ਅਫ਼ਗਾਨਿਸਤਾਨ ਵਿੱਚ ਔਰਤਾਂ ਖੁਦਕੁਸ਼ੀ ਕਿਉਂ ਕਰ ਰਹੀਆਂ ਹਨ

    • ਲੇਖਕ, ਸਨਾ ਸਫ਼ੀ
    • ਰੋਲ, ਬੀਬੀਸੀ ਪੱਤਰਕਾਰ

''ਮੈਂ ਹੁਣ ਹੋਰ ਨਹੀਂ ਜਿਉਣਾ ਚਾਹੁੰਦੀ ਇਸ ਲਈ ਮੈਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।''

ਜਮੀਲਾ (ਬਦਲਿਆ ਹੋਇਆ ਨਾਮ) ਨੇ ਪਿਛਲੇ ਮਹੀਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਨ੍ਹਾਂ ਦੇ ਮੰਗੇਤਰ ਨੇ ਉਨ੍ਹਾਂ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੰਗਣੀ ਦੇ ਛੇ ਸਾਲ ਬਾਅਦ ਜਮੀਲਾ ਦੇ ਮੰਗੇਤਰ ਨੇ ਇਹ ਕਹਿੰਦੇ ਹੋਏ ਰਿਸ਼ਤਾ ਤੋੜ ਦਿੱਤਾ ਸੀ ਕਿ ਉਹ ਹੁਣ ਜਵਾਨ ਨਹੀਂ ਰਹੀ।

ਜਮੀਲਾ ਦੀ ਉਮਰ ਇਸ ਵੇਲੇ 18 ਸਾਲ ਹੈ। ਜਦੋਂ ਉਹ 12 ਸਾਲ ਦੀ ਸੀ ਉਦੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮੰਗਣੀ ਕਰ ਦਿੱਤੀ ਸੀ। ਪਿਛਲੇ ਮਹੀਨੇ ਜਦੋਂ ਜਮੀਲਾ ਨੇ ਜ਼ਹਿਰ ਖਾ ਕੇ ਖੁਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਹੇਰਾਤ ਵਿੱਚ ਸਥਿਤ ਇੱਕ ਹਸਪਤਾਲ ਲੈ ਕੇ ਗਈ।

ਜਮੀਲਾ ਉਨ੍ਹਾਂ ਹਜ਼ਾਰਾਂ ਔਰਤਾਂ ਵਿੱਚੋਂ ਇੱਕ ਹਨ ਜੋ ਅਫ਼ਗਾਨੀਸਤਾਨ ਵਿੱਚ ਹਰ ਸਾਲ ਖੁਦਕੁਸ਼ੀ ਦੀ ਕੋਸ਼ਿਸ਼ ਕਰਦੀਆਂ ਹਨ।

ਔਰਤਾਂ ਵਿੱਚ ਖੁਦਕੁਸ਼ੀ ਦੇ ਜ਼ਿਆਦਾ ਮਾਮਲੇ

ਅਫ਼ਗਾਨ ਆਜ਼ਾਦ ਮਨੁੱਖੀ ਅਧਿਕਾਰ ਕਮਿਸ਼ਨ (ਏਆਈਐੱਚਆਰਸੀ) ਮੁਤਾਬਕ ਹਰ ਸਾਲ ਤਕਰੀਬਨ 3 ਹਜ਼ਾਰ ਅਫ਼ਗਾਨੀ ਲੋਕ ਖੁਦਕੁਸ਼ੀ ਦੀ ਕੋਸ਼ਿਸ਼ ਕਰਦੇ ਹਨ। ਇਸ ਵਿੱਚ ਅੱਧੇ ਤੋਂ ਵੱਧ ਮਾਮਲੇ ਹੇਰਾਤ ਸੂਬੇ ਵਿੱਚ ਹੀ ਦਰਜ ਕੀਤੇ ਜਾਂਦੇ ਹਨ।

ਹੇਰਾਤ ਵਿੱਚ ਮੌਜੂਦ ਸਿਹਤ ਅਧਿਕਾਰੀਆਂ ਮੁਤਾਬਕ ਸਾਲ 2017 ਵਿੱਚ ਕੁੱਲ 1800 ਲੋਕਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਜਿਸ ਵਿੱਚ 1400 ਔਰਤਾਂ ਸਨ। ਇਨ੍ਹਾਂ ਵਿੱਚੋਂ 35 ਲੋਕਾਂ ਦੀ ਮੌਤ ਵੀ ਹੋ ਗਈ।

ਉੱਥੇ ਹੀ ਇਸ ਤੋਂ ਇੱਕ ਸਾਲ ਪਹਿਲਾਂ ਯਾਨੀ ਸਾਲ 2016 ਵਿੱਚ ਕੁੱਲ 1000 ਖੁਦਕੁਸ਼ੀਆਂ ਦੇ ਮਾਮਾਲੇ ਦਰਜ ਕੀਤੇ ਗਏ ਸਨ।

ਗਲੋਬਲ ਪੱਧਰ ਉੱਤੇ ਨਜ਼ਰ ਮਾਰੀਏ ਤਾਂ ਮਾਮਲੇ ਵਿੱਚ ਮਰਦਾਂ ਦੀ ਗਿਣਤੀ ਔਰਤਾਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ ਪਰ ਅਫ਼ਗਾਨਿਸਤਾਨ ਵਿੱਚ ਖੁਦਕੁਸ਼ੀ ਦੇ ਕੁੱਲ ਮਾਮਲਿਆਂ ਵਿੱਚ 80 ਫੀਸਦ ਮਾਮਲੇ ਔਰਤਾਂ ਨਾਲ ਜੁੜੇ ਹੁੰਦੇ ਹਨ।

ਏਆਈਐੱਚਆਰਸੀ ਮੁਤਾਬਕ ਖੁਦਕੁਸ਼ੀ ਦੇ ਅਸਲ ਅੰਕੜੇ ਇਸ ਤੋਂ ਵੀ ਵੱਧ ਹੋ ਸਕਦੇ ਹਨ ਕਿਉਂਕਿ ਕਾਫ਼ੀ ਲੋਕ ਵੱਖ-ਵੱਖ ਕਾਰਨਾਂ ਕਰਕੇ ਖੁਦਕੁਸ਼ੀ ਦੀ ਰਿਪੋਰਟ ਦਰਜ ਹੀ ਨਹੀਂ ਕਰਵਾਉਂਦੇ।

ਖੁਦਕੁਸ਼ੀ ਦੇ ਕਾਰਨ

ਪੇਂਡੂ ਖੇਤਰਾਂ ਵਿੱਚ ਕਾਫ਼ੀ ਲੋਕ ਖੁਦਕੁਸ਼ੀ ਦੇ ਮਾਮਲਿਆਂ ਨੂੰ ਆਪਣੇ ਤੱਕ ਹੀ ਰਹਿਣ ਦੇਣਾ ਚਾਹੁੰਦੇ ਹਨ ਕਿਉਂਕਿ ਖੁਦਕੁਸ਼ੀ ਕਰਨਾ ਗੈਰ-ਇਸਲਾਮਿਕ ਮੰਨਿਆ ਜਾਂਦਾ ਹੈ।

ਉੱਥੇ ਹੀ ਪੂਰੇ ਅਫ਼ਗਾਨਿਸਤਾਨ ਵਿੱਚ ਔਰਤਾਂ ਦੀ ਖੁਦਕੁਸ਼ੀ ਕਰਨ ਦੇ ਮਾਮਲਿਆਂ ਵਿੱਚ ਵਾਧੇ ਦੇ ਵੱਖ-ਵੱਖ ਕਾਰਨ ਦੱਸੇ ਜਾਂਦੇ ਹਨ।

ਏਆਈਐੱਚਆਰਸੀ ਦੀ ਹਵਾ ਆਲਮ ਨੂਰਿਸਤਾਨੀ ਇਸ ਦਾ ਕਾਰਨ ਦੱਸਦੀ ਹੈ।

ਉਨ੍ਹਾਂ ਕਿਹਾ, "ਔਰਤਾਂ ਨੂੰ ਹੋਣ ਵਾਲੀਆਂ ਮਾਨਸਿਕ ਪਰੇਸ਼ਾਨੀਆਂ, ਘਰੇਲੂ ਹਿੰਸਾ, ਜ਼ਬਰਦਸਤੀ ਵਿਆਹ ਕਰਵਾਉਣਾ ਅਤੇ ਸਮਾਜ ਦੇ ਹੋਰ ਦਬਾਅ ਉਨ੍ਹਾਂ ਲਈ ਮੁਸ਼ਕਿਲ ਹਾਲਾਤ ਬਣਾ ਦਿੰਦੇ ਹਨ।"

ਇੱਕ ਗੱਲ ਤਾਂ ਸਪਸ਼ਟ ਹੈ ਕਿ ਅਫ਼ਗਾਨਿਸਤਾਨ ਵਿੱਚ ਜ਼ਿੰਦਗੀ ਬੇਹੱਦ ਮੁਸ਼ਕਿਲ ਹੈ ਉਸ ਵਿੱਚ ਵੀ ਔਰਤਾਂ ਦੇ ਹਾਲਾਤ ਹੋਰ ਬੁਰੇ ਹਨ।

ਮਾਨਸਿਕ ਤਣਾਅ ਅਤੇ ਘਰੇਲੂ ਹਿੰਸਾ

ਵਿਸ਼ਵ ਸਿਹਤ ਸੰਗਠਨ ਦੇ ਅੰਦਾਜ਼ੇ ਮੁਤਾਬਕ 10 ਲੱਖ ਤੋਂ ਵੱਧ ਅਫ਼ਗਾਨ ਲੋਕ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੇ ਹਨ। ਇਸ ਦੇਸ ਵਿੱਚ ਪਿਛਲੇ 40 ਸਾਲਾ ਵਿੱਚ ਜੰਗ ਦੇ ਹਾਲਾਤ ਬਣੇ ਹੋਏ ਹਨ।

ਉੱਥੇ ਹੀ ਔਰਤਾਂ ਪ੍ਰਤੀ ਹਿੰਸਾ ਤਾਂ ਹੋਰ ਵੱਧ ਫੈਲੀ ਹੋਈ ਹੈ। ਯੂਐੱਨ ਜਨਸੰਖਿਆ ਨਿਧੀ ਮੁਤਾਬਕ ਤਕਰੀਬਨ 87 ਫੀਸਦੀ ਅਫ਼ਗਾਨ ਔਰਤਾਂ ਘੱਟੋ-ਘੱਟ ਇੱਕ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਹਿੰਸਾ ਦਾ ਸ਼ਿਕਾਰ ਜ਼ਰੂਰ ਹੁੰਦੀਆਂ ਹਨ। ਉੱਥੇ ਹੀ 62 ਫੀਸਦੀ ਔਰਤਾਂ ਨੇ ਕਈ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕੀਤਾ ਹੈ।

ਅਫ਼ਗਾਨਿਸਤਾਨ ਵਿੱਚ ਜਦ਼ਬਰਦਸਤੀ ਵਿਆਹ ਕਰਵਾਉਣਾ ਵੀ ਔਰਤਾਂ ਵਿੱਚ ਖੁਦਕੁਸ਼ੀ ਕਰਨ ਦੀ ਇੱਕ ਵੱਡੀ ਵਜ੍ਹਾ ਹੈ।

ਨੂਰਿਸਤਾਨੀ ਇਸੇ ਵਿਸ਼ੇ ਵਿੱਚ ਕਹਿੰਦੇ ਹਨ, "ਔਰਤਾਂ ਵਿੱਚ ਖੁਦਕੁਸ਼ੀ ਦੇ ਕਾਰਨਾਂ ਵਿੱਚ ਹਿੰਸਾ ਇੱਕ ਕਾਰਨ ਹੈ, ਆਮ ਤੌਰ 'ਤੇ ਇਹ ਘਰ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਜ਼ਬਰਦਸਤੀ ਵਿਆਹ ਕਰਵਾਉਣਾ, ਔਰਤਾਂ ਦੀ ਗੱਲ ਨਹੀਂ ਸੁਣੀ ਜਾਂਦੀ ਅਤੇ ਉਨ੍ਹਾਂ ਨੇ ਪੜ੍ਹਾਈ ਜਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।"

ਯੂਨੀਸੇਫ਼ ਦੀ ਰਿਪੋਰਟ ਮੁਤਾਬਕ ਤਕਰੀਬਨ ਇੱਕ ਤਿਹਾਈ ਅਫ਼ਗਾਨ ਕੁੜੀਆਂ ਦਾ ਵਿਆਹ ਉਨ੍ਹਾਂ ਦੇ 18 ਸਾਲ ਪੂਰੇ ਕਰਨ ਤੋਂ ਪਹਿਲਾਂ ਹੀ ਹੋ ਜਾਂਦੀ ਹੈ।

ਜ਼ਹਿਰੀਲੇ ਪਦਾਰਥਾਂ ਤੱਕ ਪਹੁੰਚ

ਏਸ਼ੀਆ ਫਾਊਂਡੇਸ਼ਨ ਵੱਲੋਂ ਅਫ਼ਗਾਨ ਲੋਕਾਂ 'ਤੇ ਸਾਲ 2017 ਵਿੱਚ ਕਰਵਾਏ ਇੱਕ ਸਰਵੇਖਣ ਅਨੁਸਾਰ ਗਰੀਬੀ ਅਤੇ ਬੇਰੁਜ਼ਗਾਰੀ ਵੀ ਔਰਤਾਂ ਲਈ ਫਿਕਰ ਦਾ ਵੱਡਾ ਕਾਰਨ ਹੈ।

ਇਸ ਦੇ ਨਾਲ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਜ਼ਹਿਰ ਦਾ ਆਸਾਨੀ ਨਾਲ ਉਪਲਬਧ ਹੋਣਾ ਵੀ ਆਤਮ-ਹੱਤਿਆ ਦੀ ਵਧੀ ਹੋਈ ਦਰ ਦਾ ਕਾਰਨ ਹੈ। ਅਫ਼ਗਾਨਿਸਤਾਨ ਵਿੱਚ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਮਿਲ ਜਾਂਦੇ ਹਨ।

ਹੇਰਾਤ ਹਸਪਤਾਲ ਦੇ ਬੁਲਾਰੇ ਮੁਹੰਮਦ ਰਫੀਕ ਦਾ ਕਹਿਣਾ ਹੈ, "ਪਿਛਲੇ ਕੁਝ ਸਾਲਾਂ ਵਿੱਚ ਲੋਕਾਂ ਦੀ ਪਹੁੰਚ ਜ਼ਹਿਰੀਲੀ ਦਵਾਈਆਂ ਅਤੇ ਹੋਰ ਪਦਾਰਥਾਂ ਤੱਕ ਸੌਖੀ ਹੋਈ ਹੈ। ਅਸੀਂ ਕਾਫ਼ੀ ਸੰਗਠਨਾਂ ਨਾਲ ਇਸ 'ਤੇ ਚਰਚਾ ਕੀਤੀ ਹੈ ਕਿ ਜ਼ਹਿਰੀਲੇ ਪਦਾਰਥਾਂ ਤੱਕ ਲੋਕਾਂ ਦੀ ਪਹੁੰਚ ਦੂਰ ਕੀਤੀ ਜਾਵੇ।"

ਹੇਰਾਤ ਵਿੱਚ ਮੌਜੂਦ ਡਾਕਟਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਖੁਦਕੁਸ਼ੀ ਰੋਕਣ ਲਈ ਬਿਹਤਰ ਰਣਨੀਤੀ ਨਹੀਂ ਬਣੇਗੀ ਉਦੋਂ ਤੱਕ ਇਨ੍ਹਾਂ ਅੰਕੜਿਆਂ ਨੂੰ ਘਟਾਇਆ ਨਹੀਂ ਜਾ ਸਕਦਾ।

ਡਾਕਟਰ ਨਬੀਲ ਫਕਰੀਆਰ ਨੇ ਕਿਹਾ ਕਿ ਔਰਤਾਂ ਵਿੱਚ ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਕਰਨ ਲਈ ਕੌਮੀ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਕਾਬੁਲ ਵਿੱਚ ਮੌਜੂਦ ਸਿਹਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਕੌਮੀ ਪੱਧਰ ਦੀ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਤਹਿਤ, ਮਾਨਸਿਕ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਲਈ ਥੈਰੇਪੀ ਦੀ ਸਹੂਲਤ ਹੋਵੇਗੀ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਇਸ ਸਬੰਧ ਵਿੱਚ ਡਾਟਾ ਇਕੱਠਾ ਕਰ ਰਹੇ ਹਨ।

ਨੂਰਿਸਤਾਨ ਦੇ ਅਨੁਸਾਰ ਦੇਸ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਇੱਕ ਹੋਰ ਟੀਚਾ ਦੇਸ ਭਰ ਵਿੱਚ ਲੋਕਾਂ ਨੂੰ ਮਾਨਸਿਕ ਸਮੱਸਿਆਵਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ।

ਉਹ ਕਹਿੰਦੀ ਹੈ, "ਸਾਨੂੰ ਲੋਕਾਂ ਨੂੰ ਜਾਣੂ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਉਹ ਔਰਤਾਂ ਵਿਰੁੱਧ ਹਿੰਸਾ ਨਾ ਕਰਨ। ਅਜਿਹੇ ਮਾਮਲੇ ਜ਼ਿਆਦਾਤਰ ਦੂਰ-ਦੁਰਾਡੇ ਇਲਾਕਿਆਂ ਜਾਂ ਪੇਂਡੂ ਖੇਤਰਾਂ ਵਿੱਚ ਹੁੰਦੇ ਹਨ ਜਿੱਥੇ ਲੋਕਾਂ ਨੂੰ ਕਾਨੂੰਨ ਦੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ। ਇਹ ਨਹੀਂ ਪਤਾ ਹੁੰਦਾ ਕਿ ਪਰਿਵਾਰ ਦੀਆਂ ਔਰਤਾਂ ਵਿਰੁੱਧ ਹਿੰਸਾ ਕਰਨ 'ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ।

(ਇਸ ਰਿਪੋਰਟ ਵਿੱਚ ਬੀਬੀਸੀ ਵਰਲਡ ਸਰਵਿਸ ਦੀ ਸਮਾਜਿਕ ਮਾਮਲਿਆਂ ਦੀ ਪੱਤਰਕਾਰ ਵੇਲੇਰੀਆ ਪਰੇਸੋ ਅਤੇ ਹੈਰਾਤ ਵਿੱਚ ਮੌਜੂਦ ਬੀਬੀਸੀ ਦੇ ਸਹਿਯੋਗੀ ਮੁਹੰਮਦ ਕਾਜ਼ੀਜਾਦਾ ਨੇ ਵੀ ਯੋਗਦਾਨ ਪਾਇਆ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)