ਵਿਜੇ ਮਾਲਿਆ ਲੰਡਨ ਦੀ ਅਦਾਲਤ 'ਚ ਬੋਲੇ 'ਭਾਰਤ ਦੀ ਜੇਲ੍ਹ 'ਚ ਚੂਹੇ ਅਤੇ ਕੀੜੇ-ਮਕੌੜੇ ਘੁੰਮਦੇ, ਗਰਮੀ ਵੀ ਬਹੁਤ ਹੈ'

ਲੰਡਨ ਸਥਿਤ ਰੌਇਲ ਕੋਰਟ ਆਫ ਜਸਟਿਸ ਨੇ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਉਨ੍ਹਾਂ ਦੀ ਹਵਾਲਗੀ ਦੇ ਹੁਕਮਾਂ ਖਿਲਾਫ਼ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਅਦਾਲਤ ਵਿੱਚ ਮੌਜੂਦ ਬੀਬੀਸੀ ਪੱਤਰਕਾਰ ਗਗਨ ਸਭਰਵਾਲ ਨੇ ਦੱਸਿਆ ਕਿ ਇਸਦਾ ਮਤਲਬ ਇਹ ਹੈ ਕਿ ਇਸ ਪੂਰੇ ਕੇਸ ਦੀ ਸੁਣਵਾਈ ਮੁੜ ਤੋਂ ਹੋਵੇਗੀ।

ਅਪਰੈਲ ਵਿੱਚ ਬਰਤਾਨੀਆ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਮਾਲਿਆ ਦੀ ਹਵਾਲਗੀ ਦੇ ਹੁਕਮ ਦਿੱਤੇ ਸਨ। ਇਸੇ ਹੁਕਮ ਖਿਲਾਫ ਮਾਲਿਆ ਨੇ ਪਹਿਲਾਂ ਪਹਿਲਾਂ ਲਿਖਤੀ ਅਪੀਲ ਕੀਤੀ ਸੀ ਜੋ ਅਪਰੈਲ ਵਿੱਚ ਖਾਰਿਜ ਹੋ ਗਈ ਸੀ।

ਫਿਰ ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿੱਚ ਅਪੀਲ ਪਾਈ ਸੀ ਜਿਸ 'ਤੇ ਇਹ ਫੈਸਲਾ ਆਇਆ ਹੈ।

ਬ੍ਰਿਟੇਨ ਅਤੇ ਭਾਰਤ ਦੇ ਨੁਮਾਇੰਦੇ ਇਸ ਸੁਣਵਾਈ ਵਿੱਚ ਸ਼ਾਮਲ ਨਹੀਂ ਸਨ। ਹਾਲਾਂਕਿ ਉਨ੍ਹਾਂ ਨੇ ਆਪਣਾ ਲਿਖਤ ਪੱਖ ਭੇਜ ਦਿੱਤਾ ਸੀ। ਭਾਰਤੀ ਹਾਈ ਕਮਿਸ਼ਨ ਦੇ ਕੁਝ ਅਧਿਕਾਰੀ ਹੀ ਕੋਰਟ ਵਿੱਚ ਮੌਜੂਦ ਸਨ।

ਇਸ ਵਾਰ ਵਿਜੇ ਮਾਲਿਆ ਨੇ ਪੰਜ ਬਿੰਦੂਆਂ ਨੂੰ ਅਧਾਰ ਬਣਾ ਕੇ ਅਪੀਲ ਕੀਤੀ ਸੀ। ਉਨ੍ਹਾਂ ਨੇ ਅਪੀਲ ਵਿੱਚ ਨਿਰਪੱਖ ਟ੍ਰਾਇਲ, ਉਨ੍ਹਾਂ ਖਿਲਾਫ਼ ਹੋ ਰਹੇ ਮੀਡੀਆ ਟ੍ਰਾਇਲ ਅਤੇ ਜੇਲ੍ਹ ਦੇ ਹਾਲਾਤਾਂ ਦਾ ਹਵਾਲਾ ਦਿੱਤਾ ਪਰ ਕੋਰਟ ਨੇ ਇਸ ਨੂੰ ਖਾਰਿਜ ਕਰ ਦਿੱਤਾ।

ਪਰ ਉਨ੍ਹਾਂ ਦੇ ਖਿਲਾਫ ਪਹਿਲੀ ਨਜ਼ਰੀਂ ਕੇਸ ਬਣਾਉਣ ਲਈ ਜੋ ਸਬੂਤ ਦਿੱਤੇ ਗਏ ਹਨ ਉਨ੍ਹਾਂ ਨੂੰ ਦੇਖਦਿਆਂ ਮਾਲਿਆ ਨੂੰ ਦੁਬਾਰਾ ਅਪੀਲ ਦਾ ਮੌਕਾ ਦਿੱਤਾ ਗਿਆ ਹੈ।

ਸੁਣਵਾਈ ਦੌਰਾਨ ਵਿਜੇ ਮਾਲਿਆ ਦੀ ਵਕੀਲ ਕਲੇਅਰ ਮੋਂਟਗੋਮੇਰੀ ਨੇ ਕੋਰਟ ਨੂੰ ਦੱਸਿਆ, ''ਸੀਬੀਆਈ ਦੇ ਅਧਿਕਾਰੀ ਗਵਾਹਾਂ ਨੂੰ ਧਮਕੀ ਦੇ ਰਹੇ ਹਨ ਕਿ ਉਨ੍ਹਾਂ ਨੇ ਜੇਕਰ ਮਾਲਿਆ ਖਿਲਾਫ਼ ਇਲਜ਼ਾਮ ਨਹੀਂ ਲਗਾਏ ਤਾਂ ਉਨ੍ਹਾਂ 'ਤੇ ਵੀ ਇਲਜ਼ਾਮ ਲਗਾ ਦਿੱਤੇ ਜਾਣਗੇ। ਸਿਆਸੀ ਵਜ੍ਹਾਂ ਕਾਰਨ ਵਿਜੇ ਮਾਲਿਆ ਖਿਲਾਫ਼ ਕੇਸ ਬਣਾਇਆ ਜਾ ਰਿਹਾ ਹੈ।''

ਇਹ ਵੀ ਪੜ੍ਹੋ

ਵਿਜੇ ਮਾਲਿਆ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀਆਂ ਸਾਰੀਆਂ ਆਰਥਿਕ ਮੁਸੀਬਤਾਂ ਦੀ ਵਜ੍ਹਾ ਬਣਾ ਦਿੱਤਾ ਗਿਆ ਹੈ ਅਤੇ ਹੁਣ ਖ਼ਤਰਾ ਇਹ ਹੈ ਕਿ ਉਨ੍ਹਾਂ ਨੂੰ ਚੂਹਿਆਂ ਨਾਲ ਭਰੀ ਜੇਲ੍ਹ ਵਿੱਚ ਰੱਖਿਆ ਜਾਵੇਗਾ।

ਉਨ੍ਹਾਂ ਦਾ ਕਹਿਣਾ ਸੀ, ''ਜੇਕਰ ਮੈਨੂੰ ਭਾਰਤ ਭੇਜਿਆ ਜਾਵੇਗਾ ਤਾਂ ਮੁੰਬਈ ਦੀ ਆਰਥਰ ਰੋਡ ਦੀ ਬੈਰਕ ਨੰਬਰ 12 ਵਿੱਚ ਰੱਖਿਆ ਜਾਵੇਗਾ, ਜੋ ਉਂਝ ਤਾਂ 6 ਲੋਕਾਂ ਲਈ ਹੁੰਦੀ ਹੈ ਪਰ ਉਸ ਵਿੱਚ ਰੱਖਿਆ 7-8 ਲੋਕਾਂ ਨੂੰ ਜਾਂਦਾ ਹੈ।''

''ਜੋ ਵਕੀਲ ਬੈਰਕ ਨੂੰ ਦੇਖਣ ਗਏ ਸਨ ਉਨ੍ਹਾਂ ਨੇ ਦੱਸਿਆ ਕਿ ਉੱਥੇ ਭਿਅੰਕਰ ਗਰਮੀ ਹੁੰਦੀ ਹੈ। ਨਾ ਹੀ ਉੱਥੇ ਪੜ੍ਹਨ ਲਈ ਲੋੜਿੰਦੀ ਰੌਸ਼ਨੀ ਹੈ ਅਤੇ ਨੇੜਲੀਆਂ ਝੁੱਗੀਆਂ ਤੋਂ ਸ਼ੋਰ ਆਉਂਦਾ ਰਹਿੰਦਾ ਹੈ। ਚੂਹੇ ਅਤੇ ਕੀੜੇ-ਮਕੌੜੇ ਸੈੱਲ ਅੰਦਰ ਘੁੰਮਦੇ ਹਨ।''

ਵਿਜੇ ਮਾਲਿਆ 'ਤੇ 9000 ਕਰੋੜ ਰੁਪਏ ਦੀ ਮਨੀ ਲੌਂਡਰਿੰਗ ਦਾ ਅਤੇ ਧੋਖਾਧੜੀ ਦਾ ਇਲਜ਼ਾਮ ਹੈ। 2016 ਤੋਂ ਉਹ ਲੰਡਨ ਵਿੱਚ ਹਨ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਵਾਪਸ ਲਿਆ ਕੇ ਉਨ੍ਹਾਂ 'ਤੇ ਕੇਸ ਚਲਾਉਣਾ ਚਾਹੁੰਦੀ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)