ਮਹਾਤਮਾ ਗਾਂਧੀ : ਕਸ਼ਮੀਰ ਦੇ ਪਾਕਿਸਤਾਨ ਨਾਲ ਰਲਣ ਬਾਰੇ ਗਾਂਧੀ ਨੇ ਕੀ ਕਿਹਾ ਸੀ

    • ਲੇਖਕ, ਕੁਮਾਰ ਪ੍ਰਸ਼ਾਂਤ
    • ਰੋਲ, ਬੀਬੀਸੀ ਦੇ ਲਈ

ਆਜ਼ਾਦੀ ਦਰਵਾਜ਼ੇ 'ਤੇ ਖੜ੍ਹੀ ਸੀ ਪਰ ਦਰਵਾਜ਼ਾ ਅਜੇ ਬੰਦ ਸੀ। ਜਵਾਹਰਲਾਲ ਅਤੇ ਸਰਦਾਰ ਪਟੇਲ ਰਿਆਸਤਾਂ ਦੇ ਏਕੀਕਰਣ ਦੀ ਯੋਜਨਾ ਬਣਾਉਣ ਵਿੱਚ ਜੁਟੇ ਸਨ।

ਰਿਆਸਤਾਂ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਅਤੇ ਸ਼ਰਤਾਂ ਦੇ ਨਾਲ ਭਾਰਤ ਵਿੱਚ ਰਲੇਵੇਂ ਦੀ ਗੱਲ ਕਰ ਰਹੀਆਂ ਸਨ। ਜਿੰਨੀਆਂ ਰਿਆਸਤਾਂ, ਉਨੀਆਂ ਚਾਲਾਂ।

ਦੂਜੇ ਪਾਸੇ ਇੱਕ ਹੋਰ ਚਾਲ ਸੀ ਜੋ ਸਾਮਰਾਜਵਾਦੀ ਤਾਕਤਾਂ ਚਲਾ ਰਹੀਆਂ ਸਨ। ਇਸਦੀ ਕਮਾਨ ਇੰਗਲੈਂਡ ਦੇ ਹੱਥੋਂ ਨਿਕਲ ਕੇ ਹੁਣ ਅਮਰੀਕਾ ਵੱਲ ਜਾ ਰਹੀ ਸੀ।

ਇਨ੍ਹਾਂ ਤਾਕਤਾਂ ਦਾ ਸਾਰਾ ਧਿਆਨ ਇਸ 'ਤੇ ਸੀ ਕਿ ਭੱਜਦੇ ਭੂਤ ਦੇ ਲੰਗੋਟ ਦਾ ਕਿਹੜਾ ਸਿਰਾ ਉਹ ਆਪਣੇ ਹੱਥ ਵਿੱਚ ਰੱਖਣ ਜਿਸ ਨਾਲ ਏਸ਼ੀਆ ਦੀ ਸਿਆਸਤ ਵਿੱਚ ਆਪਣੀ ਦਖ਼ਲਅੰਦਾਜ਼ੀ ਬਣਾਏ ਰੱਖਣ ਅਤੇ ਆਜ਼ਾਦ ਹੋਣ ਜਾ ਰਹੇ ਭਾਰਤ 'ਤੇ ਨਜ਼ਰ ਰੱਖਣ ਵਿੱਚ ਸਹੂਲੀਅਤ ਹੋਵੇ।

ਪਾਕਿਸਤਾਨ ਤਾਂ ਬਣ ਹੀ ਰਿਹਾ ਸੀ, ਕਸ਼ਮੀਰ ਵੀ ਇਸ ਰਣਨੀਤੀ ਲਈ ਮੁਫ਼ੀਦ ਸੀ। 1881 ਤੋਂ ਲਗਾਤਾਰ ਸਾਮਰਾਜਵਾਦ ਇਸਦੇ ਜਾਲ ਬੁਣ ਰਿਹਾ ਸੀ।

ਹੁਣ ਇਸਦੇ ਦਸਤਾਵੇਜ਼ ਮਿਲਣ ਲੱਗੇ ਹਨ। ਕਸ਼ਮੀਰ ਇਸ ਲਈ ਮਹੱਤਵਪੂਰਨ ਹੋ ਗਿਆ ਸੀ।

ਉੱਥੋਂ ਦੇ ਨੌਜਵਾਨ ਨੇਤਾ ਸ਼ੇਖ ਮੁਹੰਮਦ ਅਬਦੁੱਲਾਹ ਰਾਜਸ਼ਾਹੀ ਦੇ ਖ਼ਿਲਾਫ਼ ਲੜ ਰਹੇ ਸਨ ਅਤੇ ਕਾਂਗਰਸ ਦੇ ਨਾਲ ਸਨ। ਉਹ ਜਵਾਹਰਲਾਲ ਦੇ ਕਰੀਬ ਸਨ।

ਇਹ ਵੀ ਪੜ੍ਹੋ:

ਸਥਾਨਕ ਅੰਦੋਲਨ ਦੇ ਕਾਰਨ ਮਹਾਰਾਜਾ ਹਰੀ ਸਿੰਘ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਤਾਂ ਨਾਰਾਜ਼ ਜਵਾਹਰਲਾਲ ਉਸਦਾ ਵਿਰੋਧ ਕਰਨ ਕਸ਼ਮੀਰ ਪਹੁੰਚੇ ਸਨ।

ਰਾਜਾ ਨੇ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਹੀ ਗੈਸਟਹਾਊਸ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਇਸ ਤਰ੍ਹਾਂ ਮਹਾਰਾਜਾ ਲਈ ਜਵਾਹਰਲਾਲ ਭੜਕਾਊ ਲਾਲ ਝੰਡਾ ਬਣ ਗਏ ਸਨ।

ਹੁਣ, ਜਦੋਂ ਵੰਡ ਅਤੇ ਆਜ਼ਾਦੀ ਦੋਵੇਂ ਹੀ ਆ ਗਈਆਂ ਸਨ ਤਾਂ ਉੱਥੇ ਕੌਣ ਜਾਵੇ ਜਿਹੜਾ ਮਰਹਮ ਦਾ ਵੀ ਕੰਮ ਕਰੇ ਅਤੇ ਸਮਝ ਵੀ ਜਗਾਵੇ? ਮਾਊਂਟਬੇਟਨ ਸਾਹਿਬ ਨੇ ਪ੍ਰਸਤਾਵ ਰੱਖਿਆ: ਕੀ ਅਸੀਂ ਬਾਪੂਜੀ ਨੂੰ ਉੱਥੇ ਜਾਣ ਲਈ ਬੇਨਤੀ ਕਰ ਸਕਦੇ ਹਾਂ?

ਜਿਨਾਹ ਨੂੰ ਕਸ਼ਮੀਰ ਵਿੱਚ ਪਏ ਸਨ ਆਂਡੇ-ਟਮਾਟਰ

ਮਹਾਤਮਾ ਗਾਂਧੀ ਕਸ਼ਮੀਰ ਕਦੇ ਨਹੀਂ ਜਾ ਸਕੇ ਸੀ। ਜਦੋਂ-ਜਦੋਂ ਯੋਜਨਾ ਬਣੀ, ਕਿਸੇ ਨਾ ਕਿਸੇ ਕਾਰਨ ਅਟਕ ਗਈ।

ਜਿਨਾਹ ਸਾਹਿਬ ਵੀ ਇੱਕ ਵਾਰ ਹੀ ਕਸ਼ਮੀਰ ਗਏ ਸਨ। ਉਦੋਂ ਟਮਾਟਰ ਅਤੇ ਆਂਡਿਆਂ ਨਾਲ ਉਨ੍ਹਾਂ ਦਾ ਸਵਾਗਤ ਹੋਇਆ ਸੀ। ਗੁੱਸਾ ਇਹ ਸੀ ਕਿ ਇਹ ਜ਼ਮੀਦਾਰਾਂ ਅਤੇ ਰਿਆਸਤ ਦੇ ਪਿੱਠੂ ਹਨ।

ਪ੍ਰਸਤਾਵ ਮਾਊਂਟਬੇਟਨ ਦਾ ਸੀ, ਜਵਾਬ ਗਾਂਧੀ ਤੋਂ ਆਉਣਾ ਸੀ। ਹੁਣ ਉਮਰ 77 ਸਾਲ ਸੀ। ਸਫ਼ਰ ਮੁਸ਼ਕਿਲ ਸੀ ਪਰ ਦੇਸ ਦਾ ਸਵਾਲ ਸੀ ਤਾਂ ਗਾਂਧੀ ਲਈ ਮੁਸ਼ਕਿਲ ਕਿਹੋ ਜਿਹੀ?

ਉਹ ਇਹ ਵੀ ਜਾਣਦੇ ਸਨ ਕਿ ਆਜ਼ਾਦ ਭਾਰਤ ਦਾ ਭੂਗੋਲਿਕ ਨਕਸ਼ਾ ਮਜ਼ਬੂਤ ਨਹੀਂ ਬਣਿਆ ਤਾਂ ਰਿਆਸਤਾਂ ਅੱਗੇ ਨਾਸੂਰ ਬਣ ਜਾਣਗੀਆਂ। ਉਹ ਜਾਣ ਨੂੰ ਤਿਆਰ ਹੋ ਗਏ।

ਕਿਸੇ ਨੇ ਕਿਹਾ: ਐਨੀ ਮੁਸ਼ਕਿਲ ਯਾਤਰਾ ਕੀ ਜ਼ਰੂਰੀ ਹੈ? ਤੁਸੀਂ ਮਹਾਰਾਜਾ ਨੂੰ ਚਿੱਠੀ ਲਿਖ ਸਕਦੇ ਹੋ।

ਕਹਿਣ ਵਾਲੇ ਦੀਆਂ ਅੱਖਾਂ 'ਚ ਦੇਖਦੇ ਹੋਏ ਉਹ ਬੋਲੇ, "ਹਾਂ, ਫਿਰ ਤਾਂ ਮੈਨੂੰ ਨੋਆਖਲੀ ਜਾਣ ਦੀ ਵੀ ਕੀ ਲੋੜ ਸੀ? ਉੱਥੇ ਵੀ ਚਿੱਠੀ ਭੇਜ ਸਕਦਾ ਸੀ। ਪਰ ਉਸ ਨਾਲ ਕੰਮ ਨਹੀਂ ਬਣਦਾ ਹੈ।"

ਆਜ਼ਾਦੀ ਤੋਂ ਸਿਰਫ਼ 14 ਦਿਨ ਪਹਿਲਾਂ, ਰਾਵਲਪਿੰਡੀ ਦੇ ਔਕੜਾਂ ਭਰੇ ਰਸਤੇ ਤੋਂ ਮਹਾਤਮਾ ਗਾਂਧੀ ਪਹਿਲੀ ਅਤੇ ਆਖ਼ਰੀ ਵਾਰ ਕਸ਼ਮੀਰ ਪਹੁੰਚੇ। ਜਾਣ ਤੋਂ ਪਹਿਲਾਂ 29 ਜੁਲਾਈ 1947 ਦੀ ਪ੍ਰਾਥਨਾ ਸਭਾ ਵਿੱਚ ਉਨ੍ਹਾਂ ਨੇ ਖ਼ੁਦ ਹੀ ਦੱਸਿਆ ਕਿ ਉਹ ਕਸ਼ਮੀਰ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ, "ਮੈਂ ਇਹ ਸਮਝਾਉਣ ਨਹੀਂ ਜਾ ਰਿਹਾ ਹਾਂ ਕਿ ਕਸ਼ਮੀਰ ਨੂੰ ਭਾਰਤ ਵਿੱਚ ਰਹਿਣਾ ਚਾਹੀਦਾ ਹੈ। ਉਹ ਫ਼ੈਸਲਾ ਮੈਂ ਜਾਂ ਮਹਾਰਾਜਾ ਨਹੀਂ, ਕਸ਼ਮੀਰ ਦੇ ਲੋਕ ਕਰਨਗੇ। ਕਸ਼ਮੀਰ ਵਿੱਚ ਮਹਾਰਾਜਾ ਵੀ ਹੈ, ਰਿਆਸਤ ਵੀ ਹੈ। ਪਰ ਰਾਜਾ ਕੱਲ ਮਰ ਜਾਵੇਗਾ ਤਾਂ ਵੀ ਪ੍ਰਜਾ ਤਾਂ ਰਹੇਗੀ। ਉਹ ਆਪਣੇ ਕਸ਼ਮੀਰ ਦਾ ਫ਼ੈਸਲਾ ਕਰੇਗੀ।"

ਇਹ ਵੀ ਪੜ੍ਹੋ:

'ਬਸ, ਪੀਰ ਦੇ ਦਰਸ਼ਨ ਹੋ ਗਏ!'

1 ਅਗਸਤ, 1947 ਨੂੰ ਮਹਾਤਮਾ ਗਾਂਧੀ ਕਸ਼ਮੀਰ ਪਹੁੰਚੇ। ਉਦੋਂ ਦੇ ਸਾਲਾਂ ਵਿੱਚ ਘਾਟੀ 'ਚ ਲੋਕਾਂ ਦਾ ਉਸ ਤਰ੍ਹਾਂ ਦਾ ਜਮਾਵੜਾ ਵੇਖਿਆ ਨਹੀਂ ਗਿਆ ਸੀ ਜਿਸ ਤਰ੍ਹਾਂ ਦਾ ਉਸ ਦਿਨ ਇਕੱਠ ਹੋਇਆ ਸੀ। ਝੇਲਮ ਨਦੀ ਦੇ ਪੁਲ 'ਤੇ ਪੈਰ ਰੱਖਣ ਦੀ ਥਾਂ ਨਹੀਂ ਸੀ।

ਗਾਂਧੀ ਦੀ ਗੱਡੀ ਪੁੱਲ ਤੋਂ ਹੋ ਕੇ ਸ਼੍ਰੀਨਗਰ ਵਿੱਚ ਦਾਖ਼ਲ ਹੀ ਨਹੀਂ ਹੋ ਸਕਦੀ ਸੀ। ਉਨ੍ਹਾਂ ਨੂੰ ਗੱਡੀ ਵਿੱਚੋਂ ਕੱਢ ਕੇ ਬੇੜੀ ਵਿੱਚ ਬਿਠਾਇਆ ਗਿਆ ਅਤੇ ਨਦੀ ਰਸਤੇ ਸ਼ਹਿਰ ਵਿੱਚ ਲਿਆਂਦਾ ਗਿਆ।

ਦੂਰ-ਦੂਰ ਤੋਂ ਆਏ ਕਸ਼ਮੀਰੀ ਲੋਕ ਇੱਥੋਂ-ਉੱਥੋਂ ਉਨ੍ਹਾਂ ਦੀ ਝਲਕ ਵੇਖ ਕੇ ਖੁਸ਼ ਹੋ ਰਹੇ ਸਨ ਅਤੇ ਕਹਿ ਰਹੇ ਸਨ, "ਬਸ, ਪੀਰ ਦੇ ਦਰਸ਼ਨ ਹੋ ਗਏ!"

ਸ਼ੇਖ ਅਬਦੁੱਲਾਹ ਉਦੋਂ ਜੇਲ੍ਹ ਵਿੱਚ ਸਨ। ਬਾਪੂ ਦਾ ਇੱਕ ਸਵਾਗਤ ਮਹਾਰਾਜਾ ਨੇ ਆਪਣੇ ਮਹਿਲ ਵਿੱਚ ਕੀਤਾ ਸੀ ਤਾਂ ਸਵਾਗਤ ਦਾ ਦੂਜਾ ਪ੍ਰਬੰਧ ਬੇਗਮ ਅਕਬਰਜਹਾਂ ਅਬਦੁੱਲਾਹ ਨੇ ਕੀਤਾ ਸੀ।

ਮਹਾਰਾਜਾ ਹਰੀ ਸਿੰਘ, ਮਹਾਰਾਣੀ ਤਾਰਾ ਦੇਵੀ ਅਤੇ ਰਾਜਕੁਮਾਰ ਕਰਨ ਸਿੰਘ ਨੇ ਮਹਿਲ ਤੋਂ ਬਾਹਰ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ।

ਉਨ੍ਹਾਂ ਦੀ ਗੱਲਬਾਤ ਦਾ ਕੋਈ ਖਾਸ ਪਤਾ ਤਾਂ ਨਹੀਂ ਹੈ ਪਰ ਬਾਪੂ ਨੇ ਬੇਗਮ ਅਕਬਰਜਹਾਂ ਦੇ ਸਵਾਗਤ ਸਮਾਰੋਹ ਵਿੱਚ ਖੁੱਲ੍ਹ ਕੇ ਗੱਲ ਕਹੀ।

ਉਨ੍ਹਾਂ ਨੇ ਕਿਹਾ, "ਇਸ ਰਿਆਸਤ ਦੀ ਅਸਲੀ ਰਾਜਾ ਤਾਂ ਇੱਥੋਂ ਦੀ ਪ੍ਰਜਾ ਹੈ। ਉਹ ਪਾਕਿਸਤਾਨ ਜਾਣ ਦੀ ਫ਼ੈਸਲਾ ਕਰਨ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਨੂੰ ਰੋਕ ਨਹੀਂ ਸਕਦੀ। ਪਰ ਜਨਤਾ ਦੀ ਰਾਇ ਕਿਵੇਂ ਲਵੋਗੇ ਤੁਸੀਂ?"

"ਉਨ੍ਹਾਂ ਦੀ ਰਾਇ ਲੈਣ ਲਈ ਮਾਹੌਲ ਤਾਂ ਬਣਾਉਣਾ ਹੋਵੇਗਾ ਨਾ। ਉਹ ਆਰਾਮ ਅਤੇ ਆਜ਼ਾਦੀ ਨਾਲ ਆਪਣੀ ਰਾਇ ਤਾਂ ਲੈ ਨਹੀਂ ਸਕਦੇ। ਪ੍ਰਜਾ ਕਹੇ ਕਿ ਭਾਵੇਂ ਅਸੀਂ ਮੁਸਲਮਾਨ ਹਾਂ ਪਰ ਰਹਿਣਾ ਚਾਹੁੰਦੇ ਹਾਂ ਭਾਰਤ ਵਿੱਚ ਤਾਂ ਵੀ ਕੋਈ ਤਾਕਤ ਉਨ੍ਹਾਂ ਨੂੰ ਰੋਕ ਨਹੀਂ ਸਕਦੀ।"

"ਜੇਕਰ ਪਾਕਿਸਤਾਨੀ ਇੱਥੇ ਵੜਦੇ ਹਨ ਤਾਂ ਪਾਕਿਸਤਾਨ ਦੀ ਹਕੂਮਤ ਨੂੰ ਉਨ੍ਹਾਂ ਨੂੰ ਰੋਕਣਾ ਚਾਹੀਦਾ ਹੈ। ਨਹੀਂ ਰੋਕਦੀ ਹੈ ਤਾਂ ਉਨ੍ਹਾਂ 'ਤੇ ਇਲਜ਼ਾਮ ਤਾਂ ਆਵੇਗਾ ਹੀ।"

ਕਸ਼ਮੀਰ 'ਤੇ ਫ਼ੈਸਲਾ ਕੌਣ ਲਵੇਗਾ?

ਬਾਪੂ ਨੇ ਫਿਰ ਭਾਰਤ ਦੀ ਸਥਿਤੀ ਸਾਫ਼ ਕੀਤੀ।

ਉਨ੍ਹਾਂ ਨੇ ਕਿਹਾ, "ਕਾਂਗਰਸ ਹਮੇਸ਼ਾ ਹੀ ਰਾਜਤੰਤਰ ਦੇ ਖ਼ਿਲਾਫ਼ ਰਹੀ ਹੈ। ਫਿਰ ਭਾਵੇਂ ਉਹ ਇੰਗਲੈਂਡ ਦਾ ਹੋਵੇ ਜਾਂ ਇੱਥੋਂ ਦਾ। ਸ਼ੇਖ ਅਬਦੁੱਲਾਹ ਲੋਕਸ਼ਾਹੀ ਦੀ ਗੱਲ ਕਰਦੇ ਹਨ, ਉਸਦੀ ਲੜਾਈ ਲੜਦੇ ਹਨ। ਅਸੀਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਨੂੰ ਜੇਲ੍ਹ ਤੋਂ ਛੱਡਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਗੱਲ ਕਰਕੇ ਅੱਗੇ ਦਾ ਰਸਤਾ ਕੱਢਣਾ ਚਾਹੀਦਾ ਹੈ। ਕਸ਼ਮੀਰ ਬਾਰੇ ਫ਼ੈਸਲਾ ਤਾਂ ਇੱਥੋਂ ਦੇ ਲੋਕ ਕਰਨਗੇ।''

ਫਿਰ ਗਾਂਧੀ ਇਹ ਵੀ ਸਾਫ਼ ਕਰਦੇ ਹਨ ਕਿ 'ਇੱਥੋਂ ਦੇ ਲੋਕਾਂ' ਨਾਲ ਉਨ੍ਹਾਂ ਦਾ ਮਤਲਬ ਕੀ ਹੈ।

ਉਨ੍ਹਾਂ ਕਿਹਾ, "ਇੱਥੋਂ ਦੇ ਲੋਕਾਂ ਨਾਲ ਮੇਰਾ ਮਤਲਬ ਹੈ ਇੱਥੋਂ ਦੇ ਮੁਸਲਮਾਨ, ਇੱਥੋਂ ਦੇ ਹਿੰਦੂ, ਕਸ਼ਮੀਰੀ ਪੰਡਿਤ, ਡੋਗਰਾ ਲੋਕ ਅਤੇ ਇੱਥੋਂ ਦੇ ਸਿੱਖ।''

ਇਹ ਵੀ ਪੜ੍ਹੋ:

ਜਦੋਂ ਗਾਂਧੀ ਨੇ ਕਸ਼ਮੀਰ ਲਈ ਫੌਜੀ ਮੁਹਿੰਮ ਦਾ ਸਮਰਥਨ ਕੀਤਾ

ਕਸ਼ਮੀਰ ਦੇ ਬਾਰੇ ਭਾਰਤ ਦੀ ਇਹ ਪਹਿਲੀ ਐਲਾਨੀ ਅਧਿਕਾਰਤ ਭੂਮਿਕਾ ਸੀ। ਗਾਂਧੀ ਸਰਕਾਰ ਦੇ ਬੁਲਾਰੇ ਨਹੀਂ ਸਨ, ਕਿਉਂਕਿ ਆਜ਼ਾਦ ਭਾਰਤ ਦੀ ਸਰਕਾਰ ਅਜੇ ਤਾਂ ਅਧਿਕਾਰਤ ਰੂਪ ਤੋਂ ਬਣੀ ਨਹੀਂ ਸੀ।

ਪਰ ਉਹ ਭਾਰਤੀ ਸੁਤੰਤਰਤਾ ਸੰਗਰਾਮ ਦੀਆਂ ਕਦਰਾਂ-ਕੀਮਤਾਂ ਦੇ ਜਨਕ ਅਤੇ ਆਜ਼ਾਦ ਭਾਰਤ ਦੀ ਭੂਮਿਕਾ ਦੇ ਸਭ ਤੋਂ ਵੱਡੇ ਅਧਿਕਾਰਤ ਬੁਲਾਰੇ ਸਨ, ਇਸ ਤੋਂ ਕੋਈ ਇਨਕਾਰ ਕਰ ਵੀ ਕਿਵੇਂ ਸਕਦਾ ਸੀ?

ਗਾਂਧੀ ਦੇ ਇਸ ਦੌਰੇ ਨੇ ਕਸ਼ਮੀਰ ਨੂੰ ਭਰੋਸੇ ਦੀ ਅਜਿਹੀ ਡੋਰ ਨਾਲ ਬੰਨਿਆ ਸੀ ਜਿਸਦਾ ਨਤੀਜਾ ਸ਼ੇਖ ਅਬਦੁੱਲਾਹ ਦੀ ਰਿਹਾਈ ਵਿੱਚ, ਭਾਰਤ ਦੇ ਨਾਲ ਰਹਿਣ ਦੇ ਉਨ੍ਹਾਂ ਦੇ ਐਲਾਨ ਵਿੱਚ, ਕਸ਼ਮੀਰੀ ਮੁਸਲਮਾਨਾਂ ਵਿੱਚ ਘੁੰਮ-ਘੁੰਮ ਕੇ ਉਨ੍ਹਾਂ ਨੂੰ ਪਾਕਿਸਤਾਨ ਤੋਂ ਵੱਖ ਕਰਨ ਦੀ ਮੁਹਿੰਮ ਵਿੱਚ ਦਿਖਾਈ ਦਿੱਤਾ।

ਜਵਾਹਰਲਾਲ-ਸਰਦਾਰ ਪਟੇਲ-ਸ਼ੇਖ ਅਬਦੁੱਲਾਹ ਦੀ ਤਿੱਕੜੀ ਨੂੰ ਗਾਂਧੀ ਦਾ ਆਧਾਰ ਮਿਲਿਆ ਅਤੇ ਅੱਗੇ ਦੀ ਉਹ ਕਹਾਣੀ ਲਿਖੀ ਗਈ ਜਿਸ ਨੂੰ ਅੱਜ ਸਰਕਾਰ ਰਗੜ-ਰਗੜ ਕੇ ਮਿਟਾਉਣ ਵਿੱਚ ਲੱਗੀ ਹੋਈ ਹੈ। ਜਿਨ੍ਹਾਂ ਨੇ ਬਣਾਉਣ ਵਿੱਚ ਕੁਝ ਨਹੀਂ ਕੀਤਾ, ਉਹ ਮਿਟਾਉਣ ਦੇ ਵਾਰਿਸ ਦਾ ਐਲਾਨ ਕਰ ਰਹੇ ਹਨ!

ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਫੌਜੀ ਤਾਕਤ ਦੇ ਬਲਬੂਤੇ 'ਤੇ ਪਾਕਿਸਤਾਨ ਨੇ ਕਸ਼ਮੀਰ ਹੜੱਪਣਾ ਚਾਹਿਆ ਸੀ ਅਤੇ ਭਾਰਤ ਸਰਕਾਰ ਨੇ ਉਸਦਾ ਫੌਜੀ ਸਾਹਮਣਾ ਕੀਤਾ ਸੀ ਉਦੋਂ ਮਹਾਤਮਾ ਗਾਂਧੀ ਨੇ ਉਸ ਫੌਜੀ ਮੁਹਿੰਮ ਦੀ ਹਿਮਾਇਤ ਕੀਤੀ ਸੀ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)