ਵੈਨੇਜ਼ੁਏਲਾ 'ਚ ਸੱਤਾ ਦਾ ਤਖ਼ਤਾ-ਪਲਟ ਦੀ ਕੋਸ਼ਿਸ਼, ਲੋਕਾਂ ਤੇ ਫੌਜ ਵਿਚਾਲੇ ਝੜਪਾਂ

ਵੈਨੇਜ਼ੁਏਲਾ ਵਿਚ ਵਿਰੋਧੀ ਧਿਰ ਦੇ ਆਗੂ ਖਵਾਨ ਗਵਾਇਡੋ ਨੇ ਰਾਸ਼ਟਰਪਤੀ ਨਿਕੋਲਸ ਮਾਦਰੋ ਖ਼ਿਲਾਫ਼ ਇੱਕ ਵਾਰ ਫੇਰ ਮੋਰਚਾ ਖੋਲ੍ਹ ਦਿੱਤਾ ਹੈ।

ਉਨ੍ਹਾਂ ਮਾਦਰੋ ਨੂੰ ਹਟਾਉਣ ਲਈ ਆਰ-ਪਾਰ ਦੀ ਲੜਾਈ ਦਾ ਸੱਦਾ ਦਿੱਤਾ ਸੀ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਸੜ੍ਹਕਾਂ ਉੱਤੇ ਉਤਰ ਆਏ ਹਨ।

ਰਾਜਧਾਨੀ ਕਰਾਕਸ ਵਿਚ ਇੱਕ ਫੌਜੀ ਠਿਕਾਣੇ ਦੇ ਬਾਹਰ ਗਵਾਇਡੋ ਦੇ ਸਮਰਥਕਾਂ ਦੀ ਸੁਰੱਖਿਆਂ ਕਰਮੀਆਂ ਨਾਲ ਝੜਪ ਹੋਈ ਹੈ। ਗਵਾਇਡੋ ਨੇ ਫੌਜ ਤੋਂ ਸਮਰਥਨ ਮੰਗਿਆ ਹੈ।

ਪਰ ਰਾਸ਼ਟਰਪਤੀ ਮਾਦਰੋ ਦੇ ਸਮਰਥਕ ਫੌਜ ਨੇ ਅਹਿਮ ਠਿਕਾਣਿਆਂ ਉੱਤੇ ਕਬਜ਼ੇ ਕੀਤੇ ਹੋਏ ਹਨ।

ਅਮਰੀਕਾ ਦਾ ਦਾਅਵਾ

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਆਪਣੀ ਹੀ ਟੀਮ ਦੇ ਤਿੰਨ ਮੈਂਬਰ ਵਿਰੋਧੀ ਧਿਰ ਦੀ ਇਸ ਗੱਲ ਨਾਲ ਸਹਿਮਤ ਸਨ ਕਿ 'ਉਨ੍ਹਾਂ ਨੂੰ ਜਾਣਾ ਹੋਵੇਗਾ' ਪਰ ਬਾਅਦ ਵਿੱਚ ਪਿੱਛੇ ਹੱਟ ਗਏ।

ਇਹ ਵੀ ਪੜ੍ਹੋ:

ਇਹ ਸਭ ਉਦੋਂ ਹੋਇਆ ਜਦੋਂ ਵਿਰੋਧੀ ਲੀਡਰ ਗਵਾਇਡੋ ਨੇ ਮਾਦੁਰੋ ਦੇ ਸ਼ਾਸਨ ਨੂੰ ਖ਼ਤਮ ਕਰਨ ਲਈ ਫੌਜ ਦੀ ਮਦਦ ਮੰਗੀ।

ਕੀ ਹੈ ਵੈਨੇਜ਼ੂਏਲਾ ਦਾ ਸੰਕਟ

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗੱਦੀਓਂ ਲਾਹੁਣ ਦੀਆਂ ਪਿਛਲੇ ਕੁਝ ਮਹੀਨਿਆਂ ਤੋਂ ਕੋਸ਼ਿਸ਼ਾਂ ਕਾਰਨ ਘਰੇਲੂ ਸੰਕਟ ਲਗਾਤਾਰ ਵਧ ਰਿਹਾ ਹੈ।

ਵਿਰੋਧੀ ਧਿਰ ਦੇ ਆਗੂ ਖ਼ਵਾਨ ਗੁਆਇਡੋ ਨੇ ਖੁਦ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ ਸੀ ਅਤੇ ਉਨ੍ਹਾਂ ਨੂੰ ਅਮਰੀਕਾ ਸਮੇਤ ਕਈ ਦੇਸਾਂ ਦੀ ਹਮਾਇਤ ਵੀ ਹਾਸਿਲ ਹੈ।

ਦੁਨੀਆਂ ਵਿੱਚ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲਾ ਦੇਸ ਵੈਨੇਜ਼ੁਏਲਾ, ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਹ ਸੰਕਟ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ।

ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਕਿਹਾ ਸੀ ਕਿ ਮੌਜੂਦਾ ਹਾਲਾਤ ਵਿੱਚ ਕੋਈ ਵੀ ਦੇਸ ਵਿੱਚ ਖਾਨਾਜੰਗੀ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰ ਸਕਦਾ। ਉਹ ਯੂਰਪੀ ਯੂਨੀਅਨ ਵੱਲੋਂ ਦਿੱਤੀ ਗਈ ਰਾਸ਼ਟਰਪਤੀ ਚੋਣਾਂ ਕਰਵਾਉਣ ਤਾਰੀਖ਼ ਨੂੰ ਵੀ ਮੰਨਣੋਂ ਇਨਕਾਰੀ ਸਨ।

ਦੇਸ ਦੇ ਅੰਦਰ ਤਾਂ ਮਾਦੁਰੋ ਦੇ ਅਸਤੀਫ਼ੇ ਦੀ ਮੰਗ ਮੁਜ਼ਾਹਰੇ ਹਿੰਸਕ ਹੋ ਹੀ ਰਹੇ ਹਨ। ਦੁਨੀਆਂ ਦੇ ਵੱਡੇ ਦੇਸ ਵੀ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਬਹੁਤ ਥੋੜ੍ਹੇ ਦੇਸ ਰਾਸ਼ਟਰਪਤੀ ਮਾਦੁਰੋ ਦੇ ਹਮਾਇਤੀ ਹਨ ਤੇ ਦੂਸਰੇ ਉਹ ਜੋ ਖ਼ੁਆਨ ਗੁਆਇਦੋ ਨੂੰ ਮਾਨਤਾ ਦਿੰਦੇ ਹਨ।

ਲੋਕਾਂ ਵਿਚ ਰੋਹ ਦਾ ਕਾਰਨ

ਵੈਨੇਜ਼ੁਏਲਾ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਭੰਡਾਰ ਦਾ ਮਾਲਕ ਹੈ ਪਰ ਇਸ ਦੀ ਸਭ ਤੋਂ ਵੱਡੀ ਸਮੱਸਿਆ ਵੀ ਸ਼ਾਇਦ ਇਹੀ ਹੈ।

ਇਸ ਦੇਸ ਦੀ 95 ਫ਼ੀਸਦ ਆਮਦਨ ਤੇਲ ਦੇ ਨਿਰਯਾਤ ਤੋਂ ਹੈ। ਪਰ 2014 ਤੋਂ ਬਾਅਦ ਕੱਚੇ ਤੇਲ ਦੀ ਕੌਮਾਂਤਰੀ ਬਾਜ਼ਾਰ ਵਿਚ ਡਿੱਗਦੀ ਕੀਮਤ ਨੇ ਇਸ ਦੀ ਅਰਥ ਵਿਵਸਥਾ ਨੂੰ ਗਹਿਰੀ ਸੱਟ ਲਈ ਹੈ।

ਇਹ ਵੀ ਪੜ੍ਹੋ:

ਇਸ ਗਿਰਾਵਟ ਕਰਕੇ ਇੱਥੇ ਦੀ ਸਮਾਜਵਾਦੀ ਸਰਕਾਰ ਨੂੰ ਕਈ ਸਰਕਾਰੀ ਸਕੀਮਾਂ ਦੀ ਫੰਡਿੰਗ ਵੀ ਬਹੁਤ ਘਟਾਉਣੀ ਪਈ। ਇਸ ਨਾਲ ਗਰੀਬ ਜਨਤਾ ਦੇ ਹਾਲਾਤ ਹੋਰ ਬਦਤਰ ਹੋ ਗਏ।

ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਹਿਊਗੋ ਚਾਵੇਜ਼ ਦੀਆਂ ਕਈ ਨੀਤੀਆਂ ਵੀ ਇਸ ਦਾ ਕਾਰਣ ਬਣੀਆਂ ਸਨ । ਉਦਾਹਰਣ ਵਜੋਂ, ਸਰਕਾਰ ਨੇ ਆਮ ਵਰਤੋਂ ਦੀਆਂ ਚੀਜ਼ਾਂ, ਜਿਵੇਂ ਕਿ ਆਟਾ, ਖਾਣਾ ਬਣਾਉਣ ਦਾ ਤੇਲ ਅਤੇ ਸਾਬਣ, ਦੀਆਂ ਕੀਮਤਾਂ ਘੱਟ ਰੱਖਣ ਦਾ ਕਾਨੂੰਨ ਬਣਾਇਆ ਹੋਇਆ ਹੈ।

ਇਹ ਵੀ ਪੜ੍ਹੋ:

ਇਸ ਕਰਕੇ ਪ੍ਰਾਈਵੇਟ ਕੰਪਨੀਆਂ ਨੇ ਇਨ੍ਹਾਂ ਦੇ ਨਿਰਮਾਣ ਵਿਚੋਂ ਹੱਥ ਖਿੱਚ ਲਿਆ ਹੈ ਤੇ ਸਰਕਾਰ ਕੋਲ ਹੁਣ ਐਨੀਂ ਆਮਦਨ ਨਹੀਂ ਹੈ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਬਣਾਉਂਦੀ ਰਹੇ।

ਤੇਲ ਦੀਆਂ ਘੱਟ ਕੀਮਤਾਂ ਦਾ ਇਹ ਵੀ ਮਤਲਬ ਹੈ ਕਿ ਸਰਕਾਰ ਕੋਲ ਐਨੀਂ ਵਿਦੇਸ਼ੀ ਮੁਦਰਾ ਨਹੀਂ ਹੈ ਕਿ ਉਹ ਬਾਹਰੋਂ ਭੋਜਨ ਪਦਾਰਥ ਮੰਗਾ ਸਕੇ।

ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਮੁਤਾਬਕ ਵੈਨੇਜ਼ੁਏਲਾ 'ਚ ਮਹਿੰਗਾਈ ਦੀ ਦਰ ਇਸ ਸਾਲ 10 ਲੱਖ ਫ਼ੀਸਦ ਤੱਕ ਪਹੁੰਚ ਸਕਦੀ ਹੈ।

ਕੀ ਹੈ ਸੰਕਟ ਦੀ ਜੜ੍ਹ

ਵੈਨੇਜ਼ੁਏਲਾ ਦੇ ਅੰਦਰ ਸਬਸਿਡੀ ਨਾਲ ਤੇਲ ਦੀ ਕੀਮਤ ਬਹੁਤ ਘੱਟ ਰੱਖੀ ਗਈ ਹੈ ਜਿਸਦੇ ਸਿਆਸੀ ਕਾਰਨ ਹਨ। ਇੱਥੋਂ ਤੇਲ ਦੀ ਵੱਡੀ ਮਾਤਰਾ 'ਚ ਤਸਕਰੀ ਵੀ ਇਸੇ ਕਰਕੇ ਹੁੰਦੀ ਹੈ।

ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਪਿਛਲੇ ਐਲਾਨ ਕੀਤਾ ਸੀ ਕਿ ਤਸਕਰੀ ਰੋਕਣ ਲਈ ਤੇਲ ਹੁਣ ਕੌਮਾਂਤਰੀ ਕੀਮਤ 'ਤੇ ਮਿਲੇਗਾ ਤੇ ਸਬਸਿਡੀਆਂ ਹਰੇਕ ਨੂੰ ਨਹੀਂ ਮਿਲਣਗੀਆਂ।

ਵੈਨੇਜ਼ੁਏਲਾ ਵਿਚ ਪੈਟਰੋਲ ਦੇ ਇੱਕ ਲੀਟਰ ਦੀ ਕੀਮਤ ਸਿਰਫ ਇੱਕ ਬੋਲਿਵਰ ਹੈ। ਕਾਲੇ ਬਾਜ਼ਾਰ 'ਚ ਚਾਰ ਬੋਲਿਵਰ ਦਾ ਇੱਕ ਅਮਰੀਕੀ ਡਾਲਰ ਮਿਲਦਾ ਹੈ, ਜਿਸਦਾ ਮਤਲਬ ਹੈ ਕਿ ਇੱਕ ਅਮਰੀਕੀ ਡਾਲਰ (ਕਰੀਬ 70 ਭਾਰਤੀ ਰੁਪਏ) 'ਚ 720 ਗੱਡੀਆਂ ਦੇ ਪੈਟਰੋਲ ਟੈਂਕ ਭਰੇ ਜਾ ਸਕਦੇ ਹਨ।

ਪਰ ਰਾਸ਼ਟਰਪਤੀ ਮਦੂਰੋ ਦੇ ਹਾਲੀਆ ਐਲਾਨਾਂ ਤੋਂ ਬਾਅਦ ਹੋਰ ਮੁਸ਼ਕਲਾਂ ਤੋਂ ਡਰਦਿਆਂ ਲੋਕਾਂ ਨੇ ਭਾਰੀ ਗਿਣਤੀ ਵਿਚ ਗੁਆਂਢੀ ਮੁਲਕਾਂ ਦਾ ਰੁਖ ਕਰ ਲਿਆ ਸੀ। ਇਸੇ ਹਾਲਾਤ ਨੂੰ ਅਧਾਰ ਬਣਾ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਚੱਲਦਾ ਕਰਨ ਲਈ ਸੰਘਰਸ਼ ਚਲਾ ਰਹੀਆਂ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)