You’re viewing a text-only version of this website that uses less data. View the main version of the website including all images and videos.
ਤਣਾਅ ਕਰਕੇ ਅਧਿਆਤਮਿਕ ਆਗੂ ਭੈਯੂਜੀ ਮਹਾਰਾਜ ਨੇ ਖੁਦਕੁਸ਼ੀ ਕੀਤੀ
ਅਧਿਆਤਮਕ ਆਗੂ ਭੈਯੂਜੀ ਮਹਾਰਾਜ ਨੇ ਮੰਗਲਵਾਰ ਨੂੰ ਖ਼ੁਦਕੁਸ਼ੀ ਕਰ ਲਈ।
ਉਨ੍ਹਾਂ ਇੰਦੌਰ 'ਚ ਆਪਣੇ ਘਰ ਹੀ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੂੰ ਤੁਰੰਤ ਬੌਂਬੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ।
ਭੈਯੂਜੀ ਦੀ ਪਛਾਣ ਅਧਿਆਤਮਿਕ ਆਗੂ ਦੀ ਸੀ, ਹਾਲਾਂਕਿ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਦਾ ਦਰਜਾ ਦਿੱਤਾ ਹੋਇਆ ਸੀ।
ਕਿਹਾ ਜਾਂਦਾ ਹੈ ਕਿ ਮੰਤਰੀ ਦਾ ਦਰਜਾ ਮਿਲਣ ਦੇ ਬਾਵਜੂਦ ਭੈਯੂਜੀ ਨੇ ਕਾਰ ਤੇ ਹੋਰ ਸਹੂਲਤਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇੰਦੌਰ ਦੇ ਡੀਆਈਜੀ ਹਰਿ ਨਾਰਾਇਣਚਾਰੀ ਨੇ ਮੀਡੀਆ ਨਾਲ ਗੱਲਬਾਤ 'ਚ ਖ਼ੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰਕ ਕਲੇਸ਼ ਖ਼ੁਦਕੁਸ਼ੀ ਦਾ ਕਾਰਨ ਹੋ ਸਕਦਾ ਹੈ।
ਭੈਯੂਜੀ ਦੇ ਘਰ ਤੋਂ ਇੱਕ ਸੂਇਸਾਇਡ ਨੋਟ ਵੀ ਮਿਲਿਆ ਹੈ, ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਉਹ ਆਪਣੀ ਮਰਜ਼ੀ ਨਾਲ ਖ਼ੁਦ ਨੂੰ ਖ਼ਤਮ ਕਰ ਰਹੇ ਹਨ।
ਕੌਣ ਹਨ ਭੈਯੂਜੀ?
ਭੈਯੂਜੀ ਦਾ ਅਸਲੀ ਨਾਂ ਉਦੇ ਸਿੰਘ ਦੇਸ਼ਮੁਖ ਸੀ। ਮੂਲ ਰੂਪ ਤੋਂ ਇਨ੍ਹਾਂ ਦਾ ਪਰਿਵਾਰ ਵਿਦਰਭ ਦਾ ਰਹਿਣ ਵਾਲਾ ਸੀ।
37 ਸਾਲ ਦੀ ਉਮਰ 'ਚ ਭੈਯੂਜੀ ਦਾ ਝੁਕਾਅ ਅਧਿਆਤਮ ਵੱਲ ਹੋ ਗਿਆ।
ਉਨ੍ਹਾਂ ਨੇ ਸਦਗੁਰੂ ਦੱਤ ਧਾਰਮਿਕ ਟਰੱਸਟ ਬਣਾਇਆ ਸੀ, ਜਿਹੜਾ ਅੱਜ ਵੀ ਕਈ ਪੱਧਰ 'ਤੇ ਸਰਗਰਮ ਹੈ।
ਹਾਲਾਂਕਿ ਇਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਭੈਯੂਜੀ ਦੀ ਖ਼ੁਦਕੁਸ਼ੀ ਦਾ ਮੁੱਖ ਕਾਰਨ ਉਦਾਸੀ ਦੱਸਿਆ ਜਾ ਰਿਹਾ ਹੈ।
ਭੈਯੂਜੀ ਜਿੰਮੀਦਾਰ ਘਰਾਨੇ ਤੋਂ ਸਬੰਧ ਰੱਖਦੇ ਹਨ। ਇੰਦੌਰ 'ਚ ਭੈਯੂਜੀ ਦਾ ਵੱਡਾ ਆਸ਼ਰਮ ਹੈ।
ਉਹ ਚਿੱਟੀ ਮਰਸਡੀਜ਼ 'ਚ ਸਫ਼ਰ ਕਰਦੇ ਸਨ, ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਭੈਯੂਜੀ ਨੇ ਦੂਜਾ ਵਿਆਹ ਕਰ ਲਿਆ ਸੀ।
ਭੈਯੂਜੀ ਮਰਾਠਾ ਅਧਿਆਤਮਿਕ ਆਗੂ ਸਨ, ਇਸ ਲਈ ਮਹਾਰਾਸ਼ਟਰ 'ਚ ਨੀ ਇਨ੍ਹਾਂ ਦੇ ਚਾਹੁਣ ਵਾਲਿਆਂ ਦੀ ਵੱਡੀ ਗਿਣਤੀ ਸੀ।
ਸਿਆਸਤ ਨਾਲ ਵੀ ਭੈਯੂਜੀ ਦਾ ਸਿੱਧਾ ਰਿਸ਼ਤਾ ਰਿਹਾ ਹੈ ਅਤੇ ਮਹਾਰਾਸ਼ਟਰ ਦੀਆਂ ਸਾਰੀਆਂ ਸਿਆਸੀ ਪਾਰਟੀਆਂ 'ਚ ਭੈਯੂਜੀ ਨੂੰ ਚਾਹੁਣ ਵਾਲੇ ਲੋਕ ਮੌਜੂਦ ਸਨ।
2011 'ਚ ਜਦੋਂ ਅੰਨਾ ਹਜ਼ਾਰੇ ਨੇ ਲੋਕਪਾਲ ਦੇ ਸਮਰਥਨ 'ਚ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਭੈਯੂਜੀ ਮਹਾਰਾਜ ਨੇ ਭੁੱਖ ਹੜਤਾਲ ਖ਼ਤਮ ਕਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ।
ਕਿਹਾ ਜਾਂਦਾ ਹੈ ਕਿ ਭੈਯੂਜੀ ਮਹਾਰਾਜ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਅਤੇ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨਾਲ ਵੀ ਚੰਗੇ ਰਿਸ਼ਤੇ ਸਨ।
2011 'ਚ ਭੈਯੂਜੀ ਮਹਾਰਾਜ ਨੇ ਨਰਿੰਦਰ ਮੋਦੀ ਸਦਭਾਵਨਾ ਰੈਲੀ 'ਚ ਜਾਰੀ ਵਰਤ ਨੂੰ ਜੂਸ ਪਿਆ ਕੇ ਤੁੜਵਾਇਆ ਸੀ।
2016 'ਚ ਜਦੋਂ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਪਟੇਲ 'ਤੇ ਅਸਤੀਫ਼ੇ ਦਾ ਦਬਾਅ ਵਧਿਆ ਤਾਂ ਉਹ ਇੰਦੌਰ ਭੈਯੂਜੀ ਨੂੰ ਮਿਲਣ ਲਈ ਪਹੁੰਚੇ ਸਨ।
ਆਨੰਦੀਬੇਨ ਪਟੇਲ ਦੀ ਇਸ ਮੁਲਾਕਾਤ ਦੀ ਕਾਫ਼ੀ ਚਰਚਾ ਹੋਈ ਸੀ। ਭੈਯੂਜੀ ਮਹਾਰਾਜ ਉੱਧਵ ਠਾਕਰੇ ਅਤੇ ਪੰਕਜਾ ਮੁੰਡੇ ਦੇ ਵੀ ਬੜੇ ਕਰੀਬੀ ਸਨ।
ਸੋਸ਼ਲ 'ਤੇ ਪ੍ਰਤੀਕਰਮ
ਸਸੀਧਰਨ ਪਜ਼ਹੂਰ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਿਖਿਆ, ''ਅਧਿਆਤਮ ਤੁਹਾਨੂੰ ਨਹੀਂ ਬਚਾ ਸਕਦਾ , ਭੈਯੂਜੀ ਮਹਾਰਾਜ ਇਸ ਦਾ ਉਦਾਹਰਣ ਹਨ।''
ਟਵਿੱਟਰ ਯੂਜ਼ਰ ਸਵਾਤੀ ਜੋਸ਼ੀ ਨੇ ਲਿਖਿਆ, ''ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਇੱਕ ਸੱਚਾ ਅਧਿਆਤਮਕ ਆਗੂ ਖ਼ੁਦਕੁਸ਼ੀ ਨਹੀਂ ਕਰ ਸਕਦਾ?''
ਅਰਨਾਜ਼ ਹਥੀਰਮ ਨਾਂ ਦੇ ਟਵਿੱਟਰ ਯੂਜ਼ਰ ਨੇ ਭੈਯੂਜੀ ਮਹਾਰਾਜ ਦੇ ਖੁਦਕੁਸ਼ੀ ਨੋਟ ਨੂੰ ਆਪਣੇ ਅਕਾਊਂਟ 'ਤੇ ਸਾਂਝਾ ਕਰਦਿਆਂ ਲਿਖਿਆ, ''ਕੀ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਹੋਵੇਗੀ?''
ਕਾਂਗਰਸ ਆਗੂ ਪ੍ਰਿਥਵੀਰਾਜ ਚੌਹਾਨ ਨੇ ਆਪਣੇ ਟਵੀਟ 'ਚ ਲਿਖਿਆ, ''ਭੈਯੂਜੀ ਮਹਾਰਾਜ ਦੇ ਜਾਣ 'ਤੇ ਉਹ ਸਦਮੇ 'ਚ ਹਨ ਅਤੇ ਉਨ੍ਹਾਂ ਦੇ ਅਧਿਆਤਮਕ, ਸਮਾਜਿਕ ਤੇ ਸਿਆਸੀ ਕੰਮ ਹਮੇਸ਼ਾ ਆਮ ਲੋਕਾਂ ਦੀ ਮਦਦ ਦਾ ਮਕਸਦ ਰਹੇ ਹਨ।''
ਮਹਾਰਾਸ਼ਟਰ ਬੀਜੇਪੀ ਆਗੂ ਪੰਕਜਾ ਗੋਪੀਨਾਥ ਮੁੰਡੇ ਨੇ ਵੀ ਇਸ ਬਾਬਤ ਟਵੀਟ ਕਰਦਿਆਂ ਲਿਖਿਆ, ''ਸਾਡੇ ਪਰਿਵਾਰ ਦਾ ਅਹਿਮ ਹਿੱਸਾ ਰਹੇ ਭੈਯੂਜੀ ਮਹਾਰਾਜ ਅੱਜ ਸਾਡੇ ਵਿਚਕਾਰ ਨਹੀਂ ਹਨ, ਇਹ ਸਾਡੇ ਲਈ ਸਦਮੇ ਵਰਗਾ ਹੈ।''
(ਭੋਪਾਲ ਤੋਂ ਸ਼ੁਰੈਹ ਨਿਆਜ਼ੀ ਦੀ ਇਨਪੁਟ ਸ਼ਾਮਿਲ)