ਮੇਰੇ ਬੇਟੇ ਖ਼ਿਲਾਫ ਸਬੂਤ ਹਨ ਤਾਂ ਪੇਸ਼ ਕਰੋ- ਜਗਤਾਰ ਸਿੰਘ ਦੇ ਪਿਤਾ

ਲੁਧਿਆਣਾ ਅਦਾਲਤ ਵੱਲੋਂ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਰਾਹਤ ਨਹੀਂ ਮਿਲੀ। ਉਸਦਾ ਪੁਲਿਸ ਰਿਮਾਂਡ 28 ਨਵੰਬਰ ਤੱਕ ਵਧਾ ਦਿੱਤਾ ਗਿਆ। ਸਕਾਟਲੈਂਡ ਦੇ ਡਮਬਾਰਟਨ 'ਚ ਜੌਹਲ ਦੇ ਪਿਤਾ ਜਸਬੀਰ ਸਿੰਘ ਨੇ ਬੀਬੀਸੀ ਨਾਲ ਆਪਣੇ ਪੁੱਤਰ ਦੇ ਮਾਮਲੇ ਬਾਰੇ ਗੱਲ ਕੀਤੀ।

ਜਸਬੀਰ ਨੇ ਕਿਹਾ, ''ਇਨ੍ਹਾਂ ਹਲਾਤਾਂ ਕਾਰਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਇਹ ਜਾਨਣ ਦੀ ਕਿ ਮਾਮਲੇ 'ਚ ਆਖ਼ਿਰ ਕੀ ਕੁਝ ਹੋ ਰਿਹਾ ਹੈ।''

ਜਗਤਾਰ ਦੇ ਪਿਤਾ ਜਸਬੀਰ ਅੱਗੇ ਕਹਿੰਦੇ ਹਨ, ''ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਉਹ ਉਨ੍ਹਾਂ ਨੂੰ ਦਿਖਾਉਂਦੇ ਕਿਉਂ ਨਹੀਂ? ਸਾਡੀ ਮੰਗ ਹੈ ਕਿ ਮਾਮਲੇ ਦੀ ਨਿਰਪੱਖ ਸੁਣਵਾਈ ਹੋਵੇ।''

'ਜਗਤਾਰ ਦੀ ਪਤਨੀ ਬੇਹੱਦ ਪਰੇਸ਼ਾਨ'

ਜਗਤਾਰ ਦੇ ਪਿਤਾ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਾਡਾ ਪੁੱਤਰ ਬੇਕਸੂਰ ਹੈ।

ਜਗਤਾਰ ਸਿੰਘ ਦਾ ਇੱਕ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। 4 ਨਵੰਬਰ ਨੂੰ ਉਸਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ 'ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਜਗਤਾਰ ਦੇ ਪਿਤਾ ਕਹਿੰਦੇ ਹਨ, ''ਸਾਨੂੰ ਜਗਤਾਰ ਦੀ ਪਤਨੀ ਦੀ ਹਾਲਤ 'ਤੇ ਬਹੁਤ ਦੁਖ ਹੁੰਦਾ ਹੈ। ਉਹ ਬੇਹੱਦ ਪਰੇਸ਼ਾਨ ਹੈ। ਇਹ ਸਿਰਫ਼ ਇੱਕ ਪਰਿਵਾਰ ਦੀ ਗੱਲ ਨਹੀਂ ਸਗੋਂ ਚਾਰ-ਪੰਜ ਪਰਿਵਾਰਾਂ ਦੀ ਗੱਲ ਹੈ ਜੋ ਇਹ ਨਹੀਂ ਜਾਣਦੇ ਕਿ ਕੀ ਹੋ ਰਿਹਾ ਹੈ। ਜਗਤਾਰ ਨਾਲ ਕਿਸੇ ਦੀ ਗੱਲ ਨਹੀਂ ਹੋ ਪਾ ਰਹੀ।''

'ਮੈਂ ਬੇਕਸੂਰ ਹਾਂ'

ਸ਼ੁੱਕਰਵਾਰ ਨੂੰ ਲੁਧਿਆਣਾ ਦੀ ਅਦਾਲਤ 'ਚ ਪੇਸ਼ੀ ਦੌਰਾਨ ਜੱਜ ਨੇ ਜਗਤਾਰ ਨੂੰ ਪੁੱਛਿਆ ਸੀ ਕਿ ਤੁਸੀਂ ਕੁਝ ਕਹਿਣਾ ਹੈ ਤਾਂ ਜਗਤਾਰ ਸਿੰਘ ਨੇ ਕਿਹਾ ਸੀ ਕਿ ਉਹ ਬੇਕਸੂਰ ਹੈ।

ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਫ਼ਸਰ ਐਂਡਰਿਊ ਆਇਰ ਨਾਲ ਮੁਲਾਕਾਤ ਦੀ ਮੰਗ 'ਤੇ ਜੱਜ ਨੇ ਜਗਤਾਰ ਨੂੰ ਇੱਕ ਘੰਟੇ ਲਈ ਮਿਲਣ ਦਾ ਸਮਾਂ ਦੇ ਦਿੱਤਾ।

ਅਦਾਲਤ 'ਚ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਜੌਹਲ ਦੇ ਪਾਕਿਸਤਾਨੀ ਖ਼ੂਫ਼ੀਆ ਏਜੰਸੀ ਆਈਐੱਸਆਈ ਨਾਲ ਸਬੰਧ ਹਨ ਅਤੇ ਉਹੀ ਇਸ ਕੇਸ 'ਚ ਮੁੱਖ ਸਾਜਿਸ਼ਕਰਤਾ ਹੈ।

ਉੱਧਰ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਸੀ ਕਿ ਜਗਤਾਰ ਸਿੰਘ ਜੌਹਲ 'ਤੇ ਪੁਲਿਸ ਦੇ ਇਲਜ਼ਾਮ ਅਧਾਰਹੀਨ ਹਨ।

ਬਾਘਾ ਪੁਰਾਣਾ ਦੀ ਅਦਾਲਤ 'ਚ ਜਗਤਾਰ ਸਿੰਘ ਦੇ ਵਕੀਲ ਨੇ ਕਿਹਾ ਸੀ ਕਿ ਪੁਲਿਸ ਨੇ ਰਿਮਾਂਡ ਦੌਰਾਨ ਜਗਤਾਰ 'ਤੇ ਤਸ਼ੱਦਦ ਢਾਹੇ ਸੀ।

ਕੀ ਹੈ ਪੂਰਾ ਮਾਮਲਾ?

4 ਨਵੰਬਰ ਨੂੰ ਜਗਤਾਰ ਸਿੰਘ ਜੌਹਲ ਨੂੰ ਮੋਗਾ ਪੁਲਿਸ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਇਲਜ਼ਾਮ ਲਾਏ ਸੀ ਕਿ ਪੰਜਾਬ ਵਿੱਚ ਹੋਏ ਹਿੰਦੂ ਲੀਡਰਾਂ ਦੇ ਕਤਲਾਂ ਲਈ ਪੈਸਾ ਜਗਤਾਰ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।

ਇਸ ਮਾਮਲੇ ਵਿੱਚ ਮੋਗਾ ਦੀ ਅਦਾਲਤ ਦੇ ਹੁਕਮਾਂ ਵਜੋਂ ਜਗਤਾਰ ਨੂੰ 17 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ।

ਫਿਰ 17 ਨਵੰਬਰ ਨੂੰ ਅਦਾਲਤ ਨੇ ਜਗਤਾਰ ਨੂੰ 30 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ ਪਰ ਉਸੇ ਦਿਨ ਲੁਧਿਆਣਾ ਪੁਲਿਸ ਜਗਤਾਰ ਨੂੰ ਪਾਦਰੀ ਸੁਲਤਾਨ ਮਸੀਹ ਕਤਲ ਮਾਮਲੇ ਵਿੱਚ ਪੁੱਛਗਿੱਛ ਲਈ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੁਧਿਆਣਾ ਲੈ ਗਈ।

ਕੀ ਹੈ ਲੁਧਿਆਣਾ ਦਾ ਮਾਮਲਾ?

  • ਲੁਧਿਆਣਾ 'ਚ ਜੁਲਾਈ ਮਹੀਨੇ 'ਚ ਇੱਕ ਪਾਦਰੀ ਦਾ ਕਤਲ ਹੋਇਆ ਸੀ।
  • ਇਸੇ ਮਾਮਲੇ 'ਚ ਜਗਤਾਰ ਲੁਧਿਆਣਾ 'ਚ ਕੇਸ ਦਰਜ ਹੈ ।
  • ਸਲੇਮ ਟਾਬਰੀ ਇਲਾਕੇ 'ਚ ਦੋ ਅਣਪਛਾਤੇ ਬਾਈਕ ਸਵਾਰਾਂ ਨੇ ਪਾਦਰੀ ਸੁਲਤਾਨ ਮਸੀਹ ਨੂੰ ਗੋਲੀਆਂ ਮਾਰੀਆਂ ਸੀ।
  • ਪੁਲਿਸ ਮੁਤਾਬਕ ਪਾਦਰੀ ਜਦੋਂ ਆਪਣੇ ਘਰ ਬਾਹਰ ਸੈਰ ਕਰਦਿਆਂ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਤਾਂ ਉਸੇ ਵੇਲੇ ਉਸ 'ਤੇ ਹਮਲਾ ਹੋਇਆ।

ਜਗਤਾਰ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੋਲੇ। ਉਨ੍ਹਾਂ ਇੱਕ ਬਿਆਨ 'ਚ ਕਿਹਾ ਹੈ ਕਿ ਜੋ ਲੋਕ ਜਗਤਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ ਉਹ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਹਨ।

ਕਈ ਵੱਡੇ ਨਾਂ ਹੁਣ ਤੱਕ ਜਗਤਾਰ ਜੌਹਲ ਦੇ ਹੱਕ ਵਿੱਚ ਉੱਤਰੇ ਆਏ ਹਨ। ਉਨ੍ਹਾਂ ਵਿੱਚ ਬ੍ਰਿਟੇਨ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਗਿੱਲ ਸ਼ਾਮਲ ਹਨ।

ਸੋਸ਼ਲ ਮੀਡੀਆ 'ਤੇ ਜਗਤਾਰ ਜੌਹਲ ਦੀ ਰਿਹਾਈ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।

ਬ੍ਰਿਟੇਨ ਸਰਕਾਰ ਦਾ ਰੁਖ

ਜਗਤਾਰ ਸਿੰਘ ਜੌਹਲ ਦੇ ਇਲਾਕੇ ਦੇ ਸੰਸਦ ਮੈਂਬਰ ਅਤੇ ਐੱਸਐਨਪੀ ਦੇ ਨੁਮਾਇੰਦੇ ਮਾਰਟਿਨ ਡੋਕਰਟੀ ਹਿਊਜਸ ਨੇ ਸੰਸਦ 'ਚ ਸਵਾਲ ਵੀ ਚੁੱਕਿਆ ਸੀ।

ਉਨ੍ਹਾ ਨੇ ਪੁੱਛਿਆ ਸੀ ਕਿ ਜੌਹਲ ਉੱਤੇ ਹੋਏ ਤਸ਼ਦੱਦ ਸਬੰਧੀ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਨਾਲ ਇਸ ਮੁੱਦੇ 'ਤੇ ਕੀ ਗੱਲਬਾਤ ਕੀਤੀ ਹੈ ਅਤੇ ਜਗਤਾਰ ਸਿੰਘ ਜੌਹਲ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਹਨ।

ਮਾਰਟਿਨ ਦੇ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸਟੀਵਰਟ ਨੇ ਦੱਸਿਆ ਸੀ ਕਿ ਬਰਤਾਨੀਆ ਸਰਕਾਰ ਨੇ ਜੌਹਲ ਉੱਤੇ ਪੁਲਿਸ ਹਿਰਾਸਤ ਦੌਰਾਨ ਤਸ਼ਦੱਦ ਹੋਣ ਦੇ ਇਲਜ਼ਾਮਾਂ ਦਾ ਸਖ਼ਤ ਨੋਟਿਸ ਲਿਆ ਹੈ।

ਇਹ ਪੂਰੀ ਤਰ੍ਹਾਂ ਗੈਰ-ਸੰਵਿਧਾਨਕ ਹੈ ਅਤੇ ਬਰਤਾਨੀਆ ਸਰਕਾਰ ਦੀ ਨਜ਼ਰ ਵਿੱਚ ਇੱਕ ਜ਼ੁਰਮ ਹੈ।

ਉਨ੍ਹਾਂ ਦੱਸਿਆ ਕਿ ਬਰਤਾਨੀਆ ਸਰਕਾਰ ਜੌਹਲ ਮਾਮਲੇ ਦੀ ਜਾਂਚ ਉੱਤੇ ਨਜ਼ਰ ਰੱਖ ਰਹੀ ਹੈ ਅਤੇ ਜੇਕਰ ਉਸ ਉੱਤੇ ਹਿਰਾਸਤ ਵਿੱਚ ਤਸ਼ਦੱਦ ਹੁੰਦਾ ਹੈ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)