ਕੀ IAF ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨਾ ਪਾਕਿਸਤਾਨ ਦੀ 'ਰਣਨੀਤੀ' ਹੈ? ਜਾਣੋ ਅਸਲ ਕਾਰਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲਏ ਗਏ ਭਾਰਤੀ ਪਾਇਲਟ ਨੂੰ ਵਾਘਾ ਬਾਰਡਰ ਰਾਹੀਂ ਛੱਡ ਰਿਹਾ ਹੈ।

ਇਸ ਖ਼ਬਰ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਵਿਚਾਲੇ ਚੱਲ ਰਿਹਾ ਤਣਾਅ ਘਟਣ ਦੀ ਉਮੀਦ ਹੈ।

26 ਫਰਵਰੀ ਨੂੰ ਭਾਰਤ ਨੇ ਬਾਲਾਕੋਟ ਵਿੱਚ ਹਵਾਈ ਕਾਰਵਾਈ ਕੀਤੀ ਸੀ। ਇਸ ਕਾਰਵਾਈ ਵਿੱਚ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਕੈਂਪ ਨੂੰ ਨਿਸ਼ਾਣਾ ਬਣਾਉਣ ਦਾ ਦਾਅਵਾ ਕੀਤਾ ਸੀ। ਉਸ ਦੇ ਜਵਾਬ ਵਿੱਚ ਪਾਕਿਸਤਾਨ ਵੱਲੋਂ ਵੀ ਹਵਾਈ ਕਾਰਵਾਈ ਕੀਤੀ ਗਈ।

ਉਸੇ ਕਾਰਵਾਈ ਦੌਰਾਨ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਇਸ ਰਿਹਾਈ ਅਤੇ ਪਾਕਿਸਤਾਨ ਦੀ ਨੀਤੀ ਬਾਰੇ ਬੀਬੀਸੀ ਭਾਰਤੀ ਭਾਸ਼ਾਵਾਂ ਦੀ ਟੀਵੀ ਐਡੀਟਰ ਵੰਦਨਾ ਨੇ ਸੀਨੀਅਰ ਪੱਤਰਕਾਰ ਹਾਰੂਨ ਰਸ਼ੀਦ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਪਾਕਿਸਤਾਨ ਨੇ ਭਾਰਤੀ ਪਾਇਲਟ ਨੂੰ ਆਜ਼ਾਦ ਕਰਨ ਦਾ ਫੈਸਲਾ ਕਿਵੇਂ ਲਿਆ ਅਤੇ ਕੀ ਇਸ ਪਿੱਛੇ ਕੌਮਾਂਤਰੀ ਕੂਟਨੀਤੀ ਸੀ?

ਪਾਕਿਸਤਾਨ ਪਹਿਲੇ ਦਿਨ ਤੋਂ ਹੀ ਤਣਾਅ ਘਟਾਉਣਾ ਚਾਹੁੰਦਾ ਸੀ। ਪਾਇਲਟ ਨੂੰ ਛੱਡਣਾ ਮਾਹੌਲ ਨੂੰ ਸ਼ਾਂਤ ਕਰਨ ਲਈ ਇਮਰਾਨ ਖਾਨ ਵੱਲੋਂ ਅਪਣਾਈ ਗਈ ਨੀਤੀ ਦਾ ਹਿੱਸਾ ਸੀ।

ਇਮਰਾਨ ਖਾਨ ਨੇ ਆਪਣੇ ਭਾਸ਼ਣ ਵਿੱਚ ਪਾਇਲਟ ਨੂੰ ਆਜ਼ਾਦ ਕਰਨ ਲਈ ਬਣਾਏ ਗਏ ਦਬਾਅ ਬਾਰੇ ਕਿਸੇ ਵੀ ਦੇਸ ਦਾ ਨਾਂ ਨਹੀਂ ਲਿਆ ਹੈ।

ਹਾਲਾਂਕਿ ਟਰੰਪ ਦਾ ਬਿਆਨ ਕਿ ਉਹ ਦੋਹਾਂ ਦੇਸਾਂ ਵਿਚਾਲੇ ਕੁਝ ਸਕਾਰਾਤਮਕ ਹੋਣ ਦਾ ਅੰਦਾਜ਼ਾ ਲਗਾ ਰਹੇ ਹਨ ਅਤੇ ਸਾਊਦੀ ਦੇ ਵਿਦੇਸ਼ ਮੰਤਰੀ ਵੱਲੋਂ ਕਰਾਊਨ ਪ੍ਰਿੰਸ ਦਾ ਸੁਨੇਹਾ ਲੈ ਕੇ ਅਚਾਨਕ ਪਾਕਿਸਤਾਨ ਜਾਣਾ ਦਰਸਾਉਂਦਾ ਹੈ ਕਿ ਕੋਈ ਨਾ ਕੋਈ ਵਿਦੇਸ਼ੀ ਹੱਥ ਤਾਂ ਜ਼ਰੂਰ ਸੀ।

ਸੰਸਦ ਵਿੱਚ ਪਿਛਲੇ 2 ਦਿਨਾਂ ਤੋਂ ਇਮਰਾਨ ਖਾਨ ਦੇ ਰਵੱਈਏ ਬਾਰੇ ਕੀ ਕਹੋਗੇ?

ਸੋਸ਼ਲ ਮੀਡੀਆ 'ਤੇ ਕਈ ਲੋਕ ਇਮਰਾਨ ਖਾਨ ਦੀ ਸਿਫਤ ਕਰ ਰਹੇ ਹਨ।

ਉਹ ਖੁਦ ਨੂੰ ਇੱਕ ਚੰਗਾ ਨੇਤਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਭਾਰਤੀ ਮੀਡੀਆ ਵਿੱਚ ਕਈ ਵਾਰ ਇਹ ਇਲਜ਼ਾਮ ਲੱਗ ਚੁੱਕੇ ਹਨ ਕਿ ਇਮਰਾਨ ਖਾਨ ਮਹਿਜ਼ ਫੌਜ ਦੀ ਕਠਪੁਤਲੀ ਹਨ ਅਤੇ ਸਾਰੀ ਤਾਕਤ ਫੌਜ ਕੋਲ ਹੈ।

ਇਸ ਫੈਸਲੇ ਨਾਲ ਉਹ ਇਹ ਵਿਖਾਉਣਾ ਚਾਹੁੰਦੇ ਹਨ ਕਿ ਉਹ ਅਜੇ ਵੀ ਤਾਕਤ ਵਿੱਚ ਹਨ ਅਤੇ ਮੁੱਖ ਫੈਸਲਾ ਉਨ੍ਹਾਂ ਤੋਂ ਆਇਆ ਹੈ ਨਾ ਕਿ ਫੌਜ ਤੋਂ।

ਇਹ ਵੀ ਪੜ੍ਹੋ:

ਭਾਰਤ ਅਤੇ ਪਾਕਿਸਤਾਨ ਲਈ ਅੱਗੇ ਕੀ ਹੈ?

ਅੱਗੇ ਸਿਰਫ ਤਣਾਅ ਘਟਣ ਦੀ ਉਮੀਦ ਕੀਤੀ ਜਾ ਸਕਦੀ ਹੈ। ਖਬਰਾਂ ਹਨ ਕਿ ਪਾਕਿਸਤਾਨ ਅਤੇ ਭਾਰਤ ਦੇ ਆਗੂ ਫੋਨ 'ਤੇ ਗੱਲ ਕਰਨਗੇ ਜਿਸ ਨਾਲ ਤਣਾਅ ਘਟੇਗਾ।

ਸਮੇਂ ਨਾਲ ਹਾਲਾਤ ਸੁਧਰਨਗੇ ਖਾਸ ਕਰਕੇ ਉਸ ਵੇਲੇ ਜਦੋਂ ਭਾਰਤੀ ਪਾਇਲਟ ਵਾਪਸ ਆ ਜਾਏਗਾ।

ਪਾਕਿਸਤਾਨ ਦੀ ਹਿਰਾਸਤ ਵਿੱਚ ਪਾਇਲਟਾਂ ਦੀ ਗਿਣਤੀ 'ਤੇ ਸ਼ਸ਼ੋਪੰਜ

ਸ਼ੁਰੂਆਤ ਵਿੱਚ ਗਲਤਫਹਿਮੀ ਸੀ ਕਿ ਪਾਕਿਸਤਾਨ ਵੱਲੋਂ ਦੋ ਭਾਰਤੀ ਫੌਜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪਰ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਸਾਫ ਕਰ ਦਿੱਤਾ ਕਿ ਸਿਰਫ ਇੱਕ ਹੀ ਭਾਰਤੀ ਪਾਇਲਟ ਫੜਿਆ ਗਿਆ ਹੈ।

ਜਿੱਥੇ ਤੱਕ ਜਹਾਜ਼ਾਂ ਦੀ ਗੱਲ ਹੈ, ਪਾਕਿਸਤਾਨ ਹਾਲੇ ਵੀ ਇਹੀ ਕਹਿ ਰਿਹਾ ਹੈ ਕਿ ਉਸ ਨੇ ਦੋ ਭਾਰਤੀ ਲੜਾਕੂ ਜਹਾਜ਼ ਮਾਰ ਗਿਰਾਏ ਹਨ।

ਦਾਅਵੇ ਮੁਤਾਬਕ ਇੱਕ ਪਾਕਿਸਤਾਨ ਵਿੱਚ ਡਿੱਗਿਆ ਅਤੇ ਦੂਜਾ ਵਾਪਸ ਪਾਕਿਸਤਾਨ ਗਿਆ ਅਤੇ ਭਾਰਤੀ ਇਲਾਕੇ ਵਿੱਚ ਡਿੱਗਿਆ ਪਰ ਕੋਈ ਮਲਬਾ ਨਹੀਂ ਵੇਖਿਆ ਗਿਆ।

ਭਾਰਤ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦਾ ਜਹਾਜ਼ F-16 ਡੇਗਿਆ ਹੈ ਪਰ ਉਸਦਾ ਕੋਈ ਸਬੂਤ ਨਹੀਂ ਹੈ।

ਪੱਕੇ ਤੌਰ 'ਤੇ ਇਹੀ ਕਿਹਾ ਜਾ ਸਕਦਾ ਹੈ ਕਿ ਇੱਕ ਭਾਰਤੀ ਜਹਾਜ਼ ਗਿਰਾਇਆ ਗਿਆ ਅਤੇ ਇੱਕ ਫੌਜੀ ਨੂੰ ਫੜਿਆ ਗਿਆ। ਬਾਕੀ ਸਿਰਫ ਦਾਅਵੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)