ਜਲ੍ਹਿਆਂਵਾਲਾ ਬਾਗ 'ਤੇ ਮੁਹੰਮਦ ਹਨੀਫ਼: ਅੰਗਰੇਜ਼ ਕਦੋਂ ਦੇ ਟੁਰ ਗਏ ਤੇ ਅਸੀਂ ਦੇਸੀ ਡਾਇਰ ਪੈਦਾ ਕਰਨੇ ਸ਼ੁਰੂ ਕਰ ਦਿੱਤੇ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨ ਤੋਂ ਲੇਖਕ ਅਤੇ ਪੱਤਰਕਾਰ

ਜਲ੍ਹਿਆਂਵਾਲਾ ਬਾਗ ਕਤਲੇਆਮ ਨੂੰ 100 ਸਾਲ ਪੂਰੇ ਹੋ ਗਏ। ਪਾਕਿਸਤਾਨ ਤੇ ਹਿੰਦੂਸਤਾਨ ਦੇ ਅਗਵਾਨ (ਨੁਮਾਇੰਦੇ) ਇੱਕ ਵਾਰ ਮੁੜ ਕਹਿ ਰਹੇ ਨੇ ਕਿ ਬਰਤਾਨਵੀ ਸਰਕਾਰ ਸਾਡੇ ਕੋਲੋਂ ਮਾਫ਼ੀ ਮੰਗੇ।

ਬਰਤਾਨੀਆਂ ਨੂੰ ਅੱਜ-ਕੱਲ੍ਹ ਆਪਣੀ ਪਈ ਹੋਈ ਏ। ਉਨ੍ਹਾਂ ਦੇ ਸਿਆਸਤਦਾਨ ਬਰਤਾਨੀਆਂ ਨਾਲ ਓਹੀ ਕਰ ਰਹੇ ਹਨ ਜਿਹੜਾ ਉਨ੍ਹਾਂ ਨੇ ਸੰਨ 47 ਵਿੱਚ ਸਾਡੇ ਨਾਲ ਕੀਤਾ ਸੀ।

ਮਲਿਕਾ ਬਰਤਾਨੀਆ ਦੀ ਮਾਫ਼ੀ ਮੰਗੇ ਨਾ ਮੰਗੇ, ਸਾਨੂੰ ਆਪਣੀਆਂ ਨਵੀਆਂ ਨਸਲਾਂ ਨੂੰ ਇਹ ਨਹੀਂ ਭੁੱਲਣ ਦੇਣਾ ਚਾਹੀਦਾ ਕਿ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ 100 ਵਰ੍ਹੇ ਪਹਿਲਾਂ ਕੀ ਜ਼ੁਲਮ ਹੋਇਆ ਸੀ।

ਇਹ ਵੀ ਪੜ੍ਹੋ:

ਬ੍ਰਿਗੇਡੀਅਰ ਜਨਰਲ ਡਾਇਰ ਆਪਣੀ ਗੋਰਖਿਆਂ ਦੀ ਪਲਟਣ ਨਾਲ ਅਪੱੜਿਆਂ ਤੇ ਉਨ੍ਹਾਂ ਨੂੰ ਸਿੱਧਾ ਫਾਇਰ ਕਰਨ ਦਾ ਹੁਕਮ ਦਿੱਤਾ। ਜਲ੍ਹਿਆਂਵਾਲਾ ਬਾਗ ਦੇ ਪੰਜ ਦਰਵਾਜ਼ੇ ਸਨ, ਲੋਕ ਉਨ੍ਹਾਂ ਦਰਵਾਜ਼ਿਆਂ ਵੱਲ ਨੱਸੇ ਤੇ ਜਨਰਲ ਡਾਇਰ ਨੇ ਜ਼ਿਆਦਾਤਰ ਫਾਇਰਿੰਗ ਉਨ੍ਹਾਂ ਦਰਵਾਜ਼ਿਆਂ 'ਤੇ ਹੀ ਕਰਵਾਈ।

ਜ਼ਾਲਮ ਉਦੋਂ ਤੱਕ ਨਹੀਂ ਰੁਕਿਆ ਜਦੋਂ ਤੱਕ ਗੋਲੀਆਂ ਨਹੀਂ ਮੁੱਕੀਆਂ। ਅੰਗਰੇਜ਼ ਸਰਕਾਰ ਨੇ ਫਰਮਾਇਆ ਕਿ 300 ਬੰਦਾ ਮਰਿਆ, ਕਾਂਗਰਸ ਨੇ ਕਿਹਾ 1000 ਤੋਂ ਵੱਧ ਬੰਦ ਸ਼ਹੀਦ ਹੋਇਆ। ਉਦੋਂ ਵੀ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਲਹਿਰ ਹੈ ਸੀ, ਪਰ ਕਈ ਲੋਕਾਂ ਦਾ ਖਿਆਲ ਸੀ ਕਿ ਅੰਗਰੇਜ਼ ਦੇ ਨਾਲ ਮੁੱਕ-ਮੁਕਾ ਕਰਕੇ ਗੁਜ਼ਾਰਾ ਹੋ ਸਕਦਾ ਹੈ।

ਪਰ ਜਲ੍ਹਿਆਂਵਾਲਾ ਬਾਗ ਤੋਂ ਬਾਅਦ ਇੱਕ ਗੱਲ ਪੱਕੀ ਹੋ ਗਈ ਕਿ ਅੰਗਰੇਜ਼ ਦੀ ਬਾਦਸ਼ਾਹੀ ਹੇਠ ਸਾਡਾ ਕਦੇ ਵੀ ਗੁਜ਼ਾਰਾ ਨਹੀਂ ਹੋਣਾ ਬਸ ਇਹ ਸਮਝੋ ਜਿਹੜੀ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ, ਜਿਹੜਾ ਪਾਕਿਸਤਾਨ ਬਣਿਆ ਉਹਦੀ ਬੁਨਿਆਦ ਜਲ੍ਹਿਆਂਵਾਲਾ ਦੇ ਸ਼ਹੀਦਾਂ ਨੇ ਹੀ ਰੱਖੀ ਸੀ।

ਗੱਲ ਜਲ੍ਹਿਆਂਵਾਲਾ ਬਾਗ 'ਤੇ ਹੀ ਨਹੀਂ ਮੁੱਕੀ ਉੱਥੇ ਇੱਕ ਪੰਜਾਬੀ ਮੁੰਡਾ ਸੀ ਉੱਧਮ ਸਿੰਘ, ਉਸ ਨੂੰ ਜਲ੍ਹਿਆਂਵਾਲਾ ਬਾਗ ਦਾ ਜ਼ੁਲਮ ਨਹੀਂ ਭੁੱਲਿਆ। ਉਸ ਨੇ ਵਲਾਇਤ ਅੱਪੜ ਕੇ ਪੰਜਾਬ ਦੇ ਪਹਿਲੇ ਗਵਰਨਰ ਜਨਰਲ ਉਡਵਾਇਰ, ਜਿਹਦੇ ਥੱਲ੍ਹੇ ਇਹ ਕਤਲੇਆਮ ਹੋਇਆ ਸੀ, ਉਸ ਨੂੰ ਗੋਲੀ ਮਾਰ ਛੱਡੀ।

ਇਨਸਾਫ਼ ਤਾਂ ਨਹੀਂ ਹੋਇਆ ਪਰ ਕਈ ਪੰਜਾਬੀ ਮਾਵਾਂ ਦੇ ਕਾਲਜੇ ਠੰਡ ਜ਼ਰੂਰ ਪੈ ਗਈ ਹੋਣੀ ਏ। ਹੁਣ ਜਿਹੜੇ ਕਹਿੰਦੇ ਨੇ ਕਿ ਬਰਤਾਨੀਆ ਮਾਫ਼ੀ ਮੰਗੇ ਉਹ ਠੀਕ ਕਹਿੰਦੇ ਨੇ। ਮਲਿਕਾ ਵੀ ਕਾਫ਼ੀ ਬਜ਼ੁਰਗ ਹੋ ਗਈ ਹੈ ਸ਼ਾਇਦ ਮਾਫ਼ੀ ਮੰਗ ਲਵੇ ਤਾਂ ਉਹਦੀ ਵੀ ਬਖ਼ਸ਼ੀਸ਼ ਹੋ ਜਾਵੇ।

ਪਰ ਇਨ੍ਹਾਂ ਸਿਆਣਿਆ ਨੂੰ ਆਪਣੇ ਘਰ ਵੱਲ ਵੀ ਦੇਖਣਾ ਚਾਹੀਦਾ ਹੈ। ਅੰਗ੍ਰੇਜ਼ ਕਦੋਂ ਦੇ ਟੁਰ ਗਏ ਤੇ ਅਸੀਂ ਆਪਣੇ ਦੇਸੀ ਡਾਇਰ ਪੈਦਾ ਕਰਨੇ ਸ਼ੁਰੂ ਕਰ ਦਿੱਤੇ। ਉਹ ਕੰਮ ਜਿਹੜਾ ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ ਵਿੱਚ ਕੀਤਾ ਸੀ ਉਹ ਸਾਡੇ ਆਪਣੇ ਡਾਇਰ ਹਰ ਰੋਜ਼ ਕਰਦੇ ਹਨ। ਕਦੇ ਕਸ਼ਮੀਰ ਵਿੱਚ , ਕਦੇ ਬਲੋਚਿਸਤਾਨ ਵਿੱਚ।

ਇਹ ਵੀ ਪੜ੍ਹੋ:

ਜਿੰਨੇ ਬੰਦੇ ਡਾਇਰ ਨੇ ਜਲ੍ਹਿਆਂਵਾਲ ਵਿੱਚ ਭੁੰਨੇ ਸਨ, ਓਹਨੇ ਅਸੀਂ ਅੰਮ੍ਰਿਤਸਰ ਆਪਣੇ ਹੱਥਾਂ ਨਾਲ ਵੀ ਮਾਰ ਚੁੱਕੇ ਸਾਂ ਤੇ ਹੈਦਰਾਬਾਦ ਸਿੰਧ ਵਿੱਚ ਵੀ। ਨਾ ਕਿਸੇ ਨੂੰ ਇਨਸਾਫ਼ ਮਿਲਿਆ ਤੇ ਨਾ ਕਿਸੇ ਨੇ ਮਾਫ਼ੀ ਮੰਗੀ।

ਅੰਗਰੇਜ਼ਾਂ ਨੂੰ ਮਾਫ਼ੀ ਜ਼ਰੂਰ ਮੰਗਣੀ ਚਾਹੀਦੀ ਹੈ ਪਰ ਸਾਨੂੰ ਵੀ ਆਪਣੇ ਕਾਠੇ ਜਨਰਲ ਡਾਇਰਾਂ ਨੂੰ ਨੱਥ ਜ਼ਰੂਰ ਪਾਉਣੀ ਚਾਹੀਦੀ ਹੈ। ਜਲ੍ਹਿਆਂਵਾਲ ਬਾਗ ਸਾਕੇ ਤੋਂ ਤੁਰੰਤ ਬਾਅਦ, ਫਿਰੋਜ਼ਦੀਨ ਸ਼ਰਫ਼ ਹੁੰਦੇ ਸਨ ਇੱਕ ਸ਼ਾਇਰ ਉਨ੍ਹਾਂ ਨੇ ਕਿਤਾਬ ਲਿਖ ਛੱਡੀ।

ਇਹ ਵੀ ਪੜ੍ਹੋ:

ਅੰਗ੍ਰੇਜ਼ ਸਰਕਾਰ ਨੇ ਕਿਤਾਬ ਵੀ ਜ਼ਬਤ ਕੀਤੀ ਤੇ ਸ਼ਰਫ਼ ਹੁਣਾਂ ਨੂੰ ਵੀ ਇੱਕ ਸਾਲ ਦੀ ਕੈਦ ਹੋ ਗਈ। ਹੁਣ 100 ਸਾਲ ਬਾਅਦ ਪੰਜਾਬੀ ਦੇ ਇੱਕ ਨਵੇਂ ਰਸਾਲੇ 'ਬਾਰਾਂ ਮਾਂਹ' ਨੇ ਉਨ੍ਹਾਂ ਦੀ ਇੱਕ ਨਜ਼ਮ ਛਾਪੀ ਹੈ, ਯਾਦ ਕਰੋ ਕਿ ਉਹ ਵੀ ਇੱਕ ਵੇਲਾ ਸੀ ਜਦੋਂ ਹਿੰਦੂ, ਮੁਸਲਮਾਨ ਤੇ ਸਿੱਖ ਇੱਕ ਪਾਸੇ ਇਕੱਠੇ ਸਨ, ਦੂਜੇ ਪਾਸੇ ਅੰਗਰੇਜ਼ ਦੀ ਬੰਦੂਕ ਸੀ, ਹੁਣ ਅਸੀਂ ਆਪਣੀਆਂ-ਆਪਣੀਆਂ ਬੰਦੂਕਾਂ ਇੱਕ-ਦੂਜੇ ਵੱਲ ਕੱਢ ਕੇ ਖਲੋਤੇ ਐ।

ਨਾਦਰਗਰਦੀ ਵੀ ਹਿੰਦੂ ਨੂੰ ਭੁੱਲ ਗਈ ਐ, ਨਾਦਰਗਰਦੀ ਵੀ ਹਿੰਦੂ ਨੂੰ ਭੁੱਲ ਗਈ ਐ,

ਚੱਲੇ ਇੰਗਲਸ਼ੀ ਫਰਮਾਨ ਐਸੇ, ਕਰਾਂ ਕਿਹੜਿਆਂ ਅੱਖਰਾਂ ਵਿੱਚ ਜ਼ਾਹਰ,

ਜੋ-ਜੋ ਹੋਏ ਜ਼ੁਲਮ ਸਮਾਨ ਇੱਥੇ, ਇੱਕ ਰੂਪ ਅੰਦਰ ਡਿੱਠਾ ਸਾਰਿਆਂ ਨੇ,

ਉਹ ਰਹੀਮ ,ਕਰਤਾਰ, ਭਗਵਾਨ ਇੱਥੇ, ਹੋਏ ਜ਼ਮਜ਼ਮ ਤੇ ਗੰਗਾ ਇੱਕ ਥਾਂ ਇਕੱਠੇ,

ਰਲਿਆ ਖ਼ੂਨ ਹਿੰਦੂ, ਮੁਸਲਮਾਨ ਇੱਥੇ,

ਘੱਟੇ ਮਿੱਟੀ ਅੰਦਰ ਸ਼ਰਫ਼ ਰੁਲੀ ਹੋਈ, ਸਾਡੇ ਸਾਰੇ ਪੰਜਾਬ ਦੀ ਸ਼ਾਨ ਇੱਥੇ

ਰੱਬ ਰਾਖਾ

ਤੁਸੀਂ ਮੁਹੰਮਦ ਹਨੀਫ਼ ਦੇ ਪੁਰਾਣੇ VLOG ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)