ਕੀ 9 ਬੈਂਕਾਂ ਦੇ ਬੰਦ ਹੋਣ ਦੀ ਗੱਲ ਤੁਸੀਂ ਵੀ ਸੁਣੀ? ਜਾਣੋ ਸੱਚ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਸੁਪਰੀਮ ਕੋਰਟ ਦੇ ਹਵਾਲੇ ਨਾਲ ਸੋਸ਼ਲ ਮੀਡੀਆ 'ਤੇ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ 'ਰਿਜ਼ਰਵ ਬੈਂਕ ਆਫ਼ ਇੰਡੀਆ ਜਲਦੀ ਹੀ 9 ਬੈਂਕਾਂ ਨੂੰ ਤਾਲਾ ਲਾਉਣ ਵਾਲਾ ਹੈ।'

ਸੋਸ਼ਲ ਮੀਡੀਆ 'ਤੇ ਖਾਸ ਕਰਕੇ ਵਟਸਐਪ 'ਤੇ ਇਹ ਮੈਸੇਜ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਕੇਂਦਰੀ ਬੈਂਕ 'ਰਿਜ਼ਰਵ ਬੈਂਕ ਆਫ਼ ਇੰਡੀਆ' ਨੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਨੌ ਬੈਂਕਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਨ੍ਹਾਂ ਵਿੱਚ ਕਾਰਪੋਰੇਸ਼ਨ ਬੈਂਕ, ਯੂਕੋ ਬੈਂਕ, ਆਈਡੀਬੀਆਈ ਬੈਂਕ, ਬੈਂਕ ਆਫ਼ ਮਹਾਰਾਸ਼ਟਰ, ਆਂਧਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਦੇਨਾ ਬੈਂਕ ਤੇ ਯੂਨਾਈਟੇਡ ਬੈਂਕ ਆਫ਼ ਇੰਡੀਆ ਸ਼ਾਮਿਲ ਹਨ।

ਇਸ ਵਾਇਰਲ ਮੈਸੇਜ ਵਿੱਚ ਲਿਖਿਆ ਹੈ ਕਿ 'ਜਿਨ੍ਹਾਂ ਲੋਕਾਂ ਨੇ ਇਨ੍ਹਾਂ ਬੈਂਕਾਂ ਵਿੱਚ ਖਾਤੇ ਹਨ ਉਹ ਜਲਦੀ ਆਪਣਾ ਪੈਸਾ ਕਢਵਾ ਲੈਣ ਅਤੇ ਹੋਰਨਾਂ ਲੋਕਾਂ ਨੂੰ ਸੂਚਨਾ ਦੇਣ।'

ਇਸ ਮੈਸੇਜ ਦੀ ਸੱਚਾਈ ਜਾਣਨ ਲਈ ਬੁੱਧਵਾਰ ਨੂੰ ਬੀਬੀਸੀ ਨੇ ਵਿੱਤ ਮੰਤਰਾਲੇ ਅਤੇ ਆਰਬੀਆਈ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ।

ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਸ ਨੂੰ ਸਿਰਫ਼ ਇੱਕ ਅਫ਼ਵਾਹ ਐਲਾਨਿਆ ਅਤੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਜਾ ਰਹੀ ਕਮਰਸ਼ੀਅਲ ਬੈਂਕਾਂ ਨੂੰ ਬੰਦ ਕੀਤੇ ਜਾਣ ਦੀ ਗੱਲ ਗਲਤ ਹੈ।

ਇਹ ਵੀ ਪੜ੍ਹੋ:

ਨਾਲ ਹੀ ਭਾਰਤ ਸਰਕਾਰ ਦੇ ਵਿੱਤ ਸਕੱਤਰ ਰਾਜੀਵ ਕੁਮਾਰ ਨੇ ਵੀ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, "ਸੋਸ਼ਲ ਮੀਡੀਆ 'ਤੇ ਅਫ਼ਵਾਹ ਚੱਲ ਰਹੀ ਹੈ ਕਿ ਆਰਬੀਆਈ ਕੁਝ ਬੈਂਕਾਂ ਨੂੰ ਬੰਦ ਕਰਨ ਵਾਲਾ ਹੈ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਆਰਬੀਆਈ ਪਬਲਿਕ ਸੈਕਟਰ ਦੇ ਬੈਂਕਾਂ ਨੂੰ ਬੰਦ ਕਰੇ। ਸਗੋਂ ਸਰਕਾਰ ਨਵੇਂ ਸੁਧਾਰਾਂ ਰਾਹੀਂ ਇਨ੍ਹਾਂ ਬੈਂਕਾਂ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਗਾਹਕਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ।"

30 ਅਗਸਤ 2019 ਨੂੰ ਭਾਰਤ ਦੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇਕੱਠੇ ਕਈ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ।

ਖਜ਼ਾਨਾ ਮੰਤਰੀ ਨੇ ਬੈਂਕਾਂ ਦੇ ਰਲੇਵੇਂ ਦੇ ਐਲਾਨ ਵਿਚਾਲੇ ਇਹ ਕਿਹਾ ਸੀ ਕਿ ਯੂਨੀਅਨ ਬੈਂਕ, ਆਂਧਰਾ ਬੈਂਕ ਤੇ ਕਾਰਪੋਰੇਸ਼ਨਨ ਬੈਂਕ ਦਾ ਰਲੇਵਾਂ ਹੋਵੇਗਾ। ਰਲੇਵੇਂ ਤੋਂ ਬਾਅਦ ਇਹ ਬੈਂਕ ਬ੍ਰਾਂਚਾਂ ਦੇ ਮਾਮਲੇ ਵਿੱਚ ਦੇਸ ਦਾ ਪੰਜਵਾਂ ਸਭ ਤੋਂ ਵੱਡਾ ਬੈਂਕ ਹੋਵੇਗਾ।

ਇਹ ਵੀ ਪੜ੍ਹੋ:

ਇਨ੍ਹਾਂ ਤਿੰਨ ਬੈਂਕਾਂ ਦਾ ਨਾਮ ਵਾਇਰਲ ਮੈਸੇਜ ਵਿੱਚ ਵੀ ਸ਼ਾਮਿਲ ਹੈ ਅਤੇ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਇਹ ਬੈਂਕ ਬੰਦ ਹੋਣ ਵਾਲੇ ਹਨ।

ਜਦੋਂਕਿ ਰਲੇਵੇਂ ਦਾ ਐਲਾਨ ਕਰਦੇ ਹੋਏ ਖਜ਼ਾਨਾ ਮੰਤਰੀ ਨੇ ਇਹ ਸਾਫ਼ ਕਿਹਾ ਸੀ ਕਿ 'ਅਸੀਂ ਬੈਂਕਿੰਗ ਦੀ ਹਾਲਤ, ਦਿਸ਼ਾ ਅਤੇ ਟੀਚੇ ਬਦਲਣ ਲਈ ਇਹ ਵੱਡਾ ਫੈਸਲਾ ਕਰ ਰਹੇ ਹਾਂ।'

ਪੁਰਾਣੀ ਅਫ਼ਵਾਹ

ਅਸੀਂ ਇਹ ਪਾਇਆ ਹੈ ਕਿ ਸਾਲ 2017 ਵਿੱਚ ਵੀ ਇਸੇ ਮੈਸੇਜ ਨੂੰ ਸੋਸ਼ਲ ਮੀਡੀਆ 'ਤੇ ਫੈਲਾਇਆ ਗਿਆ ਸੀ।

ਫੇਸਬੁਕ 'ਤੇ ਸਾਨੂੰ ਜੁਲਾਈ 2017 ਦੇ ਕਈ ਪੋਸਟ ਮਿਲੇ ਜਿਨ੍ਹਾਂ ਵਿੱਚ ਬਿਲਕੁਲ ਇਹੀ ਦਾਅਵਾ ਕੀਤਾ ਗਿਆ ਸੀ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)