ਜੰਗ ਹਾਰੀਆਂ ਹੋਈਆਂ ਸਰਕਾਰਾਂ ਦਾ ਸਹਾਰਾ- ਨਵਜੋਤ ਸਿੰਘ ਸਿੱਧੂ, 5 ਅਹਿਮ ਖ਼ਬਰਾਂ

ਹਾਲਾਂਕਿ ਕਾਂਗਰਸ ਪਾਰਟੀ ਨੇ ਆਪਣੇ-ਆਪ ਨੂੰ ਸਿੱਧੂ ਦੇ ਪਾਕਿਸਤਾਨ ਨਾਲ ਗੱਲਬਾਤ ਵਾਲੇ ਬਿਆਨ ਤੋਂ ਵੱਖ ਕਰ ਲਿਆ ਸੀ ਪਰ ਉਹ ਆਪਣੀ ਗੱਲ ਤੇ ਕਾਇਮ ਹਨ ਤੇ ਉਨ੍ਹਾਂ ਕਿਹਾ ਹੈ ਕਿ ਜੰਗ ਹਾਰੀਆਂ ਹੋਈਆਂ ਸਰਕਾਰਾਂ ਦਾ ਸਹਾਰਾ ਹੁੰਦੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ ਕਿ ਬਾਦਸ਼ਾਹ ਦੀ ਜਾਨ ਬਚਾਉਣ ਲਈ ਲੜੀ ਜਾਣ ਵਾਲੀ ਲੜਾਈ, ਲੜਾਈ ਨਹੀਂ ਸਿਆਸਤ ਹੁੰਦੀ ਹੈ।

ਟਵੀਟ ਵਿੱਚ ਉਨ੍ਹਾਂ ਲਿਖਿਆ, ਜੰਗ ਹਾਰੀਆਂ ਹੋਈਆਂ ਸਰਕਾਰਾਂ ਦਾ ਸਹਾਰਾ ਹੁੰਦੀ ਹੈ। ਆਪਣੇ ਨਿਗੂਣੇ ਸਿਆਸੀ ਮੰਤਵਾਂ ਲਈ, ਤੁਸੀਂ ਹੋਰ ਕਿੰਨੇ ਮਾਸੂਮਾਂ ਤੇ ਜਵਾਨਾਂ ਦੀ ਬਲੀ ਚਾੜ੍ਹੋਂਗੇ।

ਇਹ ਵੀ ਪੜ੍ਹੋ:

ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ

ਭਾਰਤੀ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਹੋ ਚੁੱਕੀ ਹੈ।

ਬੀਤੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ।

ਅੰਮ੍ਰਿਤਸਰ ਦੇ ਡੀਸੀ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਦੱਸਿਆ, "ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਏਅਰ ਫੋਰਸ ਦੀ ਟੀਮ ਅਭਿਨੰਦਨ ਨੂੰ ਮੈਡੀਕਲ ਜਾਂਚ ਲਈ ਲੈ ਗਈ ਹੈ।"

ਉਨ੍ਹਾਂ ਦੇ ਸਵਾਗਤ ਲਈ ਪਹੁੰਚੇ ਅਫ਼ਸਰਾਂ ਨੇ ਦੱਸਿਆ ਕਿ ਉਨ੍ਹਾਂ ਭਾਰਤ ਵਿੱਚ ਦਾਖ਼ਲ ਹੁੰਦਿਆਂ ਹੀ ਕਿਹਾ,"ਆਪਣੇ ਦੇਸ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ।"

ਭਾਰਤੀ ਹਵਾਈ ਫੌਜ ਵੱਲੋਂ ਵੀ ਅਭਿਨੰਦਨ ਵਰਤਮਾਨ ਦੀ ਵਾਪਸੀ 'ਤੇ ਖੁਸ਼ੀ ਜਤਾਈ ਗਈ ਹੈ। ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸਰਕਾਰ ਪਾਕ ਵਿੱਚ ਕੀਤੀ ਕਾਰਵਾਈ ਦੇ ਸਬੂਤ ਸਾਂਝੇ ਕਰੇ

ਸੰਸਦ ਦੇ ਵਿਦੇਸ਼ ਮਾਮਲਿਆ ਬਾਰੇ ਪੈਨਲ ਨੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਪੁੱਛਿਆ ਹੈ ਕਿ ਉਹ ਇਸ ਬਾਰੇ ਤਸਵੀਰਾਂ ਜਾਂ ਕੋਈ ਹੋਰ ਸਬੂਤ ਸਾਂਝੇ ਕਿਉਂ ਨਹੀਂ ਕਰ ਰਹੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੈਨਲ ਨੇ ਭਾਰਤ ਦੇ ਵਿਦੇਸ਼ ਸਕੱਤਰ ਵਿਜੇ ਕੇਸ਼ਵ ਗੋਖਲੇ ਕੌਮਾਂਤਰੀ ਭਾਈਚਾਰੇ ਨੂੰ ਭਾਰਤ ਵੱਲੋਂ ਪਾਕਿਸਤਾਨ ਦੀ ਧਰਤੀ 'ਤੇ ਮੰਗਲਵਾਰ ਨੂੰ ਕੀਤੀ ਕਾਰਵਾਈ ਦੇ ਕਾਰਨ ਸਪਸ਼ਟ ਕਰਨ ਲਈ ਹਰੇਕ ਹੀਲਾ ਵਰਣ ਲਈ ਕਿਹਾ।

ਅਜ਼ਹਰ ਮਹਿਮੂਦ ਪਾਕਿਸਤਾਨ ਵਿੱਚ ਹੀ ਹੈ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਸੀਐੱਨਐਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਮੰਨਿਆ ਹੈ ਕਿ ਜੈਸ਼-ਏ-ਮੁਹੰਮਦ ਮੁਖੀ ਮਸੁਦ ਅਜ਼ਹਰ ਪਾਕਿਸਤਾਨ ਵਿੱਚ ਹੀ ਹਨ।

ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾ ਸਕਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, "ਉਹ ਪਾਕਿਸਤਾਨ ਵਿੱਚ ਹੀ ਹਨ, ਉਹ ਬੀਮਾਰ ਹਨ, ਉਹ ਇੰਨੇ ਬੀਮਾਰ ਹਨ ਕਿ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ। ਉਹ ਬਹੁਤ ਬੀਮਾਰ ਹਨ।" ਬੀਬੀਸੀ ਦੀ ਵੈੱਬਸਾਈਟ ਤੇ ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀਆਂ ਦੇ ਚਾਰ ਸਾਲਾਂ ’ਚ 3000 ਮਾਮਲੇ ਦਰਜ

ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਦੁਆਬਾ ਖੇਤਰ ਦੇ 1257 ਏਜੰਟਾਂ ਖਿਲਾਫ਼ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀਆਂ ਦੇ 3000 ਮਾਮਲੇ ਦਰਜ ਕੀਤੇ ਗਏ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਪੁਲਿਸ ਨੂੰ ਰੋਜ਼ਾਨਾ ਔਸਤ ਦਸ ਸ਼ਿਕਾਇਤਾਂ ਮਿਲਦੀਆਂ ਹਨ।

ਅਜਿਹੇ ਮਾਮਲਿਆਂ ਵਿੱਚ ਪੇਂਡੇ ਖੇਤਰਾਂ ਦੇ ਲੋਕ ਸ਼ਹਿਰੀਆਂ ਦੇ ਮੁਕਾਬਲੇ ਵਧੇਰੇ ਸ਼ਿਕਾਰ ਬਣਦੇ ਹਨ। ਖ਼ਬਰ ਮੁਤਾਬਕ ਸਾਲ 2015 ਵਿੱਚ 261, 2016 ਵਿੱਚ 309, 2017 ਵਿੱਚ 200 ਅਤੇ 2018 ਵਿੱਚ 190 ਮਾਮਲੇ ਭਾਰਤੀ ਦੰਡਾਵਲੀ ਤਹਿਤ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)