You’re viewing a text-only version of this website that uses less data. View the main version of the website including all images and videos.
ਕੀ ਸਾਰੇ ਜਾਸੂਸ ਜੇਮਜ਼ ਬਾਂਡ ਹੁੰਦੇ ਹਨ? ਆਓ, ਜਾਸੂਸਾਂ ਤੋਂ ਹੀ ਪੁੱਛਦੇ ਹਾਂ
- ਲੇਖਕ, ਟੌਮ ਗ੍ਰੀਨ
- ਰੋਲ, ਬੀਬੀਸੀ ਰੇਡੀਓ-5 ਲਾਈਵ
ਜਾਸੂਸੀ ਦੇ ਕਿੱਸੇ ਤਾਂ ਅਸੀਂ ਸਾਰਿਆਂ ਨੇ ਸੁਣੇ ਹਨ ਪਰ ਅਸਲ ਵਿੱਚ ਇਹ ਕੰਮ ਹੁੰਦਾ ਕਿਵੇਂ ਹੈ?
'ਜੇਮਜ਼ ਬਾਂਡ' ਦੀਆਂ ਫ਼ਿਲਮਾਂ 'ਚ ਤਾਂ ਵੱਡੀਆਂ ਗੱਡੀਆਂ, ਜਹਾਜ਼ਾਂ 'ਚ ਸੱਤ ਸਮੁੰਦਰਾਂ ਦੀ ਸੈਰ ਤੇ ਭੇਸ ਬਦਲਣ ਦੇ ਨਵੇਂ ਢੰਗ-ਤਰੀਕੇ ਹੀ ਨਜ਼ਰ ਆਉਂਦੇ ਹਨ। ਇਸ ਦੇ ਪਿੱਛੇ ਕੀ ਹੁੰਦਾ ਹੈ?
ਯੂਕੇ ਦੀਆਂ ਤਿੰਨ ਜਾਸੂਸੀ ਏਜੰਸੀਆਂ — ਐੱਮ.ਆਈ-5, ਐੱਮ.ਆਈ-6 ਤੇ ਜੀ.ਸੀ.ਐੱਚ.ਕਯੂ — ਦੇ 6 ਜਾਸੂਸਾਂ ਨੇ ਨਾਂ ਬਦਲਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਦੇ ਤਜਰਬਿਆਂ ਦੀਆਂ ਕਹਾਣੀਆਂ, ਉਨ੍ਹਾਂ ਦੀ ਜ਼ੁਬਾਨੀ, ਜਿਨ੍ਹਾਂ ਵਿੱਚ ਉਨ੍ਹਾਂ ਨੇ ਇੱਕ-ਇੱਕ ਧਾਰਨਾ ਬਾਰੇ ਬਾਰੀਕੀ ਨਾਲ ਦੱਸਿਆ:
ਐੱਮ.ਆਈ-6 ਲਈ ਕੰਮ ਕਰਨਾ ਮਤਲਬ ਜੇਮਜ਼ ਬਾਂਡ ਹੋਣਾ
ਨਹੀਂ ਜੀ ਨਹੀਂ, ਅਜਿਹਾ ਬਿਲਕੁਲ ਵੀ ਨਹੀਂ, ਨੇੜੇ-ਤੇੜੇ ਵੀ ਨਹੀਂ।
ਇਹ ਵੀ ਪੜ੍ਹੋ
ਐੱਮ.ਆਈ-6 ਲਈ 10 ਸਾਲ ਕੰਮ ਕਾਰਨ ਵਾਲੀ ਕੈਟਰੀਨਾ ਦਾ ਕਹਿਣਾ ਹੈ, "ਸਾਨੂੰ ਇਹ ਜੇਮਜ਼ ਬਾਂਡ ਬਾਲੀ ਗੱਲ ਬੜੀ ਸੁਣਨ ਨੂੰ ਮਿਲਦੀ ਹੈ। ਵੇਖੋ, ਸੁਣਨ 'ਚ ਤਾਂ ਸਾਨੂੰ ਚੰਗਾ ਵੀ ਲੱਗਦਾ ਹੈ। ਸਾਡਾ ਕੰਮ ਉੰਝ ਤਾਂ ਹੈ ਵੀ ਗਲੈਮਰ ਵਾਲਾ ਪਰ ਇੰਨਾ ਵੀ ਨਹੀਂ ਕਿ ਸਾਨੂੰ ਜੇਮਜ਼ ਬਾਂਡ ਵਾਂਗ ਐਸਟਨ ਮਾਰਟਿਨ ਗੱਡੀਆਂ ਮਿਲਣ। ਅਸੀਂ ਤਾਂ ਜ਼ਿਆਦਾਤਰ ਬੱਸਾਂ-ਰੇਲਗੱਡੀਆਂ 'ਚ ਹੀ ਚੜ੍ਹਦੇ ਹਾਂ।"
ਜੋਨਾਥਨ ਨੇ ਐੱਮ.ਆਈ-6 ਨਾਲ 15 ਸਾਲ ਲਗਾਏ ਹਨ ਤੇ ਯੂਕੇ ਤੋਂ ਬਾਹਰ ਵੀ ਉਨ੍ਹਾਂ ਦੀ ਪੋਸਟਿੰਗ ਰਹੀ ਹੈ।
ਉਨ੍ਹਾਂ ਮੁਤਾਬਕ, "ਬੰਦੂਕਾਂ ਤੇ ਸ਼ਰਾਬ-ਕਬਾਬ ਵਾਲੀਆਂ ਗੱਲਾਂ ਤਾਂ ਮਿਥ ਹੀ ਹਨ।"
ਇਹ ਵੀ ਪੜ੍ਹੋ
ਹਾਂ, ਫ਼ਿਲਮਾਂ 'ਚ ਇੱਕ ਚੀਜ਼ ਬਿਲਕੁਲ ਸਹੀ ਵਿਖਾਈ ਜਾਂਦੀ ਹੈ। "ਸਾਡੇ ਕੋਲ ਵੀ ਇੱਕ 'ਕਯੂ' ਵਰਗਾ ਬੰਦਾ ਹੈ।" 'ਕਯੂ' ਇਨ੍ਹਾਂ ਫ਼ਿਲਮਾਂ 'ਚ ਉਹ ਕਿਰਦਾਰ ਹੈ, ਜਿਹੜਾ ਨਵੀਆਂ ਕਾਢਾਂ ਕੱਢ ਕੇ ਜੇਮਜ਼ ਬਾਂਡ ਤੇ ਹੋਰ ਜਾਸੂਸਾਂ ਨੂੰ ਨਵੀਆਂ ਤਕਨੀਕ, ਉਪਕਰਣ ਤੇ ਹਥਿਆਰ ਦਿੰਦਾ ਹੈ।
ਜੋਨਾਥਨ ਦਾ ਦਾਅਵਾ ਹੈ ਕਿ ਅਸਲ ਵਿੱਚ ਤਾਂ ਉਪਕਰਣ ਫ਼ਿਲਮਾਂ ਤੋਂ ਵੀ ਵਧੀਆ ਹੁੰਦੇ ਹਨ।
ਜਾਸੂਸ ਦੀ ਨੌਕਰੀ ਬਹੁਤ ਔਖੀ ਮਿਲਦੀ ਹੈ
ਹਾਂ ਵੀ। ਨਹੀਂ ਵੀ।
ਇਸ ਬਾਰੇ ਅਸੀਂ ਅਜਿਹੀ ਔਰਤ ਨਾਲ ਗੱਲ ਕੀਤੀ, ਜੋ ਕਿ ਐੱਮ.ਆਈ-5 ਦੇ ਭਰਤੀ ਵਿਭਾਗ 'ਚ ਕੰਮ ਕਰਦੀ ਹੈ। ਉਨ੍ਹਾਂ ਮੁਤਾਬਕ ਕਿਸੇ ਨੂੰ ਭਰਤੀ ਕਰਨ ਤੋਂ ਪਹਿਲਾਂ "6-9 ਮਹੀਨੇ" ਦਾ ਸਮਾਂ ਲੱਗਦਾ ਹੈ।
ਦੋ ਸਾਲ ਪਹਿਲਾਂ ਹੀ ਭਰਤੀ ਹੋਈ ਅਮੀਸ਼ਾ ਨੇ ਵੀ ਬੀਬੀਸੀ ਨਾਲ ਗੱਲ ਕੀਤੀ ਤੇ ਦੱਸਿਆ, "ਮੈਨੂੰ ਤਾਂ ਇਸ ਕੰਮ 'ਚ ਸਕੂਨ ਹੀ ਬਹੁਤ ਮਿਲਦਾ ਹੈ।" ਉਨ੍ਹਾਂ ਦੱਸਿਆ ਕਿ ਇਕੱਲਾ ਇੰਟਰਵਿਊ ਹੀ ਤਿੰਨ ਤੋਂ ਅੱਠ ਘੰਟੇ ਚੱਲਦਾ ਹੈ।
ਜੇ ਤੁਸੀਂ ਕਦੇ ਡਰੱਗ ਦਾ ਨਸ਼ਾ ਕੀਤਾ ਹੈ ਤਾਂ ਤੁਹਾਡੀ ਨੋ-ਐਂਟਰੀ
ਨਾਂਹ ਕੋਈ ਪੱਕੀ ਵੀ ਨਹੀਂ।
ਭਰਤੀ ਅਧਿਕਾਰੀ ਮੁਤਾਬਕ, "ਸਾਰੀਆਂ ਅਰਜ਼ੀਆਂ ਇੱਕ ਹੀ ਹਿਸਾਬ ਨਾਲ ਨਹੀਂ ਵੇਖੀਆਂ ਜਾਂਦੀਆਂ। ਜੇ ਕਿਸੇ ਨੇ ਅੱਲ੍ਹੜ ਉਮਰ 'ਚ ਕਿਸੇ ਪਾਰਟੀ ਤੇ ਗਾਂਜਾ ਫੂਕਿਆ ਹੋਵੇ ਤਾਂ ਇਹ ਨਹੀਂ ਕਿ ਅਸੀਂ ਤੁਹਾਨੂੰ ਭਰਤੀ ਨਹੀਂ ਕਰਾਂਗੇ। ਹਾਂ, ਇਹ ਜ਼ਰੂਰ ਹੈ ਕਿ ਤੁਸੀਂ ਅਰਜ਼ੀ ਪਾਉਣ ਤੋਂ ਬਾਅਦ ਇਹ ਕੰਮ ਨਹੀਂ ਕਰ ਸਕਦੇ।"
ਅਸੀਂ ਜਿਨ੍ਹਾਂ 6 ਜਾਸੂਸਾਂ ਨਾਲ ਗੱਲ ਕੀਤੀ ਉਨ੍ਹਾਂ ਸਭ ਦਾ ਭਰਤੀ ਤੋਂ ਪਹਿਲਾਂ ਡਰੱਗ ਟੈਸਟ ਕੀਤਾ ਗਿਆ ਸੀ, ਜਿਸ ਲਈ ਵਾਲਾਂ ਦਾ ਸੈਂਪਲ ਲਿਆ ਜਾਂਦਾ ਹੈ।
ਬ੍ਰਿਟਿਸ਼ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ, ਜੀ.ਸੀ.ਐੱਚ.ਕਯੂ, ਲਈ ਕੰਮ ਕਰਨ ਵਾਲੀ ਲਿਲੀ ਨੇ ਅਜੀਬ ਜਿਹਾ ਵਾਕਿਆ ਸੁਣਾਇਆ। "ਟੈਸਟ ਤੋਂ ਇੱਕ ਹਫਤੇ ਬਾਅਦ ਮੈਂ ਵਾਲ ਕਟਾਉਣ ਗਈ ਤਾਂ ਹੇਅਰ ਡਰੈਸਰ ਦੀ ਮੇਰੇ ਵਾਲ ਕੱਟਦਿਆਂ-ਕੱਟਦਿਆਂ ਅਚਾਨਕ ਚੀਕ ਹੀ ਨਿਕਲ ਗਈ। ਉਸ ਨੂੰ ਲੱਗਿਆ ਉਸ ਨੇ ਮੇਰੇ ਵੱਲ ਗ਼ਲਤੀ ਨਾਲ ਜ਼ਿਆਦਾ ਕੱਟ ਦਿੱਤੇ।"
"ਮੈਂ ਕਿਹਾ, 'ਕੀ ਹੋਇਆ? ਕੋਈ ਨਾ, ਤੁਸੀਂ ਕੁਝ ਨਹੀਂ ਕੀਤਾ, ਇਹ ਪਹਿਲਾਂ ਹੀ ਕੱਟੇ ਹੋਏ ਸਨ।"
ਕਿਸੇ ਨੂੰ ਦੱਸਣਾ ਨਹੀਂ ਕਿ ਤੁਸੀਂ ਕਰਦੇ ਕੀ ਹੋ
ਦੱਸ ਸਕਦੇ ਹੋ ਪਰ ਜਰਾ ਸੋਚ-ਸਮਝ ਕੇ।
ਐੱਮ.ਆਈ-5 ਦੇ ਭਰਤੀ ਅਧਿਕਾਰੀ ਮੁਤਾਬਕ, "ਅਸੀਂ ਸਲਾਹ ਦਿੰਦੇ ਹਾਂ ਕਿ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਤੋਂ ਇਲਾਵਾ ਕਿਸੇ ਨੂੰ ਨਾ ਹੀ ਦੱਸੋ।"
ਇਹ ਵੀ ਪੜ੍ਹੋ
ਐੱਮ.ਆਈ-6 'ਚ ਕੰਮ ਕਰਦੇ ਜੋਨਾਥਨ ਨੇ ਦੱਸਿਆ ਕਿ ਉਸ ਨੇ ਆਪਣੇ ਮਾਪਿਆਂ ਨੂੰ ਤਾਂ ਭਰਤੀ ਦੀ ਅਰਜ਼ੀ ਪਾਉਣ ਵੇਲੇ ਹੀ ਦੱਸ ਦਿੱਤਾ ਸੀ। "ਮੇਰੇ ਪਿਤਾ ਉਸੇ ਵੇਲੇ ਆਪਣੇ ਕਮਰੇ 'ਚੋਂ ਮੇਰੇ ਲਈ ਕੁਝ ਜਾਸੂਸੀ ਨਾਵਲਾਂ ਲੈ ਆਏ, ਕਹਿੰਦੇ, 'ਇੰਟਰਵਿਊ ਤੋਂ ਪਹਿਲਾਂ ਇਹ ਪੜ੍ਹ ਕੇ ਜਾਈਂ।' ਥੋੜ੍ਹੀ-ਬਹੁਤ ਮਦਦ ਤਾਂ ਵਾਕਈ ਮਿਲੀ।"
ਪਰ ਜੋਨਾਥਨ ਨੇ ਪਰਿਵਾਰ 'ਚ ਕਿਸੇ ਭੈਣ-ਭਰਾ ਨੂੰ ਨਹੀਂ ਦੱਸਿਆ। "ਮੈਂ ਉਨ੍ਹਾਂ ਉੱਪਰ ਕੋਈ ਬੋਝ ਨਹੀਂ ਸੀ ਪਾਉਣਾ ਚਾਹੁੰਦਾ।"
ਜ਼ਿਆਦਾਤਰ ਜਾਸੂਸੀ ਅਦਾਰਿਆਂ ਦੇ ਕਰਮਚਾਰੀ ਲੋਕਾਂ ਨੂੰ ਦੱਸਦੇ ਹਨ ਕਿ ਉਹ "ਸਰਕਾਰੀ ਨੌਕਰੀ" ਕਰਦੇ ਹਨ। ਕੁਝ ਸਵਾਲ ਨੂੰ ਅਣਸੁਣਿਆ ਕਰ ਦਿੰਦੇ ਹਨ।
ਭਰਤੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਲੋਕ ਕਈ ਵਾਰ ਇਹ ਵੀ ਪੁੱਛ ਲੈਂਦੇ ਹਨ ਕਿ ਕੰਮ 'ਤੇ ਭੇਸ ਬਾਦਲ ਕੇ ਤਾਂ ਨਹੀਂ ਆਉਣਾ।
"ਇੱਕ ਬੰਦੇ ਨੇ ਤਾਂ ਕਮਾਲ ਦਾ ਸਵਾਲ ਪੁੱਛਿਆ, ਕਹਿੰਦਾ: 'ਇੱਥੇ ਕੰਮ ਕਰਨ ਲਈ ਮੈਨੂੰ ਆਪਣੀ ਗਰਲਫਰੈਂਡ ਨੂੰ ਛੱਡਣਾ ਪਵੇਗਾ?' ਫਿਰ ਜਵਾਬ ਵੀ ਖੁਦ ਹੀ ਦਿੱਤਾ: 'ਛੱਡਣਾ ਪਵੇਗਾ ਤਾਂ ਛੱਡ ਦਿਆਂਗਾ'।"
ਜਾਸੂਸ ਖੁਦ ਨੂੰ 'ਜਾਸੂਸ' ਨਹੀਂ ਆਖਦੇ
ਇਹ ਧਾਰਨਾ ਵੀ ਗਲਤ ਹੈ। ਉਹ ਆਪਣੇ ਆਪ ਨੂੰ ਜਾਸੂਸ ਹੀ ਆਖਦੇ ਹਨ। ਇਹ ਹੋਰ ਗੱਲ ਹੈ ਕਿ ਬਹੁਤੀ ਵਾਰ ਆਖਣ ਦਾ ਮੌਕਾ ਨਹੀਂ ਮਿਲਦਾ।
ਇਹ ਵੀ ਪੜ੍ਹੋ
ਭਰਤੀ ਅਧਿਕਾਰੀ ਦਾ ਕਹਿਣਾ ਹੈ, "ਅਸੀਂ ਬਹੁਤੇ ਲੋਕਾਂ ਨੂੰ ਦੱਸਦੇ ਹੀ ਨਹੀਂ ਕਿ ਅਸੀਂ ਕਰਦੇ ਕੀ ਹਾਂ। ਫਿਰ ਇੰਝ ਆਪਣੇ ਆਪ ਨੂੰ 'ਜਾਸੂਸ' ਆਖਦੇ ਫਿਰਨਾ ਅਜੀਬ ਜਿਹਾ ਲੱਗਦਾ ਹੈ।"
ਜੋਨਾਥਨ ਨੂੰ ਇਸ 'ਤੋਂ ਕੋਈ ਗੁਰੇਜ਼ ਨਹੀਂ: "ਮੈਂ ਆਪਣੇ ਆਪ ਨੂੰ ਜਾਸੂਸ ਕਹਿਣ 'ਚ ਕੋਈ ਹਿਚਕ ਮਹਿਸੂਸ ਨਹੀਂ ਕਰਦਾ... ਇਹੀ ਤਾਂ ਸਾਡਾ ਕੰਮ ਹੈ, ਅਸੀਂ ਜਾਸੂਸੀ ਕਰਦੇ ਹਾਂ, ਚੰਗੇ ਮੰਤਵ ਨਾਲ ਕਰਦੇ ਹਾਂ, ਆਪਣੇ ਦੇਸ ਦੀ ਸੁਰੱਖਿਆ ਤੇ ਖੁਸ਼ਹਾਲੀ ਲਈ ਕਰਦੇ ਹਾਂ।"
"ਮੈਂ ਹੁਣ ਤੱਕ ਪੰਜ ਲੋਕਾਂ ਨੂੰ ਦੱਸਿਆ ਹੋਇਆ ਸੀ; ਤੁਸੀਂ ਛੇਵੇਂ ਹੋ।"
ਕੰਮ ਬੜਾ ਸੰਜੀਦਾ ਹੈ, ਮਜ਼ੇ ਦੀ ਕੋਈ ਗੁੰਜਾਇਸ਼ ਨਹੀਂ
ਵੇਖੋ, ਇਹ ਤਾਂ ਤੁਹਾਡੇ 'ਤੇ ਨਿਰਭਰ ਹੈ ਕਿ ਤੁਸੀਂ 'ਮਜ਼ਾ' ਕਿਸ ਨੂੰ ਆਖਦੇ ਹੋ।
ਜੋਨਾਥਨ ਨੇ ਦੱਸਿਆ ਕਿ ਐੱਮ.ਆਈ-6 ਇੱਕ "ਬੇਹੱਦ ਮਜ਼ਾਕੀਆ" ਸਲਾਨਾ ਨਾਟਕ ਮੁਕਾਬਲਾ ਕਰਾਉਂਦਾ ਹੈ।
ਜੀ.ਸੀ.ਐੱਚ.ਕਯੂ ਨਾਲ 10 ਸਾਲ ਕੰਮ ਕਰ ਚੁੱਕੀ ਜਾਸੂਸ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ 'ਚ ਬੇਕਿੰਗ ਦਾ ਮੁਕਾਬਲਾ ਹੁੰਦਾ ਹੈ। ਐੱਮ.ਆਈ-5 ਦੀ ਅਮੀਸ਼ਾ ਨੇ ਦੱਸਿਆ ਕਿ ਬੇਕਿੰਗ ਦਾ ਮੁਕਾਬਲਾ ਉਨ੍ਹਾਂ ਦੇ ਮਹਿਕਮੇ 'ਚ ਵੀ ਹੁੰਦਾ ਹੈ।
ਜਾਸੂਸਾਂ ਨਾਲ ਸੰਪਰਕ ਕਰਨਾ ਬਹੁਤ ਮੁਸ਼ਕਲ ਹੈ
ਹਾਂ ਵੀ, ਨਹੀਂ ਵੀ।
ਐੱਮ.ਆਈ-5 ਦੇ ਦਫਤਰ ਜਾਣ ਵਾਲਿਆਂ ਨੂੰ ਆਪਣੇ ਮੋਬਾਈਲ ਫੋਨ ਦਰਵਾਜ਼ੇ ਤੋਂ ਬਾਹਰ ਜਮ੍ਹਾ ਕਰਾਉਣੇ ਪੈਂਦੇ ਹਨ। ਪਰ ਇਹ ਵੀ ਨਹੀਂ ਕਿ ਮੁਲਾਜ਼ਮਾਂ ਨੂੰ ਕੋਈ ਵੀ ਸਾਧਨ ਰੱਖਣ ਦੀ ਮਨਾਹੀ ਹੈ, ਖਾਸ ਤੌਰ 'ਤੇ ਜੇ ਕਿਸੇ ਦੇ ਬੱਚੇ ਹਨ।
ਲਿਲੀ, ਜਿਨ੍ਹਾਂ ਦੇ ਬੱਚੇ ਹਨ, ਨੇ ਦੱਸਿਆ, "ਸਾਡੇ ਕੋਲ ਖਾਸ ਟੈਕਨੋਲੋਜੀ ਹੈ ਤਾਂ ਜੋ ਬੱਚਿਆਂ ਦੇ ਸਕੂਲ ਸਾਡੇ ਨਾਲ ਸੰਪਰਕ ਕਰ ਸਕਣ।"
ਇੱਕ ਹੋਰ ਜਾਸੂਸ ਨੇ ਦੱਸਿਆ, "ਸਗੋਂ ਮੋਬਾਈਲ ਫੋਨ ਅੰਦਰ ਨਾ ਲਿਜਾਉਣ ਦੇ ਫਾਇਦੇ ਹੀ ਹਨ। ਆਦਤ ਪੈ ਜਾਂਦੀ ਹੈ।"
ਜਾਸੂਸਾਂ ਨੂੰ ਜਾਸੂਸੀ ਕਿਰਦਾਰਾਂ ਨਾਲ ਨਫ਼ਰਤ ਹੈ
ਜਿਨ੍ਹਾਂ ਜਾਸੂਸਾਂ ਨਾਲ ਅਸੀਂ ਗੱਲਬਾਤ ਕੀਤੀ ਉਨ੍ਹਾਂ ਨੂੰ ਅਜਿਹੀ ਕੋਈ ਨਫ਼ਰਤ ਨਹੀਂ ਸੀ।
ਸਾਰਿਆਂ ਨੇ ਹੀ ਬੀਬੀਸੀ ਦਾ ਜਾਸੂਸੀ ਡਰਾਮਾ 'ਬਾਡੀਗਾਰਡ' ਦੇਖਿਆ ਹੋਇਆ ਸੀ।
ਕੈਟਰੀਨਾ ਨੂੰ ਇਹ ਬਹੁਤ ਪਸੰਦ ਆਇਆ: "ਬੜਾ ਹੀ ਮਜ਼ੇਦਾਰ ਪ੍ਰੋਗਰਾਮ ਹੈ, ਤਾਂ ਹੀ ਇੰਨਾ ਮਸ਼ਹੂਰ ਹੈ। ਹਾਂ, ਕੁਝ ਗ਼ਲਤੀਆਂ ਹਨ ਪਰ ਉਨ੍ਹਾਂ ਬਾਰੇ ਜ਼ਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ।"
ਅਮੀਸ਼ਾ ਮੁਤਾਬਕ ਉਨ੍ਹਾਂ ਦਾ ਕਈ ਸੀਰੀਅਲ ਦੇਖ ਕੇ ਸਕਰੀਨ ਭੰਨਣ ਦਾ ਦਿਲ ਕਰਦਾ ਹੈ: "ਮੇਰੇ ਅੰਦਰੋਂ-ਅੰਦਰੀ ਚੀਕਦੀ ਵੀ ਹਾਂ: 'ਓਏ, ਇੰਝ ਨਹੀਂ ਹੁੰਦਾ!'"
ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ