ਪਾਇਲਟ ਅਭਿਨੰਦਨ ਪਾਕਿਸਤਾਨ 'ਚ ਇੰਝ ਫੜ੍ਹੇ ਗਏ, ਉਸ ਪਿੰਡ ਤੋਂ ਬੀਬੀਸੀ ਦੀ ਰਿਪੋਰਟ

    • ਲੇਖਕ, ਮੁਹੰਮਦ ਇਲੀਆਸ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ, ਪਾਕਿਸਤਾਨ ਤੋਂ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਇਮਰਾਨ ਖ਼ਾਨ ਨੇ ਇਹ ਐਲਾਨ ਸੰਸਦ ਵਿੱਚ ਕੀਤਾ।

ਭਾਰਤੀ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਜਦੋਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਇਲਾਕੇ ਵਿੱਚ ਡਿੱਗੇ ਤਾਂ ਕੀ ਹੋਇਆ, ਇਹ ਸਾਰੇ ਜਾਣਦੇ ਹਨ।

ਪਰ ਸਾਰਿਆਂ ਦੇ ਜ਼ਿਹਨ ਵਿੱਚ ਇਹ ਸਵਾਲ ਜ਼ਰੂਰ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਆਖ਼ਿਰ ਫੜੇ ਕਿਵੇਂ ਗਏ?

ਇਸ ਬਾਰੇ ਭਿੰਬਰ ਜ਼ਿਲ੍ਹੇ ਦੇ ਹੋਰਾਨ ਪਿੰਡ ਦੇ ਸਰਪੰਚ ਮੋਹੰਮਦ ਰਜ਼ਾਕ ਚੌਧਰੀ ਨੇ ਬੀਬੀਸੀ ਨੂੰ ਅੱਖੀਂ ਡਿੱਠਾ ਹਾਲ ਸੁਣਾਇਆ।

58 ਸਾਲਾ ਰਜ਼ਾਕ ਚੌਧਰੀ ਇਮਰਾਨ ਖ਼ਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਨਾਲ ਵੀ ਜੁੜੇ ਹੋਏ ਹਨ।

ਪੁਲਵਾਮਾ ਤੋਂ ਪਾਇਲਟ- ਪੂਰੀ ਕਹਾਣੀ ਦੇਖਣ ਲਈ ਕਲਿੱਕ ਕਰੋ ਵੀਡੀਓ

ਚੌਧਰੀ ਨੇ ਦੱਸਿਆ ਕਿ ਭਿੰਬਰ ਜ਼ਿਲ੍ਹੇ ਵਿੱਚ, ਐਲਓਸੀ ਤੋਂ ਸੱਤ ਕਿੱਲੋਮੀਟਰ ਦੂਰ ਹੋਰਾਨ ਪਿੰਡ ਵਿੱਚ ਲੋਕਾਂ ਨੇ ਅਸਮਾਨ ਵਿੱਚ ਲੜਾਕੂ ਜਹਾਜ਼ਾਂ ਵਿਚਾਲੇ ਲੜਾਈ ਦੇਖੀ, ਪਤਾ ਲੱਗਾ ਕਿ ਦੋ ਜਹਾਜ਼ਾਂ ਦੀ ਆਪਸ ਵਿੱਚ ਟੱਕਰ ਹੋਈ ਹੈ, ਜਿਨ੍ਹਾਂ ਵਿੱਚੋਂ ਇੱਕ ਤੇਜ਼ੀ ਨਾਲ ਐਲਓਸੀ ਦੇ ਪਾਰ ਚਲਾ ਗਿਆ ਜਦਕਿ ਦੂਜੇ ਵਿੱਚ ਅੱਗ ਲੱਗ ਗਈ ਅਤੇ ਉਹ ਤੇਜ਼ ਰਫ਼ਤਾਰ ਨਾਲ ਹੇਠਾਂ ਆਉਣ ਲੱਗਾ।

ਪਿੰਡ ਵਾਲਿਆਂ ਨੇ ਜਹਾਜ਼ ਦਾ ਮਲਬਾ ਡਿੱਗਦਾ ਦੇਖਿਆ ਅਤੇ ਪੈਰਾਸ਼ੂਟ ਰਾਹੀਂ ਸੁਰੱਖਿਅਤ ਉੱਤਰਦੇ ਪਾਇਲਟ ਨੂੰ ਵੀ ਦੇਖਿਆ।

ਇਹ ਪਾਇਲਟ ਅਭਿਨੰਦਨ ਸੀ, ਉਨ੍ਹਾਂ ਕੋਲ ਪਿਸਤੌਲ ਸੀ ਅਤੇ ਉਨ੍ਹਾਂ ਨੇ ਪੁੱਛਿਆ 'ਇਹ ਭਾਰਤ ਹੈ ਜਾਂ ਪਾਕਿਸਤਾਨ।'

ਚੌਧਰੀ ਦੱਸਦੇ ਹਨ, ''ਇਸ ਗੱਲ 'ਤੇ ਇੱਕ ਹੁਸ਼ਿਆਰ ਪਾਕਿਸਤਾਨੀ ਮੁੰਡੇ ਨੇ ਜਵਾਬ ਦਿੱਤਾ ਹਾਂ ਇਹ ਭਾਰਤ ਹੈ। ਇਸ ਤੋਂ ਬਾਅਦ ਪਾਇਲਟ ਨੇ ਭਾਰਤ ਦੀ ਦੇਸ਼ ਭਗਤੀ ਵਾਲੇ ਕੁਝ ਨਾਅਰੇ ਲਗਾਏ, ਇਸ ਦੇ ਜਵਾਬ ਵਿੱਚ ਪਿੰਡ ਵਾਲਿਆਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ।''

ਸਰਪੰਚ ਚੌਧਰੀ ਨੇ ਬੀਬੀਸੀ ਨੂੰ ਦੱਸਿਆ, ਮੈਂ ਦੇਖ ਲਿਆ ਸੀ ਕਿ ਪੈਰਾਸ਼ੂਟ 'ਤੇ ਭਾਰਤ ਦਾ ਝੰਡਾ ਬਣਿਆ ਹੋਇਆ ਸੀ, ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਭਾਰਤੀ ਪਾਇਲਟ ਹੈ। ਮੇਰਾ ਇਰਾਦਾ ਪਾਇਲਟ ਨੂੰ ਜ਼ਿੰਦਾ ਫੜਨਾ ਸੀ। ਸਥਾਨਕ ਲੋਕ ਉਸ ਵੱਲ ਭੱਜੇ ਜਿਸ ਪਾਸੇ ਪੈਰਾਸ਼ੂਟ ਡਿੱਗਿਆ ਸੀ, ਮੈਂ ਸਮਝ ਗਿਆ ਕਿ ਲੋਕ ਪਾਇਲਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਾਂ ਪਾਇਲਟ ਉਨ੍ਹਾਂ ਨੂੰ।''

ਇਹ ਵੀ ਪੜ੍ਹੋ:

ਅਭਿਨੰਦਨ ਨੇ ਦਸਤਾਵੇਜ਼ ਨਸ਼ਟ ਕਰ ਦਿੱਤੇ

ਚੌਧਰੀ ਨੇ ਦੱਸਿਆ, ''ਭਾਰਤੀ ਪਾਇਲਟ ਨੇ ਕਿਹਾ ਕਿ ਮੇਰੀ ਪਿੱਠ 'ਤੇ ਸੱਟ ਲੱਗੀ ਹੈ ਅਤੇ ਪੀਣ ਲਈ ਪਾਣੀ ਮੰਗਿਆ। ਨਾਅਰੇਬਾਜ਼ੀ ਤੋਂ ਨਾਰਾਜ਼ ਪਿੰਡ ਦੇ ਮੁੰਡਿਆਂ ਨੇ ਪੱਥਰ ਚੁੱਕ ਲਏ। ਪਾਇਲਟ ਨੇ ਮੁੰਡਿਆਂ ਨੂੰ ਡਰਾਉਣ ਲਈ ਹਵਾ ਵਿੱਚ ਗੋਲੀਆਂ ਚਲਾਈਆਂ। ਭਾਰਤੀ ਪਾਇਲਟ ਪਿੱਛੇ ਵੱਲ ਅੱਧਾ ਕਿੱਲੋਮੀਟਰ ਭੱਜਿਆ ਅਤੇ ਪਿਸਤੌਲ ਮੁੰਡਿਆਂ ਵੱਲ ਕੀਤੀ ਹੋਈ ਸੀ ਪਰ ਮੁੰਡੇ ਡਰੇ ਨਹੀਂ।''

ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਭਾਰਤੀ ਪਾਇਲਟ ਨੇ ਛੋਟੇ ਜਿਹੇ ਤਲਾਬ ਵਿੱਚ ਛਲਾਂਗ ਲਗਾ ਦਿੱਤੀ, ਜੇਬ ਵਿੱਚੋਂ ਕੁਝ ਸਮਾਨ ਅਤੇ ਦਸਤਾਵੇਜ਼ ਕੱਢੇ। ਕੁਝ ਨਿਗਲਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਪਾਣੀ ਵਿੱਚ ਸੁੱਟ ਕੇ ਖਰਾਬ ਕਰਨ ਦੀ।

ਚੌਧਰੀ ਨੇ ਦੱਸਿਆ, "ਨੌਜਵਾਨਾ ਨੇ ਪਾਇਲਟ ਨੂੰ ਫੜ ਲਿਆ। ਕਈਆਂ ਨੇ ਉਨ੍ਹਾਂ ਨੂੰ ਲੱਤਾਂ-ਮੁੱਕੇ ਮਾਰੇ, ਜਦਕਿ ਦੂਜੇ ਲੋਕ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਪਾਕਿਸਤਾਨੀ ਫੌਜੀ ਪਹੁੰਚੇ ਅਤੇ ਵਿੰਗ ਕਮਾਂਡਰ ਅਭਿਨੰਦਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਗੁੱਸਾਈ ਭੀੜ ਨੂੰ ਕੁੱਟਣ ਤੋਂ ਰੋਕਿਆ।"

ਹਿਰਾਸਤ ਵਿੱਚ ਲੈਣ ਤੋਂ ਬਾਅਦ ਵਿੰਗ ਕਮਾਂਡਰ ਨੂੰ ਭਿੰਬਰ ਦੀ ਫੌਜੀ ਇਕਾਈ ਵਿੱਚ ਲਿਜਾਇਆ ਗਿਆ, ਮਾਰ-ਕੁੱਟ ਕਾਰਨ ਉਨ੍ਹਾਂ ਨੂੰ ਜੋ ਸੱਟਾਂ ਲੱਗੀਆਂ ਸਨ ਉਸ ਕਾਰਨ ਖ਼ੂਨ ਨਿਕਲ ਰਿਹਾ ਸੀ। ਉਂਝ ਆਸਮਾਨ ਤੋਂ ਡਿੱਗਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)