You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ 'ਚ ਸਿੱਖਾਂ ਦੀ ਹੋਂਦ ਅਤੇ ਹਿਜਰਤ ਦੀ ਕਹਾਣੀ
- ਲੇਖਕ, ਦਲੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
''ਕਿਸੇ ਵੇਲੇ ਅਫ਼ਗਾਨਿਸਤਾਨ ਵਿੱਚ ਤਕਰੀਬਨ ਇੱਕ ਲੱਖ ਹਿੰਦੂ-ਸਿੱਖ ਰਹਿੰਦੇ ਸਨ। ਆਪਸੀ ਸਾਂਝ ਸੀ, ਚੰਗੇ ਕਾਰੋਬਾਰ ਸਨ। ਕਤਲੋਗਾਰਦ ਤੋਂ ਘਬਰਾ ਕੇ ਹਿਜਰਤ ਹੋਈ ਤਾਂ ਹੁਣ ਇੱਕ ਜਾਂ ਡੇਢ ਹਜ਼ਾਰ ਸਿੱਖ ਹੀ ਉੱਥੇ ਬਚੇ ਹਨ।''
ਅਫ਼ਗਾਨ ਸਿੱਖਾਂ ਨਾਲ ਸਬੰਧਤ 'ਕਾਬੁਲ ਦੀ ਸੰਗਤ' ਨਾਮ ਦੀ ਕਿਤਾਬ ਲਿਖਣ ਵਾਲੇ ਅਤੇ 1990 ਤੋਂ ਬਾਅਦ ਪਰਿਵਾਰ ਸਮੇਤ ਹਿਜਰਤ ਕਰਕੇ ਦਿੱਲੀ ਆ ਵੱਸੇ ਖਜਿੰਦਰ ਸਿੰਘ ਨੇ ਅਫ਼ਗਾਨ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਉਕਤ ਸ਼ਬਦ ਕਹੇ।
ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਹੋਏ ਆਤਮਘਾਤੀ ਧਮਾਕੇ ਵਿੱਚ 19 ਮੌਤਾਂ ਹੋਈਆਂ। ਮ੍ਰਿਤਕਾਂ ਵਿੱਚ ਜ਼ਿਆਦਾਤਰ ਲੋਕ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ। ਇਸ ਵਾਰਦਾਤ ਦੌਰਾਨ ਅਫ਼ਗਾਨਿਸਤਾਨ ਦੇ ਜਾਣੇ ਪਛਾਣੇ ਸਿੱਖ ਆਗੂ ਅਵਤਾਰ ਸਿੰਘ ਖਾਲਸਾ ਦੀ ਵੀ ਮੌਤ ਹੋ ਗਈ।
ਅਵਤਾਰ ਸਿੰਘ ਖਾਲਸਾ ਅਕਤੂਬਰ ਵਿੱਚ ਹੋਣ ਵਾਲੀਆਂ ਸੰਸਦੀ ਚੋਣਾਂ ਵਿੱਚ ਸਿੱਖ ਉਮੀਦਵਾਰ ਵਜੋ ਖੜੇ ਹੋਣ ਵਾਲੇ ਸਨ।
ਇਹ ਵੀ ਪੜ੍ਹੋ:
ਮੁਲਕ ਦੇ ਰਾਸ਼ਟਰਪਤੀ ਅਸ਼ਰਫ ਗਨੀ ਇੱਕ ਹਸਪਤਾਲ ਦੇ ਉਦਘਾਟਨ ਲਈ ਨਾਂਗਰਹਾਰ ਸੂਬੇ ਦੀ ਫੇਰੀ ਉੱਤੇ ਸਨ।ਉਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਸਿੱਖਾਂ ਦਾ ਇੱਕ ਜਥਾ ਜਾ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ।
ਅਫ਼ਗਾਨ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਹਮਲੇ ਦੀ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ।
ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੇ ਵੀ ਇਸ ਹਮਲੇ ਦੀ ਨਿਖੇਧੀ ਕਰਦਿਆਂ ਮਾਰੇ ਗਏ ਲੋਕਾਂ ਨਾਲ ਸੰਵੇਦਨਾ ਪ੍ਰਗਟਾਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨਾਲ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ :
ਅਫ਼ਗਾਨਿਸਤਾਨ ਵਿੱਚ ਸਿੱਖਾਂ ਦਾ ਇਤਿਹਾਸ
ਇਸ ਸਾਰੇ ਘਟਨਾਕ੍ਰਮ ਵਿਚਾਲੇ ਇੱਕ ਨਜ਼ਰ ਪਾ ਲੈਂਦੇ ਹਾਂ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੇ ਇਤਿਹਾਸ ਅਤੇ ਵਰਤਮਾਨ ਉੱਤੇ।
ਇਸ ਤੋਂ ਇਲਾਵਾ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਹਿਜਰਤ ਕਰਨ ਵਾਲੇ ਅਫ਼ਗਾਨ ਸਿੱਖਾਂ ਦੀ ਮੌਜੂਦਾ ਹਾਲਾਤ ਕੀ ਹੈ।
ਖਜਿੰਦਰ ਸਿੰਘ ਦਿੱਲੀ ਵਿੱਚ ਅਫ਼ਗਾਨ ਹਿੰਦੂ-ਸਿੱਖ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਹਨ ।
ਇਹ ਵੀ ਪੜ੍ਹੋ :
ਖਜਿੰਦਰ ਸਿੰਘ ਨੇ ਕਾਬੁਲ ਦੀ ਸੰਗਤ ਨਾਮੀ ਕਿਤਾਬ ਵੀ ਲਿਖੀ ਹੈ, ਜਿਸ ਵਿੱਚ ਅਫ਼ਗਾਨਿਸਤਾਨ ਵਿੱਚ ਹਿੰਦੂ ਅਤੇ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀਆਂ ਮਿਲਦੀਆਂ ਹਨ।
ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ 'ਤੇ ਨਿਕਲੇ ਤਾਂ ਚੌਥੀ ਉਦਾਸੀ ਵੇਲੇ ਉਹ ਅਫ਼ਗਾਨਿਸਤਾਨ ਪਹੁੰਚੇ ਸਨ । ਉਹ ਅਰਬੀ ਤੇ ਫਾਰਸੀ ਸਮੇਤ ਕਈ ਜ਼ਬਾਨਾਂ ਬੋਲਦੇ ਸਨ।
ਖਜਿੰਦਰ ਸਿੰਘ ਮੁਤਾਬਕ, ''ਮੱਕਾ ਮਦੀਨਾ ਤੋਂ ਵਾਪਸੀ ਵੇਲੇ ਗੁਰੂ ਨਾਨਕ ਦੇਵ ਜੀ ਉੱਤਰੀ-ਪੱਛਮੀ ਅਫ਼ਗਾਨਿਸਤਾਨ ਦੇ ਬਲਖ ਇਲਾਕੇ ਵਿੱਚ ਸਭ ਤੋਂ ਪਹਿਲਾਂ ਪਹੁੰਚੇ।''
''ਉਨ੍ਹਾਂ ਨੇ ਕੰਧਾਰ, ਲੋਹਗੜ੍ਹ, ਜਲਾਲਾਬਾਦ ਦੀ ਵੀ ਯਾਤਰਾ ਕੀਤੀ। ਅੱਜ ਵੀ ਇਨ੍ਹਾਂ ਇਲਾਕਿਆਂ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇੱਕ ਦਰਜਨ ਦੇ ਕਰੀਬ ਧਾਰਮਿਕ ਅਸਥਾਨ ਹਨ।''
ਜਿੱਥੋਂ ਤੱਕ ਉੱਥੋਂ ਦੇ ਸਿੱਖਾਂ ਦੇ ਖਾਲਸਾ ਸਜਣ ਦੀ ਗੱਲ ਹੈ ਖਜਿੰਦਰ ਸਿੰਘ ਕਹਿੰਦੇ ਹਨ ਕਿ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਇਸ ਮਗਰੋਂ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਵੀ ਸਿੰਘ ਸਜਣ ਲਈ ਹੁਕਮਨਾਮਾ ਭੇਜਿਆ।
ਅਫ਼ਗਾਨਿਸਤਾਨ ਵਿੱਚ ਮੁਗਲਾਂ ਵੇਲੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਵੱਡੀ ਗਿਣਤੀ ਵਿੱਚ ਸਿੱਖ ਰਹਿ ਰਹੇ ਸਨ।
ਅੰਗਰੇਜ਼ੀ ਹਕੂਮਤ ਵੇਲੇ ਵੀ ਸਿੱਖਾਂ ਦੀ ਖਾਸੀ ਤਾਦਾਦ ਅਫ਼ਗਾਨਿਸਤਾਨ ਵਿੱਚ ਸੀ।
ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਮੌਜੂਦਾ ਹਾਲਤ
ਅਫ਼ਗਾਨਿਸਤਾਨ ਤੋਂ ਰੂਸ ਦੇ ਜਾਣ ਮਗਰੋਂ ਮੋਹੰਮਦ ਨਜੀਬਉੱਲਾਹ ਦੀ ਸਰਕਾਰ ਆਈ। ਉਸ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਮੁਜਾਹੀਦੀਨ ਸਰਗਰਮ ਹੋਏ।
ਹਾਲਾਤ ਬਦਲੇ ਤਾਂ ਕਤਲੋਗਾਰਦ, ਲੁੱਟ ਖਸੁੱਟ ਅਤੇ ਦਹਿਸ਼ਤਗਰਦੀ ਦੇ ਮਾਹੌਲ ਤੋਂ ਘਬਰਾਏ ਘੱਟਗਿਣਤੀ ਭਾਈਚਾਰੇ ਖਾਸਕਰ ਹਿੰਦੂ ਅਤੇ ਸਿੱਖਾਂ ਨੇ ਅਫ਼ਗਾਨਿਸਤਾਨ ਤੋਂ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ।
ਖਜਿੰਦਰ ਸਿੰਘ ਕਹਿੰਦੇ ਹਨ, ''ਤਕਰੀਬਨ 100,000 ਦੇ ਕਰੀਬ ਹਿੰਦੂ-ਸਿੱਖ ਅਫ਼ਗਾਨਿਸਤਾਨ ਵਿੱਚ ਰਹਿੰਦੇ ਸਨ। ਮੌਜੂਦਾ ਹਾਲਾਤ ਇਹ ਹਨ ਕਿ ਉੱਥੋਂ 95 ਫੀਸਦ ਲੋਕ ਹਿਜਰਤ ਕਰ ਗਏ ਹਨ। ਹੁਣ ਸਿਰਫ਼ ਇੱਕ ਜਾਂ ਡੇਢ ਹਜ਼ਾਰ ਦੇ ਕਰੀਬ ਹਿੰਦੂਆਂ-ਸਿੱਖਾਂ ਦੀ ਮੌਜੂਦਗੀ ਉੱਥੇ ਹੈ।''
ਪਹਿਲਾਂ ਵੀ ਕਈ ਸਿੱਖ ਨੇਤਾ ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀਆਂ ਦੀ ਆਵਾਜ਼ ਬਣਦੇ ਰਹੇ ਹਨ। ਮੌਜੂਦਾ ਸਮੇਂ ਅਨਾਰਕਲੀ ਕੌਰ ਪਾਰਲੀਮੈਂਟ ਦੇ ਉਪਰੀ ਸਦਨ ਦੀ ਮੈਂਬਰ ਹਨ।
ਆਤਮਘਾਤੀ ਹਮਲੇ ਵਿੱਚ ਮਾਰੇ ਗਏ ਅਵਤਾਰ ਸਿੰਘ ਖਲਸਾ ਵੀ ਮੌਜੂਦਾ ਸਮੇਂ ਵਿੱਚ ਘੱਟਗਿਣਤੀ ਹਿੰਦੂ-ਸਿੱਖ ਭਾਈਚਾਰੇ ਦੀ ਆਵਾਜ਼ ਵਜੋਂ ਉੱਭਰੇ ਅਤੇ ਚੋਣ ਲੜਨ ਦੀ ਤਿਆਰੀ ਵਿੱਚ ਸਨ।
ਭਾਰਤ ਵਿੱਚ ਅਫ਼ਗਾਨ ਸਿੱਖਾਂ ਦੀ ਹਾਲਤ
ਅਫ਼ਗਾਨਿਸਤਾਨ ਤੋਂ ਹਿਜਰਤ ਕਰਕੇ ਸਿੱਖ ਦੁਨੀਆਂ ਦੇ ਕਈ ਮੁਲਕਾਂ ਵਿੱਚ ਗਏ। ਵੱਧ ਗਿਣਤੀ ਵਿੱਚ ਉਹ ਭਾਰਤ ਆਏ।
ਅਫ਼ਗਾਨ ਸਿੱਖ ਇਸ ਤੋਂ ਇਲਾਵਾ ਇੰਗਲੈਂਡ, ਜਰਮਨੀ, ਹਾਲੈਂਡ, ਬੈਲਜੀਅਮ, ਅਮਰੀਕਾ, ਮਾਸਕੋ ਅਤੇ ਕੈਨੇਡਾ ਵਿੱਚ ਵੀ ਜਾ ਕੇ ਵਸੇ।
ਲੰਡਨ ਦੇ ਸਾਊਥਹਾਲ ਵਿੱਚ ਅਫ਼ਗਾਨ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਹਨ।
ਭਾਰਤ ਵਿੱਚ ਅਫ਼ਗਾਨ ਸਿੱਖਾਂ ਦੀ ਜ਼ਿਆਦਾ ਵਸੋਂ ਦਿੱਲੀ ਵਿੱਚ ਹੈ। ਇੱਥੇ ਉਨ੍ਹਾਂ ਦਾ ਮੁੱਖ ਕਿੱਤਾ ਵਪਾਰ ਹੈ।
ਖਜਿੰਦਰ ਸਿੰਘ ਕਹਿੰਦੇ ਹਨ, ''ਕਾਫੀ ਗਿਣਤੀ ਵਿੱਚ ਅਫ਼ਗਾਨ ਸਿੱਖਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਵੀ ਗਈ ਹੈ ਪਰ ਕਈਆਂ ਦੀ ਨਾਗਰਿਕਤਾ ਦਾ ਮਸਲਾ ਕਈ ਸਾਲਾਂ ਤੋਂ ਜਿਓਂ ਦਾ ਤਿਓਂ ਲਟਕਿਆ ਪਿਆ ਹੈ। ਭਾਰਤ ਦਾ ਸਿਸਟਮ ਗੁੰਝਲਦਾਰ ਹੈ। ਸਰਕਾਰੀ ਦਫ਼ਤਰਾਂ ਵਿੱਚ ਕਈ-ਕਈ ਸਾਲ ਫਾਈਲਾਂ ਅਟਕੀਆਂ ਰਹਿੰਦੀਆਂ ਹਨ।''
ਖਜਿੰਦਰ ਸਿੰਘ ਕਹਿੰਦੇ ਹਨ ਕਿ ਦਿੱਲੀ ਆਏ ਕਈ ਅਫ਼ਗਾਨ ਸਿੱਖ ਮੁੜ ਯੂਰਪ ਵੱਲ ਹਿਜਰਤ ਕਰ ਗਏ ਅਤੇ ਕਈਆਂ ਨੂੰ ਉੱਥੇ ਦੇ ਮੁਲਕਾਂ ਦੀ ਨਾਗਰਿਕਤਾ ਵੀ ਹਾਸਿਲ ਹੋ ਗਈ ਹੈ ਪਰ ਭਾਰਤ ਵਿੱਚ ਇਹ ਪ੍ਰਕਿਰਿਆ ਬੜੀ ਔਖੀ ਹੈ।
ਖਜਿੰਦਰ ਮੁਤਾਬਕ ਅਫ਼ਗਾਨਿਸਤਾਨ ਤੋਂ ਆਏ ਜ਼ਿਆਦਾਤਰ ਲੋਕਾਂ ਨੂੰ ਭਾਰਤ ਵਿੱਚ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਫਾਰ ਰਫਿਊਜੀ (UNHCR) ਵੱਲੋਂ ਸਰਟੀਫਿਕੇਟ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸੋਧ ਹੋਈ ਤਾਂ ਕਈਆਂ ਦੇ ਸਰਟੀਫਿਕੇਟ ਰੱਦ ਵੀ ਹੋਏ।
ਉਹ ਅੱਗੇ ਕਹਿੰਦੇ ਹਨ, ''ਭਾਰਤ ਵਿੱਚ ਪਿਛਲੇ ਸਮਿਆਂ ਵਿੱਚ ਜਾਂ ਅਜੋਕੇ ਸਮੇਂ ਵਿੱਚ ਜੋ ਅਫ਼ਗਾਨ ਸਿੱਖ ਆਏ ਉਨ੍ਹਾਂ ਨੂੰ ਸਿਰਫ ਅਫ਼ਗਾਨ ਸਿੱਖਾਂ ਨੇ ਹੀ ਸਾਂਭਿਆ। ਉਨ੍ਹਾਂ ਲਈ ਹੁਣ ਭਾਰਤ ਵਿੱਚ ਆ ਕੇ ਆਪਣਾ ਗੁਜ਼ਾਰਾ ਕਰਨ ਦੇ ਵਸੀਲੇ ਬੇਹੱਦ ਘੱਟ ਹਨ।''