'ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ'

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਕਰਨਾਟਕ ਵਿੱਚ ਭਾਜਪਾ ਦੇ 55 ਘੰਟਿਆਂ ਦੇ ਮੁੱਖ ਮੰਤਰੀ ਬੀਐਸ ਯੇਦੁਰੱਪਾ ਦੇ ਅਸਤੀਫ਼ੇ ਨਾਲ ਹੀ ਸ਼ਨਿੱਚਰਵਾਰ ਦਾ ਦਿਨ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਅਹਿਮ ਕੜੀ ਵਜੋਂ ਦਰਜ ਹੋ ਗਿਆ ਹੈ।

ਯੇਦੁਰੱਪਾ ਦੇ ਅਸਤੀਫ਼ੇ ਦੇ ਅੱਧੇ ਘੰਟੇ ਬਾਅਦ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁਸਕਰਾਉਂਦੇ ਹੋਏ ਮੀਡੀਆ ਦੇ ਸਾਹਮਣੇ ਆਏ।

ਰਾਹੁਲ ਗਾਂਧੀ ਨੇ ਭਾਜਪਾ, ਆਰਐਸਐਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜ਼ੋਰਦਾਰ ਹਮਲਾ ਕੀਤਾ।

ਪਰ ਉਨ੍ਹਾਂ ਦੇ ਬਿਆਨ ਦਾ 'ਕੀਵਰਡ' ਰਿਹਾ 'ਵਿਰੋਧੀ ਧਿਰਾਂ ਦੀ ਏਕਤਾ'।

ਤਾਂ ਕੀ ਕਾਂਗਰਸ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰ ਸਕੇਗੀ? ਕੀ ਇਸ ਦੇ ਦਮ 'ਤੇ 2019 ਦੀਆਂ ਆਮ ਚੋਣਾਂ ਵਿੱਚ ਬੇਹੱਦ ਮਜ਼ਬੂਤ ਸਥਿਤੀ ਵਿੱਚ ਕਾਬਿਜ਼ ਭਾਜਪਾ ਨੂੰ ਚੁਣੌਤੀ ਦੇ ਸਕੇਗੀ?

ਕੀ ਇਕਜੁੱਟ ਹੋਵੇਗੀ ਵਿਰੋਧੀ ਧਿਰ?

ਕਾਂਗਰਸ ਕਰਨਾਟਕ ਵਿੱਚ ਮਿਲੀ ਸਿਆਸੀ ਜਿੱਤ ਨੂੰ ਆਪਣੀ ਤਾਕਤ ਵਜੋਂ ਦੇਖ ਰਹੀ ਹੈ, ਉੱਥੇ ਭਾਜਪਾ ਆਪਣੀ ਹਾਰ ਦੇ ਤਕਨੀਕੀ ਕਾਰਨ ਲੱਭ ਰਹੀ ਹੈ।

ਸੀਨੀਅਰ ਪੱਤਰਕਾਰ ਭਰਤ ਭੂਸ਼ਣ ਮੰਨਦੇ ਹਨ ਕਿ ਕਰਨਾਟਕ ਦੇ ਨਤੀਜਿਆਂ ਨਾਲ ਕਾਂਗਰਸ ਨੂੰ ਮਦਦ ਮਿਲੇਗੀ ਅਤੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਵਿਰੋਧੀ ਧਿਰਾਂ ਵੀ ਇਕਜੁੱਟ ਹੋ ਜਾਣਗੀਆਂ।

ਭੂਸ਼ਣ ਕਹਿੰਦੇ ਹਨ, "ਕਰਨਾਟਕ ਵਿੱਚ ਭਾਜਪਾ ਨੂੰ ਸਿਰਫ਼ 104 ਸੀਟਾਂ ਮਿਲਣ ਅਤੇ ਹੁਣ ਕਾਂਗਰਸ ਤੇ ਜੇਡੀਐਸ ਦੀ ਸਾਂਝੀ ਸਰਕਾਰ ਬਣਨ ਨਾਲ ਇਹ ਸੰਦੇਸ਼ ਗਿਆ ਹੈ ਕਿ ਕਿਤੇ ਅਜਿਹਾ ਹੀ ਹਾਲ ਸਾਲ 2019 ਵਿੱਚ ਵੀ ਨਾ ਹੋ ਜਾਵੇ ਕਿ ਭਾਜਪਾ ਬਹੁਮਤ ਦੇ ਨੇੜੇ ਹੋ ਕੇ ਵੀ ਪਿੱਛੇ ਰਹਿ ਜਾਵੇ। ਜੇਕਰ ਇਹ ਸੰਦੇਸ਼ ਦੇਸ ਵਿੱਚ ਜਾਂਦਾ ਹੈ ਤਾਂ ਵਿਰੋਧੀ ਧਿਰਾਂ ਇਹ ਕੋਸ਼ਿਸ਼ ਕਰਨਗੀਆਂ ਕਿ ਅਸੀਂ ਅਜਿਹਾ ਹੀ ਕਰੀਏ ਅਤੇ ਭਾਜਪਾ ਨੂੰ ਬਹੁਮਤ ਤੋਂ ਹੇਠਾਂ ਹੀ ਸੀਮਤ ਕਰ ਦਈਏ।"

ਹਾਲਾਂਕਿ ਭਾਰਤ ਭੂਸ਼ਣ ਦਾ ਮੰਨਣਾ ਹੈ ਕਿ ਦੇਸ ਦੇ ਮੁੱਦੇ ਤੇ ਹਾਲਾਤ ਕਰਨਾਟਕ ਦੇ ਚੋਣ ਨਤੀਜਿਆਂ ਨਾਲੋਂ ਕਿਤੇ ਵੱਡੇ ਅਤੇ ਵੱਖਰੇ ਹਨ।

ਉਹ ਕਹਿੰਦੇ ਹਨ, "ਕਰਨਾਟਕ ਤੋਂ ਵੱਖ ਕਈ ਮੁੱਦੇ ਹਨ, ਜੋ 2019 ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨਗੇ। ਬੇਰੁਜ਼ਗਾਰੀ ਵਧੀ ਹੈ, ਜੀਐਸਟੀ ਤੋਂ ਲੋਕ ਪ੍ਰੇਸ਼ਾਨ ਹਨ, ਨੋਟਬੰਦੀ ਨਾਲ ਵਪਾਰ ਬੰਦ ਹੋਇਆ ਹੈ, ਦੇਸ ਦੇ ਕਿਸਾਨ ਪ੍ਰੇਸ਼ਾਨ ਹਨ, ਖ਼ੁਦਕੁਸ਼ੀਆਂ ਕਰ ਰਹੇ ਹਨ। ਆਗਾਮੀ ਚੋਣਾਂ ਵਿੱਚ ਇਹ ਵੀ ਵੱਡੇ ਮੁੱਦੇ ਬਣਨਗੇ।"

ਕਿਵੇਂ ਬਣ ਸਕੇਗਾ ਰਾਸ਼ਟਰੀ ਗਠਜੋੜ?

ਭਾਰਤ ਭੂਸ਼ਣ ਮੰਨਦੇ ਹਨ ਕਿ ਕਰਨਾਟਕ ਦੇ ਘਟਨਾਕ੍ਰਮ ਤੋਂ ਬਾਅਦ ਵਿਰੋਧੀ ਧਿਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ ਅਤੇ 2019 ਵਿੱਚ ਪੂਰੀ ਤਾਕਤ ਨਾਲ ਭਾਜਪਾ ਦਾ ਮੁਕਾਬਲਾ ਕਰਨ ਦੀ ਆਸ ਬੱਝੀ ਹੈ।

ਪਰ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਰਾਸ਼ਟਰੀ ਗਠਜੋੜ ਬਣਾਉਣ ਲਈ ਕਾਂਗਰਸ ਨੂੰ ਆਪਣੀ ਅਸਲ ਸਥਿਤੀ ਨੂੰ ਵੀ ਸਮਝਣਾ ਹੋਵੇਗਾ।

ਭੂਸ਼ਣ ਕਹਿੰਦੇ ਹਨ, "ਹੁਣ ਇਕਜੁੱਟ ਹੋਣ ਦਾ ਕਾਂਗਰਸ ਦਾ ਤਰੀਕਾ ਇਹ ਸੀ ਕਿ ਕਾਂਗਰਸ ਵਿਚਕਾਰ ਹੋਵੇ ਅਤੇ ਬਾਕੀ ਪਾਰਟੀਆਂ ਉਸ ਦੇ ਆਸੇ-ਪਾਸੇ ਜੁੜ ਜਾਣ। ਪਰ ਅਜਿਹਾ ਇਕੱਠ ਹੁਣ ਕਾਂਗਰਸ ਦੇ ਆਲੇ-ਦੁਆਲੇ ਨਹੀਂ ਹੋਵੇਗਾ। ਹੁਣ ਇਕਜੁਟ ਹੋਣ ਦਾ ਕਾਂਗਰਸ ਦਾ ਤਰੀਕਾ ਇਹ ਹੋਵੇਗਾ ਕਿ ਜਿਹੜੀਆਂ ਪਾਰਟੀਆਂ ਜਿੱਥੇ ਮਜ਼ਬੂਤ ਹਨ, ਉਹ ਉੱਥੋਂ ਦੀ ਪ੍ਰਮੁੱਖ ਪਾਰਟੀ ਮੰਨੀ ਜਾਵੇਗੀ ਅਤੇ ਇਹ ਦਲ ਕਾਂਗਰਸ ਨੂੰ ਨਾਲ ਲੈ ਕੇ ਆਪਣਾ ਇੱਕ ਗਠਜੋੜ ਬਣਾਉਣਗੇ।"

ਭੂਸ਼ਣ ਮੁਤਾਬਕ, "ਅੱਜ ਵੀ ਕਈ ਸੂਬਿਆਂ ਵਿੱਚ ਕਾਂਗਰਸ ਬੇਹੱਦ ਮਜ਼ਬੂਤ ਸਥਿਤੀ ਵਿੱਚ ਹੈ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਪੰਜਾਬ ਵਰਗੇ ਸੂਬੇ, ਜਿੱਥੇ ਮੁਕਾਬਲਾ ਸਿੱਧਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੈ। ਇੱਥੇ ਗਠਜੋੜ ਦੀ ਅਗਵਾਈ ਕਾਂਗਰਸ ਦੇ ਹੱਥਾਂ ਵਿੱਚ ਰਹੇ ਪਰ ਬਾਕੀ ਦਲਾਂ ਨੂੰ ਵੀ ਸੀਟਾਂ ਦੀ ਵੰਡ ਵਿੱਚ ਥਾਂ ਮਿਲੇ।"

"ਗਠਜੋੜ ਜਦੋਂ ਭਾਜਪਾ ਨਾਲ ਸਿੱਧਾ ਵਨ-ਟੂ-ਵਨ ਮੁਕਾਬਲਾ ਕਰੇਗਾ ਤਾਂ ਹੀ 2019 ਵਿੱਚ ਕਾਂਗਰਸ ਗਠਜੋੜ ਦਾ ਕੁਝ ਹੋ ਸਕੇਗਾ।"

ਗਠਜੋੜ ਨੂੰ ਨਾਲ ਲੈ ਕੇ ਤੁਰੇਗੀ ਕਾਂਗਰਸ

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਕਹਿੰਦੇ ਹਨ, "ਕਾਂਗਰਸ ਪਾਰਟੀ ਉਨ੍ਹਾਂ ਸਾਰੀਆਂ ਤਾਕਤਾਂ ਨਾਲ ਮਿਲ ਕੇ ਤੁਰਨ ਲਈ ਤਿਆਰ ਹੈ ਜੋ ਇਸ ਦੇਸ ਦੀਆਂ ਮੁਢਲੀਆਂ ਕਦਰਾਂ-ਕੀਮਤਾਂ ਦੀ ਰੱਖਿਆ ਲਈ ਇਕਜੁਟ ਹੋ ਕੇ ਮੋਦੀ ਸਰਕਾਰ ਨਾਲ ਟੱਕਰ ਲੈਣ ਲਈ ਤਿਆਰ ਹਨ। ਰਾਹੁਲ ਗਾਂਧੀ ਨੇ ਇਹ ਸੰਕੇਤ ਪਹਿਲੀ ਵਾਰ ਨਹੀਂ ਦਿੱਤਾ ਹੈ।"

"ਕਾਂਗਰਸ਼ ਹਮੇਸ਼ਾ ਰਾਸ਼ਟਰ ਦੇ ਹਿੱਤ ਵਿੱਚ ਸਿਆਸੀ ਦਲਾਂ ਦੇ ਨਾਲ ਵੀ ਤੁਰੀ ਹੈ, ਜਿਨ੍ਹਾਂ ਨਾਲ ਸਾਡੇ ਵਿਚਾਰਾਂ ਦਾ ਮਤਭੇਦ ਵੀ ਰਿਹਾ ਹੈ ਕਿਉਂਕਿ ਮੋਦੀ ਜੀ ਵਾਂਗ ਸੱਤਾ ਸਾਡਾ ਇੱਕੋ-ਇੱਕ ਉਦੇਸ਼ ਨਹੀਂ ਹੈ। ਅਸੀਂ ਇਹ ਵਿਵਸਥਾ ਬਦਲਣਾ ਚਾਹੁੰਦੇ ਹਾਂ।"

ਸੁਰਜੇਵਾਲਾ ਕਹਿੰਦੇ ਹਨ, "ਜਿੱਥੇ ਅਸੀਂ ਇਕੱਲੇ ਲੜ੍ਹ ਸਕਦੇ ਹਾਂ ਉੱਥੇ ਇਕੱਲੇ ਲੜਾਂਗੇ ਅਤੇ ਜਿੱਥੇ ਸਿਆਸੀ ਦਲਾਂ ਨੂੰ ਨਾਲ ਲੈਣਾ ਹੋਵੇਗਾ ਉੱਥੇ ਨਾਲ ਵੀ ਲਵਾਂਗੇ। ਕਾਂਗਰਸ ਹਰੇਕ ਸੂਬੇ ਦੀ ਸਥਿਤੀ ਮੁਤਾਬਕ ਫ਼ੈਸਲਾ ਕਰਦੀ ਹੈ। 2004 ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਕਾਂਗਰਸ ਗਠਜੋੜ ਦੀ ਸਰਕਾਰ ਨਹੀਂ ਚਲਾ ਸਕਦੀ ਪਰ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ ਦਸ ਸਾਲ ਤੱਕ ਸਰਕਾਰ ਚਲਾ ਕੇ ਇਸ ਗੱਲ ਨੂੰ ਗਲਤ ਸਾਬਿਤ ਕਰ ਦਿੱਤਾ।"

"ਅਸੀਂ ਗਠਜੋੜ ਸਹਿਯੋਗੀਆਂ ਨੂੰ ਨਾਲ ਲੈ ਕੇ ਤੁਰਦੇ ਹਾਂ, ਉਨ੍ਹਾਂ ਨੂੰ ਛੱਡਦੇ ਨਹੀਂ। ਅਸੀਂ ਮੋਦੀ ਜੀ ਵਾਂਗ ਸਹਿਯੋਗੀਆਂ ਨੂੰ ਗਵਾਇਆ ਨਹੀਂ ਹੈ। ਮੋਦੀ ਜੀ 2014 ਵਿੱਚ ਸ਼ਿਵਸੈਨਾ ਨਾਲ ਚੱਲੇ ਸਨ, ਅੱਜ ਉਹ ਵੱਖ-ਵੱਖ ਹਨ। ਚੰਦਰਬਾਬੂ ਨਾਇਡੂ ਨੇ ਐਨਡੀਏ ਦਾ ਗਠਜੋੜ ਕੀਤਾ ਸੀ, ਅੱਜ ਉਹ ਵੀ ਵੱਖ ਹਨ। ਬੀਜੂ ਜਨਤਾ ਦਲ ਐਨਡੀਏ ਦੇ ਸੰਸਥਾਪਕ ਮੈਂਬਰ ਹਨ, ਅੱਜ ਉਹ ਵੀ ਵੱਖਰੇ ਹਨ। ਹੋਰ ਸਿਆਸੀ ਦਲ ਵੀ ਉਨ੍ਹਾਂ ਨੂੰ ਛੱਡਣ ਦੀ ਤਿਆਰੀ ਵਿੱਚ ਹਨ ਕਿਉਂਕਿ ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦਾ ਇੱਕੋ-ਇੱਕ ਉਦੇਸ਼ ਸੱਤਾ ਹੈ, ਸੱਤਾ ਉਨ੍ਹਾਂ ਦਾ ਆਖ਼ਰੀ ਨਿਸ਼ਾਨਾ ਹੈ, ਵਿਵਸਥਾ ਬਦਲਣ ਦਾ ਮਾਧਿਅਮ ਨਹੀਂ ਹੈ।"

ਉੱਥੇ ਸਮਾਜਵਾਦੀ ਪਾਰਟੀ ਦੇ ਬੁਲਾਰੇ ਅਬਦੁੱਲ ਹਫ਼ੀਜ਼ ਗਾਂਧੀ ਕਹਿੰਦੇ ਹਨ, "2019 ਵਿੱਚ ਜਿਸ ਵਿਆਪਕ ਗਠਜੋੜ ਬਣਨ ਦੀ ਗੱਲ ਹੋ ਰਹੀ ਹੈ ਉਸ ਨੂੰ ਕਰਨਾਟਕ ਦੇ ਸਿਆਸੀ ਘਟਨਾਕ੍ਰਮ ਤੋਂ ਮਜ਼ਬੂਤੀ ਮਿਲੀ ਹੈ। ਜੇਡੀਐਸ ਵਜੋਂ ਇੱਕ ਨਵਾਂ ਸਹਿਯੋਗੀ ਜੁੜਿਆ ਹੈ। ਵਿਰੋਧ ਧਿਰਾਂ ਨੂੰ ਇਸ ਨਾਲ ਊਰਜਾ ਵੀ ਮਿਲੀ ਹੈ।"

ਹਫ਼ੀਜ਼ ਗਾਂਧੀ ਕਹਿੰਦੇ ਹਨ, "ਇਸ ਗਠਜੋੜ ਵਿੱਚ ਸਮਾਜਵਾਦੀ ਦੀ ਭੂਮਿਕਾ ਬੇਹੱਦ ਅਹਿਮ ਰਹੇਗੀ ਕਿਉਂਕਿ ਦਿੱਲੀ ਦੀ ਸੱਤਾ ਦਾ ਰਸਤਾ ਯੂਪੀ ਤੋਂ ਹੋ ਕੇ ਜਾਂਦਾ ਹੈ। ਸਮਾਜਵਾਦੀ ਪਾਰਟੀ ਇਸ ਗਠਜੋੜ ਨੂੰ ਹੋਰ ਮਜ਼ਬੂਤ ਹੁੰਦਿਆਂ ਦੇਖਣਾ ਚਾਹੁੰਦੀ ਹੈ ਅਤੇ ਸਾਰੀਆਂ ਸਾਂਝੇ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਆਉਣਾ ਚਾਹੁੰਦੀ ਹੈ। ਅਸੀਂ ਗੋਰਖਪੁਰ ਅਤੇ ਫੂਲਪੁਰ ਵਿੱਚ ਗਠਜੋੜ ਦੀ ਤਾਕਤ ਦਿਖਾ ਦਿੱਤੀ ਹੈ ਅਤੇ ਇਹੀ ਅਸੀਂ 2019 ਆਮ ਚੋਣਾਂ ਵਿੱਚ ਕਰਨਗੇ।"

ਮਜ਼ਬੂਤ ਸਰਕਾਰ ਨਾਲ ਮਜ਼ਬੂਰ ਸਰਕਾਰ

ਇੱਕ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਨੇ ਦੇਸ ਵਿੱਚ ਕਾਂਗਰਸ ਮੁਕਤ ਮੁਹਿੰਮ ਚਲਾ ਰੱਖਿਆ ਹੈ ਤਾਂ ਦੂਜੇ ਪਾਸੇ ਕਾਂਗਰਸ ਸਾਹਮਣੇ ਅੱਜ ਹੋਂਦ ਦਾ ਵੀ ਸੰਕਟ ਹੈ। ਅਜਿਹੇ ਵਿੱਚ ਕੀ ਕਾਂਗਰਸ ਮੋਦੀ ਸਰਕਾਰ ਦਾ ਮੁਕਾਬਲੇ ਕਰਨ ਲਈ ਤਿਆਰ ਹੈ?

ਸੁਰਜੇਵਾਲਾ ਕਹਿੰਦੇ ਹਨ, "2019 ਵਿੱਚ ਮੋਦੀ ਸਰਕਾਰ ਦੇ ਜਾਣ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਹ ਹੁਣ ਇਸ ਦੇਸ ਦੇ ਲੋਕਾਂ ਦੀ ਜ਼ੁਬਾਨ 'ਤੇ ਹੈ। ਸਿਆਸੀ ਦਲ ਇਕੱਲੇ ਤੁਰਨ ਤਾਂ ਨਰਿੰਦਰ ਮੋਦੀ ਨੂੰ ਨਹੀਂ ਹਰਾ ਸਕਦੇ। ਇਸ ਦੇਸ ਦੀ ਜਨਤਾ ਦੀਆਂ ਤਕਲੀਫ਼ਾਂ, ਮੋਦੀ ਜੀ ਵੱਲੋਂ ਦਿੱਤੇ ਗਏ ਜੋ ਜੁਮਲੇ, ਭਾਜਪਾ ਆਏ ਦਿਨ ਜੋ ਇਸ ਦੇਸ ਦੇ ਕਿਸਾਨਾਂ, ਨੌਜਵਾਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉਨ੍ਹਾਂ ਕਾਰਨ ਹੀ ਮੋਦੀ ਸਰਕਾਰ ਜਾਂਦੀ ਰਹੇਗੀ।"

ਉਹੀ ਭਾਜਪਾ ਦਾ ਮੰਨਣਾ ਹੈ ਕਿ ਕਾਂਗਰਸ ਸੰਯੁਕਤ ਵਿਰੋਧ ਧਿਰ ਦੀ ਅਗਵਾਈ ਤਾਂ ਕੀ ਸੁਮੇਲ ਕਰਨ ਦੀ ਹਾਲਤ ਵਿੱਚ ਹੈ। ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਕਹਿੰਦੇ ਹਨ ਕਿ ਕਾਂਗਰਸ ਨੇ ਆਪਣੇ ਆਪ ਨੂੰ ਪਿੱਛਲਗੂ ਵਜੋਂ ਸਵੀਕਾਰ ਕੀਤਾ ਹੈ।

ਉਹ ਕਹਿੰਦੇ ਹਨ, "ਕਰਨਾਟਕ ਜਿੱਥੇ ਉਹ ਸਾਲਾਂ ਸ਼ਾਸਨ ਕਰ ਚੁੱਕੇ ਹਨ ਹੁਣ ਪਿੱਛਲਗੂ ਦੀ ਭੂਮਿਕਾ ਸਵੀਕਾਰ ਕਰਨ ਨੂੰ ਤਿਆਰ ਹਨ ਤਾਂ ਉਹ ਪੂਰੇ ਭਾਰਤ ਦੀ ਸਿਆਸਤ ਵਿੱਚ ਵੀ ਪਿੱਛਲਗੂ ਬਣਨ ਲਈ ਤਿਆਰ ਹਨ। ਜਿਨ੍ਹਾਂ ਲੋਕਾਂ ਨੇ ਕਰਨਾਟਕ ਨੂੰ ਇੱਕ ਮਜ਼ਬੂਤ ਸਰਕਾਰ ਤੋਂ ਮਹਿਰੂਮ ਕਰਕੇ ਇੱਕ ਮਜਬੂਰ ਸਰਕਾਰ ਦਿੱਤੀ ਹੈ। ਉਹ 2019 ਵਿੱਚ ਦੇਸ ਨੂੰ ਇੱਕ ਮਜ਼ਬੂਤ ਸਰਕਾਰ ਤੋਂ ਅਲਹਿਦਾ ਕਰਕੇ ਮਜਬੂਰ ਸਰਕਾਰ ਨਹੀਂ ਦੇ ਸਕਣਗੇ।"

ਸੁਧਾਂਸ਼ੂ ਤ੍ਰਿਵੇਦੀ ਕਹਿੰਦੇ ਹਨ, "ਜਦੋਂ-ਜਦੋਂ ਸਭ ਤੋਂ ਵੱਡੀ ਪਾਰਟੀ ਨੂੰ ਘੇਰ ਕੇ ਸਭ ਨੇ ਰੋਕਿਆ ਹੈ ਉਹ ਹੋਰ ਮਜ਼ਬੂਤ ਹੋ ਕੇ ਵਾਪਸ ਆਈ ਹੈ। ਅਟਲ ਬਿਹਾਰੀ ਵਾਜਪਈ ਨੂੰ 1996 ਵਿੱਚ ਰੋਕਿਆ, ਉਹ 98 ਵਿੱਚ ਮਜ਼ਬੂਤ ਹੋ ਕੇ ਪਰਤੇ, ਪ੍ਰਧਾਨ ਮੰਤਰੀ ਬਣੇ ਅਤੇ ਸਰਕਾਰ ਚਲਾਈ। ਯੇਦੂਰੱਪਾ ਨੂੰ 2008 ਵਿੱਚ ਇਸੇ ਤਰ੍ਹਾਂ ਰੋਕਿਆ ਤਾਂ ਇਹ 2013 ਵਿੱਚ ਹੋਰ ਵੀ ਮਜ਼ਬੂਤ ਹੋ ਕੇ 110 ਸੀਟਾਂ ਨਾਲ ਆਏ। ਜਿਸ ਚਾਲ ਨਾਲ ਯੇਦੂਰੱਪਾ ਨੂੰ ਰੋਕਿਆ ਗਿਆ ਹੈ ,ਉਸੇ ਚਾਲ ਨਾਲ ਹੀ ਜਨਤਾ ਜਵਾਬ ਦੇਵੇਗੀ।"

ਵਿਰੋਧੀ ਧਿਰਾਂ ਦੀ ਇਕਜੁਟਤਾ ਦੇ ਸਵਾਲ 'ਤੇ ਤ੍ਰਿਵੇਦੀ ਕਹਿੰਦੇ ਹਨ, "ਵਿਰੋਧੀ ਧਿਰ ਇਕਜੁਟਤਾ ਜਦੋਂ ਵੀ ਰਹੀ ਹੈ, 1969, 1977, 1989, 1996, 1997 ਵਿੱਚ। 96-97 ਤੋਂ ਪਹਿਲਾਂ ਭਾਰਤੀ ਜਨਸੰਘ ਯਾਨਿ ਭਾਜਪਾ ਅਤੇ ਉਸ ਵੇਲੇ ਦੇ ਭਾਰਤੀ ਜਨਸੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਕਿਉਂਕਿ ਇਸ ਵਿੱਚ ਇੱਕ ਸੈਂਟਰ ਆਫ ਗ੍ਰੇਵਿਟੀ ਹੋਣੀ ਚਾਹੀਦੀ ਹੈ। ਉਸ ਵੇਲੇ ਅਸੀਂ ਉਸ ਸਥਿਤੀ ਵਿੱਚ ਸੀ ਪਰ ਅੱਜ ਦੀ ਕਾਂਗਰਸ ਵਿਹਾਰਕ ਦ੍ਰਿਸ਼ਟੀ ਨਾਲ ਉਸ ਹਾਲਤ ਵਿੱਚ ਨਹੀਂ ਹੈ।"

ਕਾਂਗਰਸ ਕੋਲ ਕੇਵਲ 2 ਸੂਬਿਆਂ ਵਿੱਚ ਮੁੱਖ ਮੰਤਰੀ ਰਹਿ ਗਏ ਹਨ ਇੱਕ ਪੰਜਾਬ ਅਤੇ ਦੂਜਾ ਪੁਡੂਚੇਰੀ। ਕਰਨਾਟਕ ਦੀ ਸਰਕਾਰ ਵਿੱਚ ਉਹ ਸ਼ਾਮਲ ਹੋਣਗੇ ਤਾਂ ਢਾਈ ਸੂਬੇ ਉਹ ਚਲਾ ਰਹੇ ਹੋਣਗੇ। ਅੱਜ ਵਿਹਾਰਕ ਦ੍ਰਿਸ਼ਟੀ ਨਾਲ ਕਾਂਗਰਸ ਅਹਿਮ ਭੂਮਿਕਾ ਨਿਭਾਉਣ ਦੀ ਸਥਿਤੀ ਵਿੱਚ ਨਹੀਂ ਹੈ। ਅਜਿਹੇ ਵਿੱਚ ਜਿਸ ਗਠਜੋੜ ਦਾ ਕੋਈ ਸੈਂਟਰ ਆਫ ਗ੍ਰੇਵਿਟੀ ਹੀ ਨਾ ਹੋਵੇ ਉਸ ਦੀ ਸਥਿਰਤਾ ਵੀ ਨਹੀਂ ਹੋ ਸਕਦੀ।"

ਪੈਸਿਆਂ ਦਾ ਬੋਲਬਾਲਾ

ਹਾਲ ਦੇ ਸਾਲਾਂ ਵਿੱਚ ਚੋਣਾਂ ਵਿੱਚ ਪੈਸੇ ਅਤੇ ਹੋਰ ਸਾਧਨਾਂ ਤੇ ਸੰਸਧਾਨਾਂ ਦੀ ਭੂਮਿਕਾ ਵੀ ਵਧੀ ਹੈ। ਤਾਂ ਕੀ ਕਾਂਗਰਸ ਬੇਹੱਦ ਮਜ਼ਬੂਤ ਸਥਿਤੀ ਵਿੱਚ ਦਿਖ ਰਹੀ ਭਾਜਪਾ ਨੂੰ ਚੁਣੌਤੀ ਦੇਣ ਦੀ ਹਾਲਤ ਵਿੱਚ ਹੋਵੇਗੀ?

ਸੁਰਜੇਵਾਲਾ ਕਹਿੰਦੇ ਹਨ, "ਇਸ ਦੇਸ ਵਿੱਚ ਚੋਣਾਂ ਸਿਰਫ਼ ਹਜ਼ਾਰ ਦੋ ਹਜ਼ਾਰ ਕਰੋੜ ਖਾਤੇ ਵਿੱਚ ਹੋਣ ਨਾਲ ਨਹੀਂ ਜਿੱਤੀਆਂ ਜਾ ਸਕਦੀਆਂ। ਜੇਕਰ ਅਜਿਹਾ ਹੁੰਦਾ ਤੀਂ ਉਦਯੋਗਪਤੀ ਵੱਡੇ ਰਾਜਨੇਤਾ ਹੁੰਦੇ। ਇਸ ਦੇਸ ਵਿੱਚ ਪੈਸਾ ਜਾਂ ਧੋਖੇ ਨਾਲ ਸੱਤਾ ਹਾਸਿਲ ਨਹੀਂ ਕੀਤੀ ਜਾਂਦੀ ਬਲਕਿ ਸੱਚਾਈ ਦੇ ਰਸਤੇ 'ਤੇ ਚੱਲ ਹਾਸਿਲ ਹੁੰਦੀ ਹੈ ਕਾਂਗਰਸ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਵੀ ਸੱਚਾਈ ਦੇ ਰਾਹ ਤੁਰੀ ਹੈ ਅਤੇ ਜਿੱਤੀ ਹੈ। ਪੈਸਾ ਨਾ ਹੋਣਾ ਸਾਡੀ ਕਮਜ਼ੋਰੀ ਹੋ ਸਕਦੀ ਹੈ ਪਰ ਅੱਜ ਇਹੀ ਸਾਡੀ ਸਭ ਤੋਂ ਵੱਡੀ ਤਾਕਤ ਵੀ ਹੈ।"

ਸੁਰਜੇਵਾਲਾ ਕਹਿੰਦੇ ਹਨ, "ਅਸੀਂ ਜਨਮਤ ਦੇ ਆਧਾਰ 'ਤੇ ਸੱਤਾ ਬਣਾਵਾਂਗੇ। ਜਿਸ ਤਰ੍ਹਾਂ ਅਸੀਂ ਗੁਜਰਾਤ ਵਿੱਚ ਲੜੇ ਅਤੇ ਕਰਨਾਟਕ ਦੀਆਂ ਚੋਣਾਂ ਵਿੱਚ ਲੜੇ ਅਸੀਂ ਦਿਖਾਇਆ ਕਿ ਅਸੀਂ ਲੋਹਾ ਲਿਆ ਅਤੇ ਸੱਚਾਈ ਦੇ ਰਸਤੇ ਤੁਰਦੇ ਹੋਏ ਅਸੀਂ ਭਾਜਪਾ ਤੋਂ ਵਧੀਆ ਹਾਂ।"

ਸੁਧਾਂਸ਼ੂ ਤ੍ਰਿਵੇਦੀ ਦਾ ਕਹਿਣਾ ਹੈ, "ਅਸੀਂ 21ਵੀਂ ਸਦੀ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮਹਾਨ ਭਾਰਤ ਬਣਾਉਣਾ ਹੈ ਅਤੇ ਕਾਂਗਰਸ ਨੂੰ ਬਸ ਰਾਹ ਦੇ ਰੋੜੇ ਹਟਾਉਣੇ ਹਨ। ਜਿਸ ਤਰ੍ਹਾਂ 20ਵੀਂ ਸਦੀ ਵਿੱਚ ਭਾਰਤੀ ਸਿਆਸਤ ਕਾਂਗਰਸ ਬਨਾਮ ਬਾਕੀ ਦਲਾਂ ਦੀ ਸੀ ਹੁਣ ਸਪੱਸ਼ਟ ਹੋ ਗਿਆ ਹੈ ਕਿ 21ਵੀਂ ਸਦੀ ਵਿੱਚ ਭਾਰਤੀ ਸਿਆਸਤ ਭਾਜਪਾ ਬਨਾਮ ਬਾਕੀ ਦਲਾਂ ਦੀ ਹੈ।"

"ਜਿਵੇਂ ਕਿਸੇ ਜ਼ਮਾਨੇ ਵਿੱਚ ਇੰਦਰਾ ਗਾਂਧੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ ਉਵੇਂ ਹੀ ਅੱਜ ਨਰਿੰਦਰ ਮੋਦੀ ਨੂੰ ਰੋਕਣ ਦਾ ਯਤਨ ਕੀਤਾ ਜਾਂਦਾ ਹੈ।"

"ਇਹ ਭਾਜਪਾ ਦਾ ਯੁੱਗ ਹੈ। ਸਭ ਵਿਰੋਧ ਕਰਨਗੇ ਪਰ ਅਖ਼ੀਰ ਅਸੀਂ ਆਪਣੀ ਨਿਸ਼ਠਾ, ਵਰਕਰਾਂ ਦੀ ਮੇਹਨਤ ਅਤੇ ਲੋਕ ਪ੍ਰਿਯਤਾ ਦੇ ਦਮ 'ਤੇ ਬਾਜ਼ੀ ਜਿੱਤ ਲੈਣਗੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)