ਅਣਜੰਮੇ ਬੱਚੇ ਨੂੰ ਗੋਰਾ ਬਣਾਉਣਾ 'ਚ ਕਿੰਨਾ ਖ਼ਤਰਾ?

ਗੋਰੇ ਰੰਗ ਲਈ ਪਾਗਲਪਣ ਸਿਰਫ਼ ਭਾਰਤ ਜਾਂ ਹੋਰ ਏਸ਼ੀਆਈ ਦੇਸਾਂ ਵਿੱਚ ਹੀ ਨਹੀਂ ਹੈ ਕਈ ਹੋਰ ਦੇਸਾਂ ਦੇ ਲੋਕ ਵੀ ਗੋਰੇ ਰੰਗ ਲਈ ਹੱਦਾਂ-ਬੰਨੇ ਪਾਰ ਕਰਦੇ ਵੇਖੇ ਗਏ ਹਨ।

ਭਾਰਤ ਵਿੱਚ ਗੋਰੇ ਰੰਗ ਲਈ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਨ ਦਾ ਰੁਝਾਨ ਹੈ ਪਰ ਘਾਨਾ ਵਿੱਚ ਔਰਤਾਂ ਆਪਣੇ ਅਣਜੰਮੇ ਬੱਚੇ ਦੇ ਗੋਰੇ ਰੰਗ ਲਈ ਇਲਾਜ ਕਰਵਾ ਰਹੀਆਂ ਹਨ।

ਘਾਨਾ ਦੀਆਂ ਗਰਭਵਤੀ ਔਰਤਾਂ ਆਪਣੇ ਅਣਜੰਮੇ ਬੱਚੇ ਦੇ ਗੋਰੇ ਰੰਗ ਦੀ ਆਸ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਰਹੀਆਂ ਹਨ।

ਇਨ੍ਹਾਂ ਔਰਤਾਂ ਨੂੰ ਹੁਣ ਮਾਹਿਰਾਂ ਵੱਲੋਂ ਇਸ ਰੁਝਾਨ ਦੇ ਵਿਰੋਧ ਚਿਤਾਵਨੀ ਦਿੱਤੀ ਗਈ ਹੈ।

ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗ਼ੈਰ-ਕਾਨੂੰਨੀ ਦਵਾਈਆਂ ਅਣਜੰਮੇ ਬੱਚੇ ਦੀ ਸਿਹਤ 'ਤੇ ਬੁਰਾ ਅਸਰ ਪਾ ਸਕਦੀਆਂ ਹਨ। ਇਸ ਨਾਲ ਅਣਜੰਮੇ ਬੱਚੇ ਦੇ ਹੱਥ-ਪੈਰ ਅਤੇ ਅੰਦਰੂਨੀ ਅੰਗ ਵੀ ਪ੍ਰਭਾਵਿਤ ਹੋ ਸਕਦੇ ਹਨ।

ਘਾਨਾ 'ਚ ਖਾਣੇ ਅਤੇ ਦਵਾਈਆਂ ਨਾਲ ਸੰਬੰਧਿਤ ਵਿਭਾਗ ਦਾ ਕਹਿਣਾ ਹੈ ਕਿ ਗਲੁਤਾਥਿਓਨ ਨਾਂ ਦੀ ਦਵਾਈ ਅਣਜੰਮੇ ਬੱਚੇ ਦਾ ਰੰਗ ਗੋਰਾ ਕਰਨ ਲਈ ਖ਼ਤਰਨਾਕ ਹੈ।

ਉਨ੍ਹਾਂ ਕਿਹਾ, "ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਦਵਾਈ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ।"

ਇਸ ਵਿਭਾਗ ਮੁਤਾਬਕ ਘਾਨਾ ਵਿੱਚ ਇਨ੍ਹਾਂ ਦਵਾਈਆਂ ਦਾ ਰੁਝਾਨ ਵਧ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਇਨ੍ਹਾਂ ਦਵਾਈਆਂ ਦੀ ਤਸਕਰੀ ਵੀ ਹੋ ਰਹੀ ਹੈ।

ਹਾਲਾਂਕਿ ਇਸ ਸੰਬੰਧ ਵਿੱਚ ਕੋਈ ਵੀ ਜਾਂਚ ਨਹੀਂ ਕੀਤੀ ਗਈ। ਇਸ ਵਿਭਾਗ ਮੁਤਾਬਕ ਮਾਰਕੀਟ 'ਤੇ ਨਜ਼ਰ ਰੱਖਣ ਨਾਲ ਹੀ ਔਰਤਾਂ ਵਿੱਚ ਇਹ ਰੁਝਾਨ ਸਾਹਮਣੇ ਆਇਆ ਹੈ।

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਲਈ ਦੋਸ਼ੀਆਂ ਗ੍ਰਿਫ਼ਤਾਰ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)