ਨਵਜੋਤ ਸਿੱਧੂ ਵੱਲੋਂ ਸਾਂਝੀ ਕੀਤੀ ਵਾਇਰਲ ਵੀਡੀਓ ਵਿੱਚ ਕੀ ਵਾਕਈ ਅਭਿਨੰਦਨ ਦੀ ਪਤਨੀ ਹੈ?

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਦੋ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਦੀ ਪਤਨੀ ਹੈ।

ਅਭਿਨੰਦਨ ਨੂੰ ਅੱਜ ਪਾਕਿਸਤਾਨ ਵੱਲੋਂ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਬੁੱਧਵਾਰ ਨੂੰ ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ ਦਾ ਲੜਾਕੂ ਜਹਾਜ਼ ਡੇਗ ਦਿੱਤਾ ਸੀ।

ਵਿੰਗ ਕਮਾਂਡਰ ਵਰਤਮਾਨ ਦਾ ਪਾਕਿਸਤਾਨ ਵਿੱਚ ਫੜ੍ਹਿਆ ਜਾਣਾ ਭਾਰਤ ਲਈ ਵੱਡਾ ਝਟਕਾ ਸੀ। ਦੋਹਾਂ ਪਾਸਿਆਂ 'ਤੇ ਸ਼ਾਂਤੀ ਬਣਾਏ ਰੱਖਣ ਦਾ ਦਬਾਅ ਹੈ।

ਪਾਕਿਸਤਾਨ ਦੀ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ 'ਸ਼ਾਂਤੀ ਦੇ ਸੰਕੇਤ' ਵਜੋਂ ਰਿਹਾ ਕਰ ਦਿੱਤਾ ਜਾ ਰਿਹਾ ਹੈ।

ਪਹਿਲਾ ਵੀਡੀਓ ਯੂ-ਟਿਊਬ ਉੱਤੇ 'ਆਜਤੱਕ ਕ੍ਰਿਕਟ' ਤੋਂ ਪੋਸਟ ਕੀਤਾ ਗਿਆ ਹੈ ਅਤੇ ਇਸ ਨੂੰ ਵੱਖ-ਵੱਖ ਵਟਸਐਪ ਤੇ ਫੇਸਬੁੱਕ ਗਰੁੱਪਸ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਸਣੇ ਕਈ ਹਜ਼ਾਰਾਂ ਲੋਕਾਂ ਨੇ ਦੂਜਾ ਵੀਡੀਓ ਸ਼ੇਅਰ ਕੀਤਾ ਹੈ।

ਪਹਿਲਾ ਵੀਡਓ

ਪਹਿਲੇ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਪਤਨੀ ਨਾਲ ਫੋਨ ਉੱਤੇ ਗੱਲਬਾਤ ਕੀਤੀ।

ਹਾਲਾਂਕਿ ਸਾਨੂੰ ਪਤਾ ਲੱਗਿਆ ਹੈ ਕਿ ਇਹ ਵੀਡੀਓ ਸਾਲ 2013 ਦਾ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਮੋਦੀ ਦੀ ਵੈੱਬਸਾਈਟ ਉੱਤੇ ਇਹ ਵੀਡੀਓ 2 ਨਵੰਬਰ 2013 ਨੂੰ ਅਪਲੋਡ ਕੀਤਾ ਗਿਆ ਸੀ।

ਉਨ੍ਹਾਂ ਨੇ ਇਸ ਨੂੰ ਟਵੀਟ ਵੀ ਕੀਤਾ ਸੀ।

ਵੀਡੀਓ ਵਿੱਚ ਮੋਦੀ ਮੁੰਨਾ ਸ੍ਰੀਵਾਸਤਵ ਦੀ ਵਿਧਵਾ ਨਾਲ ਗੱਲਬਾਤ ਕਰ ਰਹੇ ਹਨ। ਸਾਲ 2013 ਵਿੱਚ ਮੋਦੀ ਦੀ ਪਟਨਾ ਰੈਲੀ ਦੌਰਾਨ ਮੁੰਨਾ ਸ੍ਰੀਵਾਸਤਵ ਦੀ ਮੌਤ ਹੋ ਗਈ ਸੀ।

ਮੋਦੀ ਕਹਿ ਰਹੇ ਹਨ, "ਮੈਂ ਤੁਹਾਡੇ ਘਰ ਆਉਣਾ ਚਾਹੁੰਦਾ ਸੀ ਪਰ ਖਰਾਬ ਮੌਸਮ ਕਾਰਨ ਹੈਲੀਕਾਪਟਰ ਨਹੀਂ ਉਤਰ ਸਕਿਆ। ਸਾਡੇ ਵਰਕਰ ਤੁਹਾਨੂੰ ਮਿਲਣ ਆਉਣਗੇ ਅਤੇ ਪਾਰਟੀ ਤੁਹਾਡੇ ਪਰਿਵਾਰ ਦਾ ਧਿਆਨ ਰੱਖੇਗੀ।"

ਪੁਲਵਾਮਾ ਵਿੱਚ ਹੋਏ ਹਮਲੇ ਤੋਂ ਬਾਅਦ ਵੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ।

ਇਹ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁਲਵਾਮਾ ਦੌਰਾਨ ਮਾਰੇ ਗਏ ਫੌਜੀ ਦੀ ਪਤਨੀ ਦੇ ਨਾਲ ਗੱਲਬਾਤ ਕੀਤੀ ਹੈ।

ਵੀਡੀਓ 2

ਇਹ ਵੀਡੀਓ ਇਸ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਅਭਿਨੰਦਨ ਦੀ ਪਤਨੀ ਭਾਜਪਾ ਨੂੰ ਅਪੀਲ ਕਰ ਰਹੀ ਹੈ ਕਿ ਹਾਲਾਤ ਦਾ ਸਿਆਸੀਕਰਨ ਨਾ ਕੀਤਾ ਜਾਵੇ।

ਵੀਡੀਓ ਵਿਚ ਜੋ ਔਰਤ ਹੈ ਉਹ ਕਹਿ ਰਹੀ ਹੈ, "ਸਾਰੀਆਂ ਫੌਜਾਂ ਦੇ ਪਰਿਵਾਰਾਂ ਵੱਲੋਂ ਮੈਂ ਆਪਣੇ ਸਾਥੀ ਭਾਰਤੀਆਂ ਖਾਸ ਕਰਕੇ ਸਿਆਸਤਦਾਨਾਂ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਫੌਜੀਆਂ ਦੀ ਕੁਰਬਾਨੀ ਦਾ ਸਿਆਸੀਕਰਨ ਨਾ ਕੀਤਾ ਜਾਵੇ। ਇੱਕ ਸਿਪਾਹੀ ਹੋਣ ਲਈ ਬਹੁਤ ਮਿਹਨਤ ਲਗਦੀ ਹੈ। ਜ਼ਰਾ ਸੋਚੋ ਇਸ ਵੇਲੇ ਅਭਿਨੰਦਨ ਦਾ ਪਰਿਵਾਰ ਕਿੰਨੇ ਤਣਾਅ ਵਿੱਚੋਂ ਲੰਘ ਰਿਹਾ ਹੈ।"

ਯੂਥ ਕਾਂਗਰਸ ਦੀ ਆਨਲਾਈਨ ਮੈਗਜ਼ੀਨ ਯੁਵਾ ਦੇਸ਼ ਨੇ ਇਹ ਵੀਡੀਓ ਟਵੀਟ ਕੀਤਾ ਹੈ।

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਅਤੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਰਾਜੇਸ਼ ਐਸਪੀ ਨੇ ਵੀ ਇਹ ਵੀਡੀਓ ਸ਼ੇਅਰ ਕੀਤਾ ਹੈ।

ਇਹ ਵੀਡੀਓ ਕਈ ਹਜ਼ਾਰਾਂ ਵਾਰੀ ਦੇਖੀ ਅਤੇ ਸ਼ੇਅਰ ਕੀਤੀ ਜਾ ਚੁੱਕੀ ਹੈ।

ਹਾਲਾਂਕਿ ਇਹ ਵੀਡੀਓ ਵਿੰਗ ਕਮਾਂਡਰ ਅਭਿਨੰਦਨ ਦੀ ਪਤਨੀ ਦਾ ਨਹੀਂ ਹੈ। ਵੀਡੀਓ ਵਿੱਚ ਮਹਿਲਾ ਖੁਦ ਨੂੰ ਫੌਜ ਦੇ ਅਫ਼ਸਰ ਦੀ ਪਤਨੀ ਕਹਿ ਰਹੀ ਹੈ। ਜਦਕਿ ਵਿੰਗ ਕਮਾਂਡਰ ਅਭਿਨੰਦਨ ਹਵਾਈ ਫੌਜ ਦੇ ਅਫ਼ਸਰ ਹਨ।

ਉਹ ਪਾਇਲਟ ਦੇ ਪਰਿਵਾਰ ਨੂੰ ਆਪਣਾ ਨਹੀਂ ਕੋਈ ਹੋਰ ਕਹਿ ਕੇ ਸੰਬੋਧਨ ਕਰਦੀ ਹੈ।

ਰਿਵਰਸ ਸਰਚ ਵਿੱਚ ਸਾਨੂੰ ਪਤਾ ਲੱਗਿਆ ਹੈ ਕਿ ਵੀਡੀਓ ਵਿੱਚ ਦਿਖ ਰਹੀ ਔਰਤ ਦੀ ਸ਼ਕਲ ਡੀਐਨਏ ਸਣੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਜਾ ਰਹੀਆਂ ਅਭਿਨੰਦਨ ਦੀ ਪਤਨੀ ਦੀਆਂ ਤਸਵੀਰਾਂ ਨਾਲ ਮੇਲ ਨਹੀਂ ਖਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)