13 ਔਰਤਾਂ ਨੂੰ ਫਸਾ ਕੇ 6 ਨੂੰ ਏਡਜ਼ ਰੋਗੀ ਬਣਾਉਣ ਵਾਲੇ ਸਖ਼ਸ ਦਾ ਇੱਕ ਪੀੜਤ ਨੇ ਖੋਲ੍ਹਿਆ ਰਾਜ਼

ਵਿਆਹ ਤੋਂ 18 ਸਾਲ ਬਾਅਦ ਜਦੋਂ ਡਾਇਨ ਰੀਵ ਦਾ ਤਲਾਕ ਹੋਇਆ ਤਾਂ ਉਨ੍ਹਾਂ ਨੂੰ ਮੁੜ ਪਿਆਰ ਮਿਲਣ ਦੀ ਉਮੀਦ ਨਹੀਂ ਸੀ। 50 ਸਾਲਾ ਰੀਵ ਨੂੰ 2002 ਵਿੱਚ ਫਿਲਿਪ ਪਾਡੀਊ ਦਾ ਸਾਥ ਮਿਲਿਆ।

ਰੀਵ ਆਪਣੇ ਬੁਆਏ ਫਰੈਂਡ ਫਿਲਿਪ ਦੇ ਨਾਲ ਕਾਫ਼ੀ ਖੁਸ਼ ਸੀ ਪਰ ਇੱਕ ਦਿਨ ਰੀਵ ਦੀ ਜ਼ਿੰਦਗੀ ਵਿੱਚ ਤੂਫ਼ਾਨ ਆ ਗਿਆ।

ਉਨ੍ਹਾਂ ਨੂੰ ਪਤਾ ਲੱਗਿਆ ਕਿ ਫਿਲਿਪ ਪਾਡੀਊ ਦੇ ਕਈ ਹੋਰ ਔਰਤਾਂ ਨਾਲ ਸਬੰਧ ਹਨ ਅਤੇ ਫਿਲਿਪ ਨੇ ਉਨ੍ਹਾਂ ਨੂੰ ਜਾਨਲੇਵਾ ਐਚਆਈਵੀ (HIV) ਨਾਲ ਪੀੜਤ ਕਰ ਦਿੱਤਾ ਹੈ।

ਡਾਇਨ ਰੀਵ ਨੇ ਆਪਣੀ ਪੂਰੀ ਕਹਾਣੀ ਕੁਝ ਇਸ ਤਰ੍ਹਾਂ ਨਾਲ ਸਾਂਝੀ ਕੀਤੀ।

ਇਹ ਵੀ ਪੜ੍ਹੋ:

ਮੈਂ ਪਿਆਰ ਮਿਲਣ ਦੀ ਉਮੀਦ ਛੱਡ ਦਿੱਤੀ ਸੀ, ਪਰ ਮੇਰੇ ਕਈ ਦੋਸਤਾਂ ਨੇ ਮੈਨੂੰ ਸਮਝਾਇਆ ਅਤੇ ਆਨਲਾਈਨ ਡੇਟਿੰਗ ਕਰਨ ਦਾ ਸੁਝਾਅ ਦਿੱਤਾ।

ਆਨਲਾਈਨ ਡੇਟਿੰਗ ਐਪ ਜ਼ਰੀਏ ਮੇਰੀ ਮੁਲਾਕਾਤ ਫਿਲਿਪ ਪਾਡੀਊ ਨਾਲ ਹੋਈ। ਕੁਝ ਦੇਰ ਗੱਲ ਕਰਨ ਤੋਂ ਬਾਅਦ ਅਸੀਂ ਮਿਲਣ ਦਾ ਫ਼ੈਸਲਾ ਲਿਆ।

ਅਸੀਂ ਆਪਣੇ ਮਾਰਸ਼ਲ ਆਰਟ ਸਕੂਲ ਵਿੱਚ ਮਿਲੇ। ਉਸ ਨੂੰ ਵੀ ਇਸ ਵਿੱਚ ਦਿਲਚਸਪੀ ਸੀ। ਪਹਿਲੀ ਮੁਲਾਕਾਤ ਵਿੱਚ ਹੀ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ।

ਫਿਲਿਪ ਇੱਕ ਕੰਪਨੀ ਵਿੱਚ ਸੁਰੱਖਿਆ ਵਿਸ਼ਲੇਸ਼ਕ ਦੇ ਤੌਰ 'ਤੇ ਕੰਮ ਕਰਦਾ ਸੀ, ਪਰ ਇੱਕ ਸਾਲ ਬਾਅਦ ਹੀ ਉਸ ਨੇ ਨੌਕਰੀ ਛੱਡ ਦਿੱਤੀ।

ਮੈਂ ਉਸ ਨੂੰ ਕਿਹਾ ਕਿ ਜਦੋਂ ਤੱਕ ਤੈਨੂੰ ਦੂਜੀ ਨੌਕਰੀ ਨਹੀਂ ਮਿਲਦੀ, ਤੁਸੀਂ ਮੇਰੇ ਨਾਲ ਮਾਰਸ਼ਲ ਆਰਟਸ ਸਕੂਲ ਵਿੱਚ ਕੰਮ ਕਰ ਸਕਦੇ ਹੋ। ਉਹ ਮੇਰੇ ਨਾਲ ਕੰਮ ਕਰਨ ਲੱਗਾ।

ਸ਼ਾਮ ਨੂੰ ਜਦੋਂ ਅਸੀਂ ਸਕੂਲ ਤੋਂ ਨਿਕਲਦੇ ਤਾਂ ਅਕਸਰ ਰਾਤ ਨੂੰ ਇਕੱਠੇ ਰੁਕ ਜਾਂਦੇ। ਅਸੀਂ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਦੀ ਗੱਲ ਕਰਨ ਲੱਗੇ। ਮੈਂ ਉਸਦੇ ਨਾਲ ਭਵਿੱਖ ਦੇ ਸੁਪਨੇ ਦੇਖਣ ਲੱਗੀ।

2006 ਵਿੱਚ ਮੇਰੀ ਕੁੜੀ ਦਾ ਵਿਆਹ ਹੋਇਆ। ਵਿਆਹ ਵਿੱਚ ਫਿਲਿਪ ਵੀ ਨਾਲ ਰਿਹਾ।

ਫ਼ੋਨ ਕਾਲ ਡਿਟੇਲ ਚੈੱਕ ਕਰਨ 'ਤੇ ਲੱਗਾ ਪਤਾ

ਕੁਝ ਦਿਨ ਬਾਅਦ ਅਸੀਂ ਫੈਮਿਲੀ ਡਿਨਰ ਦੀ ਯੋਜਨਾ ਬਣਾਈ। ਮੈਂ ਫਿਲਿਪ ਨੂੰ ਆਉਣ ਲਈ ਕਿਹਾ ਪਰ ਉਸ ਨੇ ਨਾਂਹ ਕਰ ਦਿੱਤੀ। ਉਸ ਨੇ ਕਿਹਾ ਕਿ ਉਸਦੀ ਤਬੀਅਤ ਠੀਕ ਨਹੀਂ ਹੈ।

ਉਸ ਨੇ ਫ਼ੋਨ ਘਰੋਂ ਨਹੀਂ ਕੀਤਾ ਸੀ ਤਾਂ ਮੈਨੂੰ ਸ਼ੱਕ ਹੋਇਆ। ਮੈਂ ਉਸਦੇ ਘਰ ਚਲੀ ਗਈ। ਉਹ ਘਰ ਨਹੀਂ ਸੀ। ਉਸ ਦਿਨ ਮੈਂ ਬਹੁਤ ਰੋਈ। ਮੈਨੂੰ ਬਹੁਤ ਗੁੱਸਾ ਆ ਰਿਹਾ ਸੀ।

ਉਸਦੇ ਫ਼ੋਨ ਦਾ ਬਿੱਲ ਮੈਂ ਭਰਦੀ ਸੀ, ਇਸ ਲਈ ਮੈਂ ਉਸਦੇ ਵਾਇਸਮੇਲ ਚੈੱਕ ਕਰ ਸਕਦੀ ਸੀ। ਮੈਂ ਦੇਖਿਆ ਕਿ ਦੋ ਔਰਤਾਂ ਨੇ ਉਸਦੇ ਲਈ ਵਾਇਸਮੇਲ ਛੱਡੇ ਸਨ ਅਤੇ ਫਿਲੀਪ ਉਨ੍ਹਾਂ ਨੂੰ ਹੀ ਮਿਲਣ ਗਿਆ ਸੀ।

ਫਿਲਿਪ ਜਦੋਂ ਵਾਪਿਸ ਆਇਆ ਤਾਂ ਮੇਰਾ ਉਸ ਨਾਲ ਬਹੁਤ ਝਗੜਾ ਹੋਇਆ। ਉਸ ਦਿਨ ਮੇਰਾ ਅਤੇ ਉਸਦਾ ਬਰੇਕਅਪ ਹੋ ਗਿਆ।

ਸ਼ਨੀਵਾਰ ਨੂੰ ਸਾਡਾ ਬਰੇਕਅਪ ਹੋਇਆ ਅਤੇ ਸੋਮਵਾਰ ਨੂੰ ਮੈਂ ਇਸਤਰੀ ਰੋਗਾਂ ਦੀ ਮਾਹਰ ਤੋਂ ਆਪਣੀ ਜਾਂਚ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਐਚਪੀਵੀ ਹੈ।

ਇਸ ਕਾਰਨ ਮੇਰੀ ਬੱਚੇਦਾਨੀ ਵਿੱਚ ਇਨਫੈਕਸ਼ਨ ਹੋ ਗਈ ਸੀ। ਡਾਕਟਰ ਨੇ ਦੱਸਿਆ ਕਿ ਇਹ ਸੈਕਸੂਅਲ ਪਾਰਟਨਰ ਕਾਰਨ ਹੁੰਦਾ ਹੈ।

ਹੋਰਾਂ ਔਰਤਾਂ ਨੂੰ ਵੀ ਦਿੱਤੀ ਚੇਤਾਵਨੀ

ਮੈਂ ਸਮਝ ਗਈ ਕਿ ਇਹ ਰੋਗ ਮੈਨੂੰ ਫਿਲਿਪ ਤੋਂ ਹੋਇਆ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਉਨ੍ਹਾਂ ਦੂਜੀਆਂ ਔਰਤਾਂ ਨੂੰ ਚੇਤਾਵਨੀ ਦੇਣ ਬਾਰੇ ਸੋਚਿਆ ਜਿਹੜੀਆਂ ਫਿਲਿਪ ਨਾਲ ਸਰੀਰਕ ਸਬੰਧ ਬਣਾ ਰਹੀਆਂ ਸਨ।

ਮੈਂ ਫਿਲਿਪ ਦੇ ਪਿਛਲੇ 9 ਮਹੀਨੇ ਦੇ ਫੋਨ ਕਾਲ ਡਿਟੇਲ ਕੱਢੇ ਅਤੇ ਫੋਨ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਹ ਫੋਨ ਚੁੱਕਦੀ ਤਾਂ ਮੈਂ ਉਸ ਨੂੰ ਪੁੱਛਦੀ ਕੀ ਉਹ ਫਿਲਿਪ ਨਾਲ ਡੇਟ ਕਰ ਰਹੀ ਹੈ। ਜਿਹੜੀ ਹਾਂ ਕਹਿੰਦੀ ਮੈਂ ਉਸ ਨੂੰ ਉਸ ਬਾਰੇ ਦੱਸਦੀ।

ਮੈਨੂੰ 9 ਅਜਿਹੀਆਂ ਔਰਤਾਂ ਮਿਲੀਆ ਜਿਹੜੀਆਂ ਫਿਲਿਪ ਨੂੰ ਡੇਟ ਕਰ ਰਹੀਆਂ ਸਨ। ਉਨ੍ਹਾਂ ਵਿੱਚੋਂ ਕੁਝ ਗੁੱਸਾ ਹੋਈਆਂ, ਕੁਝ ਨੇ ਮੈਨੂੰ ਧਿਆਨ ਨਾਲ ਸੁਣਿਆ ਅਤੇ ਕਈਆਂ ਨੇ ਮੇਰਾ ਧੰਨਵਾਦ ਕੀਤਾ।

ਉਨ੍ਹਾਂ ਵਿੱਚੋਂ ਕੁਝ ਨਾਲ ਮੈਂ ਮਿਲੀ, ਅਸੀਂ ਮਿਲ ਕੇ ਫਿਲਿਪ ਨੂੰ ਡੇਟ ਕਰ ਰਹੀਆਂ ਕੁਝ ਹੋਰ ਔਰਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਵਿੱਚੋਂ ਇੱਕ ਔਰਤ ਨੇ ਮੈਨੂੰ ਦੱਸਿਆ ਕਿ ਉਸ ਨੂੰ ਐਚਆਈਵੀ ਹੋ ਗਿਆ ਹੈ। ਮੈਂ ਡਰ ਗਈ, ਪਿਛਲੇ 6 ਮਹੀਨੇ ਤੋਂ ਮੇਰੀ ਸਿਹਤ ਵੀ ਬਹੁਤ ਖਰਾਬ ਚੱਲ ਰਹੀ ਸੀ। ਮੇਰੀ ਬੱਚੇਦਾਨੀ ਵਿੱਚ ਬਹੁਤ ਦਿੱਕਤ ਹੋ ਰਹੀ ਸੀ।

ਅਗਲੇ ਦਿਨ ਮੈਂ ਆਪਣੀ ਡਾਕਟਰ ਨੂੰ ਮਿਲੀ। ਉਨ੍ਹਾਂ ਨੇ ਮੇਰੇ ਖ਼ੂਨ ਦਾ ਸੈਂਪਲ ਲਿਆ ਅਤੇ ਟੈਸਟ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਐਚਆਈਵੀ ਹੈ।

ਇਹ ਸੁਣਦੇ ਹੀ ਮੈਂ ਉੱਚੀ-ਉੱਚੀ ਰੋਣ ਲੱਗੀ। ਮੈਨੂੰ ਲੱਗਿਆ ਕਿ ਹੁਣ ਮੈਂ ਮਰ ਜਾਵਾਂਗੀ। ਮੈਨੂੰ ਇਹ ਤਾਂ ਪਤਾ ਸੀ ਕਿ ਐਚਆਈਵੀ ਦੀ ਦਵਾਈ ਹੁੰਦੀ ਹੈ, ਪਰ ਉਹ ਕਿੰਨੀ ਅਸਰਦਾਰ ਹੋਵੇਗੀ ਇਸ ਬਾਰੇ ਨਹੀਂ ਪਤਾ ਸੀ।

ਇਹ ਵੀ ਪੜ੍ਹੋ:

ਜਨਵਰੀ 2007 ਵਿੱਚ ਮੈਂ ਇੱਕ ਹੋਰ ਟੈਸਟ ਕਰਵਾਇਆ। ਇਸ ਨਾਲ ਮੈਨੂੰ ਪਤਾ ਲੱਗਾ ਕਿ ਮੈਨੂੰ ਏਡਜ਼ ਹੈ। ਮੇਰੇ ਕੋਲ ਹੈਲਥ ਇੰਸ਼ੋਰੈਂਸ ਸੀ, ਪਰ ਉਸ ਵਿੱਚ ਏਡਜ਼ ਕਵਰ ਨਹੀਂ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਐਨਾ ਮਹਿੰਗਾ ਇਲਾਜ ਕਿਵੇਂ ਕਰਾਵਾਂਗੀ।

ਮੈਂ ਉਸ ਔਰਤ ਨਾਲ ਸਪੰਰਕ ਕੀਤਾ ਜਿਸ ਨੇ ਮੈਨੂੰ ਦੱਸਿਆ ਸੀ ਕਿ ਉਸ ਨੂੰ ਵੀ ਐਚਆਈਵੀ ਹੋ ਗਿਆ ਹੈ। ਅਸੀਂ ਮਿਲੇ ਅਤੇ ਇਕੱਠੇ ਬੈਠ ਕੇ ਰੋਏ। ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਐਚਆਈਵੀ ਹੈ ਉਸ ਨੇ ਫਿਲਿਪ ਨੂੰ ਫੋਨ ਕੀਤਾ। ਪਰ ਫਿਲੀਪ ਦਾ ਜਵਾਬ ਹੈਰਾਨ ਕਰ ਦੇਣ ਵਾਲਾ ਸੀ।

ਅਦਾਲਤ ਦਾ ਲਿਆ ਸਹਾਰਾ

ਫਿਲਿਪ ਨੇ ਉਸ ਨੂੰ ਕਿਹਾ, "ਇਸ ਵਿੱਚ ਕਿਹੜੀ ਵੱਡੀ ਗੱਲ ਹੈ। ਹਰ ਇਨਸਾਨ ਦੀ ਮੌਤ ਕਿਸੇ ਨਾ ਕਿਸੇ ਕਾਰਨ ਹੁੰਦੀ ਹੈ। ਤੂੰ ਮੈਨੂੰ ਇਕੱਲਾ ਛੱਡ ਦੇ ਅਤੇ ਆਪਣੀ ਜ਼ਿੰਦਗੀ ਜੀਅ।''

ਸਾਨੂੰ ਦੋਵਾਂ ਨੂੰ ਭਰੋਸਾ ਸੀ ਕਿ ਫਿਲਿਪ ਨੇ ਹੀ ਸਾਨੂੰ ਐਚਆਈਵੀ ਦਿੱਤਾ ਹੈ। ਅਸੀਂ ਦੋਵਾਂ ਨੇ ਮਿਲ ਕੇ ਪੁਲਿਸ ਵਿੱਚ ਸ਼ਿਕਾਇਤ ਕੀਤੀ।

ਅਸੀਂ ਚਾਹੁੰਦੇ ਸੀ ਕਿ ਪੁਲਿਸ ਉਸ ਨੂੰ ਰੋਕੇ, ਤਾਂ ਕਿ ਉਹ ਹੋਰ ਔਰਤਾਂ ਨੂੰ ਇਹ ਵਾਇਰਸ ਤੋਂ ਪੀੜਤ ਨਾ ਬਣਾ ਸਕੇ। ਪੁਲਿਸ ਨੇ ਸਾਡੀ ਗੱਲ ਸੁਣੀ ਅਤੇ ਸਮਝੀ। ਪਰ ਉਨ੍ਹਾਂ ਨੇ ਕਿਹਾ ਕਿ ਸਿਰਫ਼ ਦੋ ਔਰਤਾਂ ਦੇ ਬੋਲਣ ਨਾਲ ਉਸ 'ਤੇ ਇਲਜ਼ਾਮ ਸਾਬਿਤ ਨਹੀਂ ਹੋਣਗੇ। ਜੇਕਰ ਚਾਰ ਜਾਂ ਪੰਜ ਔਰਤਾਂ ਕੋਰਟ ਵਿੱਚ ਆ ਕੇ ਬੋਲਦੀਆਂ ਹਨ ਤਾਂ ਕੁਝ ਹੋ ਸਕਦਾ ਹੈ।

ਮੈਂ ਮੁੜ ਤੋਂ ਫਿਲਿਪ ਦਾ ਫ਼ੋਨ ਰਿਕਾਰਡ ਚੈੱਕ ਕੀਤਾ ਅਤੇ ਫ਼ੋਨ ਕਰਨੇ ਸ਼ੁਰੂ ਕੀਤੇ। ਪਹਿਲੀ ਹੀ ਔਰਤ ਨੇ ਦੱਸਿਆ ਕਿ ਉਸਦੇ ਫਿਲਿਪ ਨਾਲ ਸਬੰਧ ਰਹੇ ਹਨ ਅਤੇ ਉਸ ਨੂੰ ਵੀ ਐਚਆਈਵੀ ਹੋ ਗਿਆ ਹੈ।

ਉਹ ਫਿਲਿਪ ਦੇ ਘਰ ਦੇ ਕੋਲ ਹੀ ਰਹਿੰਦੀ ਸੀ। ਉਸਦੀ ਮਦਦ ਨਾਲ ਸਾਨੂੰ ਫਿਲਿਪ ਦੇ ਘਰ ਆਉਣ-ਜਾਣ ਵਾਲੀਆਂ ਔਰਤਾਂ ਦੀ ਜਾਣਕਾਰੀ ਮਿਲੀ।

ਅਸੀਂ ਇੱਕ-ਇੱਕ ਕਰਕੇ ਉਨ੍ਹਾਂ ਔਰਤਾਂ ਨਾਲ ਸਪੰਰਕ ਕੀਤਾ। ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ 13 ਔਰਤਾਂ ਨੂੰ ਐਚਆਈਵੀ ਸੀ। ਮੈਂ ਇਹ ਜਾਣ ਕੇ ਹੈਰਾਨ ਰਹਿ ਗਈ।

ਸਾਲ 2002 ਵਿੱਚ ਮੈਂ ਫਿਲਿਪ ਦੇ ਨਾਲ ਸੀ। ਪਰ ਇਨ੍ਹਾਂ ਵਿੱਚੋਂ ਕਈ ਔਰਤਾਂ ਉਸ ਤੋਂ ਪਹਿਲਾਂ ਤੋਂ ਉਸਦੇ ਨਾਲ ਰਿਸ਼ਤੇ ਵਿੱਚ ਸਨ।

ਅਸੀਂ ਦੇਖਿਆ ਕਿ ਹਰ ਰਾਤ ਫਿਲਿਪ ਦੇ ਘਰ ਇੱਕ ਵੱਖਰੀ ਕਾਰ ਆਉਂਦੀ ਸੀ ਅਤੇ ਉਹ ਰੋਜ਼ਾਨਾ ਇੱਕ ਵੱਖਰੀ ਔਰਤ ਨਾਲ ਹੁੰਦਾ ਸੀ।

ਹੁਣ ਸਭ ਤੋਂ ਪਹਿਲਾਂ ਅਸੀਂ ਇਹ ਸਾਬਿਤ ਕਰਨਾ ਸੀ ਕਿ ਫਿਲਿਪ ਨੂੰ ਜਾਣਕਾਰੀ ਹੈ ਕੀ ਉਸ ਨੂੰ ਐਚਆਈਵੀ ਹੈ। ਇਸਦੇ ਬਾਵਜੂਦ ਉਹ ਅਣਗਿਣਤ ਔਰਤਾਂ ਨਾਲ ਸਬੰਧ ਬਣਾ ਰਿਹਾ ਸੀ।

ਸਿਹਤ ਵਿਭਾਗ ਵਿੱਚ ਇੱਕ ਮਹਿਲਾ ਡਾਕਟਰ ਸਾਡੀ ਮਦਦ ਕਰ ਰਹੀ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਫਿਲਿਪ ਇਲਾਜ ਲਈ ਉਨ੍ਹਾਂ ਦੇ ਕੋਲ ਆਇਆ ਸੀ। ਉਨ੍ਹਾਂ ਨੇ ਕਿਹਾ ਨਹੀਂ, ਇਸ ਨਾਮ ਦਾ ਕੋਈ ਸ਼ਖ਼ਸ ਇਲਾਜ ਲਈ ਨਹੀਂ ਆਇਆ।

ਫਿਲੀਪ ਪਹਿਲਾਂ ਤੋਂ HIV ਬਾਰੇ ਜਾਣਦਾ ਸੀ

ਫਿਰ ਮੈਨੂੰ ਯਾਦ ਆਇਆ ਕਿ ਫਿਲਿਪ ਦਾ ਇੱਕ ਨਾਮ ਫਿਲ ਵ੍ਹਾਈਟ ਵੀ ਸੀ। ਡਾਕਟਰ ਨੂੰ ਉਹ ਨਾਮ ਯਾਦ ਸੀ। ਮੈਨੂੰ ਯਾਦ ਹੈ ਕਿ 2005 ਵਿੱਚ ਫਿਲਿਪ ਕਿਡਨੀ ਸਟੋਨ ਬਾਰੇ ਦੱਸ ਕੇ ਇਲਾਜ ਕਰਵਾ ਰਿਹਾ ਸੀ, ਪਰ ਉਸੇ ਸਮੇਂ ਉਹ ਐਚਆਈਵੀ ਦੇ ਟੈਸਟ ਲਈ ਇਸ ਡਾਕਟਰ ਕੋਲ ਆਇਆ ਸੀ।

ਉਸਦੇ ਟੈਸਟ ਦਾ ਬਿੱਲ ਮੈਂ ਭਰਿਆ ਸੀ, ਇਸ ਲਈ ਮੈਨੂੰ ਉਸਦੀ ਮੈਡੀਕਲ ਰਿਪੋਰਟ ਮਿਲ ਗਈ। ਬਿੱਲ ਦੇ ਬਿਨਾਂ ਉਹ ਮੈਨੂੰ ਰਿਪੋਰਟ ਨਾ ਦਿੰਦੇ, ਕਿਉਂਕਿ ਉਸ ਵਿੱਚ ਨਿੱਜਤਾ ਦਾ ਮਾਮਲਾ ਆ ਜਾਂਦਾ।

ਐਚਆਈਵੀ ਨਾਲ ਪੀੜਤ 13 ਵਿੱਚੋਂ 5 ਔਰਤਾਂ ਨੇ ਹੀ ਅਦਾਲਤ ਵਿੱਚ ਗਵਾਹੀ ਦੇਣ ਲਈ ਹਾਮੀ ਭਰੀ। ਉਹ ਐਚਆਈਵੀ ਦੀ ਬਿਮਾਰੀ ਨੂੰ ਲੈ ਕੇ ਜਨਕਤ ਤੌਰ 'ਤੇ ਬੋਲਣਾ ਨਹੀਂ ਚਾਹੁੰਦੀਆਂ ਸਨ।

ਅਸੀਂ ਮਿਲ ਕੇ ਇੱਕ ਸਪੋਰਟ ਗਰੁੱਪ ਵੀ ਬਣਾਇਆ ਸੀ। ਅਸੀਂ ਅਕਸਰ ਘਰ ਵਿੱਚ ਮਿਲਦੇ ਸੀ ਅਤੇ ਮਿਲ ਕੇ ਕੇਸ ਲੜਿਆ।

ਕਿਉਂਕਿ ਇਸ ਮਾਮਲੇ ਨਾਲ ਜੁਰਮ ਜੁੜਿਆ ਸੀ ਤਾਂ ਸਾਨੂੰ ਟੈਕਸਸ ਦੀ ਸਰਕਾਰੀ ਮੈਡੀਕਲ ਸਹੂਲਤ ਦਿੱਤੀ।

ਮੈਨੂੰ ਅੱਜ ਵੀ ਏਡਜ਼ ਹੈ, ਪਰ ਅਸੀਂ ਮਿਲ ਕੇ ਉਸ ਵੱਲੋਂ ਦੂਜੀਆਂ ਔਰਤਾਂ ਨੂੰ ਇਹ ਬਿਮਾਰੀ ਦੇਣ ਤੋਂ ਰੋਕ ਦਿੱਤਾ।

ਫਿਲਿਪ ਨੂੰ 45 ਸਾਲ ਦੀ ਹੋਈ ਸਜ਼ਾ

2009 ਵਿੱਚ ਅਦਾਲਤ 'ਚ ਸੁਣਵਾਈ ਸ਼ੁਰੂ ਹੋਈ। ਡਿਸਟ੍ਰਿਕਟ ਅਟੌਰਨੀ ਨੇ ਸਾਨੂੰ ਕਿਹਾ ਕਿ ਤੁਹਾਡੇ ਚਰਿੱਤਰ 'ਤੇ ਵੀ ਉਹ ਸਵਾਲ ਚੁੱਕ ਸਕਦਾ ਹੈ। ਕੀ ਤੁਸੀਂ ਇਸ ਲਈ ਤਿਆਰ ਹੋ? ਪਰ ਮੈਂ ਘਬਰਾਈ ਨਹੀਂ। ਮੈਂ ਵਕੀਲ ਦੇ ਹਰ ਤਰ੍ਹਾਂ ਦੇ ਸਵਾਲ ਦਾ ਜਵਾਬ ਦਿੱਤਾ।

ਇਸ ਤੋਂ ਬਾਅਜਦ ਉਸ ਨੂੰ ਸਜ਼ਾ ਮਿਲੀ। 6 ਮਾਮਲਿਆਂ ਵਿੱਚ ਉਹ ਦੋਸ਼ੀ ਸਾਬਿਤ ਹੋਇਆ ਅਤੇ ਉਸ ਨੂੰ 45 ਸਾਲ ਦੀ ਸਜ਼ਾ ਸੁਣਾਈ ਗਈ। ਇਹ ਮੇਰੇ ਲਈ ਬਹੁਤ ਖੁਸ਼ੀ ਦਾ ਪਲ ਸੀ।

ਹਾਲਾਂਕਿ ਫਿਲਿਪ ਨੇ ਕਦੇ ਵੀ ਆਪਣੀ ਗ਼ਲਤੀ ਨਹੀਂ ਮੰਨੀ। ਉਸ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਵਾਇਰਸ ਦਿੱਤਾ।

ਇਹ ਵੀ ਪੜ੍ਹੋ:

ਸਾਨੂੰ ਇੱਕ ਔਰਤ ਮਿਲੀ ਸੀ, ਜਿਸ ਨੂੰ 1997 ਵਿੱਚ ਐਚਆਈਵੀ ਹੋ ਗਿਆ ਸੀ। ਅਸੀਂ ਇੱਕ ਮੈਡੀਕਲ ਟੈਸਟ ਵੀ ਕਰਵਾਇਆ ਸੀ ਜਿਸ ਤੋਂ ਪਤਾ ਲਗਦਾ ਹੈ ਕਿ ਅਸੀਂ ਸਾਰੀਆਂ ਔਰਤਾਂ ਵਿੱਚ ਐਚਆਈਵੀ ਦਾ ਇੱਕ ਹੀ ਸਰੋਤ ਸੀ ਅਤੇ ਉਹ ਸੀ ਫਿਲਿਪ।

ਮੈਨੂੰ ਲਗਦਾ ਹੈ ਕਿ ਫਿਲਿਪ ਜਾਣਦੇ ਹੋਏ ਵੀ ਬਹੁਤ ਪਹਿਲਾਂ ਤੋਂ ਔਰਤਾਂ ਵਿੱਚ ਐਚਆਈਵੀ ਫੈਲਾ ਰਿਹਾ ਸੀ। 2005 ਤੋਂ ਪਹਿਲਾਂ ਵੀ ਉਸ ਨੂੰ ਇਹ ਪਤਾ ਸੀ।

ਇੱਕ-ਦੂਜੇ ਦੀ ਮਦਦ ਤੋਂ ਬਿਨਾਂ ਅਸੀਂ ਪੀੜਤ ਔਰਤਾਂ ਨਿਆਂ ਹਾਸਲ ਨਹੀਂ ਕਰ ਸਕਦੀਆਂ ਸੀ। ਅਸੀਂ ਇੱਕ-ਦੂਜੇ ਦਾ ਸਾਥ ਦਿੱਤਾ ਅਤੇ ਇੱਕ-ਦੂਜੇ ਦੀ ਜਾਨ ਵੀ ਬਚਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)