ਭਾਰਤੀ ਰੁਪਈਆ ਕੀ ਬੰਗਲਾਦੇਸ਼ੀ ਟਕੇ ਤੋਂ ਵੀ ਪੱਛੜ ਗਿਆ? ਫੈਕਟ ਚੈੱਕ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਭਾਰਤੀ ਰੁਪਏ ਦੇ ਬਾਰੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਇੱਕ ਤਬਕਾ ਇਹ ਦਾਅਵਾ ਕਰ ਰਿਹਾ ਹੈ ਕਿ ਬੰਗਲਾਦੇਸ਼ੀ ਕਰੰਸੀ 'ਟਕੇ' ਦੀ ਤੁਲਨਾ ਵਿੱਚ 'ਰੁਪਈਆ' ਕਮਜ਼ੋਰ ਹੋ ਗਿਆ ਹੈ।

ਫੇਸਬੁੱਕ ਅਤੇ ਟਵਿੱਟਰ 'ਤੇ ਅਜਿਹੇ ਸੈਂਕੜੇ ਪੋਸਟ ਮੌਜੂਦ ਹਨ, ਜਿਨ੍ਹਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 72 ਸਾਲਾਂ ਵਿੱਚ ਪਹਿਲੀ ਵਾਰ ਭਾਰਤੀ ਰੁਪਈਆ ਬੰਗਲਾਦੇਸ਼ੀ ਟਕੇ ਤੋਂ ਪੱਛੜਿਆ ਹੈ।'

ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਭਾਰਤੀ ਕਰੰਸੀ ਦੀ ਇਸ ਦਿਸ਼ਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ।

ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਰੰਸੀ ਰੇਟ ਅਤੇ ਰੁਪਈਆ-ਟਕੇ ਵਿੱਚ ਤੁਲਨਾ ਕਰਨ ਵਾਲੇ ਕੁਝ ਗ੍ਰਾਫ਼ ਵੀ ਪੋਸਟ ਕੀਤੇ ਹਨ।

ਪਰ ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਹ ਦਾਅਵਾ ਗ਼ਲਤ ਹੈ ਅਤੇ ਕਰੰਸੀ ਰੇਟ ਵਾਲੇ ਗ੍ਰਾਫ਼ ਇਸ ਦਾਅਵੇ ਤੋਂ ਉਲਟ ਕਹਾਣੀ ਕਹਿੰਦੇ ਹਨ।

ਇਹ ਵੀ ਪੜ੍ਹੋ:

ਰੁਪਈਆ ਅਤੇ ਟਕਾ

ਬੰਗਲਾਦੇਸ਼ ਅਤੇ ਭਾਰਤ ਦੀਆਂ ਸਟਾਕ ਐਕਸਚੇਂਜਾਂ ਤੋਂ ਪ੍ਰਾਪਤ ਵਿੱਤੀ ਜਾਣਕਾਰੀਆਂ ਦੇ ਆਧਾਰ 'ਤੇ ਟਕਾ ਅਤੇ ਰੁਪਏ ਦਾ ਕਨਵਰਜ਼ਨ ਰੇਟ ਦਿਖਾਉਣ ਵਾਲੀਆਂ ਕੁਝ ਜਨਤਕ ਵੈੱਬਸਾਈਟਾਂ ਮੁਤਾਬਕ ਮੰਗਲਵਾਰ ਨੂੰ ਇੱਕ ਭਾਰਤੀ ਰੁਪਏ ਦੀ ਤੁਲਨਾ ਵਿੱਚ ਬੰਗਲਾਦੇਸ਼ੀ ਟਕੇ ਦੀ ਕੀਮਤ 1.18 ਟਕਾ ਦੇ ਬਰਾਬਰ ਸੀ।

ਇੱਕ ਭਾਰਤੀ ਰੁਪਏ ਵਿੱਚ ਬੰਗਲਾਦੇਸ਼ ਦਾ 1.18 ਟਕਾ ਖਰੀਦਿਆ ਜਾ ਸਕਦਾ ਹੈ ਅਤੇ ਦਸ ਭਾਰਤੀ ਰੁਪਏ ਵਿੱਚ 11.80 ਬੰਗਲਾਦੇਸ਼ੀ ਟਕਾ।

ਜੇਕਰ ਇਸ ਸਥਿਤੀ ਨੂੰ ਪਲਟ ਕੇ ਦੇਖਿਆ ਜਾਵੇ ਤਾਂ ਮੰਗਲਵਾਰ ਦੇ ਰੇਟ 'ਤੇ ਇੱਕ ਬੰਗਲਾਦੇਸ਼ੀ ਟਕਾ ਵਿੱਚ ਸਿਰਫ਼ 84 ਪੈਸੇ ਹੀ ਮਿਲਣਗੇ ਅਤੇ ਦਸ ਬੰਗਲਾਦੇਸ਼ੀ ਟਕਾ 'ਚ 8.46 ਭਾਰਤੀ ਰੁਪਏ।

ਸੋਸ਼ਲ ਮੀਡੀਆ 'ਤੇ ਵੀ ਲੋਕ ਇਹੀ ਕਨਵਰਜ਼ਨ ਰੇਟ ਪੋਸਟ ਕਰ ਰਹੇ ਹਨ, ਪਰ ਇੱਕ ਬੰਗਲਾਦੇਸ਼ੀ ਟਕਾ ਦੇ ਸਾਹਮਣੇ .84 ਭਾਰਤੀ ਰੁਪਈਆ ਕੀਮਤ ਦੇਖ ਕੇ ਉਸੇ ਵਿਦੇਸ਼ੀ ਮੁਦਰਾ ਦੀ ਤੁਲਨਾ ਵਿੱਚ ਕਮਜ਼ੋਰ ਦੱਸ ਰਹੇ ਹਨ।

ਇਹ ਵੀ ਪੜ੍ਹੋ:

ਡਾਲਰ ਦੇ ਮੁਕਾਬਲੇ...

ਬੰਗਲਾਦੇਸ਼ ਦੀ ਢਾਕਾ ਸਟਾਕ ਐਕਸਚੇਂਜ ਅਤੇ ਚਿਟਗਾਂਓ ਸਟਾਕ ਐਕਸਚੇਂਜ ਮੁਤਾਬਕ ਮੰਗਲਵਾਰ ਨੂੰ ਇੱਕ ਅਮਰੀਕੀ ਡਾਲਰ ਦੀ ਕੀਮਤ 84.60 ਬੰਗਲਾਦੇਸ਼ੀ ਟਕਾ ਦੇ ਬਰਾਬਰ ਹੈ।

ਬੰਗਲਾਦੇਸ਼ੀ ਟਕੇ ਦੀ ਤੁਲਨਾ ਵਿੱਚ ਫਿਲਹਾਲ ਘੱਟ ਭਾਰਤੀ ਰੁਪਏ ਖਰਚ ਕਰਕੇ ਵਧੇਰੇ ਅਮਰੀਕੀ ਡਾਲਰ ਖਰੀਦੇ ਜਾ ਸਕਦੇ ਹਨ।

ਬੀਤੇ 90 ਦਿਨਾਂ ਵਿੱਚ ਇੱਕ ਅਮਰੀਕੀ ਡਾਲਰ ਦੇ ਬਦਲੇ ਭਾਰਤੀ ਰੁਪਏ ਦੀ ਵੱਧ ਤੋਂ ਵੱਧ ਕੀਮਤ 72.08 ਰੁਪਏ ਤੱਕ ਪਹੁੰਚੀ ਹੈ। ਜਦਕਿ ਬੰਗਲਾਦੇਸ਼ੀ ਟਕਾ ਦੀ ਕੀਮਤ ਵੱਧ ਤੋਂ ਵੱਧ 84.77 ਤੱਕ ਜਾ ਚੁੱਕੀ ਹੈ।

ਉੱਥੇ ਹੀ ਬੀਤੇ 10 ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਅਮਰੀਕੀ ਡਾਲਰ ਦੇ ਸਾਹਮਣੇ ਭਾਰਤੀ ਰੁਪਏ ਦੀ ਘੱਟ ਤੋਂ ਘੱਟ ਕੀਮਤ 43.92 ਰੁਪਏ ਤੱਕ ਰਹੀ, ਜਦਕਿ ਬੰਗਲਾਦੇਸ਼ੀ ਟਕੇ ਦੀ ਕੀਮਤ 68.24 ਤੱਕ ਰਹੀ।

ਬੀਤੇ 10 ਸਾਲਾਂ ਵਿੱਚ ਅਮਰੀਕੀ ਡਾਲਰ ਦੇ ਸਾਹਮਣੇ ਭਾਰਤੀ ਕਰੰਸੀ ਦੀ ਤੁਲਨਾ ਵਿੱਚ ਬੰਗਲਾਦੇਸ਼ੀ ਕਰੰਸੀ ਦੀ ਸਥਿਤੀ ਤੁਲਨਾਤਮਕ ਰੂਪ ਤੋਂ ਜ਼ਿਆਦਾ ਚੰਗੀ ਦਰ ਦੇ ਨਾਲ ਖੜ੍ਹੀ ਹੋਈ ਹੈ।

ਬੰਗਲਾਦੇਸ਼ ਦੀ ਸਲਾਨਾ ਜੀਡੀਪੀ ਵਾਧਾ ਦਰ ਪਾਕਿਸਤਾਨ ਤੋਂ ਢਾਈ ਫ਼ੀਸਦ ਅੱਗੇ ਨਿਕਲ ਚੁੱਕੀ ਹੈ। ਮੰਨੇ-ਪ੍ਰੰਮਨੇ ਅਰਥਸ਼ਾਸਤਰੀ ਕੋਸ਼ਿਕ ਬਾਸੂ ਦਾ ਕਹਿਣਾ ਹੈ ਕਿ ਬੰਗਲਾਦੇਸ਼ ਵਿਕਾਸ ਦਰ ਦੇ ਮਾਮਲੇ ਵਿੱਚ ਭਾਰਤ ਨੂੰ ਵੀ ਪਿੱਛੇ ਛੱਡ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)