ਪਾਕਿਸਤਾਨ - ਭਾਰਤ ਤਣਾਅ : 1947 'ਚ ਤਾਂ ਅਸੀਂ ਦਸ ਲੱਖ ਬੰਦੇ ਟੈਂਕਾਂ ਤੋਪਾਂ ਤੋਂ ਬਿਨਾਂ ਹੀ ਮਾਰ ਦਿੱਤੇ - ਮੁਹੰਮਦ ਹਨੀਫ਼ ਦਾ Vlog

    • ਲੇਖਕ, ਮੁਹੰਮਦ ਹਨੀਫ਼
    • ਰੋਲ, ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ

ਇਮਰਾਨ ਖ਼ਾਨ ਜਦੋਂ ਜਵਾਨ ਸੀ ਤੇ ਕ੍ਰਿਕਟ ਖੇਡਦਾ ਸੀ। ਉਹਨੂੰ ਪੂਰੀ ਦੁਨੀਆਂ ਵਿੱਚ ਬੜਾ ਪਿਆਰ ਮਿਲਦਾ ਸੀ ਤੇ ਇੰਡੀਆ ਵਿੱਚ ਕੁਝ ਜ਼ਿਆਦਾ ਹੀ ਮਿਲਦਾ ਸੀ।

ਬਲਕਿ ਇੱਥੇ ਯਾਰ ਲੋਕ ਜੁਗਤਾਂ ਮਾਰਦੇ ਸਨ ਕਿ ਅਗਰ ਇਮਰਾਨ ਖ਼ਾਨ ਇੰਡੀਆ ਤੋਂ ਇਲੈਕਸ਼ਨ ਲੜੇ ਤਾਂ ਵਜ਼ੀਰ-ਏ-ਆਜ਼ਮ ਬਣ ਜਾਏ ਪਰ ਇਮਰਾਨ ਪਾਕਿਸਤਾਨੀ ਸੀ ਤੇ ਵਜ਼ੀਰ-ਏ-ਆਜ਼ਮ ਵੀ ਉਹ ਪਾਕਿਸਤਾਨ ਦਾ ਹੀ ਬਣਿਆ।

ਵਜ਼ੀਰ-ਏ-ਆਜ਼ਮ ਬਣਦਿਆਂ ਹੀ ਪੁਆੜੇ ਪੈ ਗਏ। ਪਹਿਲਾਂ ਇਹ ਕਿ ਘਰ ਦਾਣੇ ਮੁੱਕ ਗਏ ਨੇ ਤੇ ਭੁੱਖ ਪਈ ਏ। ਅਜੇ ਇਮਰਾਨ ਖ਼ਾਨ ਘਰ ਦਾ ਖ਼ਰਚਾ ਚਲਾਉਣ ਲਈ ਪੂਰੀ ਦੁਨੀਆਂ ਤੋਂ ਪੈਸਾ ਹੀ ਇੱਕਠਾ ਕਰ ਰਿਹਾ ਸੀ ਕਿ ਇੱਕ ਉਸ ਤੋਂ ਵੀ ਪੁਰਾਣਾ ਪੁਆੜਾ ਸਾਹਮਣੇ ਆ ਗਿਆ। ਬਈ ਇੰਡੀਆ ਨੇ ਚੜ੍ਹਾਈ ਕਰ ਛੱਡੀ ਏ।

ਇਹ ਵੀ ਪੜ੍ਹੋ:

ਹੁਣ ਕੁਝ ਲੋਕ ਕਹਿਣਗੇ ਕਿ ਚੜ੍ਹਾਈ ਪਹਿਲੇ ਇੰਡੀਆ ਨੇ ਨਹੀਂ ਕੀਤੀ, ਐਥੋਂ ਕਿਸੇ ਮੌਲਾਨਾ ਦੇ ਮੁੰਡੇ ਗਏ ਨੇ ਤੇ ਪਹਿਲੇ ਚੜ੍ਹਾਈ ਉਨ੍ਹਾਂ ਨੇ ਕੀਤੀ ਏ।

ਇਮਰਾਨ ਖ਼ਾਨ ਨਵਾਂ-ਨਵਾਂ ਆਇਐ। ਪਤਾ ਨਹੀਂ ਹੋਰ ਉਹਦੇ ਵੱਸ 'ਚ ਕੁਝ ਹੈ ਕਿ ਨਹੀਂ ਲੇਕਿਨ ਏਨਾ ਕਿਹਾ ਜਾ ਸਕਦੈ ਕਿ ਇਹ ਮੌਲਾਨੇ,ਇਹ ਜਿਹਾਦੀ ਅਜੇ ਇਮਰਾਨ ਖ਼ਾਨ ਦੇ ਵੱਸ ਵਿੱਚ ਕੋਈ ਨੀ।

ਇਮਰਾਨ ਖ਼ਾਨ ਕੋਲ ਜੋ ਬਣਦਾ ਸਰਦਾ ਸੀ ਉਹ ਉਨ੍ਹੇ ਕੀਤਾ। ਪਾਰਲੀਮੈਂਟ ਵਿੱਚ ਗਿਆ। ਖ਼ਾਨ ਸਾਬ੍ਹ ਨੂੰ ਪਾਰਲੀਮੈਂਟ ਜਾਣਾ ਕੋਈ ਬਹੁਤਾ ਜ਼ਿਆਦਾ ਪਸੰਦ ਨਹੀਂ। ਓਥੇ ਖਲ੍ਹੋ ਕਿ ਐਲਾਨ ਕੀਤਾ ਕਿ ਅਸੀਂ ਇੰਡੀਆ ਦਾ ਇੱਕ ਪਾਇਲਟ ਫੜਿਆ ਸੀ। ਓਹਨੂੰ ਘਰ ਟੋਰ ਰਹੇ ਆਂ।

ਹਨੀਫ਼ ਦਾ Vlog

ਹੁਣ ਅੱਲ੍ਹਾ ਕਰੇ ਉਹ ਖ਼ੈਰ ਨਾਲ ਘਰ ਪਹੁੰਚ ਗਿਆ ਹੋਵੇ ਅਤੇ ਸਾਡੇ ਮੀਡੀਆ ਤੇ ਦੋਵੇਂ ਪਾਸੇ ਬੈਠੇ ਸੂਰਮੇ ਥੋੜ੍ਹੇ ਠੰਢੇ ਹੋ ਜਾਣ। ਏਥੇ ਮੇਰੇ ਪਾਕਿਸਤਾਨੀ ਯਾਰਾਂ ਨੇ ਕਹਿਣੈ, ਬਈ ਨਈਂ-ਨਈਂ, ਅਸੀਂ ਤੇ ਸਹਾਫ਼ਤ ਕਰਨੇ ਆਂ। ਇਹ ਇੰਡੀਆ ਵਾਲੇ ਨੇ ਜਿਹੜੇ ਮੀਡੀਆ 'ਤੇ ਬੈਹ ਕੇ ਜਿਹਾਦ ਕਰਦੇ ਨੇ।

ਹੁਣ ਸੂਰਮਿਆਂ ਨਾਲ ਬਹਿਸ ਤੇ ਹੋ ਨਈਂ ਸਕਦੀ। ਉਨ੍ਹਾਂ ਦੀ ਮਿੰਨਤ ਈ ਕੀਤੀ ਜਾ ਸਕਦੀ ਏ। ਜਾਂ ਉਨ੍ਹਾਂ ਨੂੰ ਥੋੜ੍ਹੀ ਬਹੁਤ ਤਾਰੀਖ਼ ਸੁਣਾਈ ਜਾ ਸਕਦੀ ਏ।

ਬਸ ਯਾਦ ਰੱਖੋ ਕਿ ਸੰਨ ਹੁੰਦਾ ਸੀ ਸੰਤਾਲੀ ਤੇ ਅਸੀਂ ਅਜ਼ਾਦੀਆਂ ਮਾਣੀਆਂ ਤੇ ਨਾਲ-ਨਾਲ ਕੋਈ ਦਸ ਲੱਖ ਬੰਦਾ ਵੀ ਕੋਹ ਛੱਡਿਆ।

ਨਾਲ ਇਹ ਵੀ ਯਾਦ ਰੱਖੋ ਕਿ ਓਦੋਂ ਨਾ ਸਾਡੇ ਕੋਲ F-16 ਸਨ ਨਾ ਇੰਡੀਆ ਕੋਲ ਮਿਰਾਜ ਜਹਾਜ਼। ਨਾ ਐਨੇ ਟੈਂਕ ਨਾ ਐਨੀਆਂ ਤੋਪਾਂ। ਅਸੀਂ ਕੁਹਾੜੀਆਂ-ਬਰਛੀਆਂ ਨਾਲ 10 ਲੱਖ ਬੰਦਾ ਮਾਰ ਛੱਡਿਆ।

ਹੁਣ ਤਾਂ ਸਾਡੇ ਕੋਲ ਉਹ ਬੰਬ ਏ। ਜੇ ਚਾਹੀਏ ਤੇ ਪੂਰੀ ਦੁਨੀਆਂ ਫ਼ੂਕ ਛੱਡੀਏ। ਹੁਣ ਇੱਕ ਦੂਸਰੇ ਕੋਲੋਂ ਕਾਹਦਾ ਡਰ? ਹੁਣ ਇੱਕ ਦੂਸਰੇ ਨੂੰ ਧਮਕੀਆਂ ਲਾਉਣ ਦਾ ਕੀ ਫਾਇਦਾ?

ਚਾਹੀਦਾ ਏ, ਕਿ ਆਪਣੇ ਅੰਦਰ ਦੇਖੀਏ। ਖ਼ਾਨ ਸਾਬ੍ਹ ਵੀ ਆਪਣੇ ਮੌਲਾਨੇ ਲੱਭਣ, ਉਨ੍ਹਾਂ ਨੂੰ ਥੋੜ੍ਹਾ ਠੰਢਾ ਕਰਨ। ਇੰਡੀਆ ਵਾਲੇ ਵੀ ਕਸ਼ਮੀਰੀਆਂ ਨੂੰ ਇਨਸਾਨ ਦਾ ਬੱਚਾ ਸਮਝਣ ਤੇ ਆਪਣੇ ਭਰਾਵਾਂ ਨਾਲ ਬੈਠ ਕੇ ਗੱਲ ਕਰਨ।

ਅਸੀਂ ਸਾਰੇ ਰਲ ਕੇ ਉਸਤਾਦ ਦਾਮਨ ਨੂੰ ਯਾਦ ਕਰੀਏ ਜੋ ਕਹਿ ਗਏ ਨੇ:

ਭਾਵੇਂ ਮੂੰਹੋਂ ਨਾ ਕਈਏ ਪਰ ਵਿੱਚੋਂ-ਵਿੱਚੀ,

ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ,

ਲਾਲੀ ਅੱਖੀਆਂ ਦੀ ਪਈ ਦਸਦੀ ਏ,

ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ

ਰੱਬ ਰਾਖਾ !

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)