You’re viewing a text-only version of this website that uses less data. View the main version of the website including all images and videos.
ਮਹਾਤਮਾ ਗਾਂਧੀ ਇਨ੍ਹਾਂ ਨਵੇਂ ਹਿੰਦੂਆਂ ਨਾਲੋਂ ਚੰਗਾ ਸੀ - ਹਨੀਫ਼ ਦਾ ਨਜ਼ਰੀਆ
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨ ਤੋਂ ਲੇਖਕ ਤੇ ਸੀਨੀਅਰ ਪੱਤਰਕਾਰ
ਮਹਾਤਮਾ ਗਾਂਧੀ ਅੱਜ ਤੋਂ 150 ਸਾਲ ਪਹਿਲਾਂ ਜੰਮੇ ਸਨ। ਯਾਰ ਲੋਕਾਂ ਨੇ ਸਵਾਲ ਪਾਇਆ ਕਿ ਪਾਕਿਸਤਾਨ ਵਿੱਚ ਲੋਕ ਗਾਂਧੀ ਬਾਰੇ ਕੀ ਸੋਚਦੇ ਹਨ।
ਪਹਿਲਾਂ ਤਾਂ ਜੀਅ ਕੀਤਾ ਕਿ ਦੱਸ ਦਿਆਂ ਕਿ ਸਾਡੇ ਘਰ ਐਨੇ ਪੁਆੜੇ ਨੇ ਕਿ ਸਾਨੂੰ ਗਾਂਧੀ ਬਾਰੇ ਸੋਚਣ ਦਾ ਟਾਈਮ ਹੀ ਨਹੀਂ ਮਿਲਿਆ।
ਫਿਰ ਯਾਦ ਆਇਆ ਕਿ ਸਾਨੂੰ ਸਕੂਲੇ ਗਾਂਧੀ ਬਾਰੇ ਐਨਾ ਪੜ੍ਹਾਇਆ ਗਿਆ ਸੀ ਕਿ ਉਹ ਹਿੰਦੂ ਸੀ ਬਾਕੀ ਗੱਲ ਤੁਸੀਂ ਖ਼ੁਦ ਹੀ ਸਮਝ ਜਾਓ।
ਨਾਲ ਇਹ ਦੱਸਿਆ ਗਿਆ ਕਿ ਗਾਂਧੀ ਮੱਕਾਰ ਸੀ, ਗਾਂਧੀ ਬਨੀਆ ਸੀ। ਪਾਕਿਸਤਾਨ ਬਣਨ ਦੇ ਬੜਾ ਖ਼ਿਲਾਫ਼ ਸੀ। ਭਾਰਤ ਮਾਤਾ ਦੀ ਪੂਜਾ ਕਰਦਾ ਸੀ।
ਇਹ ਵੀ ਪੜ੍ਹੋ:
ਅਸੀਂ ਮੁਸਲਮਾਨਾਂ ਨੇ ਸਦੀਆਂ ਤੱਕ ਜਿਹੜੀ ਹਿੰਦੂਆਂ 'ਤੇ ਹਕੂਮਤ ਕੀਤੀ ਐ ਉਹਦਾ ਸਾਡੇ ਕੋਲੋਂ ਬਦਲਾ ਲੈਣਾ ਚਾਹੁੰਦਾ ਸੀ ਪਰ ਗਾਂਧੀ ਦੇ ਮੁਕਾਬਲੇ ਵਿੱਚ ਸਾਡਾ ਬਾਬਾ ਕਾਇਦੇ ਆਜ਼ਮ ਸੀ।
ਉਹ ਲੰਡਨ ਦਾ ਪੜ੍ਹਿਆ-ਲਿਖਿਆ ਵਕੀਲ, ਉਹਨੇ ਗਾਂਧੀ ਦਾ ਮਕਰ (ਗਿਰੇਬਾਨ) ਫੜ ਲਿਆ ਤੇ ਫਿਰ ਅਜਿਹਾ ਧੋਬੀ ਪਟਕਾ ਮਾਰਿਆ ਕਿ ਪਾਕਿਸਤਾਨ ਲੈ ਲਿਆ।
ਥੋੜ੍ਹੇ ਵੱਡੇ ਹੋ ਕੇ ਫ਼ਿਲਮ ਗਾਂਧੀ ਵੇਖੀ ਤਾਂ ਪਤਾ ਲੱਗਾ ਕਿ ਹਿੰਦੂਆਂ ਦਾ ਬਾਬਾ ਕੋਈ ਮਲੰਗ ਜਿਹਾ ਆਦਮੀ ਸੀ ਜਿਹੜਾ ਹਿੰਦੁਸਤਾਨ ਵਿੱਚ ਆਜ਼ਾਦੀ ਦਾ ਯੁੱਧ ਲੜਨ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਵੀ ਗੋਰਿਆਂ ਨਾਲ ਆਢਾ ਲੈ ਚੁੱਕਿਆ ਸੀ।
ਫ਼ਿਲਮ 'ਤੇ ਪਾਕਿਸਤਾਨੀਆਂ ਨੂੰ ਇਹ ਇਤਰਾਜ਼ ਹੋਇਆ ਕਿ ਗੋਰੇ ਡਾਇਰੈਕਟਰ ਨੇ ਹਿੰਦੂਆਂ ਦੇ ਬਾਬੇ ਨੂੰ ਤਾਂ ਹੀਰੋ ਬਣਾ ਛੱਡਿਆ ਐ ਤੇ ਸਾਡੇ ਬਾਬੇ ਨੂੰ ਐਵੇਂ ਖਰਪੈਂਤ ਜਿਹਾ ਵਿਲੇਨ ਵਿਖਾਇਆ ਹੈ।
ਅਸੀਂ ਗਾਂਧੀ ਤੇ ਜਿਨਾਹ ਦੀਆਂ ਪੁਰਾਣੀਆਂ ਫੋਟੋਆਂ ਵੇਖ ਕੇ ਖੁਸ਼ ਹੁੰਦੇ ਆ। ਇਨ੍ਹਾਂ ਫੋਟੋਆਂ ਵਿੱਚ ਸਾਡੇ ਬਾਬੇ ਨੇ ਉਸਤਰੇ ਦੀ ਧਾਰ ਤੋਂ ਤੇਜ਼ ਲੰਡਨ ਤੋਂ ਸਵਾਇਆ ਸੂਟ ਪਾਇਆ ਹੁੰਦਾ ਐ ਤੇ ਹੱਥ ਵਿੱਚ ਵਲੈਤੀ ਸਿਗਰਟ ਫੜਿਆ ਹੁੰਦਾ ਐ।
ਇੱਕ ਸਿਆਣੇ ਨੇ ਆਖਿਆ ਸੀ ਕਿ ਜਦੋਂ ਪਾਕਿਸਤਾਨ ਵਿੱਚ 50 ਹਜ਼ਾਰ ਦਾ ਨੋਟ ਬਣੇਗਾ ਤਾਂ ਉਦੋਂ ਉਸ ਨੋਟ 'ਤੇ ਇਹ ਫੋਟੋ ਲੱਗੇਗਾ।
ਇਨ੍ਹਾਂ ਫੋਟੋਆਂ ਵਿੱਚ ਮਹਾਤਮਾ ਗਾਂਧੀ ਨੇ ਆਪਣੀ ਅੱਧੀ ਧੋਤੀ ਉੱਤੇ ਚੁੱਕੀ ਹੁੰਦੀ ਐ ਤੇ ਹੱਥ ਵਿੱਚ ਖੁੰਡੀ ਫੜੀ ਹੁੰਦੀ ਐ। ਕਿਸੇ-ਕਿਸੇ ਫੋਟੋ ਵਿੱਚ ਦੋਵੇਂ ਬਾਬੇ ਹੱਸਦੇ ਵੀ ਪਏ ਨੇ।
ਇਹ ਵੀ ਪੜ੍ਹੋ:
ਜੇਕਰ ਅੱਗੇ ਜਾ ਕੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਨ੍ਹਾਂ ਦੇ ਹਿੰਦੁਸਤਾਨ ਪਾਕਿਸਤਾਨ ਨਾਲ ਕੀ ਹੋਣਾ ਐ ਤਾਂ ਸ਼ਾਇਦ ਗਲੇ ਲੱਗ ਕੇ ਰੋ ਵੀ ਪੈਂਦੇ।
ਰਾਤੋਂ-ਰਾਤ ਦੋ ਮੁਲਕ ਕੱਟੋ ਤੇ ਐਥੋਂ ਨੱਸੋ
ਇੱਕ ਫੋਟੋ ਵਿੱਚ ਮਹਾਤਮਾ ਗਾਂਧੀ ਹੱਥ ਚੁੱਕ ਕੇ ਬਹਿਸ ਕਰ ਰਹੇ ਹਨ ਜਿਵੇਂ ਕਹਿ ਰਹੇ ਹੋਣ ਕਿ ਸਾਨੂੰ ਛੱਡ ਕੇ ਨਾ ਜਾਓ ਤੇ ਸਾਡਾ ਬਾਬਾ ਕਾਇਦੇ ਆਜ਼ਮ ਵਲੈਤੀ ਸਿਗਰੇਟ ਦਾ ਸੂਟਾ ਲਾ ਕੇ ਅਜਿਹਾ ਮੂੰਹ ਬਣਾ ਰਿਹਾ ਐ ਜਿਵੇਂ ਕਹਿ ਰਿਹਾ ਹੋਵੇ ਕਿ ਗਾਂਧੀ ਤੂੰ ਹੁਣ ਚਾਂਦੀ ਕਰ। ਅਸੀਂ ਬੁੱਢੇ ਹੋ ਗਏ ਆ ਵੰਡ 'ਤੇ ਪੈ ਕੇ ਰਹੇਗੀ।
ਸਾਡੇ ਬਾਬੇ ਕਾਇਦੇ ਆਜ਼ਮ ਨੇ ਐਨੀ ਅੰਗ੍ਰੇਜ਼ੀ ਬੋਲੀ ਕਿ ਗੋਰੇ ਵੀ ਮੰਨ ਗਏ ਹਿੰਦੂ-ਮੁਸਲਮਾਨ ਦੋ ਕੌਮਾਂ ਹਨ। ਰਾਤੋਂ-ਰਾਤ ਦੋ ਮੁਲਕ ਕੱਟੋ ਤੇ ਐਥੋਂ ਨੱਸੋ।
ਬਾਕੀ ਕੱਟਣ-ਵੱਢਣ ਦਾ ਬੰਦੋਬਸਤ ਅਸੀਂ ਆਪ ਕਰ ਲਿਆ। ਸਾਡਾ ਬਾਬਾ ਜਿੱਤ ਗਿਆ ਤੇ ਗਾਂਧੀ ਹਾਰ ਗਿਆ।
ਹਿੰਦੁਸਤਾਨ ਤੇ ਪਾਕਿਸਤਾਨ ਬਣਨ ਤੋਂ ਅਗਲੇ ਸਾਲ ਹੀ ਦੋਵੇਂ ਬਾਬੇ ਤੁਰ ਗਏ। ਇੱਕ ਨੂੰ ਟੀਬੀ ਖਾ ਗਈ ਤੇ ਇੱਕ ਨੂੰ ਉਸਦੇ ਆਪਣੇ ਹਿੰਦੂ ਭਰਾ ਨੇ ਗੋਲੀ ਮਾਰ ਦਿੱਤੀ।
ਸਾਨੂੰ ਬਚਪਨ ਵਿੱਚ ਗਾਂਧੀ ਨਾਲ ਨਫ਼ਰਤ ਕਰਨਾ ਸਿਖਾਇਆ ਗਿਆ ਸੀ।
ਉੱਧਰ ਹਿੰਦੁਸਤਾਨ ਵਿੱਚ ਜਿਸ ਗਾਂਧੀ ਨੂੰ ਅਸੀਂ ਬੜਾ ਹਿੰਦੂ ਸਮਝਦੇ ਸੀ ਉਹਨੂੰ ਨਵੇਂ ਹਿੰਦੂਆਂ ਨੇ ਕਿਹਾ ਓ ਚੱਲ ਓਏ ਐਡਾ ਭੋਲਾ ਹਿੰਦੂ ਤੇਰੇ ਲਈ ਨਵੇਂ ਹਿੰਦੁਸਤਾਨ ਵਿੱਚ ਕੋਈ ਥਾਂ ਨਹੀਂ। ਬਸ ਤੂੰ ਹੁਣ ਨੋਟਾਂ 'ਤੇ ਨਜ਼ਰ ਆਇਆ ਕਰ।
ਪਹਿਲਾਂ ਗਾਂਧੀ ਦਾ ਨਾਮ ਪਾਕਿਸਤਾਨ ਵਿੱਚ ਗ਼ਾਲ ਹੁੰਦਾ ਸੀ
ਹਿੰਦੁਸਤਾਨ ਵਿੱਚ ਅੱਜ ਉਨ੍ਹਾਂ ਦਾ ਰਾਜ਼ ਹੈ ਜਿਹੜੇ ਗਾਂਧੀ ਦੇ ਕਾਤਲ ਨੂੰ ਆਪਣਾ ਹਿੰਦੂ ਮੰਨਦੇ ਹਨ।
ਪਹਿਲਾਂ ਗਾਂਧੀ ਦਾ ਨਾਮ ਪਾਕਿਸਤਾਨ ਵਿੱਚ ਗ਼ਾਲ ਹੁੰਦਾ ਸੀ ਹੁਣ ਹਿੰਦੁਸਤਾਨ ਵਿੱਚ ਵੀ ਅਲਾਮਾ ਬਣ ਗਿਆ ਹੈ।
ਉੱਥੇ ਸਾਡੇ ਭਰਾ ਇਹ ਸੋਚਦੇ ਹੋਣਗੇ ਕਿ ਜਿਨ੍ਹਾਂ ਨੇ ਆਪਣੇ ਭਰਾ ਗਾਂਧੀ ਨੂੰ ਨਹੀਂ ਛੱਡਿਆ ਉਹ ਸਾਡੇ ਨਾਲ ਕੀ ਕਰਨਗੇ।
ਇੱਥੇ ਅਸੀਂ ਕਹਿੰਦੇ ਤਾਂ ਨਹੀਂ ਪਰ ਕਦੇ-ਕਦੇ ਸੋਚਦੇ ਜ਼ਰੂਰ ਹਾਂ ਕਿ ਇਨ੍ਹਾਂ ਨਵੇਂ ਹਿੰਦੂਆਂ ਤੋਂ ਤਾਂ ਗਾਂਧੀ ਹੀ ਚੰਗਾ ਸੀ।
ਇਹ ਵੀਡੀਓਜ਼ ਵੀ ਵੇਖੋ