You’re viewing a text-only version of this website that uses less data. View the main version of the website including all images and videos.
ਕੋਚਿੰਗ ਸੈਂਟਰਾਂ ਦਾ ਤਣਾਅ ਨਾ ਝੱਲਦੇ ਹੋਏ ਵਿਦਿਆਰਥੀਆਂ ਵਲੋਂ ਖੁਦਕੁਸ਼ੀ
ਬੀਤੇ ਦੋ ਮਹੀਨਿਆਂ ਵਿੱਚ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ 60 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਇੱਕ ਬੱਚਿਆਂ ਦੇ ਹੱਕ ਲਈ ਕੰਮ ਕਰਨ ਵਾਲੀ ਜਥੇਬੰਦੀ ਮੁਤਾਬਕ ਇਹ ਸਾਰੇ ਵਿਦਿਆਰਥੀ ਮੈਡੀਕਲ ਤੇ ਆਈਆਈਟੀ ਵਰਗੇ ਸੰਸਥਾਨਾਂ ਵਿੱਚ ਦਾਖਲੇ ਦੀ ਤਿਆਰੀ ਲਈ ਪ੍ਰੀਪੇਅਰਟਰੀ ਕਾਲਜਾਂ ਵਿੱਚ ਪੜ੍ਹ ਰਹੇ ਸੀ।
17 ਸਾਲ ਦਾ ਸਚਿਨ (ਬਦਲਿਆ ਹੋਇਆ ਨਾਂ) ਜੂਨੀਅਰ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਹੈ। ਉਸ ਨੇ ਇਸੇ ਸਾਲ ਸਿਤੰਬਰ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਦੇ ਮੁਤਾਬਕ ਕਾਲਜ ਵਿੱਚ ਜੋ ਵਤੀਰਾ ਉਸ ਨਾਲ ਕੀਤਾ ਜਾ ਰਿਹਾ ਸੀ ਉਹ ਬਰਦਾਸ਼ਤ ਕਰਨਾ ਮੁਸ਼ਕਿਲ ਸੀ।
ਉਹ ਕਹਿੰਦਾ ਹੈ, "ਪ੍ਰੀਖਿਆ ਵਿੱਚ ਫੇਲ੍ਹ ਹੋਣ 'ਤੇ ਸਾਨੂੰ ਜ਼ਲੀਲ ਕੀਤਾ ਜਾਂਦਾ ਹੈ, ਵਿਤਕਰੇ ਦਾ ਰਵੱਈਆ ਅਪਣਾਇਆ ਜਾਂਦਾ ਹੈ। ਜੋ ਬੱਚੇ ਪ੍ਰੀਖਿਆਵਾਂ ਵਿੱਚ ਬੇਹਤਰ ਕਰਦੇ ਹਨ ਉਨ੍ਹਾਂ ਦੇ ਨਾਲ ਚੰਗਾ ਵਤੀਰਾ ਕੀਤਾ ਜਾਂਦਾ ਹੈ।''
ਉਹ ਕਹਿੰਦਾ ਹੈ ਕਿ ਇੱਕ ਵਾਰ ਜਦੋਂ ਉਹ ਬਰੇਕ ਦੌਰਾਨ ਆਪਣੇ ਸਾਥੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰ ਰਹੇ ਸੀ ਤਦ ਉਸ ਨੂੰ ਫੜ੍ਹ ਕੇ ਦੂਜੇ ਕਮਰੇ ਵਿੱਚ ਲਿਜਾਇਆ ਗਿਆ। ਕਮਰੇ ਵਿੱਚ ਤਿੰਨ ਟੀਚਰਾਂ ਨੇ ਉਸ ਨੂੰ ਮਾਰਿਆ ਅਤੇ 'ਅਨੁਸ਼ਾਸਨਹੀਣ' ਕਿਹਾ ਗਿਆ।
ਸਚਿਨ ਮੁਤਾਬਕ ਅਧਿਆਪਕਾਂ ਨੇ ਉਸਨੂੰ ਬਰਖ਼ਾਸਤ ਕਰਨ ਦੀ ਧਮਕੀ ਦਿੱਤੀ।
ਇਸ ਘਟਨਾ ਤੋ ਬਾਅਦ ਜਦੋਂ ਸਚਿਨ ਘਰ ਪਹੁੰਚਿਆ ਤਾਂ ਉਸ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ। ਉਹ ਕਹਿੰਦਾ ਹੈ, "ਸਾਡੇ 'ਤੇ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਨ ਦਾ ਕਾਫ਼ੀ ਦਬਾਅ ਰਹਿੰਦਾ ਹੈ। ਅਸੀਂ ਤਕਰੀਬਨ ਪੂਰੇ ਦਿਨ ਕਲਾਸਾਂ ਵਿੱਚ ਹੁੰਦੇ ਹਾਂ, ਸਾਨੂੰ ਕੋਈ ਬਰੇਕ ਵੀ ਨਹੀਂ ਮਿਲਦੀ।''
ਸਚਿਨ ਦੇ ਨਾਲ ਕਮਰੇ ਵਿੱਚ ਉਨ੍ਹਾਂ ਦੇ ਪਿਤਾ ਵੀ ਬੈਠੇ ਸੀ ਜੋ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸੀ। ਪਰਦੇ ਦੇ ਪਿੱਛੇ ਸਚਿਨ ਦੀ ਮਾਂ ਝਾਕ ਰਹੀ ਸੀ। ਦੋਵੇਂ ਥੱਕੇ ਹੋਏ ਸੀ ਅਤੇ ਬੇਹੱਦ ਦੁਖੀ ਨਜ਼ਰ ਆ ਰਹੇ ਸਨ।
ਸਚਿਨ ਕਹਿੰਦਾ ਹੈ ਕਿ ਸਾਡਾ ਵਿਦਿਆਰਥੀਆਂ ਦਾ ਦੁੱਖ ਸੁਣਨ ਵਾਲਾ ਕੋਈ ਨਹੀਂ। ਉਹ ਕਹਿੰਦਾ ਹੈ, "ਸਾਨੂੰ ਇੱਕ ਸਾਲ ਵਿੱਚ ਇੱਕ ਹੀ ਵਾਰ ਖੇਡਣ ਦਾ ਮੌਕਾ ਮਿਲਦਾ ਹੈ।''
ਤਣਾਅ ਨਾਲ ਜੂਝ ਰਹੀਆਂ ਨੌਜਵਾਨ ਜ਼ਿੰਦਗੀਆਂ
ਬੱਚਿਆਂ ਦੇ ਹੱਕਾਂ ਦੇ ਲਈ ਕੰਮ ਕਰਨ ਵਾਲੀ ਸੰਸਥਾ 'ਬਾਲਾਲਾ ਹੱਕੂਲੂ ਸੰਗਮ' ਦੇ ਮੁਤਾਬਕ ਬੀਤੇ ਕੁਝ ਦਿਨਾਂ ਵਿੱਚ ਦੋ ਦੱਖਣੀ ਭਾਰਤੀ ਸੂਬੇ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਘੱਟੋ-ਘੱਟ 60 ਵਿਦਿਆਰਥੀ ਆਪਣੀ ਜ਼ਿੰਦਗੀ ਖਤਮ ਕਰ ਚੁੱਕੇ ਹਨ।
ਹੈਦਰਾਬਾਦ ਦੀ ਇਸ ਸੰਸਥਾ ਦੇ ਚੇਅਰਮੈਨ ਅੱਚਯੁਤ ਰਾਓ ਕਹਿੰਦੇ ਹਨ, "ਕਈ ਵਿਦਿਆਰਥੀ ਇਹ ਕਹਿੰਦੇ ਹੋਏ ਦਾਖਿਲਾ ਪ੍ਰੀਖਿਆ ਲਈ ਖੁੱਲ੍ਹੇ ਕਾਲਜਾਂ ਨੂੰ ਛੱਡ ਚੁੱਕੇ ਹਨ ਕਿ ਉਹ ਕਾਲਜ ਦੇ ਸਖ਼ਤ ਪ੍ਰਸ਼ਾਸਨ ਤੇ ਪੜ੍ਹਾਈ ਦਾ ਦਬਾਅ ਝੱਲ ਨਹੀਂ ਪਾ ਰਹੇ ਹਨ।''
ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਦੇ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਬੇਹੱਦ ਮੁਕਾਬਲੇ ਭਰਪੂਰ ਹੋ ਗਈਆਂ ਹਨ।
ਸਾਲ 2017 ਵਿੱਚ ਇਨ੍ਹਾਂ ਦੋਹਾਂ ਸੂਬਿਆਂ ਵਿੱਚ ਕੁੱਲ ਡੇਢ ਲੱਖ ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ ਸੀ ਪਰ ਉਨ੍ਹਾਂ ਵਿੱਚੋਂ ਸਿਰਫ਼ ਤਿੰਨ ਹਜ਼ਾਰ ਵਿਦਿਆਰਥੀ ਹੀ ਪ੍ਰੀਖਿਆਵਾਂ ਵਿੱਚ ਪਾਸ ਹੋ ਸਕੇ।
ਕੌਮੀ ਪੱਧਰ 'ਤੇ ਹੋਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਨ ਦੇ ਲਈ ਦੋ ਲੱਖ ਤੋਂ ਵੀ ਵੱਧ ਵਿਦਿਆਰਥੀ ਪ੍ਰੀਪੇਰਟਰੀ ਕਾਲਜਾਂ ਵਿੱਚ ਕੋਚਿੰਗ ਕਲਾਸਾਂ ਕਰ ਰਹੇ ਹਨ।
ਤੇਲੰਗਾਨਾ ਸਰਕਾਰ ਨੇ 146 ਨਿੱਜੀ ਜੂਨੀਅਰ ਕਾਲਜਾਂ ਨੂੰ ਨੇਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤੇ ਹਨ।
ਸਰਕਾਰ ਦੇ ਮੁਤਾਬਕ ਇਨ੍ਹਾਂ ਕਾਲਜਾਂ ਵਿੱਚ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਵਿਦਿਆਰਥੀਆਂ ਦੀਆਂ ਕਲਾਸਾਂ ਹੋ ਰਹੀਆਂ ਹਨ ਜਦਕਿ ਸਰਕਾਰ ਦੇ ਨੇਮਾਂ ਮੁਤਾਬਕ ਕਲਾਸਾਂ ਸਵੇਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣੀਆਂ ਚਾਹੀਦੀਆਂ ਹਨ।
ਇਨ੍ਹਾਂ ਕਾਲਜਾਂ ਵਿੱਚ ਵਿਦਿਆਰਥੀ ਦੇ ਲਈ ਜ਼ਰੂਰਤ ਮੁਤਾਬਕ ਬਾਥਰੂਮ ਵਰਰਗੀਆਂ ਆਮ ਸਹੂਲਤਾਂ ਵੀ ਨਹੀਂ ਹਨ।
ਕਾਲਜਾਂ ਦੀ ਹਾਲਾਤ
ਤੇਲੰਗਾਨਾ ਬੋਰਡ ਆਫ ਇੰਟਰਮੀਡੀਏਟ ਐਜੁਕੇਸ਼ਨ ਦੇ ਸਕੱਤਰ ਡਾ. ਅਸ਼ੋਕ ਨੇ ਇਸ ਮਹੀਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, "ਅਸੀਂ ਦੇਖਿਆ ਕਿ ਬੱਚਿਆਂ ਨੂੰ ਖੁਦ ਦੇ ਲਈ ਵਕਤ ਨਹੀਂ ਮਿਲ ਪਾ ਰਿਹਾ ਹੈ ਅਤੇ ਉਨ੍ਹਾਂ ਤੇ ਪੜ੍ਹਾਈ ਦਾ ਕਾਫ਼ੀ ਦਬਾਅ ਹੈ।''
ਆਂਧਰਾ ਪ੍ਰਦੇਸ਼ ਸਰਕਾਰ ਨੇ ਰਿਟਾਇਰਡ ਆਈਐੱਸ ਅਫਸਰ ਡੀ ਚਕਰਪਾਣੀ ਦੀ ਅਗਵਾਈ ਵਿੱਚ ਦੋ-ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਗੱਲ ਦੀ ਜਾਂਚ ਕਰੇਗੀ ਕਿ ਵਿਦਿਆਥੀ ਖੁਦਕੁਸ਼ੀ ਵਰਗੇ ਕਦਮ ਕਿਉਂ ਚੁੱਕ ਰਹੇ ਹਨ।
ਇਸੇ ਸਾਲ ਮਈ ਵਿੱਚ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਸਿਫਾਰਿਸ਼ ਕੀਤੀ ਕਿ ਪ੍ਰੀਪੇਰਟਰੀ ਕਾਲਜਾਂ ਵਿੱਚ ਘੱਟ ਪ੍ਰੀਖਿਆਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਰੋਜ਼ ਖੇਡਣ ਜਾਂ ਯੋਗਾ ਦੇ ਲਈ ਵਕਤ ਦੇਣਾ ਚਾਹੀਦਾ ਹੈ।
ਸੂਬਾ ਸਰਕਾਰ ਨੇ ਹੁਣ ਤੱਕ ਇਨ੍ਹਾਂ ਸਿਫਾਰਿਸ਼ਾ ਨੂੰ ਲਾਗੂ ਨਹੀਂ ਕੀਤਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਮੁੱਦੇ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਜਾਂਚ ਦੇ ਲਈ ਕੋਈ ਕਮੇਟੀ ਬਣਾਈ ਗਈ ਹੈ। ਸਾਲ 2007 ਵਿੱਚ ਆਂਧਰਾ ਪ੍ਰਦੇਸ਼ ਸਰਕਾਰ ਨੇ ਨੀਰਦਾ ਰੇੱਡੀ ਕਮੇਟੀ ਬਣਾਈ ਸੀ
ਜਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ, "ਵਿਦਿਆਰਥੀਆਂ ਨੂੰ ਦੇਖੋ ਤਾਂ ਲੱਗਦਾ ਹੈ ਕਿ ਉਨ੍ਹਾਂ ਨੂੰ ਅਗਵਾ ਕਰ ਤਸ਼ੱਦਦ ਕੈਂਪਾਂ ਵਿੱਚ ਰੱਖਿਆ ਗਿਆ ਹੈ।''
ਵਿਦਿਆਰਥੀ ਵੀ ਕਰ ਰਹੇ ਹਨ ਵਿਰੋਧ
ਦੋਵੇਂ ਸੂਬਿਆਂ ਦੀਆਂ ਵਿਦਿਆਰਥੀ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਸਰਕਾਰ ਨਿੱਜੀ ਕਾਲਜਾਂ ਨੂੰ ਕਾਬੂ ਵਿੱਚ ਰੱਖੇ ਪਰ ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਰਾਕਰ ਕੇਵਲ ਵਿਦਿਆਰਥੀਆਂ ਦੀ ਮੰਗਾਂ ਹੀ ਮੰਨ ਰਹੀ ਹੈ।
ਚੈਤਨਿਆ ਐਜੁਕੇਸ਼ਨਲ ਇੰਸਟੀਟਿਊਸ਼ਨਲ ਦੇ ਕਾਰਜਕਾਰੀ ਡੀਨ ਵੀ ਕੁਮਾਰ ਕਹਿੰਦੇ ਹਨ ਕਿ ਕਾਲਜ ਵਿਦਿਆਰਥੀਆਂ 'ਤੇ ਕਿਸੇ ਤਰੀਕੇ ਦਾ ਕੋਈ ਦਬਾਅ ਨਹੀਂ ਪਾਉਂਦੇ। ਉਹ ਕਹਿੰਦੇ ਹਨ ਕਿ ਵਿਦਿਆਰਥੀਆਂ ਦੇ ਮਾਪੇ ਅਤੇ ਖੁਦ ਵਿਦਿਆਰਥੀ ਆਪਣੇ ਲਈ ਮੁਸ਼ਕਿਲ ਟੀਚੇ ਬਣਾਉਂਦੇ ਹਨ।
ਉਹ ਕਹਿੰਦੇ ਹਨ, "ਸਮੱਸਿਆ ਤਾਂ ਸ਼ੁਰੂ ਹੁੰਦੀ ਹੈ ਜਦੋਂ ਉਨ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਦੀ ਉਮੀਦਾਂ ਮੁਤਾਬਕ ਨਹੀਂ ਹੁੰਦਾ। ਉਹ ਇਸ ਮੁੱਦੇ 'ਤੇ ਗੱਲਬਾਤ ਕਰਨ ਦੇ ਲਈ ਤਿਆਰ ਹਨ ਪਰ ਇਹ ਕਹਿਣਾ ਗਲਤ ਹੋਵੇਗਾ ਕਿ ਕਾਲਜ ਵਿਦਿਆਰਥੀਆਂ 'ਤੇ ਦਬਾਅ ਬਣਾਉਂਦਾ ਹੈ।
ਇੱਕ ਵਿਦਿਆਰਥੀ ਦੀ ਕਹਾਣੀ ਇਸ ਮੁੱਦੇ 'ਤੇ ਹੋਰ ਰੋਸ਼ਨੀ ਪਾਉਂਦੀ ਹੈ।
ਡੀ ਵਰੁਣ ਤੇਜਾ ਚੌਧਰੀ ਨੇ ਜੁਆਈਂਟ ਐਂਟਰੈਂਸ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚ ਨੌਵਾਂ ਥਾਂ ਹਾਸਿਲ ਕੀਤਾ। ਉਹ ਖੁਸ਼ ਹਨ ਕਿ ਉਹ ਹੁਣ ਆਈਆਈਟੀ ਮਦਰਾਸ ਵਿੱਚ ਕੰਪਿਊਟਰ ਸਾਈਂਸ ਐਂਡ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਕੋਚਿੰਗ ਲੈਣੀ ਪਈ ਅਤੇ ਕਰੜੀ ਮਿਹਨਤ ਕਰਨੀ ਪਈ। ਉਹ ਕਹਿੰਦੇ ਹਨ, "ਮੇਰੇ ਲਈ ਇਹ ਕਾਫ਼ੀ ਤਣਾਆਪੂਰਨ ਵਕਤ ਸੀ ਪਰ ਮੇਰੇ ਮਾਪੇ ਤੇ ਦੋਸਤਾਂ ਨੇ ਮੈਨੂੰ ਕਾਫ਼ੀ ਸਹਿਜ ਰੱਖਿਆ।
ਉਹ ਕਹਿੰਦੇ ਹਨ, "ਕੁਝ ਨਿੱਜੀ ਕਾਲਜਾਂ ਦੀਆਂ ਬ੍ਰਾਂਚਾਂ ਤੇਲਗੂ ਭਾਸ਼ੀ ਸੂਬਿਆਂ ਵਿੱਚ ਹਨ ਬੱਸ ਇੱਕ-ਦੋ ਕਾਲਜ ਦੇ ਵਿਦਿਆਰਥੀ ਹੀ ਪ੍ਰੀਖਿਆਵਾਂ ਵਿੱਚ ਬੇਹਤਰ ਪ੍ਰਦਰਸ਼ਨ ਕਰ ਸਕਦੇ ਹਨ। ਇਨ੍ਹਾਂ ਟਾਪ ਪਰਫੋਰਮਿੰਗ ਕਾਲਜਾਂ ਵਿੱਚ ਦੂਜੇ ਕਾਲਜਾਂ ਦੇ ਮੁਕਾਬਲੇ ਵੱਧ ਤਜਰਬੇਗਾਰ ਅਧਿਆਪਕ ਹਨ।''
ਉਸਨੇ ਅੱਗੇ ਕਿਹਾ, "ਜੇ ਇੱਕ ਚੰਗੇ ਵਿਦਿਆਰਥੀ ਨੂੰ ਇਨ੍ਹਾਂ ਤਜਰਬੇਗਾਰ ਟੀਚਰਾਂ ਦੇ ਨਾਲ ਕਦਮ ਮਿਲਾਉਣ ਦੇ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਜੋ ਵਿਦਿਆਰਥੀ ਪੜ੍ਹਾਈ ਵਿੱਚ ਠੀਕ-ਠਾਕ ਹਨ ਉਨ੍ਹਾਂ ਦਾ ਕੀ ਹਾਲ ਹੁੰਦਾ ਹੋਵੇਗਾ।''
ਉਮੀਦਾਂ 'ਤੇ ਖਰੇ ਉੱਤਰਨ ਦੀ ਕੋਸ਼ਿਸ਼
ਸਿੱਖਿਆ ਖੇਤਰ ਨਾਲ ਜੁੜੇ ਚੁੱਕਾ ਰਮਈਆ ਕਹਿੰਦੇ ਹਨ ਕਿ ਹੁਣ ਸਿੱਖਿਆ ਕਿਤਾਬਾਂ ਰਟਣ ਅਤੇ ਪ੍ਰੀਖਿਆ ਪਾਸ ਕਰਨ ਤੱਕ ਹੀ ਸੀਮਤ ਹੋ ਗਈ ਹੈ, ਹੁਣ ਇਹ ਗਿਆਨ ਨੂੰ ਵਧਾਉਣ ਦਾ ਜ਼ਰੀਆ ਨਹੀਂ ਰਿਹਾ।
ਉਹ ਕਹਿੰਦੇ ਹਨ, "ਜਦੋਂ ਸਿੱਖਿਆ ਮੁਨਾਫੇ ਦੀ ਚੀਜ਼ ਬਣ ਜਾਏ ਤਾਂ ਉਸ ਦੇ ਨਾਲ ਕਈ ਮੁਸ਼ਕਿਲਾਂ ਆ ਜਾਂਦੀਆਂ ਹਨ। ਕੰਪਟੀਸ਼ਨ ਉਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਹੈ।''
ਉਹ ਮੰਨਦੇ ਹਨ ਕਿ ਵਕਤਾ ਆ ਗਿਆ ਹੈ ਕਿ ਅਸੀਂ ਨਾਲ ਮਿਲ ਕੇ ਕੰਮ ਕਰੀਏ ਨਾ ਕਿ ਇੱਕ ਦੂਜੇ ਦੇ ਮੁਕਾਬਲੇ ਵਿੱਚ।
ਉਹ ਕਹਿੰਦੇ ਹਨ, "ਇਨਸਾਨ ਉਸ ਵੇਲੇ ਹੀ ਸਿੱਖ ਸਕਦਾ ਹੈ ਜਦੋਂ ਖੁੱਲ੍ਹ ਕੇ ਚਰਚਾ ਕਰਨਾ ਸੰਭਵ ਹੁੰਦਾ ਹੈ ਪਰ ਹੁਣ ਸਿੱਖਿਆ ਬੱਸ ਉਪਦੇਸ਼ ਦੇਣ ਅਤੇ ਸੁਣਨ ਵਰਗਾ ਹੋ ਗਈ ਹੈ।''
ਹੈਦਰਾਬਾਦ ਸਥਿੱਤ ਮਨੋਵਿਗਿਆਨੀ ਨਿਰੰਜਨ ਰੇੱਡੀ ਕਹਿੰਦੇ ਹਨ ਕਿ ਉਹ ਹਰ ਦਿਨ ਘੱਟੋ-ਘੱਟ 6 ਵਿਦਿਆਰਥੀਆਂ ਦੀ ਕੌਂਸਲਿੰਗ ਕਰਦੇ ਹਨ।
ਉਹ ਕਹਿੰਦੇ ਹਨ, "ਵਿਦਿਆਰਥੀ ਖੁਦ ਦੇ ਲਈ ਅਜਿਹੇ ਮੁਸ਼ਕਿਲ ਟੀਚੇ ਬਣਾ ਲੈਂਦੇ ਹਨ। ਮਾਪਿਆਂ ਨੂੰ ਵੀ ਲੱਗਦਾ ਹੈ ਕਿ ਕੈਰੀਅਰ ਬਣਾਉਣ ਦੇ ਦੋ ਹੀ ਰਸਤੇ ਹਨ- ਇੱਕ ਡਾਕਟਰ ਬਣਨਾ ਅਤੇ ਦੂਜਾ ਇੰਜੀਨੀਅਰ ਬਣਨਾ।''
ਤੇਲੰਗਾਨਾ ਬੋਰਡ ਆਫ ਇੰਟਰਮੀਡੀਏਟ ਐਜੁਕੇਸ਼ਨ ਨੇ ਨਿੱਜੀ ਜੂਨੀਅਰ ਕਾਲਜਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਕਾਲਜਾਂ ਵਿੱਚ ਕਾਊਂਸਲਰ ਨਿਯੁਕਤ ਕਰਨ।
ਹੁਕਮ ਮੁਤਾਬਕ, ਮਾਪਿਆਂ ਨੂੰ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਆਪਣੇ ਬੱਚਿਆਂ ਨੂੰ ਹਥਿਆਰ ਨਹੀਂ ਬਣਾਉਣਾ ਚਾਹੀਦਾ।
ਕਈ ਮਾਪਿਆਂ ਦੇ ਲਈ ਇੱਕ ਵਧੀਆ ਕਾਲਜ ਤੋਂ ਮਿਲਣ ਵਾਲੀ ਇੰਜੀਨੀਅਰਿੰਗ ਦੀ ਡਿਗਰੀ ਸਫਲਤਾ ਦੀ ਪ੍ਰਮਾਣ ਪੱਤਰ ਹੁੰਦੀ ਹੈ।
ਹਾਲਾਂਕਿ ਉਹ ਕਹਿੰਦੇ ਹਨ ਕਿ ਆਪਣੇ ਬੱਚਿਆਂ 'ਤੇ ਉਹ ਉਨ੍ਹਾਂ ਦੀ ਕਾਬਲੀਅਤ ਤੋਂ ਵੱਧ ਦਬਾਅ ਨਹੀਂ ਪਾਉਂਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਫਲ ਹੋਣ ਦੇ ਲਈ ਕਰੜੀ ਮਿਹਨਤ ਕਰਨੀ ਚਾਹੀਦੀ ਹੈ।
ਰਾਤ ਦੇ ਅੱਠ ਵਜੇ ਗੌਰੀ ਸ਼ੰਕਰ ਇੱਕ ਨਿੱਜੀ ਕਾਲਜ ਦੇ ਸਾਹਮਣੇ ਪਹੁੰਚੇ ਜਿੱਥੇ ਉਨ੍ਹਾਂ ਦਾ ਪੁੱਤਰ ਪੜ੍ਹਦਾ ਹੈ। ਉਹ ਕਹਿੰਦੇ ਹਨ, "ਕਰੜੀ ਮਿਹਨਤ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਮੇਰੇ ਪੁੱਤਰ ਕਾਲਜ ਵਿੱਚ ਦੇਰ ਰਾਤ ਰਹੇਗਾ ਉਦੋਂ ਹੀ ਉਹ ਆਪਣੀ ਪੜ੍ਹਾਈ 'ਤੇ ਧਿਆਨ ਦੇ ਸਕੇਗਾ ਅਤੇ ਆਪਣੇ ਭਰਮ ਵੀ ਦੂਰ ਕਰ ਸਕੇਗਾ।
ਉਹ ਕਹਿੰਦੇ ਹਨ, "ਜੇ ਅੱਜ ਉਹ ਪੜ੍ਹਾਈ ਨੂੰ ਆਪਣੀ ਜ਼ਿੰਦਗੀ ਵਿੱਚ ਅਹਿਮੀਅਤ ਨਹੀਂ ਦੇਵੇਗਾ ਤਾਂ ਸਫ਼ਲ ਕਿਵੇਂ ਹੋ ਸਕੇਗਾ?''
ਪਰ ਉਨ੍ਹਾਂ ਦਾ ਇਹ ਸੁਪਨਾ ਹਕੀਕਤ ਤੋਂ ਕਾਫ਼ੀ ਦੂਰ ਹੈ।
ਸਚਿਨ ਫਿਲਹਾਲ ਆਪਣੇ ਘਰ ਵਿੱਚ ਬਿਸਤਰ 'ਤੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣੇ ਮਾਪਿਆਂ ਦੇ ਸਹਾਰੇ ਦੇ ਨਾਲ ਇੱਕ ਦਿਨ ਇੰਜੀਨੀਅਰ ਜ਼ਰੂਰ ਬਣਨਗੇ।
ਉਹ ਕਹਿੰਦੇ ਹਨ, "ਮੈਂ ਫਿਲਹਾਲ ਆਪਣੇ ਸਿਲੇਬਸ ਨੂੰ ਦੁਹਰਾਣਾ ਚਾਹੁੰਦਾ ਹਾਂ, ਇਹ ਮੈਂ ਪਹਿਲ ਦੇ ਆਧਾਰ 'ਤੇ ਕਰ ਰਿਹਾ ਹਾਂ। ਮੈਂ ਖੁਦ ਨੂੰ ਤਿਆਰ ਕਰ ਰਿਹਾ ਹਾਂ ਤਾਂ ਜੋ ਪ੍ਰੀਖਿਆ ਵਿੱਚ ਬੈਠ ਸਕਾਂ।