ਜਦੋਂ ਗਾਂਧੀ ਖ਼ੁਦ ਲਿੰਚਿੰਗ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੇ

    • ਲੇਖਕ, ਅਵਿਅਕਤ
    • ਰੋਲ, ਬੀਬੀਸੀ ਦੇ ਲਈ

ਸਾਲ 2007 ਵਿੱਚ ਓਪਰਾ ਵਿਨਫਰੀ ਨਿਰਮਿਤ ਅਤੇ ਅਕੈਡਮੀ ਅਵਾਰਡ ਜੇਤੂ ਡਾਇਰੈਕਟਰ ਡੇਂਜ਼ਲ ਵਾਸ਼ਿੰਗਟਨ ਦੀ ਪ੍ਰਸਿੱਧ ਅਮਰੀਕੀ ਫ਼ਿਲਮ 'ਦਿ ਗ੍ਰੇਟ ਡਿਬੇਟਰਜ਼' ਯਾਦ ਆਉਂਦੀ ਹੈ।

ਇਸ ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਕਾਲੇ ਲੋਕਾਂ ਦੇ ਇੱਕ ਕਾਲਜ ਦੀ ਟੀਮ ਨੇ 1930 ਦੇ ਦਹਾਕੇ ਵਿੱਚ ਹਾਰਵਰਡ ਯੂਨਿਵਰਸਟੀ ਦੇ ਗੋਰੇ ਘਮੰਡੀ ਡਿਬੇਟਰਾਂ ਦੀ ਟੀਮ ਨੂੰ ਇੱਕ ਵਿਚਾਰਕ ਬਹਿਸ ਵਿੱਚ ਹਰਾਇਆ ਸੀ।

ਪਰ ਤੁਸੀਂ ਸੋਚ ਰਹੇ ਹੋਵੋਗੇ ਕਿ ਗਾਂਧੀ ਅਤੇ ਭੀੜ ਦੀ ਹਿੰਸਾ ਦੇ ਵਿਸ਼ੇ ਵਿੱਚ ਇਹ ਫ਼ਿਲਮ ਇੱਥੇ ਢੁੱਕਦੀ ਕਿਉਂ ਹੈ?

ਉਹ ਇਸ ਲਈ ਕਿਉਂਕਿ ਇਸ ਫ਼ਿਲਮ ਵਿੱਚ ਅਮਰੀਕਾ ਦੇ ਦੱਖਣੀ ਰਾਜਾਂ ਵਿੱਚ ਗੋਰੇ ਅਮਰੀਕੀਆਂ ਦੀ ਭੀੜ ਵਲੋਂ ਕਾਲੇ ਅਫ਼ਰੀਕੀ ਅਮਰੀਕੀਆਂ ਦੇ ਕੀਤੇ ਜਾਣ ਵਾਲੇ ਕਤਲਾਂ ਜਾਂ ਲਿੰਚਿੰਗ ਦਾ ਚਿਤਰਣ ਕੀਤਾ ਗਿਆ ਸੀ।

ਲਿੰਚਿੰਗ ਦੇ ਮਾੜੇ ਵਿਸ਼ੇ ਦੇ ਸਾਏ ਹੇਠ ਗੋਰਿਆਂ ਦੇ ਜ਼ੁਲਮਾਂ ਨਾਲ ਪੀੜਤ ਹਾਰਵਰਡ ਦੇ ਡਿਬੇਟਰਾਂ ਨੂੰ ਹਰਾ ਕੇ ਉਨ੍ਹਾਂ ਦੇ ਮਨੁੱਖੀ ਤਾਲੀਮ ਦੇ ਲਈ ਕਾਲੇ ਡਿਬੇਟਰ ਵਾਰ-ਵਾਰ ਮਹਾਤਮਾ ਗਾਂਧੀ ਦੇ ਨਾਮ ਅਤੇ ਵਿਚਾਰਾਂ ਦਾ ਸਹਾਰਾ ਲੈਂਦੇ ਹਨ।

ਇਹ ਵੀ ਪੜ੍ਹੋ:

ਕਾਲੇ ਲੋਕਾਂ ਨੂੰ ਜ਼ਿੰਦਾ ਸਾੜੇ ਜਾਣ ਨਾਲ ਜੁੜੀ ਚਿੱਠੀ

ਇਸ ਤਰ੍ਹਾਂ ਪੂਰੀ ਫ਼ਿਲਮ ਵਿੱਚ 9 ਵਾਰ ਲਿੰਚਿੰਗ ਦਾ, 11 ਵਾਰ ਗਾਂਧੀ ਦਾ ਨਾਮ ਲਿਆ ਜਾਂਦਾ ਹੈ। ਯਾਦ ਰਹੇ ਕਿ ਉਸ ਦੌਰ ਵਿੱਚ ਮਹਾਤਮਾ ਗਾਂਧੀ ਇੱਥੇ ਭਾਰਤ ਵਿੱਚ ਵੀ ਅਜਿਹੇ ਹੀ ਮਨੁੱਖੀਵਾਦੀ ਸਵਾਲਾਂ 'ਤੇ ਭਾਰਤੀਆਂ ਅਤੇ ਬ੍ਰਿਟਿਸ਼ਾਂ ਦਾ ਇਕੱਠੇ ਸਾਹਮਣਾ ਕਰ ਰਹੇ ਸਨ।

1931 ਵਿੱਚ ਹੀ ਕਿਸੇ ਨੇ ਮਹਾਤਮਾ ਗਾਂਧੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਅਮਰੀਕਾ 'ਚ ਕਿਸੇ ਕਾਲੇ ਨੂੰ ਭੀੜ ਵੱਲੋਂ ਜ਼ਿੰਦਾ ਸਾੜਨ ਨਾਲ ਸਬਧੰਤ 'ਲਿਟਰੇਰੀ ਡਾਇਜੈਸਟਰ' ਵਿੱਚ ਲੁਕੇ ਸਮਾਚਾਰ ਦੀ ਕਟਿੰਗ ਵੀ ਖੋਲ੍ਹਿਆ ਸੀ।

ਲੇਖਕ ਨੇ ਗਾਂਧੀ ਨੂੰ ਕਿਹਾ ਕਿ ਜਦੋਂ ਕੋਈ ਅਮਰੀਕੀ ਗੈਸਟ ਜਾਂ ਭੇਂਟਕਰਤਾ ਤੁਹਾਨੂੰ ਮਿਲਣ ਆਏ ਤਾਂ ਤੁਹਾਡੇ ਤੋਂ ਆਪਣੇ ਦੇਸ ਲਈ ਸੰਦੇਸ਼ ਮੰਗੇ ਤਾਂ ਤੁਸੀਂ ਉਸ ਨੂੰ ਇਹੀ ਸੰਦੇਸ਼ ਦਿਓ ਕਿ ਉਹ ਉੱਥੇ ਭੀੜ ਵੱਲੋਂ ਕਾਲੇ ਲੋਕਾਂ ਦੇ ਕੀਤੇ ਜਾਣ ਵਾਲੇ ਕਤਲ ਬੰਦ ਕਰਵਾਏ।

14 ਮਈ, 1931 ਨੂੰ ਮਹਾਤਮਾ ਗਾਂਧੀ ਨੇ ਇਸਦੇ ਜਵਾਬ ਵਿੱਚ 'ਯੰਗ ਇੰਡੀਆ' ਵਿੱਚ ਲਿਖਿਆ, "ਅਜਿਹੀਆਂ ਘਟਨਾਵਾਂ ਨੂੰ ਪੜ੍ਹ ਕੇ ਦਿਲ ਨਿਰਾਸ਼ਾ ਨਾਲ ਭਰ ਜਾਂਦਾ ਹੈ।"

"ਪਰ ਮੈਨੂੰ ਇਸ ਗੱਲ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਹੈ ਕਿ ਅਮਰੀਕੀ ਜਨਤਾ ਇਸ ਬੁਰਾਈ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਜਾਗਰੂਕ ਹੈ ਅਤੇ ਅਮਰੀਕੀ ਜਨ-ਜੀਵਨ ਦੇ ਇਸ ਕਲੰਕ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ।''

ਲਿੰਚ-ਨਿਆਂ

ਅੱਜ ਦਾ ਅਮਰੀਕੀ ਸਮਾਜ ਬਹੁਤ ਹੱਦ ਤੱਕ ਉਸ ਭੀੜ-ਹਿੰਸਾ ਤੋਂ ਸੱਚਮੁੱਚ ਮੁਕਤ ਹੋ ਚੁੱਕਿਆ ਹੈ, ਜਿਸਦਾ ਨਾਮ ਹੀ ਲਿੰਚ-ਨਿਆਂ ਇੱਕ ਅਮਰੀਕੀ ਕੈਪਟਨ ਵਿਲੀਅਮ ਲਿੰਚ ਦੇ ਵਰਤਾਰੇ ਕਰਕੇ ਪਿਆ ਸੀ।

ਪਰ ਉਸ ਤੋਂ 90 ਸਾਲ ਬਾਅਦ ਅੱਜ ਕੀ ਬਦਕਿਸਮਤੀ ਹੈ ਕਿ ਅਸੀਂ ਭਾਰਤ ਵਿੱਚ ਭੀੜ ਤੋਂ ਹੱਤਿਆਵਾਂ ਦੀਆਂ ਅਜਿਹੀਆਂ ਹੀ ਘਟਨਾਵਾਂ 'ਤੇ ਚਰਚਾ ਕਰ ਹਹੇ ਹਾਂ ਅਤੇ ਸਾਨੂੰ ਮੁੜ ਤੋਂ ਗਾਂਧੀ ਯਾਦ ਆ ਰਹੇ ਹਨ।

ਕੀ ਸੰਜੋਗ ਹੈ ਕਿ 1931 ਤੋਂ 34 ਸਾਲ ਪਹਿਲਾਂ 13 ਜਨਵਰੀ, 1897 ਨੂੰ ਖ਼ੁਦ ਗਾਂਧੀ ਹੀ ਭੀੜ ਦੇ ਹੱਥੋਂ ਮਾਰੇ ਜਾਣ ਤੋਂ ਕਿਸੇ ਤਰ੍ਹਾਂ ਬਚਾਏ ਜਾ ਸਕੇ ਸੀ।

ਦੱਖਣੀ ਅਫਰੀਤਾ ਦੇ ਡਰਬਨ ਸ਼ਹਿਰ ਵਿੱਚ ਲਗਭਗ 6000 ਅੰਗਰੇਜ਼ਾਂ ਦੀ ਹਮਲਾਵਾਰ ਭੀੜ ਨੇ ਮਹਾਤਮਾ ਗਾਂਧੀ ਨੂੰ ਘੇਰ ਲਿਆ ਸੀ।

ਉਹ ਭੀੜ ਆਪਣੇ ਲੀਡਰ ਵੱਲੋਂ ਇਸ ਤਰ੍ਹਾਂ ਹਮਲਾਵਾਰ ਕਰ ਦਿੱਤੀ ਗਈ ਸੀ ਕਿ ਉਹ ਗਾਂਧੀ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਚਾਹੁੰਦਾ ਸੀ।

ਮਹਾਤਮਾ ਗਾਂਧੀ ਨੇ ਆਪਣੀ ਸਵੈ-ਜੀਵਨੀ ਅਤੇ ਹੋਰ ਮੌਕਿਆਂ 'ਤੇ ਵੀ ਇਸਦਾ ਵਿਸਥਾਰ ਵਿੱਚ ਵਰਨਣ ਕੀਤਾ ਹੈ।

'ਗਾਂਧੀ ਨੂੰ ਸਾਨੂੰ ਸੌਂਪ ਦਿਓ'

ਪਹਿਲਾਂ ਤਾਂ ਭੀੜ ਨੇ ਗਾਂਧੀ 'ਤੇ ਪੱਥਰ ਅਤੇ ਸੜੇ ਹੋਏ ਆਂਡੇ ਸੁੱਟੇ। ਫਿਰ ਕਿਸੇ ਨੇ ਉਨ੍ਹਾਂ ਦੀ ਪੱਗੜੀ ਲਾਹ ਦਿੱਤੀ। ਉਸ ਤੋਂ ਬਾਅਦ ਲੱਤਾਂ ਅਤੇ ਮੁੱਕੇ ਮਾਰੇ।

ਗਾਂਧੀ ਲਗਭਗ ਬੇਹੋਸ਼ ਹੋ ਕੇ ਡਿੱਗ ਚੁੱਕੇ ਸਨ। ਉਦੋਂ ਹੀ ਕਿਸੇ ਅੰਗ੍ਰੇਜ਼ ਔਰਤ ਨੇ ਉਨ੍ਹਾਂ ਦੀ ਜਾਨ ਬਚਾਈ।

ਫਿਰ ਪੁਲਿਸ ਦੀ ਨਿਗਰਾਨੀ ਵਿੱਚ ਗਾਂਧੀ ਆਪਣੇ ਇੱਕ ਦੋਸਤ ਪਾਰਸੀ ਰੂਸਤਮਜੀ ਦੇ ਘਰ ਪਹੁੰਚ ਤਾਂ ਗਏ, ਪਰ ਹਜ਼ਾਰਾਂ ਦੀ ਭੀੜ ਨੇ ਆ ਕੇ ਉਸ ਘਰ ਨੂੰ ਘੇਰ ਲਿਆ।

ਲੋਕ ਉੱਚੀ-ਉੱਚੀ ਰੌਲਾ ਪਾਉਣ ਲੱਗੇ ਕਿ 'ਗਾਂਧੀ ਨੂੰ ਸਾਨੂੰ ਸੌਂਪ ਦਿਓ'। ਉਹ ਲੋਕ ਉਸ ਘਰ ਨੂੰ ਅੱਗ ਲਗਾ ਦੇਣਾ ਚਾਹੁੰਦੇ ਸਨ।

ਹੁਣ ਉਸ ਘਰ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 20 ਲੋਕਾਂ ਦੀ ਜਾਨ ਦਾਅ 'ਤੇ ਲੱਗੀ ਹੋਈ ਸੀ।

ਉੱਥੋਂ ਦੇ ਪੁਲਿਸ ਸੁਪਰੀਟੈਂਡੇਂਟ ਅਲੈਗਜ਼ੇਂਡਰ ਗਾਂਧੀ ਦੇ ਸ਼ੁਭਚਿੰਤਕ ਸਨ ਜਦਕਿ ਉਹ ਖ਼ੁਦ ਵੀ ਇੱਕ ਅੰਗ੍ਰੇਜ਼ ਸਨ।

ਉਨ੍ਹਾਂ ਨੇ ਭੀੜ ਤੋਂ ਗਾਂਧੀ ਦੀ ਜਾਨ ਬਚਾਉਣ ਲਈ ਇੱਕ ਅਨੋਖੀ ਤਰਕੀਬ ਅਪਣਾਈ।

ਉਨ੍ਹਾਂ ਨੇ ਗਾਂਧੀ ਨੂੰ ਇੱਕ ਹਿੰਦੁਸਤਾਨੀ ਸਿਪਾਹੀ ਦੀ ਵਰਦੀ ਪੁਆ ਕੇ ਉਨ੍ਹਾਂ ਦਾ ਰੂਪ ਬਦਲਵਾ ਦਿੱਤਾ ਅਤੇ ਕਿਸੇ ਤਰ੍ਹਾਂ ਥਾਣੇ ਪਹੁੰਚਾ ਦਿੱਤਾ। ਪਰ ਦੂਜੇ ਪਾਸੇ ਭੀੜ ਨੂੰ ਰੁੱਝੇ ਰੱਖਣ ਲਈ ਖ਼ੁਦ ਭੀੜ ਤੋਂ ਇੱਕ ਹਿੰਸਕ ਗਾਣਾ ਗੁਆਉਣ ਲੱਗੇ। ਗਾਣੇ ਦੇ ਬੋਲ ਇਸ ਤਰ੍ਹਾਂ ਸਨ-

'ਹੈਂਗ ਓਲਡ ਗਾਂਧੀ

ਆਨ ਦਿ ਸਾਊਰ ਐਪਲ ਟ੍ਰੀ'

ਇਸਦਾ ਪੰਜਾਬੀ ਅਨੁਵਾਦ ਕੁਝ ਇਸ ਤਰ੍ਹਾਂ ਹੋਵੇਗਾ-

'ਚਲੋ ਅਸੀਂ ਬੁੱਢੇ ਗਾਂਧੀ ਨੂੰ ਫਾਂਸੀ 'ਤੇ ਲਟਕਾ ਦਈਏ,

ਇੰਬਲੀ ਦੇ ਉਸ ਦਰਖਤ 'ਤੇ ਫਾਂਸੀ ਲਟਕਾ ਦਈਏ'

ਮੂਰਖਾਂ ਦੀ ਭੀੜ ਨੂੰ ਬੁੱਧੀਮਾਨੀ ਨਾਲ ਸਾਂਭਿਆ

ਇਸ ਤੋਂ ਬਾਅਦ ਅਲੈਗਜ਼ੈਂਡਰ ਨੇ ਭੀੜ ਨੂੰ ਦੱਸਿਆ ਕਿ ਉਨ੍ਹਾਂ ਦਾ ਸ਼ਿਕਾਰ ਗਾਂਧੀ ਤਾਂ ਉੱਥੋਂ ਸੁਰੱਖਿਅਤ ਭੱਜ ਗਿਆ ਹੈ, ਤਾਂ ਭੀੜ ਵਿੱਚੋਂ ਕਿਸੇ ਨੂੰ ਗੁੱਸਾ ਆਇਆ, ਕੋਈ ਹੱਸਿਆ, ਤਾਂ ਬਹੁਤਿਆਂ ਨੂੰ ਉਸ ਗੱਲ 'ਤੇ ਵਿਸ਼ਵਾਸ ਨਹੀਂ ਹੋਇਆ।

ਪਰ ਭੀੜ ਦੀ ਅਗਵਾਈ ਕਰਨ ਵਾਲੇ ਨੇ ਘਰ ਦੀ ਤਲਾਸ਼ੀ ਤੋਂ ਬਾਅਦ ਜਦੋਂ ਭੀੜ ਦੇ ਸਾਹਮਣੇ ਇਸ ਖ਼ਬਰ ਦੀ ਪੁਸ਼ਟੀ ਕੀਤੀ, ਤਾਂ ਨਿਰਾਸ਼ ਹੋ ਕੇ ਮਨ ਹੀ ਮਨ ਵਿੱਚ ਗੁੱਸਾ ਹੁੰਦੇ ਹੋਏ ਉਹ ਭੀੜ ਵੱਖ ਹੋ ਗਈ।

ਗਾਂਧੀ ਦੀ ਜ਼ਿੰਦਗੀ ਨਾਲ ਜੁੜੀ ਇਸ ਸੱਚੀ ਘਟਨਾ ਵਿੱਚ ਦੋ ਗੱਲਾਂ ਧਿਆਨ ਦੇਣ ਵਾਲੀਆਂ ਹਨ। ਪਹਿਲੀ ਇਹ ਕਿ ਉਨ੍ਹਾਂ ਨੂੰ ਮਾਰਨ ਵਾਲਿਆਂ ਦੀ ਭੀੜ ਵੀ ਅੰਗ੍ਰੇਜ਼ਾਂ ਦੀ ਹੀ ਸੀ ਅਤੇ ਉਨ੍ਹਾਂ ਨੂੰ ਬਚਾਉਣ ਵਾਲੇ ਲੋਕ ਵੀ ਅੰਗ੍ਰੇਜ਼ ਹੀ ਸਨ।

ਦੂਜੀ ਗੱਲ ਇਹ ਕਿ ਅੰਗ੍ਰੇਜ਼ ਪੁਲਿਸ ਅਧਿਕਾਰੀ ਨੇ ਭੀੜ ਦੀ ਹਿੰਸਕ ਮਾਨਸਿਕਤਾ ਨੂੰ ਪਛਾਣਦੇ ਹੋਏ ਇੱਕ ਮਨੋਵਿਗਿਆਨੀ ਦੀ ਤਰ੍ਹਾਂ ਗਾਂਧੀ ਨੂੰ ਫਾਂਸੀ 'ਤੇ ਲਟਕਾਉਣ ਵਾਲਾ ਉਹ ਹਿੰਸਕ ਗਾਣਾ ਗੁਆਇਆ ਤਾਂ ਜੋ ਹਿੰਸਾ ਦਾ ਉਹ ਮਾਮਲਾ ਮਨੋਰੰਜਕ ਤਰੀਕੇ ਨਾਲ ਉਨ੍ਹਾਂ ਦੇ ਦਿਲ-ਦਿਮਾਗ ਵਿੱਚੋਂ ਫੁੱਟ ਕੇ ਵਹਿ ਨਿਕਲੇ।

ਉਸ ਨੇ ਦਿਖਾਇਆ ਕਿ ਮੂਰਖਾਂ ਦੀ ਭੀੜ ਨੂੰ ਵੀ ਬੁੱਧੀਮਾਨੀ ਨਾਲ ਸੰਭਾਲਿਆ ਜਾ ਸਕਦਾ ਹੈ ਅਤੇ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ:

ਸਵੈਮਸੇਵਕਾਂ ਦੀਆਂ ਹੁੱਲੜਬਾਜ਼ੀਆਂ

ਇਸ ਘਟਨਾ ਤੋਂ ਲਗਭਗ 22 ਸਾਲ ਬਾਅਦ 10 ਅਪ੍ਰੈਲ, 1919 ਨੂੰ ਇਹ ਖ਼ਬਰ ਫੈਲਣ ਤੋਂ ਬਾਅਦ ਕਿ ਗਾਂਧੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।

ਅਹਿਮਦਾਬਾਦ ਦੀ ਇੱਕ ਹਿੰਸਕ ਭੀੜ ਨੇ ਪੂਰੇ ਸ਼ਹਿਰ ਵਿੱਚ ਦੰਗੇ ਅਤੇ ਅੱਗਜਨੀ ਦੇ ਦੌਰਾਨ ਇੱਕ ਅੰਗ੍ਰੇਜ਼ ਨੂੰ ਮਾਰ ਦਿੱਤਾ ਅਤੇ ਕਈ ਅੰਗ੍ਰੇਜ਼ਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਅਤੇ ਅਪਾਹਜ ਕਰ ਦਿੱਤਾ।

ਭੀੜ ਦੇ ਗੁੱਸੇ ਦਾ ਕਾਰਨ ਇਹ ਅਫ਼ਵਾਹ ਵੀ ਸੀ ਕਿ ਗਾਂਧੀ ਦੇ ਨਾਲ-ਨਾਲ ਅਨੁਸੂਆਬੇਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਗਾਂਧੀ ਨੇ ਜਦੋਂ ਇਹ ਸੁਣਿਆ ਤਾਂ ਉਹ ਉੱਚੀ-ਉੱਚੀ ਰੋਣ ਲੱਗੇ। ਜਿਸ ਗਾਂਧੀ ਨੇ ਆਪਣੇ ਨਾਲ ਡਰਬਨ ਵਿੱਚ ਹੋਈ ਭੀੜ ਦੀ ਹਿੰਸਾ ਤੋਂ ਬਾਅਦ ਪੁਲਿਸ ਵਿੱਚ ਰਿਪੋਰਟ ਤੱਕ ਲਿਖਵਾਉਣ ਤੋਂ ਇਨਕਾਰ ਕਰ ਦਿੱਤਾ ਸੀ, ਉਸੇ ਦੀ ਗਿਰਫ਼ਤਾਰੀ 'ਤੇ ਭਾਰਤੀਆਂ ਦੀ ਹਿੰਸਕ ਭੀੜ ਨੇ ਕਿਸੇ ਬੇਗ਼ੁਨਾਹ ਅੰਗ੍ਰੇਜ਼ ਨੂੰ ਮਾਰ ਦਿੱਤਾ ਸੀ।

ਇਸ ਲਈ ਭੀੜ ਦੀ ਇਸ ਮਾਨਸਿਕਤਾ ਨੂੰ ਗਾਂਧੀ ਨੇ ਇਕਦਮ ਤਟਸਥ ਤਰੀਕੇ ਨਾਲ ਸਮਝਣਾ ਸ਼ੁਰੂ ਕੀਤਾ।

ਗਾਂਧੀ ਜੀ ਨੇ ਜਨਤਕ ਪ੍ਰਦਰਸ਼ਨਾਂ ਦੌਰਾਨ ਵੀ ਸਵੈਮਸੇਵਕਾਂ ਦੀਆਂ ਹੁੱਲੜਬਾਜ਼ੀਆਂ ਵੇਖੀਆਂ ਸਨ। ਉਨ੍ਹਾਂ ਦੀਆਂ ਸਭਾਵਾਂ ਵਿੱਚ ਬੇਕਾਬੂ ਭੀੜ ਦਾ ਹੰਗਾਮਾ ਆਮ ਗੱਲ ਸੀ।

ਇਸ ਲਈ ਹਾਰ ਕੇ ਉਨ੍ਹਾਂ ਨੇ 8 ਸਤੰਬਰ, 1920 ਨੂੰ ਯੰਗ ਇੰਡੀਆ ਵਿੱਚ ਇੱਕ ਲੇਖ ਲਿਖਿਆ ਜਿਸਦਾ ਟਾਈਟਲ ਸੀ - 'ਲੋਕਸ਼ਾਹੀ ਬਨਾਮ ਭੀੜਸ਼ਾਹੀ'।

ਉਨ੍ਹਾਂ ਨੇ ਲਿਖਿਆ, "ਅੱਜ ਭਾਰਤ ਬੜੀ ਤੇਜ਼ੀ ਨਾਲ ਭੀੜਸ਼ਾਹੀ ਦੇ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਇੱਥੇ ਮੈਂ ਜਿਸ ਕਿਰਿਆ ਵਿਸ਼ੇਸ਼ਣ ਦੀ ਵਰਤੋਂ ਕੀਤੀ ਹੈ, ਉਹ ਮੇਰੀ ਆਸ਼ਾ ਦਾ ਸੰਕੇਤ ਹੈ।"

"ਮਾੜੀ ਕਿਸਮਤ ਨਾਲ ਅਜਿਹਾ ਵੀ ਹੋ ਸਕਦਾ ਹੈ ਕਿ ਸਾਨੂੰ ਇਸ ਹਾਲਾਤ ਤੋਂ ਬਹੁਤੀ ਹੌਲੀ-ਹੌਲੀ ਛੁਟਕਾਰਾ ਮਿਲੇਗਾ। ਪਰ ਸਮਝਦਾਰੀ ਇਸੇ ਵਿੱਚ ਹੀ ਹੈ ਕਿ ਹਰ ਸੰਭਵ ਉਪਾਅ ਦਾ ਸਹਾਰਾ ਲੈ ਕੇ ਇਸ ਹਾਲਾਤ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾ ਲਈਏ।''

'ਭੀੜ ਦੀ ਮਨਮਾਨੀ ਰਾਸ਼ਟਰੀ ਬਿਮਾਰੀ ਦਾ ਲੱਛਣ'

ਮਹਾਤਮਾ ਗਾਂਧੀ ਨੇ ਸਮੂਹਿਕ ਹਿੰਸਾ ਦੇ ਦੋ ਰੂਪ ਪਛਾਣੇ ਸਨ- ਪਹਿਲੀ, ਸਰਕਾਰ ਦੀ ਹਿੰਸਾ ਅਤੇ ਦੂਜੀ ਭੀੜ ਦੀ ਹਿੰਸਾ। 23 ਫਰਵਰੀ, 1921 ਨੂੰ ਯੰਗ ਇੰਡੀਆ ਵਿੱਚ ਗਾਂਧੀ ਲਿਖਦੇ ਹਨ-

"ਸਰਕਾਰੀ ਅੱਤਵਾਦ ਦੀ ਤੁਲਨਾ ਵਿੱਚ ਜਨਤਾ (ਭੀੜ) ਦਾ ਅੱਤਵਾਦ ਲੋਕੰਤਤਰ ਦੀ ਭਾਵਨਾ ਦੇ ਪ੍ਰਸਾਰ ਵਿੱਚ ਵੱਡੀ ਰੁਕਾਵਟ ਹੁੰਦਾ ਹੈ ਕਿਉਂਕਿ ਸਰਕਾਰੀ ਅੱਤਵਾਦ (ਵਰਗੇ ਡਾਇਰਵਾਦ) ਤੋਂ ਲੋਕਤੰਤਰ ਦੀ ਭਾਵਨਾ ਨੂੰ ਬਲ ਮਿਲਦਾ ਹੈ ਜਦਕਿ ਜਨਤਾ (ਭੀੜ) ਦਾ ਅੱਤਵਾਦ ਲੋਕਤੰਤਰ ਦਾ ਹਨਨ ਕਰਦਾ ਹੈ।"

ਇਸ ਤੋਂ ਪਹਿਲਾਂ ਵੀ 28 ਜੁਲਾਈ, 1920 ਨੂੰ ਯੰਗ ਇੰਡੀਆ ਵਿੱਚ ਗਾਂਧੀ ਨੇ ਲਿਖਿਆ ਸੀ, "ਮੈਂ ਖ਼ੁਦ ਵੀ ਸਰਕਾਰ ਦੇ ਪਾਗਲਪਨ ਅਤੇ ਨਾਰਾਜ਼ਗੀ ਦੀ ਓਨੀ ਪਰਵਾਹ ਨਹੀਂ ਕਰਦਾ ਜਿੰਨੀ ਭੀੜ ਦੇ ਗੁੱਸੇ ਦੀ।"

"ਭੀੜ ਦੀ ਮਨਮਾਨੀ ਰਾਸ਼ਟਰੀ ਬਿਮਾਰੀ ਦਾ ਲੱਛਣ ਹੈ। ਸਰਕਾਰ ਤਾਂ ਆਖ਼ਰਕਾਰ ਇੱਕ ਛੋਟਾ ਜਿਹਾ ਸੰਗਠਨ ਹੈ। ਜਿਸ ਸਰਕਾਰ ਨੇ ਆਪਣੇ ਆਪ ਨੂੰ ਸ਼ਾਸਨ ਲਈ ਆਯੋਗ ਸਿੱਧ ਕਰ ਦਿੱਤਾ ਹੋਵੇ, ਉਸ ਨੂੰ ਪੁੱਟਣਾ ਸੌਖਾ ਹੈ, ਪਰ ਕਿਸੇ ਭੀੜ ਵਿੱਚ ਸ਼ਾਮਲ ਅਣਜਾਣ ਲੋਕਾਂ ਦੇ ਪਾਗਲਪਨ ਦਾ ਇਲਾਜ ਜ਼ਿਆਦਾ ਔਖਾ ਹੈ।''

ਹਾਲਾਂਕਿ ਸਤੰਬਰ 1920 ਵਾਲੇ ਲੇਖ ਵਿੱਚ ਗਾਂਧੀ ਨੇ ਆਪਣੇ ਵਿਚਾਰ 'ਤੇ ਪੁਨਰਵਿਚਾਰ ਕਰਦੇ ਹੋਏ ਲਿਖਿਆ, "ਮੇਰੇ ਸਬਰ ਦਾ ਕਾਰਨ ਇਹ ਹੈ ਕਿ ਭੀੜ ਨੂੰ ਸਿਖਾਉਣ ਤੋਂ ਜ਼ਿਆਦਾ ਸੌਖਾ ਕੰਮ ਕੋਈ ਨਹੀਂ ਹੈ। ਕਾਰਨ ਸਿਰਫ਼ ਐਨਾ ਹੈ ਕਿ ਭੀੜ ਵਿਚਾਰਸ਼ੀਲ ਨਹੀਂ ਹੁੰਦੀ।"

"ਉਹ ਤਾਂ ਜਜ਼ਬਾਤਾਂ ਵਿੱਚ ਵਹਿ ਕੇ ਕੋਈ ਕੰਮ ਕਰ ਦਿੰਦੀ ਹੈ ਅਤੇ ਛੇਤੀ ਹੀ ਪਛਤਾਵਾ ਵੀ ਕਰਨ ਲਗਦੀ ਹੈ। ਜਦਕਿ ਸਾਡੀ ਸੰਗਠਿਤ ਸਰਕਾਰ ਪਛਤਾਵਾ ਨਹੀਂ ਕਰਦੀ- ਜਲ੍ਹਿਆਂਵਾਲਾ, ਲਾਹੌਰ, ਕਸੂਰ, ਅਕਾਲਗੜ੍ਹ, ਰਾਮਨਗਰ ਆਦਿ ਥਾਵਾਂ 'ਤੇ ਕੀਤੇ ਗਏ ਆਪਣੇ ਜੁਰਮਾਂ ਲਈ ਪਛਤਾਵਾ ਨਹੀਂ ਕਰਦੀ। ਪਰ ਗੁਜਰਾਂਵਾਲਾ ਦੀ ਪਛਤਾਵਾ ਕਰਦੀ ਭੀੜ ਦੀਆਂ ਅੱਖਾਂ ਵਿੱਚ ਮੈਂ ਅੱਥਰੂ ਲਿਆ ਦਿੱਤੇ ਹਨ। ਹੋਰ ਵੀ ਮੈਂ ਜਿੱਥੇ ਗਿਆ ਅਪ੍ਰੈਲ ਦੀ ਉਸ ਘਟਨਾ ਵਾਲੇ ਮਹੀਨੇ ਵਿੱਚ ਭੀੜ 'ਚ ਸ਼ਾਮਲ ਹੋ ਕੇ ਸ਼ਰਾਰਤ ਕਰਨ ਵਾਲੇ (ਅੰਮ੍ਰਿਤਸਰ ਅਤੇ ਅਹਿਮਦਾਬਾਦ ਵਿੱਚ ਭੀੜ ਵੱਲੋਂ ਦੰਗਾ ਅਤੇ ਅੰਗ੍ਰੇਜ਼ਾਂ ਦਾ ਕਤਲ ਕਰਨ ਵਾਲੇ ਲੋਕਾਂ ਤੋਂ ਮੈਂ ਸ਼ਰੇਆਮ ਪਛਚਾਤਾਪ ਕਰਵਾਇਆ ਹੈ)।"

ਇਹ ਵੀ ਪੜ੍ਹੋ:

ਦਲੀਲ ਦਿੱਤੀ ਜਾ ਸਕਦੀ ਹੈ ਕਿ ਹੁਣ ਸਾਡੇ ਵਿੱਚ ਗਾਂਧੀ ਵਰਗੇ ਲੋਕ ਨਹੀਂ ਹਨ ਜੋ ਕਿਸੇ ਵੀ ਭੀੜ ਨੂੰ ਆਪਣੀ ਨੈਤਿਕ ਆਵਾਜ਼ ਤੋਂ ਕਾਬੂ ਕਰਨ ਦੀ ਸਮਰੱਥਾ ਰੱਖਦੇ ਹਨ।

ਸਾਡੇ ਵਿਚਾਲੇ ਨਹਿਰੂ ਵਰਗੇ ਲੋਤ ਨਹੀਂ ਹਨ ਜੋ ਸੰਭਾਵਿਤ ਦੰਗਾਈਆਂ ਦੀ ਭੀੜ ਵਿੱਚ ਇਕੱਲੇ ਛਾਲ ਮਾਰ ਦੇਣਗੇ। ਸਾਡੇ ਵਿਚਾਲੇ ਲੋਹੀਆ ਵਰਗੇ ਲੋਕ ਨਹੀਂ ਹਨ ਜੋ ਇੱਕ ਮੁਸਲਮਾਨ ਨੂੰ ਬਚਾਉਣ ਲਈ ਦਿੱਲੀ ਵਿੱਚ ਭੀੜ ਨਾਲ ਇਕੱਲੇ ਟੱਕਰਾ ਜਾਣਗੇ।

22 ਸਤੰਬਰ 1920 ਨੂੰ ਗਾਂਧੀ ਨੇ 'ਯੰਗ ਇੰਡੀਆ' ਵਿੱਚ ਲਿਖਿਆ ਸੀ, "ਸਿਰਫ਼ ਥੋੜ੍ਹੇ ਜਿਹੇ ਸਮਝਦਾਰ ਵਰਕਰਾਂ ਦੀ ਲੋੜ ਹੈ। ਉਹ ਮਿਲ ਜਾਣ ਤਾਂ ਸਾਰੇ ਰਾਸ਼ਟਰ ਨੂੰ ਸਮਝਦਾਰੀ ਨਾਲ ਕੰਮ ਕਰਵਾਉਣ ਲਈ ਸੰਗਠਿਤ ਕੀਤਾ ਜਾ ਸਕਦਾ ਹੈ ਅਤੇ ਭੀੜ ਦੀ ਵਿਰੋਧਤਾ ਦੀ ਥਾਂ ਲੋਕਤੰਤਰ ਦਾ ਵਿਕਾਸ ਕੀਤਾ ਜਾ ਸਕਦਾ ਹੈ।''

ਬਸ ਇੱਕ ਦਿੱਕਤ ਹੈ ਕਿ ਖ਼ੁਦ ਸਰਕਾਰਾਂ ਅਜਿਹੇ ਵਰਕਰਾਂ ਨੂੰ ਹੀ ਦੇਸ਼ਧ੍ਰੋਹੀ ਕਹਿ ਕੇ ਉਨ੍ਹਾਂ 'ਤੇ ਝੂਠੇ ਮੁਕੱਦਮੇ ਨਾ ਕਰਨ ਲੱਗਣ ਜਾਂ ਆਪਣੇ ਛਲ-ਬਲ-ਕਲ ਨਾਲ ਡਰਾਉਣ ਨਾ ਲੱਗਣ। ਦੂਜੇ ਪਾਸੇ ਅਜਿਹੇ ਵਰਕਰਾਂ ਨੂੰ ਵੀ ਆਪਣੇ ਵਿਹਾਰ ਨਾਲ ਵਿਆਪਕ ਸਮਾਜ ਦਾ ਭਰੋਸਾ ਜਿੱਤਣਾ ਹੋਵੇਗਾ।

'ਦਿ ਕੁਇੰਟ' ਦੀ ਇੱਕ ਰਿਪੋਰਟ ਮੁਤਾਬਕ 2015 ਤੋਂ ਹੁਣ ਤੱਕ ਭਾਰਤ ਵਿੱਚ 9 ਲੋਕਾਂ ਦਾ ਕਤਲ ਭੀੜ ਨੇ ਕੀਤਾ। ਮ੍ਰਿਤਕਾਂ ਵਿੱਚ ਹਾਲਾਂਕਿ ਸਾਰੇ ਧਰਮਾਂ, ਜਾਤੀਆਂ ਦੇ ਲੋਕ ਸ਼ਾਮਲ ਹਨ।

ਜਿਸ ਅਮਰੀਕਾ ਵਿੱਚ ਸ਼ੁਰੂਆਤ 'ਚ ਸਿਰਫ਼ ਕਾਲੇ ਅਫਰੀਕੀ ਅਮਰੀਕੀ ਹੀ ਭੀੜ ਦੀ ਹਿੰਸਾ ਦੇ ਸ਼ਿਕਾਰ ਹੋਏ, ਉਹ ਬਾਅਦ ਵਿੱਚ ਇੱਕ ਸਮਾਜਿਕ ਵਿਹਾਰ ਬਣ ਗਿਆ ਅਤੇ ਗੋਰੇ ਅਮਰੀਕੀ ਵੀ ਇਸਦਾ ਸ਼ਿਕਾਰ ਹੋਣ ਲੱਗੇ।

ਅਮਰੀਕਾ ਸਥਿਤ 'ਨੈਸ਼ਨਲ ਐਸੋਸੀਏਸ਼ਨ ਫਾਰ ਦਿ ਐਡਵਾਨਸਮੈਂਟ ਆਫ਼ ਕਲਰਡ ਪੀਪੁਲ' ਦੇ ਇੱਕ ਅੰਕੜੇ ਮੁਤਾਬਕ ਸਾਲ 1882 ਤੋਂ 1968 ਤੱਕ ਅਮਰੀਕਾ ਵਿੱਚ 4743 ਲੋਕਾਂ ਦਾ ਕਤਲ ਭੀੜ ਵੱਲੋਂ ਕੀਤਾ ਗਿਆ।

ਪਰ ਲਿੰਚਿੰਗ ਦੇ ਸ਼ਿਕਾਰ ਲੋਕਾਂ ਵਿੱਚ ਜਿੱਥੇ 3,446 ਕਾਲੇ ਅਫਰੀਕੀ ਅਮਰੀਕੀ ਸਨ, ਉੱਥੇ ਹੀ 1,297 ਗੋਰੇ ਲੋਕ ਵੀ ਸਨ।

ਅੱਜ ਦਾ 'ਨਿਊ ਇੰਡੀਆ'

ਮਹਾਤਮਾ ਗਾਂਧੀ ਨੇ ਜਦੋਂ ਚੋਰੀ-ਚੋਰਾ ਦੀ ਭੀੜ ਹਿੰਸਾ (ਜਿਸ ਵਿੱਚ 22 ਪੁਲਿਸ ਕਰਮੀਆਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ) ਤੋਂ ਬਾਅਦ ਅਸਹਿਯੋਗ ਅੰਦੋਲਨ ਵਰਗੇ ਸਫਲ ਅੰਦੋਲਨ ਨੂੰ ਵੀ ਤੁਰੰਤ ਰੋਕ ਦਿੱਤਾ ਸੀ, ਤਾਂ ਚੰਗੇ-ਚੰਗੇ ਸਮਝਦਾਰ ਲੋਕਾਂ ਨੇ ਵੀ ਉਨ੍ਹਾਂ ਦੀ ਆਲੋਚਨਾ ਕੀਤੀ।

ਪਰ ਗਾਂਧੀ ਜਾਣਦੇ ਸਨ ਕਿ ਭੀੜ ਹਿੰਸਾ ਭਾਵੇਂ ਕਿਸੇ ਵੀ ਹਾਲਾਤ ਵਿੱਚ ਜਾਂ ਕਿਸੇ ਵੀ ਉਦੇਸ਼ ਨਾਲ ਕੀਤੀ ਗਈ ਹੋਵੇ ਉਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਸਦਾ ਅਸਰ ਸਮਾਜ ਵਿੱਚ ਭੀੜ-ਨਿਆਂ ਨੂੰ ਕਾਨੂੰਨੀ ਤੌਰ 'ਤੇ ਸਥਾਪਿਤ ਕਰਨ ਦੇ ਰੂਪ ਵਿੱਚ ਹੀ ਹੁੰਦਾ ਹੈ।

ਇੱਕ ਅੱਜ ਦਾ ਨਿਊ ਇੰਡੀਆ ਹੈ ਜਿੱਥੇ ਕੋਈ ਗਊ ਰੱਖਿਆ ਦੇ ਨਾਮ 'ਤੇ ਤਾਂ ਕੋਈ ਹੋਰ ਸਮਾਜਿਕ, ਸਿਆਸੀ ਅਤੇ ਫਿਰਕੂ ਰੂਪ ਵਿੱਚ ਭੀੜ ਹਿੰਸਾ ਨੂੰ ਅੰਜਾਮ ਦੇ ਰਿਹਾ ਹੈ।

ਦੇਸ ਦਾ ਨੌਜਵਾਨ ਬੇਰੁਜ਼ਗਾਰੀ, ਨਿਰਾਸ਼ਾ ਅਤੇ ਜ਼ੇਨੋਫੋਬੀਆ ਦਾ ਇਸ ਤਰ੍ਹਾਂ ਸ਼ਿਕਾਰ ਹੋ ਗਿਆ ਹੈ ਕਿ ਵੱਟਸਐਪ 'ਤੇ ਫੈਲਾਈ ਗਈ ਝੂਠੀਆਂ ਅਫਵਾਹਾਂ ਨੂੰ ਸੱਚ ਸਮਝ ਕੇ ਭੀੜ ਹਿੰਸਾ ਕਰ ਰਿਹਾ ਹੈ।

ਇੱਕ ਰਿਪੋਰਟ ਦੇ ਮੁਤਾਬਕ 1 ਜਨਵਰੀ 2017 ਤੋਂ ਪੰਜ ਜੁਲਾਈ 2018 ਵਿਚਾਲੇ 69 ਦਰਜ ਮਾਮਲਿਆਂ ਵਿੱਚ ਸਿਰਫ਼ ਬੱਚਾ-ਚੋਰੀ ਦੀ ਅਫਵਾਹ ਕਾਰਨ 33 ਲੋਕ ਭੀੜ ਹੱਥੋਂ ਮਾਰੇ ਜਾ ਚੁੱਕੇ ਹਨ ਅਤੇ 99 ਲੋਕ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕੀਤੇ ਜਾ ਚੁੱਕੇ ਹਨ।

ਗਾਂਧੀ ਨੇ ਇਸ ਨੂੰ ਰਾਸ਼ਟਰੀ ਬਿਮਾਰੀ ਕਿਹਾ ਅਤੇ ਇਸਦਾ ਕੋਈ ਇਲਾਜ ਕਰਨ ਦੀ ਥਾਂ ਸਥਾਨਕ ਪ੍ਰਸ਼ਾਸਕਾਂ ਤੋਂ ਲੈ ਕੇ ਦੇਸ ਦੇ ਮੁਖੀਆ ਤੱਕ ਸਿਰਫ਼ ਜ਼ੁਬਾਨੀ ਜਮਾਖ਼ਰਚ ਨਾਲ ਕੰਮ ਚਲਾ ਰਹੇ ਹਨ।

(ਲੇਖਕ ਗਾਂਧੀ ਵਿਚਾਰਾਂ ਨੂੰ ਮੰਨਣ ਵਾਲੇ ਹਨ)

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)