ਦੱਖਣੀ ਚੀਨ ਸਾਗਰ 'ਚ ਚੀਨੀ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਕਿਉਂ?

    • ਲੇਖਕ, ਅਨੰਤ ਪ੍ਰਕਾਸ਼
    • ਰੋਲ, ਬੀਬੀਸੀ ਪੱਤਰਕਾਰ

ਚੀਨ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਿਤ ਖੇਤਰ ਵਿੱਚ ਪਹਿਲੀ ਵਾਰ ਆਪਣਾ ਲੜਾਕੂ ਜਹਾਜ਼ H-6K ਤਾਇਨਾਤ ਕਰ ਦਿੱਤਾ ਹੈ।

ਮਾਹਿਰਾਂ ਮੁਤਾਬਕ ਇਨ੍ਹਾਂ ਜਹਾਜ਼ਾਂ ਦੀ ਰੇਂਜ ਉੱਤਰੀ ਆਸਟ੍ਰੇਲੀਆ ਅਤੇ ਅਮਰੀਕੀ ਟਾਪੂ ਗੁਆਮ ਤੱਕ ਹੈ।

ਚੀਨ ਦੇ ਇਸ ਕਦਮ ਤੋਂ ਬਾਅਦ ਅਮਰੀਕਾ ਦੇ ਯੁੱਧ ਦੇ ਜਹਾਜ਼ ਵੀ ਚੀਨ ਦੇ ਆਰਟੀਫਿਸ਼ੀਅਲ ਟਾਪੂਆਂ ਲਈ ਰਵਾਨਾ ਹੋ ਗਏ ਹਨ।

ਕਿੰਨਾ ਖਤਰਨਾਕ ਹੈ ਚੀਨ ਦਾ ਜਹਾਜ਼ H-6K ?

ਇਸ ਜਹਾਜ਼ ਦੀ ਸਮਰੱਥਾ ਬਾਰੇ ਰੱਖਿਆ ਮਾਹਿਰ ਉਦੇ ਭਾਸਕਰ ਨੇ ਦੱਸਿਆ ਕਿ ਚੀਨ ਦੇ ਇਸ ਜਹਾਜ਼ ਤੋਂ ਮਿਜ਼ਾਈਲ ਲਾਂਚ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ, '' ਜਹਾਜ਼ 'ਤੇ ਮਿਜ਼ਾਈਲ ਲਗਾ ਕੇ ਛੱਡੀ ਜਾ ਸਕਦੀ ਹੈ। ਇਸਦੀ ਆਪਰੇਸ਼ਨਲ ਰੇਂਜ ਅਤੇ ਮਿਜ਼ਾਈਲ ਦੀ ਰੇਂਜ 1900 ਮੀਲ ਮੰਨੀ ਜਾਂਦੀ ਹੈ।''

''ਦੱਖਣੀ ਚੀਨ ਸਾਗਰ ਵਿੱਚ ਦੋ ਤਰ੍ਹਾਂ ਦੇ ਟਾਪੂ ਹਨ, ਸਪ੍ਰੈਟਲੀ ਅਤੇ ਪੈਰਾਸਲ ਅਤੇ ਦੂਜਾ ਹੈਨਾਨ ਪ੍ਰਾਂਤ ਹੈ। ਜੇ ਉੱਥੇ ਅਜਿਹੇ ਜਹਾਜ਼ ਤਾਇਨਾਤ ਹੋਣਗੇ ਤਾਂ ਵੱਖ ਵੱਖ ਆਪਰੇਸ਼ਨਲ ਰੇਡੀਅਸ ਨਜ਼ਰ ਆਉਂਦੇ ਹਨ।''

ਭਾਸਕਰ ਨੇ ਦੱਸਿਆ ਕਿ ਜਹਾਜ਼ਾਂ ਕੋਲ ਦੋ ਤਰ੍ਹਾਂ ਦੇ ਆਪਰੇਸ਼ਨਲ ਰੇਡੀਅਸ ਹਨ, ਜਿਨ੍ਹਾਂ 'ਚੋਂ ਇੱਕ ਰੇਡੀਅਸ ਵਿੱਚ ਮਲੇਸ਼ੀਆ ਅਤੇ ਇਨਡੋਨੇਸ਼ੀਆ ਵਰਗੇ ਆਸ਼ੀਆਨ ਦੇਸ਼ ਵੀ ਆਉਂਦੇ ਹਨ।

ਅਮਰੀਕੀ ਟਾਪੂ ਗੁਆਮ ਜਹਾਜ਼ ਦੇ ਖੇਤਰ ਵਿੱਚ?

ਏਸ਼ੀਆ ਮੈਰੀਟਾਈਮ ਟਰਾਂਸਪੇਰੰਸੀ ਇਨੀਸ਼ਿਏਟਿਵ ਨਾਲ ਜੁੜੇ ਮਾਹਿਰਾਂ ਮੁਤਾਬਕ, ''ਇਹ ਜਹਾਜ਼ ਜਲਦ ਹੀ ਸਪ੍ਰੈਟਲੀ ਟਾਪੂਆਂ 'ਤੇ ਉਤਰ ਸਕਦੇ ਹਨ, ਜਿੱਥੇ ਰਨਵੇ ਅਤੇ ਹੈਂਗਰ ਬਣੇ ਹੋਏ ਹਨ।''

''ਉੱਥੋਂ ਇਹ ਉੱਤਰੀ ਆਸਟ੍ਰੇਲੀਆ ਅਤੇ ਗੁਆਮ ਵਿੱਚ ਸਥਿਤ ਅਮਰੀਕੀ ਬੇਸ ਤੱਕ ਪਹੁੰਚ ਸਕਦੇ ਹਨ।''

ਉਦੇ ਭਾਸਕਰ ਨੇ ਦੱਸਿਆ, ''ਇਸ ਤਰ੍ਹਾਂ ਦੇ ਜਹਾਜ਼ਾਂ ਵਿੱਚ ਬੀਚ ਰਾਹ ਵੀ ਤੇਲ ਭਰਿਆ ਜਾ ਸਕਦਾ ਹੈ। ਚੀਨ ਦਾ ਇਹ ਜਹਾਜ਼ ਕਾਫੀ ਵਿਕਸਿਤ ਹੈ। ਇਹ ਟਾਪੂ ਗੁਆਮ ਤੱਕ ਪਹੁੰਚ ਸਕਦਾ ਹੈ, ਸ਼ਕਤੀਸ਼ਾਲੀ ਦੇਸ਼ਾਂ ਲਈ ਮਿਡ-ਫਲਾਈਟ ਰਿਫਿਊਲਿੰਗ ਇੱਕ ਆਮ ਪ੍ਰਕਿਰਿਆ ਹੈ।''

ਚੀਨ ਅਤੇ ਅਮਰੀਕਾ ਵਿਚਾਲੇ ਅਣ-ਬਣ

ਪਿਛਲੇ ਕਾਫੀ ਸਮੇਂ ਤੋਂ ਚੀਨ ਅਤੇ ਅਮਰੀਕਾ ਵਿਚਾਲੇ ਅਣ-ਬਣ ਦਾ ਮਾਹੌਲ ਹੈ। ਦੋਹਾਂ ਦੇਸ਼ਾਂ ਵਿਚਕਾਰ ਕਾਰੋਬਾਰੀ ਜੰਗ ਤੋਂ ਬਾਅਦ ਰਿਸ਼ਤਿਆਂ ਵਿੱਚ ਦਰਾਰ ਵੱਧ ਗਈ ਹੈ।

ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਸਵਰਣ ਸਿੰਘ ਮੁਤਾਬਕ ਇਸ ਘਟਨਾ ਨਾਲ ਖੇਤਰ ਵਿੱਚ ਤਣਾਅ ਵੱਧਣਾ ਲਾਜ਼ਮੀ ਹੈ।

ਡਾਕਟਰ ਸਿੰਘ ਨੇ ਦੱਸਿਆ, ''ਇਹ ਜ਼ਾਹਿਰ ਹੈ ਕਿ ਇਸ ਨਾਲ ਤਣਾਅ ਵਧੇਗਾ ਪਰ ਇਹ ਅਚਾਨਕ ਨਹੀਂ ਹੋਇਆ ਹੈ। 10 ਸਾਲਾਂ ਤੋਂ ਚੀਨ ਲਗਾਤਾਰ ਦੱਖਣੀ ਚੀਨ ਸਾਗਰ ਵਿੱਚ ਆਪਣਾ ਪ੍ਰਭਾਵ ਬਣਾ ਰਿਹਾ ਹੈ।''

ਉਨ੍ਹਾਂ ਅੱਗੇ ਦੱਸਿਆ, ''ਅਮਰੀਕਾ ਯੁੱਧ ਦੇ ਜਹਾਜ਼ਾਂ ਨੂੰ ਭੇਜ ਕੇ ਫ੍ਰੀਡਮ ਆਫ ਨੈਵੀਗੇਸ਼ਨ ਦੀ ਗੱਲ ਕਰਦਾ ਹੈ। ਪਰ ਅੱਜ ਵਧੇਰੇ ਦੇਸ਼ ਇਸ ਮੁੱਦੇ 'ਤੇ ਅਮਰੀਕਾ ਨਾਲ ਨਹੀਂ ਖੜ੍ਹੇ ਹਨ। ਅਮਰੀਕਾ ਦਾ ਖਾਸ ਦੋਸਤ ਆਸਟ੍ਰੇਲੀਆ ਵੀ ਚੀਨ ਖਿਲਾਫ਼ ਕਾਰਵਾਈ ਤੋਂ ਡਰਦਾ ਹੈ।''

ਚੀਨ ਖਿਲਾਫ਼ ਕੋਈ ਦੇਸ਼ ਖੁੱਲ੍ਹ ਕੇ ਕਿਉਂ ਨਹੀਂ ਬੋਲਦਾ?

ਦੱਖਣੀ ਚੀਨ ਸਾਗਰ ਦੇ ਮੁੱਦੇ 'ਤੇ ਅਮਰੀਕਾ ਲੰਮੇ ਸਮੇਂ ਤੋਂ ਚੀਨ 'ਤੇ ਦਬਾਅ ਬਣਾ ਰਿਹਾ ਹੈ। ਚੀਨ ਦਾਅਵਾ ਕਰਦਾ ਰਿਹਾ ਹੈ ਕਿ ਦੱਖਣੀ ਚੀਨ ਸਾਗਰ ਨਾਲ ਉਸਦੇ ਨਾਗਰਿਕਾਂ ਦੇ 2000 ਸਾਲ ਪੁਰਾਣੇ ਰਿਸ਼ਤੇ ਹਨ।

ਇਹ ਵੀ ਕਹਿੰਦਾ ਰਿਹਾ ਹੈ ਕਿ ਇਸ ਇਲਾਕੇ ਵਿੱਚ ਚੀਨੀ ਨਾਗਰਿਕ ਵਪਾਰ ਕਰਦੇ ਸਨ।

2016 ਵਿੱਚ ਕੌਮਾਂਤਰੀ ਅਦਾਲਤ ਨੇ ਕਿਹਾ ਸੀ ਕਿ ਇਹ ਸਾਬਤ ਕਰਨ ਲਈ ਕਿ ਚੀਨ ਦਾ ਇਸ ਸਮੁੰਦਰ ਅਤੇ ਇਸਦੇ ਸਰੋਤਾਂ 'ਤੇ ਏਕਾਧਿਕਾਰ ਰਿਹਾ ਹੈ, ਕੋਈ ਇਤਿਹਾਸਕ ਸਬੂਤ ਨਹੀਂ ਹਨ।

ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਇਸ ਕਾਰਵਾਈ ਨੂੰ ਢੋਂਗ ਦੱਸਿਆ ਸੀ ਅਤੇ ਕਿਹਾ ਸੀ ਕਿ ਅਦਾਲਤ ਭਾਵੇਂ ਜੋ ਵੀ ਕਹੇ ਉਹ ਦੱਖਣੀ ਚੀਨ ਸਾਗਰ ਵਿੱਚ ਆਪਣੇ ਸਮੁੰਦਰੀ ਹਿੱਤਾਂ ਦੀ ਰੱਖਿਆ ਕਰੇਗਾ।

ਚੀਨੀ ਰੱਖਿਆ ਮੰਤਰਾਲੇ ਨੇ ਓਦੋਂ ਕਿਹਾ ਸੀ ਕਿ ਚੀਨ ਦੀਆਂ ਫੌਜਾਂ ਧਮਕੀਆਂ ਅਤੇ ਖਤਰਿਆਂ ਤੋਂ ਨਿਪਟਣ ਲਈ ਤਿਆਰ ਹਨ।

ਡਾਕਟਰ ਸਵਰਣ ਸਿੰਘ ਨੇ ਦੱਸਿਆ, ''ਚੀਨ ਦੀਆਂ ਆਰਟੀਫਿਸ਼ੀਅਲ ਟਾਪੂ ਬਣਾਉਣ ਦੀਆਂ ਕੋਸ਼ਿਸ਼ਾਂ, ਨੇਵੀ ਦਾ ਨਵੀਨੀਕਰਨ, ਜਹਾਜ਼ਾਂ ਦੀ ਪੈਟਰੋਲਿੰਗ ਅਤੇ 2010 ਵਿੱਚ ਬਣਾਏ ਗਏ ਸਭ ਤੋਂ ਵੱਡੇ ਏਅਰਕ੍ਰਾਫਟ ਕੈਰੀਅਰ ਨਾਲ ਇਸ ਖੇਤਰ ਵਿੱਚ ਚੀਨ ਦਾ ਦਬਦਬਾ ਕਾਫੀ ਹੈ।''

''ਨਾਲ ਹੀ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਬਾਕੀ ਪੰਜ ਦੇਸ਼ ਵੀ ਇਸ ਖੇਤਰ 'ਤੇ ਆਪਣਾ ਦਾਅਵਾ ਕਰਦੇ ਹਨ, ਫਰਕ ਇੰਨਾ ਹੈ ਕਿ ਚੀਨ ਦੀ ਔਕਾਤ ਬਹੁਤ ਜ਼ਿਆਦਾ ਹੈ।''

''ਵਧਦੇ ਹੋਏ ਪ੍ਰਭਾਵ ਨਾਲ ਚੀਨ ਦੀ ਰਣਨੀਤੀ ਵੀ ਥੋੜੀ ਵੱਖਰੀ ਹੈ। ਉਹ ਆਪਣੇ ਆਰਥਕ ਵਪਾਰ ਅਤੇ ਆਰਥਕ ਸਬੰਧਾਂ ਨਾਲ ਦੂਜੇ ਦੇਸ਼ਾਂ ਨੂੰ ਪਹਿਲਾਂ ਹੀ ਇੰਨਾ ਉਲਝਾ ਦਿੰਦਾ ਹੈ ਕਿ ਤਣਾਅ ਤੋਂ ਬਾਅਦ ਵੀ ਉਹ ਚੀਨ 'ਤੇ ਸਖਤ ਪ੍ਰਤਿਕਿਰਿਆ ਕਰਨ ਤੋਂ ਡਰਦੇ ਹਨ।''

ਉਨ੍ਹਾਂ ਅੱਗੇ ਦੱਸਿਆ, ''ਰਾਸ਼ਟਰਪਤੀ ਬਿਲ ਕਲਿੰਟਨ ਨੇ ਇੱਕ ਵਾਰ ਕਿਹਾ ਸੀ ਕਿ ਜੇ ਚੀਨ 'ਤੇ ਰੋਕ ਲਗਾਉਂਦੇ ਹਨ ਤਾਂ ਉਨ੍ਹਾਂ ਦੇ ਦੇਸ਼ ਵਿੱਚ 17 ਹਜ਼ਾਰ ਨੌਕਰੀਆਂ ਦਾ ਖਤਰਾ ਪੈਦਾ ਹੋ ਸਕਦਾ ਹੈ।''

ਅਮਰੀਕਾ ਅਤੇ ਚੀਨ ਦੇ ਵਿਵਾਦ ਵਿੱਚ ਭਾਰਤ ਕਿੱਥੇ?

ਹਿੰਦ ਮਹਾਸਾਗਰ ਦੇ ਮੁੱਦੇ 'ਤੇ ਚੀਨ ਭਾਰਤ ਨੂੰ ਕਹਿ ਚੁਕਿਆ ਹੈ ਕਿ ਹਿੰਦ ਮਹਾਸਾਗਰ ਦੇ ਕੌਮਾਂਤਰੀ ਜਲ ਖੇਤਰ ਨੂੰ ਆਪਣੇ ਘਰ ਦਾ ਆਂਗਣ ਨਾ ਸਮਝੇ।

ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਿੱਚ ਭਾਰਤ ਨੂੰ ਅਮਰੀਕਾ ਦੇ ਨਜ਼ਦੀਕ ਮੰਨਿਆ ਜਾਂਦਾ ਹੈ।

ਅਜਿਹੇ ਵਿੱਚ ਭਾਰਤ 'ਤੇ ਕੀ ਅਸਰ ਪੈ ਸਕਦਾ ਹੈ?

ਡਾਕਟਰ ਸਵਰਣ ਸਿੰਘ ਨੇ ਦੱਸਿਆ, ''1990 ਤੱਕ ਭਾਰਤ ਅਤੇ ਚੀਨ ਇੱਕੋ ਜਿਹੇ ਦੇਸ਼ ਹੀ ਸਨ ਅਤੇ ਚੀਨ ਦੇ ਤੇਜ਼ੀ ਨਾਲ ਅੱਗੇ ਵੱਧ ਜਾਣ ਨਾਲ ਹਿੰਦ ਮਹਾਸਾਗਰ 'ਤੇ ਉਸਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ।''

''ਅਜਿਹੇ ਵਿੱਚ ਭਾਰਤ 'ਤੇ ਅਸਰ ਤਾਂ ਪਵੇਗਾ ਹੀ ਪਰ ਭਾਰਤ ਨੂੰ ਇਸ ਵੇਲੇ ਇਹ ਕੋਸ਼ਿਸ਼ ਕਰਨੀ ਹੋਵੇਗੀ ਕਿ ਉਹ ਇੱਕ ਪੱਖ ਚੁਣਨ ਦੀ ਕੋਸ਼ਿਸ਼ ਨਾ ਕਰੇ ਅਤੇ ਆਪਣੀ ਬਹੁਪੱਖੀ ਜੋੜ ਦੀ ਨੀਤੀ 'ਤੇ ਚੱਲਦਾ ਰਹੇ।''

''ਭਾਰਤ ਦਾ ਰਿਸ਼ਤਾ ਜਿੰਨੇ ਵੱਧ ਦੇਸ਼ਾਂ ਨਾਲ ਹੋਵੇਗਾ, ਉਨਾ ਹੀ ਸਹਿਯੋਗ ਦਾ ਮਾਹੌਲ ਬਣੇਗਾ ਜਿਸ ਦਾ ਬਹੁਤ ਫਾਇਦਾ ਮਿਲੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)