You’re viewing a text-only version of this website that uses less data. View the main version of the website including all images and videos.
ਕੀ ਅਭਿਨੰਦਨ ਨੂੰ ਰਿਹਾਅ ਕਰਨ ਦੇ ਫ਼ੈਸਲੇ ਨਾਲ ਇਮਰਾਨ ਦਾ ਕੱਦ ਵਧਿਆ - ਨਜ਼ਰੀਆ
- ਲੇਖਕ, ਸਾਦ ਮੁਹੰਮਦ
- ਰੋਲ, ਸਿਆਸੀ ਵਿਸ਼ਲੇਸ਼ਕ, ਪਾਕਿਸਤਾਨ ਤੋਂ ਬੀਬੀਸੀ ਦੇ ਲਈ
ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਹਵਾਈ ਫੌਜਾਂ ਨੇ ਸਰਹੱਦਾਂ ਪਾਰ ਕਰਕੇ ਇੱਕ-ਦੂਜੇ ਦੇ ਇਲਾਕੇ ਵਿੱਚ ਵੜ ਕੇ ਆਪਣੀ ਤਾਕਤ ਦਿਖਾਈ ਹੈ।
ਇਸ ਦੌਰਾਨ ਪਾਕਿਸਤਾਨ ਨੇ ਭਾਰਤ ਦਾ ਇੱਕ ਮਿਗ ਜਹਾਜ਼ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਮਾਰ ਡਿਗਾਇਆ ਅਤੇ ਭਾਰਤ ਦੇ ਇੱਕ ਪਾਇਲਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਬਾਅਦ ਵਿੱਚ ਇਮਰਾਨ ਖ਼ਾਨ ਨੇ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਨੂੰ ਭਾਰਤ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਪੁਲਵਾਮਾ ਹਮਲਾ 14 ਫਰਵਰੀ ਨੂੰ ਹੋਇਆ ਸੀ ਜਦਕਿ ਦੋਵਾਂ ਦੇਸਾਂ ਦੀ ਫੌਜ ਵਿਚਾਲੇ ਹੋਇਆ ਇਹ ਵਾਕਿਆ 26 ਤੋਂ 28 ਫਰਵਰੀ ਦੇ ਵਿਚਾਲੇ ਦਾ ਹੈ।
ਇਹ ਵੀ ਪੜ੍ਹੋ:
ਇਸ ਦੌਰਾਨ ਜਿੱਥੇ ਇੱਕ ਪਾਸੇ ਭਾਰਤ ਦੇ ਸਿਆਸੀ ਨੁਮਾਇੰਦਿਆਂ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ, ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਲੈ ਕੇ ਲਗਾਤਾਰ ਮੁਹਰੇ ਰਹੇ ਅਤੇ ਜਦੋਂ ਵੀ ਕੈਮਰੇ ਜ਼ਰੀਏ ਮੁਖਾਤਿਬ ਹੋਏ ਉਨ੍ਹਾਂ ਨੇ ਜੰਗ ਨਾ ਕਰਨ ਦੀ ਗੱਲ ਦੁਹਰਾਈ।
ਪਹਿਲੀ ਵਾਰ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿਚਕਾਰ ਪਹਿਲਾਂ ਹੋਈ ਜੰਗ ਅਤੇ ਉਸ ਵਿੱਚ ਹੋਈ ਤਬਾਹੀ ਦਾ ਉਦਾਹਰਣ ਦਿੱਤਾ। ਉਸ ਤੋਂ ਬਾਅਦ ਵੀਰਵਾਰ ਨੂੰ ਸੰਸਦ ਵਿੱਚ ਉਨ੍ਹਾਂ ਨੇ ਕਿਊਬਾ ਮਿਜ਼ਾਈਲ ਸੰਕਟ ਦਾ ਜ਼ਿਕਰ ਕੀਤਾ(ਸੋਵੀਅਤ ਸੰਘ ਨੇ ਅਮਰੀਕਾ ਖ਼ਿਲਾਫ ਕਿਊਬਾ ਵਿੱਚ ਆਪਣੀਆਂ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਸਨ)।
ਪੁਲਵਾਮਾ ਤੋਂ ਪਾਇਲਟ- ਪੂਰੀ ਕਹਾਣੀ ਦੇਖਣ ਲਈ ਕਲਿੱਕ ਕਰੋ ਵੀਡੀਓ
ਇਹ ਉਹ ਵੇਲਾ ਸੀ ਜਦੋਂ ਪੂਰੀ ਦੁਨੀਆਂ ’ਤੇ ਹੀ ਸੰਕਟ ਮੰਡਰਾਇਆ ਹੋਇਆ ਸੀ ਕਿਉਂਕਿ ਇੱਕ ਪਾਸੇ ਅਮਰੀਕਾ ਅਤੇ ਰੂਸ ਵਿੱਚ ਤਨਾ-ਤਨੀ ਸੀ ਤਾਂ ਦੂਜੇ ਪਾਸੇ ਭਾਰਤ-ਚੀਨ ਵਿਚਕਾਰ ਯੁੱਧ ਚੱਲ ਰਿਹਾ ਸੀ।
ਇਮਰਾਨ ਲਗਾਤਾਰ ਕਹਿੰਦੇ ਰਹੇ ਹਨ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ।
ਲਿਹਾਜ਼ਾ, ਅਭਿਨੰਦਨ ਨੂੰ ਛੱਡਣ ਦਾ ਫ਼ੈਸਲਾ ਇਮਰਾਨ ਖਾਨ ਦਾ ਇੱਕ ਬਹੁਤ ਚੰਗਾ ਕਦਮ ਹੈ। ਅਭਿਨੰਦਨ ਨੇ ਕੋਈ ਜੁਰਮ ਤਾਂ ਕੀਤਾ ਨਹੀਂ ਹੈ, ਉਹ ਸਿਰਫ਼ ਯੁੱਧਬੰਦੀ ਹਨ, ਉਹ ਆਪਣੇ ਮੁਲਕ ਲਈ ਕੰਮ ਕਰ ਰਹੇ ਸੀ ਲਿਹਾਜ਼ਾ ਉਹਨਾਂ ਨੂੰ ਛੱਡਣਾ ਇਮਰਾਨ ਖਾਨ ਦਾ ਇੱਕ ਚੰਗਾ ਸਿਆਸੀ ਫ਼ੈਸਲਾ ਹੈ।
ਇਸ ਨਾਲ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਹਾਲਾਤ ਚੰਗੇ ਹੋਣਗੇ। ਇਸ ਫੈਸਲੇ ਨਾਲ ਇਮਰਾਨ ਖਾਨ ਦਾ ਕੱਦ ਨਿਸ਼ਚਿਤ ਹੀ ਵਧਿਆ ਹੈ।
ਇਮਰਾਨ ਦੀ ਸ਼ਖ਼ਸੀਅਤ
ਇਮਰਾਨ ਖਾਨ ਕੈਮਰੇ ਸਾਹਮਣੇ ਆਉਂਦੇ ਕਤਰਾਉਂਦੇ ਨਹੀਂ ਹਨ। ਜਦੋਂ ਤੋਂ ਇਮਰਾਨ ਪਾਕਿਸਤਾਨ ਦੀ ਸਿਆਸਤ ਵਿੱਚ ਆਏ ਹਨ ਉਹ ਕੈਮਰੇ ’ਤੇ ਆਉਣਾ ਪਸੰਦ ਕਰਦੇ ਹਨ। ਉਹ ਇੱਕ ਕੌਮਾਂਤਰੀ ਸਿਲੈਬ੍ਰਿਟੀ ਰਹਿ ਚੁੱਕੇ ਹਨ, ਕ੍ਰਿਕਟਰ ਰਹੇ ਹਨ।
ਜਿੱਥੇ ਕ੍ਰਿਕਟ ਖੇਡੀ ਜਾਂਦੀ ਹੈ ਉੱਥੇ ਉਹ ਬੇਹੱਦ ਮਸ਼ਹੂਰ ਹਨ। ਉਹਨਾਂ ਦੀ ਇੱਜ਼ਤ ਹੈ, ਜਿਸਦਾ ਉਹ ਫ਼ਾਇਦਾ ਚੁੱਕਦੇ ਹਨ। ਉਨ੍ਹਾਂ ਵਿੱਚ ਸੰਵਾਦ ਦਾ ਹੁਨਰ ਵੀ ਚੰਗਾ ਹੈ। ਉਹ ਜੋ ਵੀ ਗੱਲ ਕਰਦੇ ਹਨ ਉਸ ਨਾਲ ਵੀ ਉਹਨਾਂ ਨੂੰ ਫ਼ਾਇਦਾ ਮਿਲਦਾ ਹੈ।
ਉਹ ਲੋਕਾਂ ਦੇ ਨੇਤਾ ਹਨ, ਜਿਸ ਦਾ ਉਹ ਫ਼ਾਇਦਾ ਚੁੱਕਦੇ ਹਨ ਅਤੇ ਅਜਿਹੇ ਨੇਤਾ ਸਿਆਸਤ ਵਿੱਚ ਛਾ ਜਾਂਦੇ ਹਨ। ਜਿਸ ਚੀਜ਼ ਵਿੱਚ ਉਹ ਚੰਗੇ ਹਨ, ਉਸ ਦਾ ਇਸਤੇਮਾਲ ਕਰਨਾ ਹਰ ਰਾਜਨੇਤਾ ਦਾ ਹੱਕ ਹੈ।
ਇਸ ਵੇਲੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਜੋ ਹਾਲਾਤ ਹਨ, ਉਸਦਾ ਪਾਕਿਸਤਾਨ 'ਤੇ ਬਹੁਤ ਵੱਡਾ ਅਸਰ ਪਿਆ ਹੈ ਅਤੇ ਮੌਜੂਦਾ ਇਮਰਾਨ ਖਾਨ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ:
ਉਹ ਚਾਹੁੰਦੇ ਹਨ ਕਿ ਮਸਲਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਇਆ ਜਾਣਾ ਚਾਹੀਦਾ ਹੈ। ਉਹ ਗਲਤ ਬਿਆਨਬਾਜ਼ੀ ਨਹੀਂ ਕਰ ਰਹੇ, ਉਹ ਸੱਚੇ ਦਿਲ ਨਾਲ ਗੱਲ ਕਰ ਰਹੇ ਹਨ।
ਪੁਲਵਾਮਾ ਦੀ ਘਟਨਾ ਤੋਂ ਬਾਅਦ ਉਹਨਾਂ ਨੇ ਹਿੰਦੁਸਤਾਨ ਦੀ ਉਸ ਸ਼ਰਤ ਨੂੰ ਵੀ ਮੰਨ ਲਿਆ ਕਿ ਸਭ ਤੋਂ ਪਹਿਲਾਂ ਕੱਟੜਵਾਦ ਬਾਰੇ ਗੱਲ ਹੋਣੀ ਚਾਹੀਦੀ ਹੈ।
ਪਾਕਿਸਤਾਨ ਪਹਿਲਾਂ ਤੋਂ ਹੀ ਆਪਣੀ ਪੱਛਮੀ ਸੀਮਾ 'ਤੇ ਅੱਤਵਾਦ ਖ਼ਿਲਾਫ ਜੰਗ ਲੜ ਰਿਹਾ ਹੈ। ਕਿਤੇ ਨਾ ਕਿਤੇ ਪਾਕਿਸਤਾਨ ਦੀ ਫੌਜ ਵੀ ਚਾਹੁੰਦੀ ਹੈ ਕਿ ਜੰਗ ਨਾ ਹੋਵੇ ਅਤੇ ਗੱਲਬਾਤ ਨਾਲ ਮਸਲੇ ਦਾ ਹੱਲ ਹੋਵੇ।
ਸਕਰਾਤਮਕ ਹੈ ਇਮਰਾਨ ਦੀ ਸੋਚ
ਇਮਰਾਨ ਜਿਸ ਦਿਸ਼ਾ ਵਿੱਚ ਪਾਕਿਸਤਾਨ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਉਹ ਸਹੀ ਹੈ। ਅਫ਼ਗਾਨਿਸਤਾਨ ਦੇ ਨਾਲ ਲੜਾਈ ਖ਼ਤਮ ਕਰਨ ਦੀ ਦਿਸ਼ਾ ਵਿੱਚ ਉਹਨਾਂ ਨੇ ਕਾਰਵਾਈ ਤੇਜ਼ ਕੀਤੀ ਹੈ।
ਉਹ ਚਾਹੁੰਦੇ ਹਨ ਕਿ ਅਫ਼ਗਾਨਿਸਤਾਨ ਵਿੱਚ ਹਾਲਾਤ ਆਮ ਵਾਂਗ ਹੋਣ ਅਤੇ ਜੰਗ ਖ਼ਤਮ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਚਾਹੁੰਦੇ ਹਨ ਕਿ ਇਹ 'ਨਾ ਖ਼ਤਮ ਹੋਣ ਵਾਲੀ ਲੜਾਈ' ਹੁਣ ਖ਼ਤਮ ਹੋਵੇ।
ਕਰਤਾਰਪੁਰ ਕੌਰੀਡੋਰ ਨੂੰ ਉਹਨਾਂ ਨੇ ਸਿੱਖਾਂ ਲਈ ਖੋਲ੍ਹਣ ਦੀ ਪਹਿਲ ਕੀਤੀ। ਉਹ ਚਾਹੁੰਦੇ ਹਨ ਕਿ ਬਿਨ੍ਹਾਂ ਵੀਜ਼ਾ ਲਏ ਸਿੱਖ ਇੱਥੇ ਆਉਣ ਅਤੇ ਦਰਸ਼ਨ ਕਰਨ, ਇਹ ਇੱਕ ਚੰਗੀ ਕੋਸ਼ਿਸ਼ ਸੀ।
ਇਹ ਉਹ ਕੁਝ ਚੀਜ਼ਾਂ ਹਨ ਜੋ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੀਆਂ ਹਨ ਅਤੇ ਹਾਲੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣੇ ਮਹਿਜ਼ ਪੰਜ ਮਹੀਨੇ ਹੀ ਹੋਏ ਹਨ।
ਅਜਿਹੇ ਵਿੱਚ ਪਾਕਿਸਤਾਨ ਦੇ ਆਰਥਿਕ ਹਾਲਾਤ ’ਤੇ ਜੇਕਰ ਉਹਨਾਂ ਨੇ ਕਾਬੂ ਕਰ ਲਿਆ ਅਤੇ ਅਗਲੇ ਦੋ-ਤਿੰਨ ਸਾਲਾਂ ਅੰਦਰ ਪਾਕਿਸਤਾਨ ਦੀ ਵਿਕਾਸ ਦਰ ਚੰਗੀ ਹੋਈ ਤਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਕੋਈ ਕੰਮ ਕੀਤਾ ਹੈ। ਫਿਲਹਾਲ ਤਾਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਕਦਮ ਸਕਰਾਤਮਕ ਹਨ।
(ਇਸ ਲੇਖ ਵਿੱਚ ਪ੍ਰਗਟ ਕੀਤੇ ਵਿਚਾਰ ਲੇਖਕ ਦੇ ਵਿਚਾਰ ਨਿੱਜੀ ਹਨ। ਇਸ ਵਿੱਚ ਸ਼ਾਮਿਲ ਤੱਥ ਅਤੇ ਵਿਚਾਰ ਬੀਬੀਸੀ ਦੇ ਨਹੀਂ ਹਨ।ਬੀਬੀਸੀ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਅਤੇ ਇਸ ਲਈ ਜਵਾਬਦੇਹੀ ਨਹੀਂ ਹੈ।)
(ਬੀਬੀਸੀ ਪੱਤਰਕਾਰ ਅਭੀਜੀਤ ਸ਼੍ਰੀਵਾਸਤਵ ਨਾਲ ਗੱਲਬਾਤ 'ਤੇ ਅਧਾਰਿਤ )