ਦਿੱਲੀ ਤੋਂ ਬੀਜਿੰਗ ਦਾ ਸਫਰ, ਸਿਰਫ 30 ਮਿੰਟਾਂ ਵਿੱਚ !

ਬੀਜਿੰਗ ਤੋਂ ਦਿੱਲੀ ਆਉਣ ਲਈ ਅੱਠ ਘੰਟੇ ਲੱਗਦੇ ਹਨ ਪਰ ਚੀਨ ਕੁਝ ਅਜਿਹਾ ਕਰਨ ਜਾ ਰਿਹਾ ਹੈ, ਜਿਸ ਨਾਲ ਇਹ ਦੂਰੀ ਬਹੁਤ ਘੱਟ ਸਮੇਂ ਵਿੱਚ ਪੂਰੀ ਹੋ ਜਾਵੇਗੀ।

ਚੀਨ ਨੇ ਇੱਕ ਹਾਈਪਰਸੌਨਿਕ ਜਹਾਜ਼ ਦਾ ਡਿਜ਼ਾਇਨ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਵੱਡਾ ਕਦਮ ਹੈ।

ਇਸਦੀ ਤੇਜ਼ ਰਫਤਾਰ 'ਤੇ ਕੋਈ ਸ਼ੱਕ ਨਹੀਂ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਬੀਜਿੰਗ ਤੋਂ ਦਿੱਲੀ ਤੱਕ ਦਾ ਸਫਰ ਦਿੱਲੀ ਤੋਂ ਦੇਹਰਾਦੂਨ ਦੇ ਸਫ਼ਰ ਜਿੰਨਾ ਰਹਿ ਜਾਵੇਗਾ।

ਹਾਈਪਰਸੌਨਿਕ ਜਹਾਜ਼ਾਂ 'ਤੇ ਰਿਸਰਚ ਕੋਈ ਨਵੀਂ ਗੱਲ ਨਹੀਂ ਹੈ ਪਰ ਆਮਤੌਰ 'ਤੇ ਇਹ ਫੌਜੀ ਪਰੀਖਣ ਹੁੰਦੇ ਹਨ ਕਿਉਂਕਿ ਉੱਥੇ ਰਿਸਰਚ ਲਈ ਘੱਟ ਦਬਾਅ ਅਤੇ ਵੱਧ ਪੈਸੇ ਹੁੰਦੇ ਹਨ।

ਯਾਤਰੀ ਉਡਾਨਾਂ ਲਈ ਕੀ ਕੋਈ ਹਵਾਈ ਜਹਾਜ਼ ਆਵਾਜ਼ ਦੀ ਰਫਤਾਰ ਤੋਂ ਪੰਜ ਗੁਣਾ ਤੇਜ਼ ਉੱਡ ਸਕਦਾ ਹੈ?

ਕੀ ਉਹ ਦੋ ਘੰਟਿਆਂ ਵਿੱਚ ਪ੍ਰਸ਼ਾਂਤ ਮਹਾਸਾਗਰ ਦਾ ਚੱਕਰ ਕਟ ਸਕਦਾ ਹੈ?

ਤੇਜ਼, ਉਸ ਤੋਂ ਤੇਜ਼, ਸਭ ਤੋਂ ਤੇਜ਼

ਸੁਪਰਸੌਨਿਕ ਜਹਾਜ਼ਾਂ ਦੀ ਰਫ਼ਤਾਰ ਨੂੰ ਮਾਪਣ ਲਈ ਆਵਾਜ਼ ਦੀ ਰਫ਼ਤਾਰ ਜਾਂ ਮੈਕ ਵਾਨ ਦਾ ਪੈਮਾਨਾ ਰੱਖਿਆ ਜਾਂਦਾ ਹੈ। ਇਹ ਤਕਰੀਬਨ 1235 ਕਿਲੋਮੀਟਰ ਪ੍ਰਤੀ ਘੰਟਾ ਹੈ।

ਸਬਸੌਨਿਕ ਰਫ਼ਤਾਰ ਆਵਾਜ਼ ਦੀ ਰਫ਼ਤਾਰ ਤੋਂ ਘੱਟ ਹੁੰਦੀ ਹੈ। ਯਾਤਰੀ ਜਹਾਜ਼ਾਂ ਦੀ ਸਪੀਡ ਸਬਸੌਨਿਕ ਹੁੰਦੀ ਹੈ।

ਸੁਪਰਸੌਨਿਕ ਰਫ਼ਤਾਰ ਮੈਕ ਵਾਨ ਤੋਂ ਤੇਜ਼ ਹੁੰਦੀ ਹੈ ਅਤੇ ਮੈਕ ਫਾਈਵ ਤੱਕ ਜਾਂਦੀ ਹੈ। 1976 ਤੋਂ ਲੈ ਕੇ 2000 ਤਕ ਯੌਰਪ ਅਤੇ ਅਮਰੀਕਾ ਵਿਚਾਲੇ ਉਡਾਨ ਭਰਨ ਵਾਲੇ ਕੌਨਕੌਰਡ ਜਹਾਜ਼ ਦੀ ਸਪੀਡ ਸੁਪਰਸੌਨਿਕ ਸੀ।

ਹਾਈਪਰਸੌਨਿਕ ਰਫ਼ਤਾਰ ਮੈਕ ਫਾਈਵ ਤੋਂ ਵੀ ਤੇਜ਼ ਹੁੰਦੀ ਹੈ। ਇਸ ਵੇਲੇ ਕੁਝ ਗੱਡੀਆਂ 'ਤੇ ਇਸ ਦੇ ਪ੍ਰਯੋਗ ਚੱਲ ਰਹੇ ਹਨ।

ਚੀਨ ਅਜਿਹੇ ਹੀ ਹਾਈਪਰਸੌਨਿਕ ਜਹਾਜ਼ 'ਤੇ ਫੋਕਸ ਕਰ ਰਿਹਾ ਹੈ। ਚਾਇਨੀਜ਼ ਅਕੈਡਮੀ ਆਫ ਸਾਇਨਸਿਜ਼ ਦੀ ਇੱਕ ਟੀਮ ਇਸ 'ਤੇ ਕੰਮ ਕਰ ਰਹੀ ਹੈ।

ਰਿਸਰਚ ਟੀਮ ਕੋਲ੍ਹ ਦੋ ਵੱਡੀਆਂ ਚੁਣੌਤੀਆਂ ਹਨ। ਪਹਿਲਾ ਇਸ ਦਾ ਇੰਜਨ ਅਤੇ ਦੂਜਾ ਇਸਦਾ ਏਰੋਡਾਇਨੈਮਿਕਸ। ਇੰਜਨ ਨੂੰ ਬਣਾਉਣਾ ਵੱਡੀ ਮੁਸ਼ਕਲ ਹੈ।

ਹਾਈਪਰਸੌਨਿਕ ਫਲਾਈਟ

ਡੀਜ਼ਾਈਨ ਪੱਖੋਂ ਹਾਈਪਰਸੌਨਿਕ ਫਲਾਈਟ ਨੂੰ ਕੁਝ ਅਜਿਹੀ ਚੀਜ਼ ਦੀ ਲੋੜ ਹੈ, ਜਿਸ ਨਾਲ ਉਸਦੇ ਰਾਹ ਦੇ ਰੋੜੇ ਘੱਟ ਹੋ ਸਕਣ।

ਜਹਾਜ਼ ਦੀ ਰਫ਼ਤਾਰ ਜਿੰਨੀ ਤੇਜ਼ ਹੋਏਗੀ ਰੁਕਾਵਟ ਓਨਾ ਹੀ ਵੱਡਾ ਮੁੱਦਾ ਹੋਵੇਗਾ।

ਯੂਨੀਵਰਸਿਟੀ ਆਫ ਮੇਲਬਰਨ ਦੇ ਨਿਕੋਲਸ ਹਚਿੰਸ ਮੁਤਾਬਕ, ''ਜਿੰਨੇ ਗੁਣਾ ਰਫ਼ਤਾਰ ਵੱਧਦੀ ਹੈ, ਉਨੀ ਹੀ ਰੁਕਾਵਟ ਵੀ ਵਧਦੀ ਹੈ। ਜੇ ਤੁਸੀਂ ਰਫ਼ਤਾਰ ਦੁੱਗਣੀ ਕਰੋਗੇ ਤਾਂ ਰੁਕਾਵਟ ਚਾਰ ਗੁਣਾ ਵੱਧ ਜਾਏਗੀ।''

ਪਰ ਚੀਨ ਦੇ ਇਸ ਡੀਜ਼ਾਇਨ ਵਿੱਚ ਨਵਾਂ ਕੀ ਹੈ?

ਚੀਨ ਨੇ ਆਪਣੇ ਡੀਜ਼ਾਇਨ ਵਿੱਚ ਡੈਨੋਂ ਦੀ ਇੱਕ ਹੋਰ ਲੇਅਰ ਨੂੰ ਜੋੜਿਆ ਹੈ। ਇਹ ਡੈਨੇ ਆਮ ਤੌਰ 'ਤੇ ਲੱਗਣ ਵਾਲੇ ਡੈਨਿਆਂ ਉੱਤੇ ਲਾਏ ਜਾਂਦੇ ਹਨ।

ਇਸ ਨਾਲ ਰੁਕਾਵਟ ਘਟਦੀ ਹੈ। ਇਹ ਕੁਝ ਕੁਝ ਦੋ ਪੰਖਿਆਂ ਵਾਲੇ ਜਹਾਜ਼ ਵਰਗਾ ਲੱਗਦਾ ਹੈ।

ਹੋਰ ਕੀ ਚੁਣੌਤੀਆਂ?

ਇਸ ਵੇਲੇ ਚੀਨ ਛੋਟੇ ਪੈਮਾਨੇ ਤੇ ਆਪਣੇ ਮਾਡਲ ਦਾ ਪ੍ਰਯੋਗ ਕਰ ਰਿਹਾ ਹੈ। ਇੱਕ ਵਿੰਡ ਟਨਲ ਵਿੱਚ ਇਸ ਦੀ ਟੈਸਟਿੰਗ ਕੀਤੀ ਗਈ ਹੈ।

ਇਸ ਲਈ ਚੀਨ ਦੇ ਇਸ ਸੁਫਨੇ ਨੂੰ ਪੂਰਾ ਹੋਣ ਵਿੱਚ ਅਜੇ ਸਮਾਂ ਲੱਗੇਗਾ।

ਜਾਣਕਾਰਾਂ ਦਾ ਕਹਿਣ ਹੈ ਕਿ ਚੀਨ ਜੇ ਰੁਕਾਵਟ ਦੀ ਚੁਣੌਤੀ ਪਾਰ ਕਰ ਵੀ ਲੈਂਦਾ ਹੈ ਫਿਰ ਵੀ ਹੋਰ ਚੁਣੌਤੀਆਂ ਬਰਕਰਾਰ ਰਹਿਣਗੀਆਂ।

ਆਵਾਜ਼ ਦੀ ਰਫ਼ਤਾਰ

ਗਰਮੀ ਤੋਂ ਬਚਾਅ ਕਰਨਾ ਵੀ ਇੱਕ ਚੁਣੌਤੀ ਹੈ। ਇਸ ਤੋਂ ਪੈਦਾ ਹੋਣ ਵਾਲੀ ਜ਼ੋਰਦਾਰ ਆਵਾਜ਼ ਵੀ ਇੱਕ ਮੁੱਦਾ ਹੈ।

ਜੇ ਕੋਈ ਜਹਾਜ਼ ਆਵਾਜ਼ ਦੀ ਰਫ਼ਤਾਰ ਪਾਰ ਕਰ ਲੈਂਦਾ ਹੈ ਤਾਂ ਇਸ ਨਾਲ ਸ਼ੌਕਵੇਵਜ਼ ਪੈਦਾ ਹੁੰਦੀਆਂ ਹਨ।

ਹਾਈਪਰਸੌਨਿਕ ਜਹਾਜ਼ ਬਹੁਤ ਤੇਜ਼ ਆਵਾਜ਼ ਕਰਦਾ ਹੈ, ਇੰਨੀ ਕਿ ਕੱਚ ਟੁੱਟ ਸਕਦਾ ਹੈ।

ਪਾਰੰਪਰਿਕ ਜੈਟ ਇੰਜਨ

ਮੈਕ ਫਾਈਵ ਰਫ਼ਤਾਰ ਹਾਸਲ ਕਰਨ ਤੋਂ ਬਾਅਦ ਜਹਾਜ਼ ਨੂੰ ਸਕ੍ਰੈਮਜੈਟ ਇੰਜਨ ਨਾਲ ਚਲਾਇਆ ਜਾ ਸਕਦਾ ਹੈ।

ਸਕ੍ਰੈਮਜੈਟ ਇੰਜਨ ਸਫ਼ਰ ਵਿੱਚ ਹਵਾ ਨੂੰ ਸੋਖਦਾ ਹੈ ਅਤੇ ਈਂਧਨ ਦੇ ਜਲਣ ਵਿੱਚ ਇਸ ਦਾ ਇਸਤੇਮਾਲ ਕਰਦਾ ਹੈ।

ਪਰ ਇਸ ਦੀ ਚੁਣੌਤੀ ਇਹ ਹੈ ਕਿ ਅਜਿਹਾ ਇੰਜਨ ਸਿਰਫ਼ ਮੈਕ ਫਾਈਵ ਦੇ ਉੱਤੇ ਦੀ ਸਪੀਡ 'ਤੇ ਹੀ ਚਲਾਇਆ ਜਾ ਸਕਦਾ ਹੈ।

ਜਿਸ ਦਾ ਮਤਲਬ ਜਹਾਜ਼ ਨੂੰ ਇੱਕ ਹੋਰ ਇੰਜਨ ਦੀ ਜ਼ਰੂਰਤ ਹੋਵੇਗੀ ਜਿਸਨੂੰ ਮੈਕ ਫਾਈਵ ਦੀ ਰਫ਼ਤਾਰ ਤਕ ਲੈ ਜਾਇਆ ਜਾ ਸਕੇ।

ਜਾਣਕਾਰ ਦੱਸਦੇ ਹਨ ਕਿ ਇਹ ਬੇਹੱਦ ਤਾਕਤਵਰ ਅਤੇ ਪਾਰੰਪਰਿਕ ਜੈਟ ਇੰਜਨ ਹੋ ਸਕਦਾ ਹੈ। ਆਖਰਕਾਰ ਦੋਵੇਂ ਇੰਜਨਾਂ ਦੇ ਕਾਮਬੀਨੇਸ਼ਨ ਦੀ ਜ਼ਰੂਰਤ ਹੋਵੇਗੀ।

ਯੂਨੀਵਰਸਿਟੀ ਆਫ ਕਵੀਨਜ਼ਲੈਂਡ ਵਿੱਚ ਹਾਈਪਰਸੌਨਿਕ ਸਟਡੀਜ਼ ਦੇ ਪ੍ਰੋਫੈਸਰ ਮਾਈਕਲ ਸਮਾਰਟ ਨੇ ਕਿਹਾ, ''ਚੀਨ ਵਿੱਚ ਇਸ ਇੰਜਨ ਨੂੰ ਤਿਆਰ ਕਰਨ ਲਈ ਪਿੱਛਲੇ ਕੁਝ ਸਾਲਾਂ ਵਿੱਚ ਵੱਡੇ ਪੈਮਾਨੇ 'ਤੇ ਕੰਮ ਚਲ ਰਿਹਾ ਹੈ। ਜੇ ਉਹ ਕਾਮਯਾਬ ਰਹੇ ਤਾਂ ਵੱਡੀ ਉਪਲੱਬਧੀ ਹੋਵੇਗੀ।''

ਫਾਇਦੇ ਦਾ ਸੌਦਾ ਜਾਂ ਨਹੀਂ

ਕੀ ਹਾਈਪਰਸੌਨਿਕ ਜਹਾਜ਼ ਕਾਰੋਬਾਰ ਕਰਨ ਲਈ ਫਾਇਦੇਮੰਦ ਹਨ?

1969 ਵਿੱਚ ਕੌਨਕੌਰਡ ਜਹਾਜ਼ ਦੇ ਉਡਾਨ ਭਰਨ 'ਤੇ, ਇਸਨੂੰ ਜਹਾਜ਼ਾਂ ਦੇ ਕਾਰੋਬਾਰ ਦਾ ਭਵਿੱਖ ਕਿਹਾ ਗਿਆ ਸੀ।

ਪਰ ਇਸ ਨਿਰਮਾਣ ਬਹੁਤ ਘੱਟ ਕੀਤਾ ਗਿਆ ਅਤੇ ਸਾਲ 2003 ਵਿੱਚ ਇਸਨੂੰ ਹਟਾ ਲਿਆ ਗਿਆ। ਇਸਦੇ ਉੱਤਰਾਧਿਆਕੀ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ।

ਇਸਦਾ ਸਫਰ ਯਾਤਰੀਆਂ ਲਈ ਬਹੁਤ ਮਹਿੰਗਾ ਸੀ।

ਤੇਜ਼ ਆਵਾਜ਼ ਦਾ ਵੀ ਮੁੱਦਾ ਸੀ। ਕੌਨਕੌਰਡ ਨੂੰ ਸਿਰਫ ਸਮੁੰਦਰ ਦੇ ਉੱਤੇ ਆਵਾਜ਼ ਦੀ ਰਫਤਾਰ ਤੋਂ ਤੇਜ਼ ਰਫਤਾਰ 'ਤੇ ਉਡਣ ਦੀ ਇਜਾਜ਼ਤ ਦਿੱਤੀ ਗਈ ਸੀ।

ਪੂਰੇ ਅਟਲਾਂਟਿਕ ਇਲਾਕੇ ਵਿੱਚ ਰੋਕ ਲਗਾਈ ਗਈ ਸੀ ਅਤੇ ਇਸ ਨਾਲ ਕਾਰੋਬਾਰੀ ਸੰਭਾਵਨਾ 'ਤੇ ਅਸਰ ਪਿਆ ਸੀ।

15 ਤੋਂ 20 ਹੋਰ ਸਾਲ

ਹਾਈਪਰਸੌਨਿਕ ਉਡਾਨਾਂ ਦੀ ਹੋਰ ਵੀ ਕਈ ਚੁਣੌਤੀਆਂ ਹਨ। ਤੇਜ਼ ਆਵਾਜ਼ ਦੀ ਸਮੱਸਿਆ ਤੋਂ ਇਲਾਵਾ ਇਹ ਬਹੁਤ ਮਹਿੰਗੀ ਵੀ ਹੋ ਸਕਦੀ ਹੈ।

ਹਾਈਪਰਸੌਨਿਕ ਜਹਾਜ਼ ਦੇ ਚੀਨੀ ਡੀਜ਼ਾਇਨ ਬਾਰੇ 'ਫਿਜ਼ਿਕਸ, ਮਕੈਨਿਕਸ ਅਤੇ ਐਸਟ੍ਰੋਨੌਮੀ' ਦੇ ਫਰਵਰੀ ਐਡੀਸ਼ਨ ਦੇ ਰਿਸਰਚ ਪੇਪਰ ਵਿੱਚ ਛਪਿਆ ਸੀ।

ਇਸ ਵਿੱਚ ਇਹ ਉਮੀਦ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਾਈਪਰਸੌਨਿਕ ਜਹਾਜ਼ ਹੋਰ ਸੌਖੇ ਅਤੇ ਪ੍ਰਭਾਵਸ਼ਾਲੀ ਹੋਣਗੇ।

ਹਾਲਾਂਕਿ ਫਲਾਈਟ ਗਰੋਬਲ ਦੇ ਐਲਿਸ ਟੇਲਰ ਮੁਤਾਬਕ, ''15 ਤੋਂ 20 ਸਾਲ ਤਕ ਇਹ ਕਾਰੋਬਾਰ ਲਈ ਤਿਆਰ ਹੋਣਗੇ। ਫਿਲਹਾਲ ਇਨ੍ਹਾਂ ਲਈ ਕੋਈ ਬਾਜ਼ਾਰ ਨਹੀਂ ਹੈ। ਹੁਣ ਤਕ ਹਵਾਈ ਸਫਰ ਦਾ ਕਿਰਾਇਆ ਘੱਟ ਹੀ ਹੋਇਆ ਹੈ, ਇਸਲਈ ਹਾਈਪਰਸੌਨਿਕ ਫਲਾਈਟ ਲਈ ਸਵਾਰੀ ਲੱਭਣਾ ਔਖਾ ਹੋਏਗਾ।''

ਫੌਜੀ ਮੁਕਾਬਲੇ

ਇਸ ਨੂੰ ਬਣਾਉਣ ਪਿੱਛੇ ਚੀਨ ਦੇ ਫੌਜੀ ਇਰਾਦੇ ਵੀ ਹਨ।

ਹਾਈਪਰਸੌਨਿਕ ਜਹਾਜ਼ਾਂ ਨੂੰ ਹਵਾਈ ਨਿਰਗਾਨੀ ਲਈ ਤੁਰੰਤ ਤੈਨਾਤ ਕਰਨ ਬਾਰੇ ਵੀ ਸੋਚਿਆ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਦਾ ਨਜ਼ਰ ਵਿੱਚ ਆਉਣਾ ਵੀ ਔਖਾ ਹੋਏਗਾ।

ਮੰਨਿਆ ਜਾ ਰਿਹਾ ਹੈ ਕਿ ਹਾਈਪਰਸੌਨਿਕ ਜਹਾਜ਼ਾਂ ਤੇ ਕੀਤੀ ਜਾ ਰਹੀ ਰਿਸਰਚ ਹਾਈਪਰਸੌਨਿਕ ਮਿਸਾਈਲਾਂ ਵੱਲ ਜਾਏਗੀ।

ਇਸ ਮੈਦਾਨ ਵਿੱਚ ਅਮਰੀਕਾ, ਚੀਨ ਅਤੇ ਰੂਸ ਵੀ ਖਿਡਾਰੀ ਹਨ।

ਇਹ ਰਿਸਰਚ ਗੁਪਤ ਰੱਖੀ ਜਾਂਦੀ ਹੈ, ਇਸਲਈ ਕਹਿਣਾ ਔਖਾ ਹੈ ਕਿ ਇਸ ਮਾਮਲੇ ਵਿੱਚ ਕੌਣ ਅੱਗੇ ਹੈ।

ਪ੍ਰਫੈਸਰ ਸਮਾਰਟ ਮੁਤਾਬਕ ਏਤਿਹਾਸਕ ਰੂਪ ਤੋਂ ਅਮਰੀਕਾ ਹਮੇਸ਼ਾ ਅੱਗੇ ਰਿਹਾ ਹੈ ਪਰ ਹੁਣ ਚੀਨ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)