ਅਭਿਨੰਦਨ ਦੀ ਪਾਕਿਸਤਾਨ ਤੋਂ ਹੋਈ ਭਾਰਤ ਵਾਪਸੀ

    • ਲੇਖਕ, ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਤੇ ਸਥਾਨਕ ਪੱਤਰਕਾਰ ਰਵਿੰਦਰ ਸਿੰਘ ਰੌਬਿਨ
    • ਰੋਲ, ਲਾਹੌਰ ਤੇ ਅਟਾਰੀ ਤੋਂ ਸ਼ੁਮਾਇਲਾ ਜਾਫਰੀ, ਬੀਬੀਸੀ ਪੱਤਰਕਾਰ

ਭਾਰਤੀ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਹੋ ਚੁੱਕੀ ਹੈ।

ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।

ਅੰਮ੍ਰਿਤਸਰ ਦੇ ਡੀਸੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ, “ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਏਅਰ ਫੋਰਸ ਦੀ ਟੀਮ ਅਭਿਨੰਦਨ ਨੂੰ ਮੈਡੀਕਲ ਜਾਂਚ ਲਈ ਲੈ ਗਈ ਹੈ।”

ਭਾਰਤੀ ਹਵਾਈ ਫੌਜ ਵੱਲੋਂ ਵੀ ਅਭਿਨੰਦਨ ਵਰਤਮਾਨ ਦੀ ਵਾਪਸੀ ’ਤੇ ਖੁਸ਼ੀ ਜਤਾਈ ਗਈ ਹੈ।

ਪਾਕਿਸਤਾਨ ਦੇ ਸਰਕਾਰੀ ਅਦਾਰੇ ਆਈਐੱਸਪੀਆਰ ਵੱਲੋਂ ਇੱਕ ਵੀਡੀਓ ਰਿਲੀਜ਼ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਦੀ ਤਾਰੀਫ਼ ਕਰਦੇ ਹੋਏ ਅਤੇ ਭਾਰਤੀ ਮੀਡੀਆ ਦੀ ਨਿਖੇਧੀ ਕਰਦੇ ਹੋਏ ਦਿਖਾਇਆ ਗਿਆ ਹੈ।

ਬੀਬੀਸੀ ਨੂੰ ਨਹੀਂ ਪਤਾ ਕਿ ਇਹ ਵੀਡੀਓ ਕਿਨ੍ਹਾਂ ਹਾਲਾਤ ਵਿੱਚ ਫਿਲਮਾਇਆ ਗਿਆ ਹੈ ਅਤੇ ਵੀਡੀਓ ਵਿੱਚ ਅਭਿਨੰਦਨ ਦੀ ਸੁਤੰਤਰ ਸੋਚ ਹੈ ਜਾਂ ਨਹੀਂ

ਪਾਕਿਸਤਾਨੀ ਸੰਸਦ ਵਿੱਚ ਇਮਰਾਨ ਖ਼ਾਨ ਨੇ ਐਲਾਨ ਕਰਦਿਆਂ ਕਿਹਾ ਸੀ ਕਿ ਅਸੀਂ ਸਦਭਾਵਨਾ ਦੇ ਸੰਕੇਤ ਵਜੋਂ ਅਭਿਨੰਦਨ ਨੂੰ ਰਿਹਾਅ ਕਰ ਰਹੇ ਹਾਂ।

ਅਭਿਨੰਦਨ ਬਾਰੇ ਸਿਆਸਤਦਾਨਾਂ ਦਾ ਪ੍ਰਤੀਕਰਮ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਭਿਨੰਦਨ ਦੀ ਵਾਪਸੀ 'ਤੇ ਟਵੀਟ ਕਰਦਿਾਂ ਹੋਇਆ ਉਨ੍ਹਾਂ ਦਾ ਸੁਆਗਤ ਕੀਤਾ ਹੈ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਦੇਸ ਉਨ੍ਹਾਂ ਦੀ ਬਹਾਦਰੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿੰਗ ਕਮਾਂਡਰ ਅਭਿਨੰਦਨ ਦਾ ਟਵਿੱਟਰ ਰਾਹੀਂ ਸਵਾਗਤ ਕੀਤਾ ਹੈ।

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਭਿਨੰਦਨ ਦੀ ਵਾਪਸੀ ’ਤੇ ਟਵੀਟ ਕੀਤਾ, “ਵੈਲਕਮ ਹੋਮ, ਪੂਰੇ ਦੇਸ ਨੂੰ ਵਿੰਗ ਕਮਾਂਡਰ ਅਭਿਨੰਦਨ ’ਤੇ ਮਾਣ ਹੈ।”

  • ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਪ੍ਰੋਟੋਕਾਲ ਦੇ ਤਹਿਤ ਮੈਡੀਕਲ ਜਾਂਚ ਲਈ ਲੈ ਕੇ ਜਾ ਰਹੇ ਹਾਂ। ਸਾਨੂੰ ਖੁਸ਼ੀ ਹੈ ਕਿ ਅਭਿਨੰਦਨ ਸਾਡੇ ਵਿਚਾਲੇ ਵਾਪਸ ਆ ਚੁੱਕੇ ਹਨ- ਏਅਰ ਵਾਈਸ ਮਾਰਸ਼ਲ (ਹਵਾਈ ਸੈਨਾ)
  • 9 ਵੱਜ ਕੇ 20 ਮਿੰਟ 'ਤੇ (ਭਾਰਤੀ ਸਮੇਂ ਅਨੁਸਾਰ) ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਨੂੰ ਸੌਂਪਿਆ। ਅਭਿਨੰਦਨ ਦੇ ਨਾਲ ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਫਾਰੇਹਾ ਭੱਟੀ ਵੀ ਆਈ ਅਤੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ।
  • ਪਾਕਿਸਤਾਨੀ ਮੀਡੀਆ ਨੇ ਵਿੰਗ ਕਮਾਂਡਰ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਪਾਕਿਸਤਾਨੀ ਸੈਨਾ ਉਨ੍ਹਾਂ ਦੇ ਨਾਲ ਪ੍ਰੋਫੈਸ਼ਨਲ ਢੰਗ ਨਾਲ ਪੇਸ਼ ਆਈ ਅਤੇ ਉਨ੍ਹਾਂ ਨੂੰ ਲੋਕਾਂ ਤੋਂ ਬਚਾ ਕੇ ਸੈਨਾ ਦੇ ਕੈਂਪ ਲਿਆਂਦਾ ਗਿਆ ਅਤੇ ਪ੍ਰਾਥਮਿਕ ਇਲਾਜ ਵੀ ਮੁਹੱਈਆ ਕਰਵਾਇਆ ਗਿਆ।
  • ਤਮਿਲਨਾਡੂ ਦੇ ਕੰਨਿਆਕੁਮਾਰੀ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਤਮਿਲਨਾਡੂ ਦੇ ਰਹਿਣ ਵਾਲੇ ਵਿੰਗ ਕਮਾਂਡਰ ਅਭਿਨੰਦਨ 'ਤੇ ਮਾਣ ਹੈ।

ਸਰਹੱਦ 'ਤੇ ਪਰੇਡ ਕੈਂਸਲ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬੀਟਿੰਗ ਦਿ ਰੀਟ੍ਰੀਟ ਦੇਖਣ ਗਏ ਲੋਕਾਂ ਨੂੰ ਖਾਲੀ ਹੱਥ ਮੁੜਨਾ ਪਿਆ ਸੀ ਕਿਉਂਕਿ ਪਰੇਡ ਕੈਂਸਲ ਹੋ ਗਈ ਸੀ। ਇਸ ਬਾਰੇ ਜਾਣਕਾਰੀ ਬੀਐਸਐਫ ਦੇ ਪੀਆਰਓ ਸ਼ਬਿੰਦੂ ਭਾਰਦਵਾਜ ਦਿੱਤੀ ਸੀ।

ਦੂਜੇ ਪਾਸੇ ਇਸਲਾਮਾਬਾਦ ਹਾਈ ਕੋਰਟ ਨੇ ਪਾਇਲਟ ਅਭਿਨੰਦਨ ਦੀ ਰਿਹਾਈ ਦੇ ਖਿਲਾਫ਼ ਪਾਈ ਗਈ ਪਟੀਸ਼ਨ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ।

ਅੰਮ੍ਰਿਤਸਰ ਦੇ ਡੀਸੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਵੀ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਵਿੱਚ ਸ਼ੁੱਕਰਵਾਰ ਲਈ ਬੀਟਿੰਗ ਰਿਟ੍ਰੀਟ ਪਰੇਡ ਰੱਦ ਹੋਣ ਦੀ ਪੁਸ਼ਟੀ ਕੀਤੀ ਸੀ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਬਿਆਨ ਰਾਹੀਂ ਔਰਗਨਾਈਜ਼ੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਏ ਜਾਣ ਦਾ ਵਿਰੋਧ ਕੀਤਾ ਹੈ।

ਪਾਕਿਸਤਾਨ ਨੇ ਇਹ ਵਿਰੋਧ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਕੀਤੀ ਗਈ ਕਾਰਵਾਈ ਦਾ ਇਲਜ਼ਾਮ ਲਗਾ ਕੇ ਕੀਤਾ।

ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਦਾ ਜਹਾਜ਼ ਪਾਕਿਸਤਾਨ ਵਿੱਚ ਡਿੱਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਅਭਿਨੰਦਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ।

ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨੂੰ ਕਿਹਾ ਗਿਆ ਸੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਭਿਨੰਦਨ ਨੂੰ ਕੋਈ ਨੁਕਸਾਨ ਨਾ ਪਹੁੰਚੇ ਅਤੇ ਉਹ ਸੁਰੱਖਿਅਤ ਭਾਰਤ ਪਰਤੇ।

ਇਹ ਸਭ ਭਾਰਤ ਵੱਲੋਂ ਮੰਗਲਵਾਰ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟਰਾਈਕ ਤੋਂ ਬਾਅਦ ਹੋਇਆ।

ਭਾਰਤ ਸਰਕਾਰ ਨੇ ਏਅਰ ਸਟਰਾਈਕ ਰਾਹੀਂ ਅੱਤਵਾਦੀ ਸੰਗਠਨ ਜੈਸ਼-ਏ-ਮੁਹਮੰਦ ਦੇ ਠਿਕਾਣਿਆਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਸੀ।

ਭਾਰਤ ਸਰਕਾਰ ਦਾ ਇਹ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਕਾਰਵਾਈ ਪੁਲਵਾਮਾ ਹਮਲੇ ਦੇ ਜਵਾਬ ਵਿੱਚ ਕੀਤੀ ਹੈ। 14 ਫਰਵਰੀ ਨੂੰ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਜਿਸ ਵਿੱਚ 44 ਜਵਾਨ ਮਾਰੇ ਗਏ ਸਨ।

ਪੰਜਾਬੀ ਕਲਾਕਾਰਾਂ ਵੱਲੋਂ ਵੀ ਇਮਰਾਨ ਦੇ ਕਦਮ ਦਾ ਸੁਆਗਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਦੋਂ ਭਾਰਤੀ ਪਾਇਲਟ ਅਭਿਨੰਦਨ ਨੂੰ ਭਾਰਤ ਹਵਾਲੇ ਕਰਨ ਦਾ ਐਲਾਨ ਕੀਤਾ ਤਾਂ ਇਸ ਫ਼ੈਸਲੇ ਦਾ ਚਹੁੰ-ਪਾਸਿਓਂ ਸੁਆਗਤ ਹੋਇਆ। ਕਈ ਪੰਜਾਬੀ ਕਲਾਕਾਰਾਂ ਨੇ ਵੀ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਦੀ ਖ਼ਬਰ 'ਤੇ ਖ਼ੁਸ਼ੀ ਜ਼ਾਹਿਰ ਕੀਤੀ।

ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਬੀਬੀਸੀ ਪੰਜਾਬੀ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਇਹ ਵੀਡੀਓ, ਪਾਕਿਸਤਾਨ ਅਸੈਂਬਲੀ ਵਿੱਚ ਇਮਰਾਨ ਖਾਨ ਦੇ ਸੰਬੋਧਨ ਦੀ ਹੈ, ਜਦੋਂ ਇਮਰਾਨ ਖਾਨ ਨੇ ਭਾਰਤੀ ਪਾਇਲਟ ਅਭਿਨੰਦਨ ਨੂੰ ਭਾਰਤ ਵਾਪਿਸ ਭੇਜਣ ਦਾ ਐਲਾਨ ਕੀਤਾ।

ਨਿਮਰਤ ਖਹਿਰਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਸ਼ਾਂਤੀ ਦੇ ਇਸ ਕਦਮ ਦੀ ਮੈਂ ਸ਼ਲਾਘਾ ਕਰਦੀ ਹਾਂ।"

ਇਸ ਦੇ ਨਾਲ ਹੀ ਨਿਮਰਤ ਨੇ ਲਿਖਿਆ,"ਜੰਗ ਮੌਤਾਂ ਨਾਲ ਖ਼ਤਮ ਹੁੰਦੀ ਹੈ, ਦੁੱਖ ਅਤੇ ਘਾਟਾ, ਇੱਕ ਦੂਜੇ ਨੂੰ ਮਾਰਨਾ ਕੋਈ ਹੱਲ ਨਹੀਂ। ਬੇ-ਵਜ੍ਹਾ ਜਵਾਨਾਂ ਦੀ ਜਾਨ ਜਾਂਦੀ ਹੈ, ਸ਼ਾਂਤੀ ਫੈਲਾਓ ਅਤੇ ਨਫ਼ਰਤ ਨਹੀਂ।"

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਦੀ ਖ਼ਬਰ ਸਾਂਝੀ ਕਰਦਿਆਂ ਸ਼ੁਕਰ ਕੀਤਾ।

ਅਦਾਕਾਰ ਸਿਮੀ ਚਾਹਲ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਜ਼ਰੀਏ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਸ ਭੇਜਣ ਦੇ ਫ਼ੈਸਲੇ ਕਾਰਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ।

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਦੀ ਖ਼ਬਰ ਸਾਂਝੀ ਕਰਦਿਆਂ ਇਸ ਦੀ ਸ਼ਲਾਘਾ ਕੀਤੀ।

ਪਾਇਲਟ ਅਭਿਨੰਦਨ ਇੰਝ ਫੜ੍ਹਿਆ ਗਿਆ

ਅਭਿਨੰਦਨ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ

ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਵਾਪਿਸ ਲਿਆਉਣ ਦੀ ਕੀ ਪ੍ਰਕਿਰਿਆ ਹੋਵੇਗੀ ਇਸ ਬਾਰੇ ਬੀਬੀਸੀ ਨੇ ਮੇਜਰ ਜਨਰਲ ਰਾਜ ਮੇਹਤਾ ਨਾਲ ਗੱਲਬਾਤ ਕੀਤੀ

ਇੰਟਰਨੈਸ਼ਨਲ ਰੈੱਡ ਕਰਾਸ ਸੁਸਾਇਟੀ ਪਹਿਲਾਂ ਅਭਿਨੰਦਨ ਨੂੰ ਆਪਣੇ ਕਬਜ਼ੇ ਵਿੱਚ ਲਵੇਗੀ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਅਭਿਨੰਦਨ ਨੂੰ ਕਿਸੇ ਤਰ੍ਹਾਂ ਦਾ ਸਰੀਰਕ ਨੁਕਸਾਨ ਤਾਂ ਨਹੀਂ ਪਹੁੰਚਾਇਆ ਗਿਆ।

ਜੇਕਰ ਉਨ੍ਹਾਂ ਨੂੰ ਇਹ ਲੱਗੇ ਕਿ ਅਭਿਨੰਦਨ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਗਿਆ ਹੈ ਜਾਂ ਕੋਈ ਡਰੱਗਜ਼ ਦਿੱਤੇ ਗਏ ਹਨ ਜਾਂ ਬਦਸਲੂਕੀ ਕੀਤੀ ਗਈ ਹੈ। ਉਸ ਬਾਰੇ ਬਕਾਇਦਾ ਦਸਤਾਵੇਜ਼ ਤਿਆਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇੰਡੀਅਨ ਏਅਰਫੋਰਸ ਦੇ ਹਵਾਲੇ ਕੀਤਾ ਜਾਵੇਗਾ।

ਇੰਡੀਅਨ ਏਅਰਫੋਰਸ ਉਨ੍ਹਾਂ ਨੂੰ ਆਪਣੀ ਮੈਡੀਕਲ ਟੀਮ ਤੋਂ 100 ਫ਼ੀਸਦ ਚੈੱਕ ਕਰਵਾਏਗੀ। ਉਸ ਤੋਂ ਬਾਅਦ ਵਿਸਥਾਰ ਵਿੱਚ ਉਨ੍ਹਾਂ ਨਾਲ ਗੱਲ ਹੋਵੇਗੀ ਕਿ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੋਇਆ। ਪੂਰੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਦਿੱਤੀ ਜਾਵੇਗੀ।

ਕੀ IAF ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨਾ ਕੀ ਪਾਕਿਸਤਾਨ ਦੀ 'ਰਣਨੀਤੀ' ਹੈ?

ਪਾਕਿਸਤਾਨ ਵਿੱਚ ਹੈ ਮਸੂਦ ਅਜ਼ਹਰ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੀਐਨਐਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ, "ਮੇਰੀ ਜਾਣਕਾਰੀ ਮੁਤਾਬਕ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਫਿਲਹਾਲ ਪਾਕਿਸਤਾਨ ਵਿੱਚ ਹੈ। ਉਹ ਬੇਹੱਦ ਬਿਮਾਰ ਹੈ ਅਤੇ ਘਰੋਂ ਬਾਹਰ ਨਹੀਂ ਲਿਕਲ ਸਕਦਾ।"

ਸ਼ੁੱਕਰਵਾਰ ਨੂੰ ਹੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਰੂਸ ਵੱਲੋਂ ਦੋਹਾਂ ਮੁਲਕਾਂ ਵਿੱਚ ਸ਼ਾਂਤੀ ਲਈ ਵਿਚੋਲਗੀ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਾ ਹੈ।

ਵੀਰਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਜੇਕਰ ਦੋਵੇਂ ਮੁਲਕ ਵਿਵਾਦ ਸੁਲਝਾਉਣ ਲਈ ਇਕੱਠੇ ਹੋਣ ਤਾਂ ਰੂਸ ਵਿਚੋਲਗੀ ਕਰ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)