ਜਾਣੋ '4,000 ਸਾਲ ਪੁਰਾਣੀ' ਬੈਂਗਣ ਬਣਾਉਣ ਦੀ ਰੈਸਪੀ

4 ਹਜ਼ਾਰ ਸਾਲ ਪੁਰਾਣੀ ਹੜੱਪਾ ਸੱਭਿਅਤਾ ਦੇ ਖਾਣੇ ਅਤੇ ਅੱਜ ਦੇ ਭਾਰਤੀ ਖਾਣੇ ਵਿੱਚ ਕਿੰਨਾ ਫਰਕ ਹੈ?

ਹੜੱਪਾ ਸੱਭਿਅਤਾ ਦੇ ਸਭ ਤੋਂ ਵੱਡੇ ਸ਼ਹਿਰ ਰਾਖੀਗੜ੍ਹੀ ਦੇ ਦੱਖਣ-ਪੂਰਬ ਵਿੱਚ ਇੱਕ ਖੁਦਾਈ ਵਾਲੀ ਥਾਂ ਹੈ ਫਰਮਾਨਾ। ਉੱਥੇ 2010 ਵਿੱਚ ਮਿਲੀਆਂ ਖਾਣ-ਪੀਣ ਦੀਆਂ ਵਾਲੀਆਂ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਗਿਆ ਹੈ।

ਵੈਨਕੂਵਰ ਯੂਨੀਵਰਸਟੀ ਅਤੇ ਵਾਸ਼ਿੰਗਟਨ ਸਟੇਟ ਯੂਨੀਵਰਸਟੀ ਦੇ ਪ੍ਰੋਫੈਸਰ ਅਰੁਣਿਮਾ ਕਸ਼ਯਪ ਅਤੇ ਸਟੀਵ ਵੇਬਰ ਨੇ ਸਟਾਰਚ ਵਿਸ਼ਲੇਸ਼ਣ ਕਰਕੇ ਮਿੱਟੀ ਦੇ ਇੱਕ ਭਾਂਡੇ ਵਿੱਚ ਦੁਨੀਆਂ ਦੀ ਸਭ ਤੋਂ ਪੁਰਾਣੀ ਸਬਜੀ ਦੀ ਖੋਜ ਕੀਤੀ ਜੋ ਬੈਂਗਨ, ਅਦਰਕ ਅਤੇ ਹਲਦੀ ਪਾ ਕੇ ਤਿਆਰ ਕੀਤੀ ਸੀ।

ਉਨ੍ਹਾਂ ਨੇ 50 ਵੱਖ-ਵੱਖ ਥਾਵਾਂ ਤੋਂ ਸਟਾਰਚ ਦੇ ਅੰਸ਼ ਚੁੱਕੇ। ਉਨ੍ਹਾਂ ਨੇ ਮਿੱਟੀ ਦੇ ਭਾਂਡੇ, ਪੱਥਰ, ਔਜ਼ਾਰ, ਮਨੁੱਖਾਂ ਦੇ ਦੰਦ ਅਤੇ ਪਾਲਤੂ ਗਊਆਂ ਨੂੰ ਦਿੱਤੇ ਗਏ ਰਹਿੰਦ-ਖੁਹੰਦ ਵਾਲੇ ਖਾਣੇ ਵਿੱਚ ਸਬਜ਼ੀ, ਫਲ ਅਤੇ ਮਸਾਲਿਆਂ ਦੇ ਮੌਲੀਕਿਊਲਰਸ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ 'ਤੇ ਅੱਗ, ਨਮਕ ਅਤੇ ਚੀਨੀ ਦੇ ਅਸਰ ਨੂੰ ਪਰਖਿਆ।

ਹਾਲਾਂਕਿ ਫਰਮਾਨਾ ਵਿੱਚ ਬਣੀ ਸਬਜ਼ੀ ਵਿੱਚ ਸਿਰਫ਼ ਬੈਂਗਣ, ਹਲਦੀ, ਅਦਰਕ ਅਤੇ ਲੂਣ ਦੀ ਵਰਤੋਂ ਕੀਤੀ ਗਈ ਸੀ ਪਰ ਜਿਹੜੀ ਵਿਧੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਵਿੱਚ ਅਸੀਂ ਕੁਝ ਚੀਜ਼ਾਂ ਮਿਲਾਉਣ ਦੀ ਛੂਟ ਲਈ ਹੈ।

ਜੇਕਰ ਸੰਭਵ ਹੈ ਤਾਂ ਤੁਸੀਂ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਬਣਾ ਸਕਦੇ ਹੋ।

ਬੈਂਗ ਬਣਾਉਣ ਦੀ ਹੜੱਪਾ ਵਾਲੀ ਵਿਧੀ

6-7 ਛੋਟੇ-ਛੋਟੇ ਬੈਂਗਣ ਸਾਫ਼ ਅਤੇ ਕੱਟੇ ਹੋਏ

ਅਦਰਕ ਦਾ ਛੋਟਾ ਟੁਕੜਾ

1 ਤਾਜ਼ਾ ਹਲਦੀ ਦਾ ਟੁੱਕੜਾ ਜਾਂ ¼ ਛੋਟਾ ਚਮਚ ਹਲਦੀ ਦਾ ਪਾਊਡਰ

ਨਮਕ

ਕੱਟਿਆ ਹੋਇਆ ਕੱਚਾ ਅੰਬ, ਇੱਕ ਵੱਡਾ ਚਮਚ

ਤਿੱਲ ਦਾ ਤੇਲ 2-3 ਵੱਡੇ ਚਮਚ

ਇੱਕ ਚੁਟਕੀ ਜ਼ੀਰਾ

ਗਾੜ੍ਹਾ ਗੰਨੇ ਦਾ ਰਸ

ਮਿੱਠੀ ਤੁਲਸੀ ਦੀਆਂ ਕੁਝ ਪੱਤੀਆਂ

ਸਬਜ਼ੀ ਬਣਾਉਣ ਦੀ ਵਿਧੀ

ਅਦਰਕ, ਹਲਦੀ ਅਤੇ ਜ਼ੀਰੇ ਨੂੰ ਪੀਸ ਲਓ। ਤਿੱਲ ਦੇ ਤੇਲ ਨੂੰ ਗਰਮ ਕਰੋ ਅਤੇ ਉਸ ਵਿੱਚ ਪੀਸੇ ਹੋਏ ਪੇਸਟ ਨੂੰ ਮਿਲਾ ਕੇ 2 ਮਿੰਟ ਤੱਕ ਗਰਮ ਕਰੋ।

ਇਸ ਨੂੰ ਬੈਂਗਣ 'ਤੇ ਪਾ ਕੇ ਥੋੜ੍ਹਾ ਨਮਕ ਮਿਲਾਓ। ਇਸ ਤੋਂ ਬਾਅਦ ਇਸ ਨੂੰ ਢੱਕ ਕੇ ਉਦੋਂ ਤੱਕ ਪਕਾਓ ਜਦੋਂ ਤੱਕ ਬੈਂਗਣ ਪੱਕ ਨਾ ਜਾਏ। ਲੋੜ ਹੋਵੇ, ਤਾਂ ਇਸ ਵਿੱਚ ਪਾਣੀ ਮਿਲਾ ਲਓ।

ਹੁਣ ਇਸ ਵਿੱਚ ਕੱਚੇ ਅੰਬ ਦੇ ਟੁੱਕੜੇ ਅਤੇ ਗੰਨੇ ਦਾ ਗਾੜਾ ਰਸ ਮਿਲਾਓ। ਕੁਝ ਮਿੰਟਾਂ ਤੱਕ ਇਸ ਨੂੰ ਉਬਾਲੋ ਜਾਂ ਜਦੋਂ ਤੱਕ ਅੰਬ ਪੱਕ ਨਾ ਜਾਵੇ। ਮਸਾਲਾ ਟੇਸਟ ਕਰਕੇ ਦੇਖ ਲਓ ਅਤੇ ਬਾਜਰੇ ਦੀ ਰੋਟੀ ਦੇ ਨਾਲ ਖੱਟੀ-ਮਿੱਠੀ ਸਬਜ਼ੀ ਪਰੋਸੋ।

ਹੜੱਪਾ ਦੀ ਸਬਜ਼ੀ ਨੇ ਇਸ ਅਨੁਮਾਨ ਨੂੰ ਸੱਚ ਸਾਬਤ ਕਰ ਦਿੱਤਾ ਹੈ ਕਿ ਬੈਂਗਣ ਇਸ ਉਪ ਮਹਾਂਦੀਪ ਦੀ ਮੂਲ ਜੰਗਲੀ ਸਬਜ਼ੀ ਹੈ ਅਤੇ ਇਸ ਦਾ ਨਾਮ ਸੰਸਕ੍ਰਿਤ ਨਾਮ ਵਾਰਤਾਕਾ ਜਾਂ ਵਰਤਾਕਾਂ ਬਹੁਤ ਪਹਿਲਾਂ ਤੋਂ ਹੈ।

ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਅਦਰਕ ਵੀ ਇਸੇ ਖੇਤਰ ਵਿੱਚ ਉੱਗਿਆ ਸੀ ਅਤੇ ਹਲਦੀ ਜਾਂ ਹਰਿਦਰਾ ਦਾ ਵੀ 'ਜਨਜਾਤੀ ਜੋੜ' ਹੈ।

ਇਤਿਹਾਸ ਵਿੱਚ ਅਕਸਰ ਰਾਜੇ-ਮਹਾਰਾਜਿਆਂ ਦੀ ਲੜਾਈਆਂ, ਮਿੱਟੀ ਦੇ ਭਾਂਡੇ ਅਤੇ ਅਨਾਜ ਦੇ ਭੰਡਾਰ ਅਤੇ ਇਸ਼ਨਾਨ ਘਰਾਂ ਦਾ ਜ਼ਿਕਰ ਤਾਂ ਮਿਲਦਾ ਹੈ।

ਪਰ ਇਤਿਹਾਸ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਬਾਰੇ ਬਹੁਤ ਹੀ ਘੱਟ ਗੱਲ ਕੀਤੀ ਜਾਂਦੀ ਹੈ, ਘੱਟੋ-ਘੱਟ ਇੱਕ ਇਨਸਾਨ ਦੀ ਤਾਂ ਬਿਲਕੁਲ ਹੀ ਗੱਲ ਨਹੀਂ ਹੁੰਦੀ ਜੋ 4000 ਸਾਲ ਪਹਿਲਾਂ ਸਬਜੀ ਬਣਾਉਣ ਅਤੇ ਖਾਣ ਤੋਂ ਬਾਅਦ, ਭਾਂਡਿਆਂ ਨੂੰ ਧੋਣਾ ਭੁੱਲ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)