ਪਾਕਿਸਤਾਨ ਦੇ ਮਰਹੂਮ ਪ੍ਰਧਾਨ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਦੀ ਪੋਤੀ ਨੇ ਕਿਉਂ ਮੰਗੀ ਸੀ ਭਾਰਤੀ ਪਾਇਲਟ ਦੀ ਰਿਹਾਈ

ਪਾਕਿਸਤਾਨ ਦੇ ਮਰਹੂਮ ਪ੍ਰਧਾਨ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਦੀ ਪੋਤੀ ਅਤੇ ਲੇਖਿਕਾ ਫਾਤੀਮਾ ਭੁੱਟੋ ਨੇ ਮੰਗ ਕੀਤੀ ਸੀ ਕਿ ਪਾਕਿਸਤਾਨ ਵੱਲੋਂ ਫੜ੍ਹੇ ਗਏ ਭਾਰਤੀ ਪਾਇਲਟ ਨੂੰ ਰਿਹਾਅ ਕਰ ਦਿੱਤਾ ਜਾਵੇ।

ਨਿਊ ਯੌਰਕ ਟਾਈਮਜ਼ ਵਿੱਚ ਲਿਖੇ ਲੇਖ ਵਿੱਚ ਫਾਤਿਮਾ ਨੇ ਲਿਖਿਆ ਸੀ, "ਮੈਂ ਅਤੇ ਕਈ ਹੋਰ ਪਾਕਿਸਤਾਨੀ ਨੌਜਵਾਨ ਚਾਹੁੰਦੇ ਹਨ ਕਿ ਸ਼ਾਂਤੀ, ਮਨੁੱਖਤਾ ਤੇ ਮਾਣ ਪ੍ਰਤੀ ਸਾਡੀ ਵਚਨਬੱਧਤਾ ਦਾ ਸੰਕੇਤ ਦਿੰਦਿਆਂ ਫੜ੍ਹੇ ਗਏ ਭਾਰਤੀ ਪਾਇਲਟ ਨੂੰ ਰਿਹਾਅ ਕਰ ਦਿੱਤਾ ਜਾਵੇ।"

ਨਿਊ ਯਾਰਕ ਟਾਈਮਜ਼ ਵਿੱਚ ਲਿਖੇ ਲੇਖ ਵਿੱਚ ਫਾਤਿਮਾ ਨੇ ਸਾਲ 2007 ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ ਜੋ ਕਿ ਪਰਮਾਣੂ ਵਿਰੋਧੀ ਸੰਸਥਾ 'ਫਿਜ਼ੀਸ਼ੀਅਨਸ ਫਾਰ ਸੋਸ਼ਲ ਰੈਸਪੋਂਸੀਬਿਲਿਟੀ' ਦੇ ਸਹਿ-ਸੰਸਥਾਪਕ ਵੱਲੋਂ ਲਿਖੀ ਗਈ ਹੈ।

ਇਹ ਵੀ ਪੜ੍ਹੋ:

ਇਸ ਰਿਪੋਰਟ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿੱਚ ਪਰਮਾਣੂ ਜੰਗ ਕਾਰਨ ਇੱਕ ਤੋਂ 2 ਬਿਲੀਅਨ ਲੋਕਾਂ ਦੀ ਭੁੱਖਮਰੀ ਅਤੇ ਬਿਮਾਰੀਆਂ ਕਾਰਨ ਮੌਤ ਹੋ ਸਕਦੀ ਹੈ।

'ਦੋ ਦੇਸਾਂ ਵਿਚਾਲੇ ਟਵਿੱਟਰ ਜੰਗ ਪਹਿਲੀ ਵਾਰੀ'

ਫਾਤਿਮਾ ਦਾ ਕਹਿਣਾ ਹੈ ਕਿ, "ਮੈਂ ਕਦੇ ਵੀ ਆਪਣੇ ਦੇਸ ਦੇ ਗੁਆਂਢੀ ਮੁਲਕ ਨਾਲ ਸ਼ਾਂਤੀ ਸਬੰਧ ਨਹੀਂ ਦੇਖੇ ਪਰ ਇਸ ਤੋਂ ਪਹਿਲਾਂ ਕਦੇ ਪਰਮਾਣੂ ਤਾਕਤਾਂ ਵਾਲੇ ਦੇਸਾਂ ਵਿਚਾਲੇ ਟਵਿੱਟਰ ਉੱਤੇ ਜੰਗ ਵੀ ਨਹੀਂ ਦੇਖੀ।"

ਫਾਤੀਮਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਉੱਤੇ ਕਈ ਟਵੀਟ ਵੀ ਕੀਤੇ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ, "ਕੀ ਅਸੀਂ ਇੱਕ ਆਮ ਨਿਯਮ ਨਹੀਂ ਬਣਾ ਸਕਦੇ ਕਿ ਜੇ ਤੁਸੀਂ ਜੰਗ ਜਾਂ ਹਿੰਸਾ ਦੀ ਪੈਰਵੀ ਕਰਦੇ ਹੋ ਤਾਂ ਤੁਸੀਂ ਇਸ ਜੰਗ ਵਿੱਚ ਅੱਗੇ ਖੜ੍ਹੇ ਹੋ ਕੇ ਹੀ ਕਰ ਸਕਦੇ ਹੋ।"

"ਜੋ ਲੋਕ ਸ਼ਾਂਤੀ ਦੀ ਅਪੀਲ ਕਰ ਰਹੇ ਹਨ ਸਿਆਸਤਦਾਨ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ, ਪੱਤਰਕਾਰ ਜੰਗ ਦੀ ਲਈ ਹੋਕਾ ਦੇ ਰਹੇ ਹਨ।“

“ਬਾਲੀਵੁੱਡ ਅਦਾਕਾਰ ਜਿਨ੍ਹਾਂ ਨੇ ਇੱਕ ਫੌਜੀ ਦਾ ਸਿਰਫ਼ ਕਿਰਦਾਰ ਹੀ ਨਿਭਾਇਆ ਹੈ ਪਰ ਕਦੇ ਵੀ ਅਸਲੀ ਜੰਗ ਨਹੀਂ ਲੜੀ ਉਹ ਕਾਰਵਾਈ ਦੀ ਮੰਗ ਕਰ ਰਹੇ ਹਨ। ਲੋਕ ਮਾਰੇ ਜਾਣਗੇ, ਲੋਕ ਮਾਰੇ ਗਏ ਸਨ। ਥੋੜ੍ਹੀ ਸੱਭਿਅਤਾ ਬਰਕਰਾਰ ਰੱਖੋ।"

ਇਹ ਵੀਡਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)