ਵੀ ਚੰਨ 'ਤੇ ਕਦਮ ਨਹੀਂ ਰੱਖਿਆ ਹੈ।

ਸ਼ਨੀਵਾਰ ਨੂੰ ਸਾਬਕਾ ਅਮਰੀਕੀ ਪੁਲਾੜ ਯਾਤਰੀ ਐਲਨ ਬੀਨ ਦੀ ਮੌਤ ਤੋਂ ਬਾਅਦ ਹੁਣ ਸਿਰਫ ਚਾਰ ਦੀ ਇਨਸਾਨ ਬਚੇ ਹਨ ਜੋ ਦੱਸ ਸਕਦੇ ਹਨ ਕਿ ਚੰਨ 'ਤੇ ਕਦਮ ਰੱਖਣਾ ਕਿਹੋ ਜਿਹਾ ਲੱਗਦਾ ਹੈ।

ਚਾਰਲਜ਼ ਡਿਊਕ

ਅਪੋਲੋ 11 ਮਿਸ਼ਨ ਦੌਰਾਨ ਚਾਰਲਸ ਸਪੇਸਕ੍ਰਾਫਟ ਕਮਿਊਨੀਕੇਟਰ ਸਨ। ਇਹ ਉਹੀ ਮਿਸ਼ਨ ਸੀ ਜਿਸ ਦੌਰਾਨ ਨੀਲ ਆਰਮਸਟ੍ਰੌਂਗ ਚੰਨ 'ਤੇ ਚੱਲਣ ਵਾਲੇ ਪਹਿਲੇ ਇਨਸਾਨ ਬਣੇ ਸਨ।

ਉਨ੍ਹਾਂ ਦਾ ਜਨਮ 3 ਅਕਤੂਬਰ, 1935 ਵਿੱਚ ਨੌਰਥ ਕੈਰੋਲੀਨਾ ਵਿਖੇ ਹੋਇਆ ਸੀ। ਚੰਨ 'ਤੇ ਮਿਸ਼ਨ ਦੌਰਾਨ ਉਨ੍ਹਾਂ ਨੇ ਹੀ 600 ਮਿਲੀਅਨ ਲੋਕਾਂ ਨੂੰ ਟੀਵੀ ਰਾਹੀਂ ਚੰਨ 'ਤੇ ਲੈਨਡਿੰਗ ਦੀ ਖ਼ਬਰ ਦਿੱਤੀ ਸੀ।

1972 ਵਿੱਚ ਅਪੋਲੋ 16 ਮਿਸ਼ਨ ਦੌਰਾਨ ਉਨ੍ਹਾਂ ਆਪਣੇ ਬੱਚਿਆਂ ਨੂੰ ਪੁੱਛਿਆ ਸੀ, ''ਕੀ ਤੁਸੀਂ ਸਾਰੇ ਮੇਰੇ ਨਾਲ ਚੰਨ 'ਤੇ ਜਾਣਾ ਪਸੰਦ ਕਰੋਗੇ?''

ਜਦੋਂ ਬੱਚਿਆਂ ਨੇ ਹਾਮੀ ਭਰੀ ਤਾਂ ਉਨ੍ਹਾਂ ਆਪਣੇ ਪਰਿਵਾਰ ਦੀ ਤਸਵੀਰ ਨਾਲ ਲਿਜਾਉਣ ਦਾ ਵਾਅਦਾ ਕੀਤਾ ਸੀ।

ਉਨ੍ਹਾਂ 2015 ਵਿੱਚ ਬਿਜ਼ਨਸ ਇਨਸਾਈਡਰ ਨੂੰ ਦੱਸਿਆ ਸੀ, ''ਮੈਂ ਪਲਾਨ ਕੀਤਾ ਸੀ ਕਿ ਤਸਵੀਰ ਉੱਥੇ ਹੀ ਛੱਡ ਦਵਾਂਗਾ, ਤਾਂ ਜੋ ਮੇਰੇ ਤਸਵੀਰ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗੇ ਕਿ ਮੈਂ ਵਾਕੇਈ ਇਹ ਤਸਵੀਰ ਚੰਨ 'ਤੇ ਛੱਡੀ ਸੀ।''

1999 ਵਿੱਚ ਡਿਊਕ ਨੇ ਨਾਸਾ ਨੂੰ ਦੱਸਿਆ ਸੀ ਕਿ ਉਹ ਇੱਕ ਲੂਨਰ ਗੱਡੀ ਵਿੱਚ ਚੰਨ 'ਤੇ ਘੁੰਮੇ ਸਨ।

ਉਨ੍ਹਾਂ ਕਿਹਾ ਸੀ, ''ਮੈਂ ਤਸਵੀਰਾਂ ਲੈ ਰਿਹਾ ਸੀ ਅਤੇ ਚੰਨ ਦੀ ਭੂਮੀ ਬਾਰੇ ਦੱਸ ਰਿਹਾ ਸੀ, ਚਾਰ ਟਾਇਰ ਵਾਲੇ ਇਲੈਕਟ੍ਰਿਕ ਗੱਡੀ ਬੇਹੱਦ ਵਧੀਆ ਸੀ।''

''ਨਜ਼ਾਰਾ ਬੇਹੱਦ ਸ਼ਾਨਦਾਰ ਸੀ, ਦੁੱਖ ਸਿਰਫ ਇਹ ਹੈ ਕਿ ਅਸੀਂ ਤਸਵੀਰਾਂ ਵਿੱਚ ਚੰਨ 'ਤੇ ਲੋਕਾਂ ਨੂੰ ਨਹੀਂ ਵਿਖਾਇਆ।''

ਡੇਵਿਡ ਸਕੌਟ

1932 ਵਿੱਚ ਸੈਨ ਅਨਟੋਨੀਓ, ਟੈਕਸਸ ਵਿਖੇ ਜੰਮੇ ਡੇਵਿਡ ਸਕੌਟ ਨੇ ਅਮਰੀਕੀ ਏਅਰ ਫੋਰਸ ਤੋਂ ਗ੍ਰੈਜੁਏਸ਼ਨ ਕੀਤੀ ਸੀ। ਇਸ ਤੋਂ ਬਾਅਦ 1963 ਵਿੱਚ ਉਹ ਨਾਸਾ ਨਾਲ ਜੁੜੇ ਸਨ।

ਉਹ ਤਿੰਨ ਵਾਰ ਪੁਲਾੜ ਗਏ ਹਨ ਅਤੇ ਅਪੋਲੋ 15 ਦੇ ਕਮਾਂਡਰ ਦੇ ਤੌਰ 'ਤੇ ਚੰਨ 'ਤੇ ਚੱਲਣ ਵਾਲੇ ਸੱਤਵੇਂ ਵਿਅਕਤੀ ਸਨ।

ਉਹ ਚੰਨ 'ਤੇ ਡਰਾਈਵ ਕਰਨ ਵਾਲੇ ਪਹਿਲੇ ਹਨ ਅਤੇ ਧਰਤੀ ਦੇ ਘੇਰੇ 'ਤੇ ਇਕੱਲੇ ਉੱਡਣ ਵਾਲੇ ਆਖਰੀ ਅਮਰੀਕੀ ਹਨ।

ਉਨ੍ਹਾਂ ਕਿਤਾਬ 'ਟੂ ਸਾਈਡਜ਼ ਆਫ ਦਿ ਮੂਨ' ਵਿੱਚ ਲਿਖਿਆ, ''ਮੈਨੂੰ ਯਾਦ ਹੈ ਜਦੋਂ ਮੈਂ ਅਸਮਾਨ ਵਿੱਚ ਧਰਤੀ ਵੱਲ ਇਸ਼ਾਰਾ ਕੀਤਾ ਸੀ। ਦਸਤਾਨਿਆਂ ਨਾਲ ਲੱਦੇ ਹੱਥ ਹੌਲੀ ਹੌਲੀ ਚੁੱਕਣ 'ਤੇ ਮੈਂ ਵੇਖਿਆ ਕਿ ਮੇਰੇ ਅੰਗੂਠੇ ਨਾਲ ਹੀ ਪੂਰੀ ਧਰਤੀ ਲੁੱਕ ਰਹੀ ਸੀ।''

ਸਕੌਟ ਨੇ ਕਿਹਾ ਕਿ ਉਨ੍ਹਾਂ ਨੂੰ ਅਕਸਰ ਚੰਨ 'ਤੇ ਉਨ੍ਹਾਂ ਦੇ ਸਫਰ ਬਾਰੇ ਪੁੱਛਿਆ ਜਾਂਦਾ ਹੈ ਅਤੇ ਉਸ ਤੋਂ ਉਨ੍ਹਾਂ ਵਿੱਚ ਆਏ ਬਦਲਾਅ ਬਾਰੇ।

ਉਨ੍ਹਾਂ ਕਿਹਾ, ''ਮੈਂ ਲੂਨਰ ਪਹਾੜਾਂ, ਲਾਵਾ ਅਤੇ ਪੱਥਰਾਂ ਬਾਰੇ ਦੱਸਦਾ ਹਾਂ। ਸਿਰਫ ਇੱਕ ਆਰਟਿਸਟ ਜਾਂ ਕਵੀ ਹੀ ਪੁਲਾੜ ਦੀ ਅਸਲੀ ਖੁਬਸੂਰਤੀ ਬਿਆਨ ਕਰ ਸਕਦਾ ਹੈ।''

ਹੈਰੀਸਨ ਸ਼ਮਿਚ

ਹੈਰੀਸਨ ਦਾ ਜਨਮ 3 ਜੁਲਾਈ, 1935 ਵਿੱਚ ਨਵੇਂ ਮੈਕਸੀਕੋ ਦੇ ਸੈਂਟਾ ਰੀਟਾ ਵਿੱਚ ਹੋਇਆ ਸੀ।

ਭੂ-ਵਿਗਿਆਨੀ ਅਤੇ ਅਕਾਦਮਿਕ ਹੋਣ ਦੇ ਬਾਵਜੂਦ ਉਨ੍ਹਾਂ ਏਅਰ ਫੋਰਸ ਲਈ ਕੰਮ ਨਹੀਂ ਕੀਤਾ ਬਲਕਿ ਪੁਲਾੜ ਦੇ ਭੂ-ਵਿਗਿਆਨੀ ਬਣੇ ਜੋ ਨਾਸਾ ਦੇ ਪੁਲਾੜ ਯਾਤਰੀਆਂ ਨੂੰ ਫੀਲਡ ਟ੍ਰਿਪਸ ਵਿੱਚ ਗਾਈਡ ਕਰਦੇ ਸਨ।

ਉਸ ਤੋਂ ਬਾਅਦ 1965 ਵਿੱਚ ਉਹ ਨਾਸਾ ਵਿੱਚ ਵਿਗਿਆਨੀ ਅਤੇ ਪੁਲਾੜ ਯਾਤਰੀ ਬਣੇ।

ਅਗਸਤ 1971 ਵਿੱਚ ਅਪੋਲੋ 17 'ਤੇ ਉਨ੍ਹਾਂ ਦੀ ਡਿਊਟੀ ਲੱਗੀ ਸੀ। ਦਸੰਬਰ 1972 ਵਿੱਚ ਉਹ ਕਮਾਂਡਰ ਜੀਨ ਸਰਨੈਨ ਦੇ ਨਾਲ ਚੰਨ 'ਤੇ ਪਹੁੰਚੇ ਸਨ।

ਇਨ੍ਹਾਂ ਨੇ ਹੀ ਦੁਨੀਆਂ ਭਰ ਵਿੱਚ ਮਸ਼ਹੂਰ ਹੋਈ 'ਬਲੂ ਮਾਰਬਲ' ਤਸਵੀਰ ਲਈ ਸੀ।

ਸਾਲ 2000 ਵਿੱਚ ਨਾਸਾ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸ਼ਮਿਚ ਨੇ ਕਿਹਾ ਸੀ ਕਿ ਚੰਨ 'ਤੇ ਰੌਸ਼ਨੀ ਕਾਫੀ ਮਦਦਗਾਰ ਸਾਬਤ ਹੁੰਦੀ ਹੈ।

ਉਨ੍ਹਾਂ ਕਿਹਾ ਸੀ, ''ਰੌਸ਼ਨੀ ਨਾਲ ਫੀਚਰਜ਼ ਸਾਫ ਸਾਫ ਨਜ਼ਰ ਆਉਂਦੇ ਸੀ। ਦੋਵੇਂ ਪਾਸਿਆਂ 'ਤੇ 6000 ਤੋਂ 7000 ਫੁੱਟ ਉੱਚੇ ਪਹਾੜ ਸਨ, 35 ਮੀਲ ਲੰਬਾ ਅਤੇ ਚਾਰ ਮੀਲ ਚੌੜਾ ਇਲਾਕਾ ਸੀ।''

ਸ਼ਮਿਚ ਨੇ ਦੱਸਿਆ ਸਭ ਤੋਂ ਔਖਾ ਪੁਲਾੜ ਦੇ ਕਾਲੇਪਣ ਨੂੰ ਅਪਨਾਉਣਾ ਸੀ।

ਐਡਵਿਨ ਬਜ਼ ਐਲਡ੍ਰਿਨ

1930 ਜਨਵਰੀ ਵਿੱਚ ਬੱਜ਼ ਐਲਡ੍ਰਿਨ ਦਾ ਜਨਮ ਨਿਊ ਜਰਸੀ ਵਿੱਚ ਹੋਇਆ। ਉਹ 1963 ਵਿੱਚ ਨਾਸਾ ਦੇ ਪੁਲਾੜ ਯਾਤਰੀ ਬਣੇ ਅਤੇ 1969 ਵਿੱਚ ਅਪੋਲੋ 11 ਮਿਸ਼ਨ ਦਾ ਹਿੱਸਾ।

ਉਹ ਨੀਲ ਆਰਮਸਟ੍ਰੌਂਗ ਨਾਲ ਚੰਨ 'ਤੇ ਗਏ ਸਨ। ਦੋਹਾਂ ਨੇ ਚੰਨ 'ਤੇ 21 ਘੰਟੇ ਅਤੇ 36 ਮਿੰਟ ਬਿਤਾਏ ਸਨ।

ਉਨ੍ਹਾਂ ਦਾ ਸਪੇਸਕ੍ਰਾਫਟ ਚੰਨ ਦੇ ਹਿੱਸੇ 'ਸੀ ਆਫ ਟ੍ਰੈਨਕਵਿਲਿਟੀ' ਵਿੱਚ ਲੈਂਡ ਕੀਤਾ ਸੀ।

ਚੰਨ 'ਤੇ ਤੁਰਦਿਆਂ ਦੀਆਂ ਉਨ੍ਹਾਂ ਦੋਹਾਂ ਦੀਆਂ ਤਸਵੀਰਾਂ ਪੂਰੀ ਦੁਨੀਆਂ ਵਿੱਚ ਮਸ਼ਹੂਰ ਹਨ।

1998 ਵਿੱਚ ਐਲਡ੍ਰਿਨ ਨੇ ਦੱਸਿਆ ਸੀ ਕਿ ਚੰਨ ਦੀ ਧਰਤੀ ਟੈਲਕਮ ਪਾਊਡਰ ਵਰਗੀ ਡੂੰਘੇ ਗਰੇਅ ਰੰਗ ਦੀ ਮਿੱਟੀ ਨਾਲ ਢਕੀ ਲੱਗਦੀ ਹੈ ਜਿਸ 'ਤੇ ਕਈ ਛੋਟੋ ਵੱਡੇ ਪੱਥਰ ਮੌਜੂਦ ਹਨ।

ਭਾਰ ਨਾ ਮਹਿਸੂਸ ਕਰਨਾ ਜਾਂ ਹਲਕੇਪਣ ਨੂੰ ਐਲਡ੍ਰਿਨ ਨੇ ਸਭ ਤੋਂ ਮਜ਼ੇਦਾਰ ਤਜਰਬਾ ਦੱਸਿਆ ਸੀ। ਚੰਨ 'ਤੇ ਜਾਣ ਤੋਂ ਬਾਅਦ ਉਹ ਵਾਰ ਵਾਰ ਕਹਿੰਦੇ ਆਏ ਹਨ, ''ਇੱਕ ਦਿਨ ਅਸੀਂ ਮਾਰਸ 'ਤੇ ਵੀ ਕੁਝ ਲੋਕਾਂ ਨੂੰ ਭੇਜਾਂਗੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)