ਅੰਮ੍ਰਿਤਸਰ ਰੇਲ ਹਾਦਸਾ: ਕੀ ਪ੍ਰਬੰਧਕਾਂ ਦੀ ਲਾਪਰਵਾਹੀ ਨਾਲ ਗਈਆਂ ਜਾਨਾਂ?

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ, ਅੰਮ੍ਰਿਤਸਰ ਤੋਂ

ਦੇਖਦੇ ਹੀ ਦੇਖਦੇ... ਮਹਿਜ਼ ਕੁਝ ਪਲਾਂ ਵਿੱਚ ਦਰਜਨਾਂ ਲੋਕਾਂ ਨੂੰ ਕੁਚਲਦੇ ਹੋਏ ਰੇਲਗੱਡੀ ਲੰਘ ਗਈ। ਕੁਝ ਦੇਰ ਪਹਿਲਾਂ ਤੱਕ ਜੋ ਲੋਕ ਹੱਸਦੇ-ਮੁਸਕਰਾਉਂਦੇ, ਤਾਲੀਆਂ ਵਜਾਉਂਦੇ ਰਾਵਣ ਦਹਿਨ ਦੇਖ ਰਹੇ ਸਨ, ਉਨ੍ਹਾਂ ਵਿਚੋਂ ਕਈ ਰੇਲਗੱਡੀ ਲੰਘਣ ਤੋਂ ਬਾਅਦ ਲੋਥਾਂ ਵਾਂਗ ਪਟੜੀਆਂ 'ਤੇ ਪਏ ਸਨ।

ਅੰਮ੍ਰਿਤਸਰ ਵਿੱਚ ਸ਼ੁੱਕਰਵਾਰ (19 ਅਕਤੂਬਰ 2018) ਨੂੰ ਰਾਵਣ ਦਹਿਨ ਮੌਕੇ ਹੋਏ ਦਰਦਨਾਕ ਹਾਦਸੇ ਨੇ ਸੈਂਕੜਿਆਂ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਤਿਉਹਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।

ਡਿਪਟੀ ਕਮਿਸ਼ਨਰ, ਕਮਲਦੀਪ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ 57 ਹੈ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।
  • ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।

ਸ਼ਾਮ ਤੱਕ ਇੱਕ ਹੋਰ ਵਿਅਕਤੀ ਵੱਲੋਂ ਹਸਪਤਾਲ ਵਿੱਚ ਦਮ ਤੋੜ ਜਾਣ ਕਰਕੇ ਇਹ ਗਿਣਤੀ 58 ਹੋ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ, "ਪਹਿਲੀ ਗਿਣਤੀ ਹਾਦਸੇ ਵਾਲੀ ਥਾਂ ਤੋਂ ਮਿਲੇ ਬੈਗਾਂ ਉੱਪਰ ਆਧਾਰਿਤ ਸੀ ਜਦਕਿ ਹੁਣ ਜੋ ਗਿਣਤੀ ਦੱਸੀ ਜਾ ਰਹੀ ਹੈ ਉਹ ਉਨ੍ਹਾਂ ਲਾਸ਼ਾਂ 'ਤੇ ਆਧਾਰਿਤ ਹੈ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਹੈ।"

ਲੋਕ ਮੈਦਾਨ ਦੇ ਨਾਲ ਲੱਗਦੀਆਂ ਰੇਲਵੇ ਲਾਈਨਾਂ 'ਤੇ ਖੜ੍ਹੇ ਹੋ ਕੇ ਰਾਵਣ ਦਾ ਦਹਿਨ ਦੇਖ ਰਹੇ ਸਨ ਕਿ ਇੱਕ ਰੇਲ ਗੱਡੀ ਉਨ੍ਹਾਂ ਨੂੰ ਕੁਚਲਦੀ ਹੋਈ ਨਿਕਲ ਗਈ। ਇਸ ਹਾਦਸੇ ਵਿੱਚ 59 ਲੋਕਾਂ ਦੀ ਜਾਨ ਗਈ ਅਤੇ 57 ਲੋਕ ਜਖ਼ਮੀ ਹੋ ਗਏ।

ਹਾਲਾਂਕਿ ਇਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਹਾਦਸਾ ਕਿਵੇਂ ਹੋਇਆ, ਪਰ ਹਾਦਸੇ ਦਾ ਸਪਸ਼ਟ ਕਾਰਨ ਅਜੇ ਵੀ ਇੱਕ ਅਣਸੁਲਝਿਆ ਸਵਾਲ ਹੈ।

ਕੁਝ ਲੋਕ ਰੇਲਵੇ ਨੂੰ ਦੋਸ਼ੀ ਮੰਨ ਰਹੇ ਹਨ, ਕੁਝ ਪੁਲਿਸ ਨੂੰ ਤੇ ਉੱਥੇ ਹੀ ਕਈਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਹੀ ਗ਼ਲਤੀ ਹੈ ਜੋ ਰੇਲਵੇ ਲਾਈਨ 'ਤੇ ਖੜ੍ਹੇ ਸਨ।

ਇਸ ਦੇ ਨਾਲ ਹੀ ਕੁਝ ਲੋਕਾਂ ਦਾ ਤਾਂ ਮੰਨਣਾ ਹੈ ਕਿ ਇਹ ਹਾਦਸਾ ਸਿਰਫ਼ ਤੇ ਸਿਰਫ਼ ਪ੍ਰੋਗਰਾਮ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਹੋਇਆ ਹੈ।

ਫਿਲਹਾਲ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਪ੍ਰਬੰਧਕਾਂ ਨੇ ਧੋਬੀ ਘਾਟ ਇਲਾਕੇ ਵਿੱਚ ਰਾਵਣ ਦਹਿਨ ਲਈ ਪੁਲਿਸ ਅਤੇ ਅੰਮ੍ਰਿਤਸਰ ਨਗਰ ਨਿਗਮ ਕੋਲੋਂ ਜ਼ਰੂਰੀ ਮਨਜ਼ੂਰੀ ਲਈ ਸੀ ਜਾਂ ਨਹੀਂ।

ਹਾਦਸੇ ਤੋਂ ਤੁਰੰਤ ਬਾਅਦ, ਅੰਮ੍ਰਿਤਸਰ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਧੋਬੀ ਘਾਟ 'ਚ ਦਸਹਿਰੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਦਿੱਤੀ ਸੀ।

ਹਾਲਾਂਕਿ ਸ਼ਨਿੱਚਰਵਾਰ ਨੂੰ ਡਿਪਟੀ ਕਮਿਸ਼ਨਰ (ਪੁਲਿਸ) ਅਮਰੀਕ ਸਿੰਘ ਪਵਾਰ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਦਫ਼ਤਰ ਨੇ ਇਸ ਪ੍ਰੋਗਰਾਮ ਲਈ ਸੁਰੱਖਿਆ ਦੀ ਮਨਜ਼ੂਰੀ ਦਿੱਤੀ ਸੀ ਪਰ ਇਸ ਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਜੇਕਰ ਅੰਮ੍ਰਿਤਸਰ ਨਗਰ ਨਿਗਮ ਨੇ ਉਸ ਥਾਂ 'ਤੇ ਪ੍ਰੋਗਰਾਮ ਦੀ ਮਨਜ਼ੂਰੀ ਹੀ ਨਹੀਂ ਦਿੱਤੀ ਸੀ ਤਾਂ ਪੁਲਿਸ ਵੱਲੋਂ ਦਿੱਤੀ ਗਈ ਸੁਰੱਖਿਆ ਦੀ ਮਨਜ਼ੂਰੀ ਆਪਣੇ ਆਪ ਹੀ ਖਾਰਿਜ ਹੋ ਜਾਂਦੀ ਹੈ।

ਇਹ ਵੀ ਪੜ੍ਹੋ ਅਤੇ ਦੇਖੋ

ਕਿੱਥੇ-ਕਿੱਥੇ ਗ਼ਲਤੀ ਹੋਈ?

ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਅੰਮ੍ਰਿਤਸਰ ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਗਿਰੀ ਨੇ ਮੀਡੀਆ ਨੂੰ ਸਪੱਸ਼ਟ ਕੀਤਾ, "ਅਸੀਂ ਕਿਸੇ ਪ੍ਰਕਾਰ ਦੀ ਮਨਜ਼ੂਰੀ ਨਹੀਂ ਦਿੱਤੀ ਸੀ।"

ਉੱਥੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਪ੍ਰਬੰਧਕਾਂ ਨੇ ਮਨਜ਼ੂਰੀ ਲੈਣ ਲਈ ਅਰਜ਼ੀ ਤੱਕ ਨਹੀਂ ਪਾਈ ਸੀ। ਪ੍ਰਬੰਧਕਾਂ ਲਈ ਫਾਇਰ ਬ੍ਰਿਗੇਡ ਡਿਪਾਰਟਮੈਂਟ ਕੋਲੋਂ ਵੀ ਆਗਿਆ ਲੈਣੀ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਕੋਲੋਂ ਵੀ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਪ੍ਰਬੰਧਕਾਂ ਨੇ ਇਨ੍ਹਾਂ ਵਿਚੋਂ ਕਿਸੇ ਕੋਲੋਂ ਵੀ ਮਨਜ਼ੂਰੀ ਨਹੀਂ ਲਈ ਸੀ।"

ਹਾਲਾਂਕਿ ਇਨ੍ਹਾਂ ਸਾਰੇ ਵਿਵਾਦਾਂ ਅਤੇ ਸਵਾਲਾਂ-ਜਵਾਬਾਂ ਵਿਚਾਲੇ ਇੱਕ ਚਿੱਠੀ ਸਾਹਮਣੇ ਆਈ ਹੈ, ਜੋ 15 ਅਕਤੂਬਰ ਦੀ ਹੈ।

ਦਸਹਿਰਾ ਕਮੇਟੀ ਦੇ ਪ੍ਰਧਾਨ ਸੌਰਭ ਮਦਨ ਮਿੱਠੂ ਨੇ 15 ਅਕਤੂਬਰ ਨੂੰ ਡੀਸੀਪੀ ਨੂੰ ਇੱਕ ਚਿੱਠੀ ਲਿਖੀ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਲੋਕ ਦਸਹਿਰੇ 'ਤੇ ਪ੍ਰੋਗਰਾਮ ਕਰਨ ਵਾਲੇ ਹਨ, ਜਿਸ ਵਿੱਚ ਕੈਬੀਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਹੋਣਗੇ। ਇਸ ਲਈ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਦੀ ਲੋੜ ਹੋਵੇਗੀ।

ਉਨ੍ਹਾਂ ਨੇ ਲਿਖਿਆ ਸੀ ਕਿ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਸੁਰੱਖਿਆ ਹੋਣੀ ਚਾਹੀਦੀ ਹੈ।

ਮਿੱਠੂ ਨਾਲ ਇਸ ਬਾਰੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਉਨ੍ਹਾਂ ਦਾ ਮੋਬਾਈਲ ਨੰਬਰ ਲਗਾਤਾਰ ਬੰਦ ਆ ਰਿਹਾ ਹੈ।

ਇਹ ਵੀ ਪੜ੍ਹੋ ਅਤੇ ਦੇਖੋ

ਮੋਹਕਮਪੁਰਾ ਪੁਲਿਸ ਸਟੇਸ਼ਨ ਦੇ ਐਸਐਚਓ ਵੱਲੋਂ 17 ਅਕਤੂਬਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇੱਕ ਈਮੇਲ ਮਿਲੀ ਸੀ, ਜਿਸ ਵਿੱਚ ਦਸਹਿਰਾ ਪ੍ਰੋਗਰਾਮ ਦੌਰਾਨ ਲਾਊਡਸਪੀਕਰ ਲਗਾਉਣ ਦੀ ਆਗਿਆ ਮੰਗੀ ਗਈ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਮਾਗਮ ਵਿੱਚ ਕਰੀਬ 20 ਹਜ਼ਾਰ ਲੋਕ ਸ਼ਾਮਿਲ ਹੋ ਸਕਦੇ ਹਨ ਅਤੇ ਇੱਕ ਤੈਅ ਸੀਮਾ ਦੇ ਅੰਦਰ ਹੀ ਲਾਊਡਸਪੀਕਰ ਲਗਾਉਣ ਦੀ ਆਗਿਆ ਦਿੱਤੀ ਜਾਂਦੀ ਹੈ।

ਧੋਬੀ ਘਾਟ ਇਲਾਕੇ ਵਿੱਚ ਇੱਕ ਏਕੜ ਤੋਂ ਵੀ ਘੱਟ ਜਗ੍ਹਾਂ ਵਿੱਚ ਫੈਲੇ ਇਸ ਮੈਦਾਨ ਵਿੱਚ ਕਿਸੇ ਵੀ ਸੂਰਤ 'ਚ 20 ਹਜ਼ਾਰ ਲੋਕ ਨਹੀਂ ਆ ਸਕਦੇ।

ਇਸ ਮੈਦਾਨ ਵਿੱਚ ਆਉਣ-ਜਾਣ ਲਈ ਸਿਰਫ਼ ਇੱਕ ਹੀ ਗੇਟ ਹੈ ਅਤੇ ਉਹ ਵੀ ਸਿਰਫ਼ 10 ਫੁੱਟ ਚੌੜਾ। ਮੈਦਾਨ ਦੇ ਦੂਜੇ ਪਾਸੇ ਇੱਕ ਸਟੇਜ ਤਿਆਰ ਕੀਤਾ ਗਿਆ ਸੀ ਅਤੇ ਵੀਆਈਪੀ ਮਹਿਮਾਨਾਂ ਦੇ ਆਉਣ-ਜਾਣ ਦਾ ਪ੍ਰਬੰਧ ਸਟੇਜ ਦੇ ਪਿੱਛੇ ਹੀ ਸੀ।

ਪ੍ਰਬੰਧਕਾਂ ਨੇ ਰੇਲਵੇ ਟਰੈਕ ਵੱਲ ਮੂੰਹ ਕਰਕੇ ਇੱਕ ਵੱਡਾ ਐਲਈਡੀ ਟੀਵੀ ਲਗਾਇਆ ਹੋਇਆ ਸੀ, ਜਿਸ 'ਤੇ ਲੋਕ ਰਾਵਣ ਦਹਿਨ ਦੇਖ ਰਹੇ ਸਨ।

ਜਾਂਚ

ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਪੁਲਿਸ ਅਧਿਕਾਰੀ ਖ਼ੁਦ ਇਸ ਪੂਰੇ ਪ੍ਰੋਗਰਾਮ ਦੀ ਦੇਖਰੇਖ ਕਰ ਰਹੇ ਸਨ।

ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਪੰਜਾਬ ਪੁਲਿਸ ਮੁੱਖੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਰੇਲਵੇ ਦੇ ਐਡੀਸ਼ਨਲ ਡੀਜੀਪੀ ਨੇ ਇਸ ਮਾਮਲੇ ਦੀ ਜਾਂਚ ਕਮੇਟੀ ਬਣਾਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਦਾ ਪਾਲਣ ਕਰਦਿਆਂ ਪੰਜਾਬ ਦੇ ਗ੍ਰਹਿ-ਮੰਤਰਾਲੇ ਨੇ ਇੱਕ ਸੂਚਨਾ ਜਾਰੀ ਕਰਦਿਆਂ ਹੋਇਆ ਜਲੰਧਰ ਦੇ ਕਮਿਸ਼ਨਰ ਬਲਦੇਵ ਪੁਰੂਸ਼ਾਰਥ ਨੂੰ ਅੰਮ੍ਰਿਤਸਰ ਹਾਦਸੇ ਦੀ ਮੈਜਿਸਟ੍ਰੈਟ ਪੱਧਰ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ ਅਤੇ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)