‘ਰਾਜਪਾਲ ਐਲਾਨ ਕਰਨ ਕਿ ਕਸ਼ਮੀਰ ICU 'ਚ ਹੈ’: ਬਲਾਗ

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਬੀਬੀਸੀ ਦੇ ਲਈ

ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਬਿਲਕੁਲ ਸਹੀ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਪਹਿਲਾਂ ਤੋਂ ਦਿੱਤੇ ਗਏ ਸੱਦੇ ਨੂੰ ਸਿਆਸਤ ਲਈ ਵਰਤਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੂੰ ਸ਼੍ਰੀਨਗਰ ਏਅਰਪੋਰਟ ਤੋਂ ਵਾਪਿਸ ਭੇਜ ਦਿੱਤਾ ਗਿਆ।

ਜ਼ਾਹਿਰ ਹੈ ਕਿ ਗ਼ਲਤੀ ਰਾਹੁਲ ਦੀ ਹੈ। ਇੱਕ ਤਾਂ ਉਨ੍ਹਾਂ ਨੂੰ ਐਕਸਪਾਇਰਡ ਸੱਦੇ 'ਤੇ ਕਸ਼ਮੀਰ ਨਹੀਂ ਜਾਣਾ ਚਾਹੀਦਾ ਸੀ।

ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿਸ ਤਰ੍ਹਾਂ ਕਰਫ਼ਿਊ ਪਾਸ ਇੱਕ ਖ਼ਾਸ ਸਮੇਂ ਲਈ ਪਾਸ ਹੁੰਦਾ ਹੈ ਉਸੇ ਤਰ੍ਹਾਂ ਕਸ਼ਮੀਰ ਦੇ ਰਾਜਪਾਲ ਦੇ ਸੱਦਾ ਵੀ ਹਮੇਸ਼ਾ ਲਈ ਨਹੀਂ ਹੁੰਦਾ। ਉਸ ਨੂੰ ਵਰਤਣ ਦੀ ਵੀ ਇੱਕ ਤਰੀਕ ਅਤੇ ਹੱਦ ਹੁੰਦੀ ਹੈ।

ਦੂਜਾ ਇਹ ਕਿ ਰਾਹੁਲ ਗਾਂਧੀ ਨੂੰ ਪਹਿਲਾਂ ਹੀ ਰਾਜਪਾਲ ਸੱਤਿਆਪਾਲ ਮਲਿਕ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਅਸੀਂ ਸਿਆਸਤਦਾਨ ਜ਼ਰੂਰ ਹਾਂ ਪਰ ਸ਼੍ਰੀਨਗਰ ਆਪਣੀ ਸਿਆਸਤ ਦੀ ਦੁਕਾਨ ਚਮਕਾਉਣ ਲਈ ਨਹੀਂ ਆਏ ਹਾਂ।

ਸਗੋਂ ਲਾਲ ਚੌਕ ਵਿੱਚ ਆਪਣੀ ਮੰਡਲੀ ਦੇ ਨਾਲ ਕਸ਼ਮੀਰ ਦੇ ਲੋਕਾਂ ਅਤੇ ਸੁਰੱਖਿਆ ਕਰਮੀਆਂ ਦੇ ਮਨੋਰੰਜਨ ਲਈ ਕਵਾਲੀ ਦੀ ਮਹਿਫ਼ਿਲ ਸਜਾਉਣ ਆ ਰਹੇ ਹਨ।

ਰਾਹੁਲ ਅਤੇ ਉਨ੍ਹਾਂ ਦੀ ਮੰਡਲੀ ਨੂੰ ਸਰਕਾਰੀ ਸੂਚਨਾ ਵਿਭਾਗ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਕਸ਼ਮੀਰ ਵਿੱਚ ਇਸ ਵੇਲੇ ਧਾਰਾ 144 ਲੱਗੀ ਹੋਈ ਹੈ। ਇਸ ਲਈ 12-13 ਲੋਕ ਅਤੇ ਉਨ੍ਹਾਂ ਦੇ ਨਾਲ ਮੀਡੀਆ ਦਾ ਜਲੂਸ ਇਕੱਠਾ ਨਹੀਂ ਚੱਲ ਸਕਦਾ। ਜਦੋਂ ਧਾਰਾ 144 ਹਟ ਜਾਵੇ ਉਦੋਂ ਹੀ ਤਸ਼ਰੀਫ਼ ਲਿਆਉਣਾ।

ਇਹ ਵੀ ਪੜ੍ਹੋ:

ਗਾਂਧੀ ਜੀ ਨੇ ਨਮਕ ਬਣਾਉਣ ਲਈ ਜਦੋਂ ਦਾਂਡੀ ਯਾਤਰਾ ਸ਼ੁਰੂ ਕੀਤੀ ਸੀ ਉਦੋਂ ਵੀ ਧਾਰਾ 144 ਵਰਗਾ ਹੀ ਕੋਈ ਕਾਨੂੰਨ ਲਾਗੂ ਸੀ।

‘ਖੁਦ ਕਾਨੂੰਨ ਤੋੜਦੀ ਹੈ, ਫਿਰ ਕਾਨੂੰਨ ਚੇਤੇ ਕਰਵਾਉਂਦੀ ਹੈ’

ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਉਦੋਂ ਵੀ ਜਿਸ-ਜਿਸ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਉਨ੍ਹਾਂ ਸਾਰਿਆਂ ਨੇ ਕਾਨੂੰਨ ਦੀ ਉਲੰਘਣਾ ਕੀਤਾ ਸੀ ਇਸ ਲਈ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਧੱਕ ਦਿੱਤਾ ਗਿਆ ਸੀ।

ਜਦੋਂ ਜ਼ੀਆ ਉਲ ਹਕ ਨੇ ਪਾਕਿਸਤਾਨ ਵਿੱਚ ਮਾਰਸ਼ਲ ਲਾਅ ਲਗਾਇਆ ਸੀ ਉਦੋਂ ਵੀ ਸਿਆਸਤਦਾਨਾਂ ਨੂੰ ਕਿਹਾ ਗਿਆ ਸੀ ਕਿ ਤਹਾਨੂੰ ਨੱਚਣ-ਗਾਉਣ, ਰੋਣ-ਧੋਣ ਦੀ ਆਜ਼ਾਦੀ ਹੈ ਪਰ ਸਿਆਸਤ ਤੋਂ ਦੂਰ ਰਹਿਣਾ ਅਤੇ ਕਾਨੂੰਨ ਦਾ ਪਾਲਣ ਕਰਨਾ ਨਾ ਭੁੱਲਣਾ।

ਕਿੰਨੀ ਮਜ਼ੇ ਦੀ ਗੱਲ ਹੈ ਕਿ ਜਦੋਂ ਕੋਈ ਪਾਰਟੀ ਵਿਰੋਧੀ ਧਿਰ ਵਿੱਚ ਹੁੰਦੀ ਹੈ ਤਾਂ ਉਹ ਜਿਸ ਕਾਨੂੰਨ ਨੂੰ ਤੋੜਦੀ ਹੈ ਸੱਤਾ ਵਿੱਚ ਆਉਣ ਤੋਂ ਬਾਅਦ ਬਾਕੀਆਂ ਨੂੰ ਉਸੇ ਕਾਨੂੰਨ 'ਤੇ ਚੱਲਣਾ ਯਾਦ ਦਿਵਾਉਂਦੀ ਰਹਿੰਦੀ ਹੈ।

ਰਾਹੁਲ ਸਮੇਤ ਵਿਰੋਧੀ ਲੀਡਰਾਂ ਨੂੰ ਜਿਸ ਤਰ੍ਹਾਂ ਏਅਰਪੋਰਟ ਤੋਂ ਵਾਪਿਸ ਭੇਜਿਆ ਗਿਆ ਅੱਗੇ ਉਸ ਕਿਚਕਿਚ ਤੋਂ ਬਚਣ ਲਈ ਸੱਤਿਆਪਾਲ ਮਲਿਕ ਨੂੰ ਇੱਕ ਗੱਲ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਉਨ੍ਹਾਂ ਦਾ ਸੂਬਾ ਆਪ੍ਰੇਸ਼ਨ ਤੋਂ ਬਾਅਦ ਇਸ ਸਮੇਂ ਇੰਟੈਨਸਿਵ ਕੇਅਰ ਯੂਨਿਟ ਯਾਨਿ ਆਈਸੀਯੂ ਵਿੱਚ ਆਰਾਮ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਲਿਹਾਜ਼ਾ ਜਿਹੜੇ ਸ਼ੁਭਚਿੰਤਕ ਕਸ਼ਮੀਰ ਨੂੰ ਮਿਲਣਾ ਚਾਹੁੰਦੇ ਹਨ ਉਹ ਉਸਦੇ ਜਨਰਲ ਵਾਰਡ ਵਿੱਚ ਸ਼ਿਫਟ ਹੋਣ ਤੱਕ ਉਡੀਕ ਕਰ ਲੈਣ।

ਫਿਰ ਵੀ ਕੋਈ ਗੱਲ ਨਾ ਸੁਣੇ ਤਾਂ ਗ੍ਰਹਿ ਮੰਤਰੀ ਉਹੀ ਕਰੇ ਜੋ ਪਾਕਿਸਤਾਨ ਵਿੱਚ ਜਨਰਲ ਜ਼ੀਆ ਦੇ ਗ੍ਰਹਿ ਮੰਤਰਾਲੇ ਨੇ ਉਸ ਵੇਲੇ ਦੇ ਉੱਘੇ ਨੇਤਾ ਸਰਦਾਰ ਸ਼ੇਰਵਾਜ਼ ਮਜ਼ਾਰੀ ਦੇ ਨਾਲ ਕੀਤਾ ਸੀ।

ਯਾਨਿ ਪਾਕਿਸਤਾਨ ਦੇ ਤਮਾਮ ਸੂਬਿਆਂ ਵਿੱਚ ਉਨ੍ਹਾਂ ਦੀ ਐਂਟਰੀ ਬੰਦ ਕਰਕੇ ਰਾਜਧਾਨੀ ਇਸਲਾਮਾਬਾਦ ਨੂੰ ਮਜ਼ਾਰੀ ਸਾਹਿਬ ਲਈ ਜੇਲ੍ਹ ਐਲਾਨ ਦਿੱਤਾ ਗਿਆ ਸੀ।

ਹੁਣ ਸਾਡੇ ਤੋਂ ਕੋਈ ਇਹ ਨਾ ਪੁੱਛੇ ਕਿ ਜੋ ਉਸ ਸਮੇਂ ਪਾਕਿਸਤਾਨ ਦੇ ਜ਼ੀਆ ਉਲ ਹਕ ਦਾ ਉਦਹਾਰਣ ਤੁਸੀਂ ਅੱਜ ਦੇ ਭਾਰਤ ਦੇ ਲਈ ਕਿਵੇਂ ਦੇਖ ਸਕਦੇ ਹੋ ਨਹੀਂ ਤਾਂ ਅਸੀਂ ਵੀ ਦੱਸਾਂਗੇ ਕਿ ਜ਼ੀਆ ਉਲ ਹਕ ਦਾ ਵੀ ਇੱਕ ਪ੍ਰਧਾਨ ਮੰਤਰੀ ਸੀ, ਇੱਕ ਸੰਸਦ ਸੀ।

ਉਸ ਸੰਸਦ ਵਿੱਚ ਵਿਰੋਧੀ ਪੱਖ ਵੀ ਸੀ ਅਤੇ ਉੱਥੇ ਵੀ ਬਹੁਮਤ ਨਾਲ ਫ਼ੈਸਲੇ ਕਰਵਾਏ ਜਾਂਦੇ ਸੀ। ਉੱਥੇ ਵੀ ਕਾਨੂੰਨ ਦਾ ਸਖ਼ਤੀ ਨਾਲ ਪਾਲਣ ਕਰਵਾਇਆ ਜਾਂਦਾ ਸੀ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)