ਅਕਾਲੀ ਦਲ ਕਿਉਂ ਹੋਇਆ ਹਰਿਆਣਾ ਵਿੱਚ ਭਾਜਪਾ ਤੋਂ ਨਾਰਾਜ਼

ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ 'ਤੇ ਸਿਆਸੀ ਤਾਕਤ ਦਾ ਇਸਤੇਮਾਲ ਕਰਨ ਤੇ ਗਠਜੋੜ ਦੇ ਧਰਮ ਤੋਂ ਉਲਟ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ।

ਹਰਿਆਣਾ ਦੀ ਵਿਧਾਨ ਸਭਾ ਸੀਟ ਕਾਲਾਂਵਾਲੀ ਤੋਂ ਅਕਾਲੀ ਵਿਧਾਇਕ ਬਲਕੌਰ ਸਿੰਘ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ।

ਅਕਾਲੀ ਦਲ ਵੱਲੋਂ ਜਾਰੀ ਬਿਆਨ ਵਿੱਚ ਬਲਕੌਰ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣਾ ਹਰਿਆਣਾ ਚੋਣਾਂ ਲਈ ਭਾਜਪਾ ਦਾ ਆਪਣੇ ਵਾਅਦੇ ਤੋਂ ਮੁਕਰਨਾ ਦੱਸਿਆ ਹੈ।

ਇਹ ਵੀ ਪੜ੍ਹੋ:

ਪਾਰਟੀ ਨੇ ਅੱਗੇ ਕਿਹਾ, "ਅਕਾਲੀ ਦਲ ਭਾਜਪਾ ਦੇ ਮਾੜੇ ਤੇ ਚੰਗੇ ਸਮੇਂ ਵਿੱਚ ਨਾਲ ਖੜ੍ਹਾ ਰਿਹਾ ਹੈ। ਇਹ ਬਹੁਤ ਮੰਦਭਾਗਾ ਹੈ ਕਿ ਭਾਜਪਾ ਨੇ ਅਕਾਲੀ ਦਲ ਦੀ ਹਿਮਾਇਤ ਨੂੰ ਨਜ਼ਰਅੰਦਾਜ਼ ਕਰਕੇ ਅਕਾਲੀ ਵਿਧਾਇਕ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ।"

ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਹਰਿਆਣਾ ਵਿੱਚ ਇਕੱਲੇ ਚੋਣਾਂ ਲੜਨਗੇ।

ਭਾਜਪਾ ਨੇ ਕੀ ਕਿਹਾ?

ਭਾਜਪਾ ਆਗੂ ਤਰੁਣ ਚੁੱਘ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਅਕਾਲੀ ਦਲ ਵੱਲੋਂ ਬਲਕੌਰ ਸਿੰਘ ਨੂੰ ਸਿਆਸੀ ਤਾਕਤ ਦਾ ਇਸਤੇਮਾਲ ਕਰਕੇ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ।

ਉਨ੍ਹਾਂ ਕਿਹਾ, "ਬਲਕੌਰ ਸਿੰਘ 'ਤੇ ਕਿਸੇ ਤਰੀਕੇ ਦਾ ਦਬਾਅ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਭਾਜਪਾ ਦੀ ਮੈਂਬਰਸ਼ਿਪ ਲਈ ਹੈ।"

ਜਦੋਂ ਉਨ੍ਹਾਂ ਤੋਂ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਇਕੱਲੇ ਚੋਣਾਂ ਲੜਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਹਰਿਆਣਾ ਵਿੱਚ ਭਾਜਪਾ ਦਾ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਹੈ। ਪਿਛਲੀਆਂ ਚੋਣਾਂ ਵਿੱਚ ਵੀ ਭਾਜਪਾ ਨੇ ਇਕੱਲੇ ਹੀ ਚੋਣਾਂ ਲੜੀਆਂ ਸਨ ਤੇ ਬਲਕੌਰ ਸਿੰਘ ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਹੀ ਚੋਣ ਜਿੱਤੇ ਸਨ।"

ਬਲਕੌਰ ਸਿੰਘ ਨੇ ਕੀ ਕਿਹਾ?

ਬਲਕੌਰ ਸਿੰਘ ਨੇ ਭਾਜਪੀ ਵਿੱਚ ਸ਼ਾਮਿਲ ਹੋਣ ਮਗਰੋਂ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਲਈ ਇੰਨਾ ਕੰਮ ਕਰ ਰਹੇ ਹਨ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋ ਰਿਹਾ ਹੈ।"

"ਨਰਿੰਦਰ ਮੋਦੀ ਵੱਲੋਂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਨਾ ਇੱਕ ਚੰਗਾ ਕਦਮ ਸੀ ਤੇ ਉਹ ਦੇਸ ਦੇ ਹਿੱਤ ਵਿੱਚ ਸੀ। ਮੈਂ ਹੁਣ ਭਾਜਪਾ ਦੇ ਇਸ ਮੰਚ ਤੋਂ ਦੇਸ ਦੀ ਹੋਰ ਵੱਧ ਸੇਵਾ ਕਰ ਸਕਦਾ ਹਾਂ।"

ਬਲਕੌਰ ਸਿੰਘ ਤੋਂ ਇਲਾਵਾ ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਤੇ ਯੋਗੇਸ਼ਵਰ ਦੱਤ ਵੀ ਭਾਜਪਾ ਵਿੱਚ ਸ਼ਾਮਿਲ ਹੋਏ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)