ਅਫਗਾਨਿਸਤਾਨ ਚੋਣਾਂ : ਲੱਖਾਂ ਵੋਟਰਾਂ ਨੇ ਬੁਲੇਟ ਨੂੰ ਦਿਖਾਈ ਬੈਲੇਟ ਦੀ ਤਾਕਤ

ਅਫਗਾਨਿਸਤਾਨ ਵਿੱਚ ਲੰਬੇ ਸਮੇਂ ਬਾਅਦ ਹੋਈਆਂ ਸੰਸਦੀ ਚੋਣਾਂ ਵਿੱਚ ਲੱਖਾਂ ਲੋਕਾਂ ਨੇ ਜਾਨਲੇਵਾ ਹਮਲਿਆਂ ਦੇ ਬਾਵਜੂਦ ਆਪਣੇ ਜਮਹੂਰੀ ਹੱਕਾਂ ਦੀ ਵਰਤੋਂ ਕੀਤੀ।

ਪੂਰੇ ਮੁਲਕ ਵਿੱਚ ਕਈ ਪੋਲਿੰਗ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਦਰਜਨਾਂ ਲੋਕਾਂ ਦੀ ਜਾਨ ਗਈ ਅਤੇ ਕਈ ਜ਼ਖਮੀ ਹੋਏ।

250 ਸੀਟਾਂ ਲਈ ਔਰਤਾਂ ਸਮੇਤ 2,500 ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਸਨ।

ਹਿੰਸਾ ਦਾ ਪੱਧਰ ਕੀ ਰਿਹਾ?

  • ਪੋਲਿੰਗ ਸਟੇਸ਼ਨਾਂ ਉੱਤੇ ਹਿੰਸਾ ਅਤੇ ਹਮਲਿਆਂ ਦੀਆਂ ਦਰਜਨਾਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਕਈ ਮੌਤਾਂ ਹੋਈਆਂ।
  • ਕਾਬੁਲ ਵਿੱਚ ਆਤਮਘਾਤੀ ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ।
  • ਖ਼ਬਰ ਏਜੰਸੀ ਏਐਫਲਪੀ ਮੁਤਾਬਕ ਕਾਬੁਲ ਵਿੱਚ ਹੀ ਇੱਕ ਹੋਰ ਘਟਨਾ ਵਿੱਚ ਤਿੰਨ ਲੋਕ ਹਲਾਕ ਹੋ ਗਏ 30 ਲੋਕ ਜ਼ਖਮੀ ਹੋ ਗਏ।
  • ਖ਼ਬਰ ਏਜੰਸੀ ਐਸੋਸੀਏਟਡ ਪ੍ਰੈੱਸ ਮੁਤਾਬਕ ਰਾਜਧਾਨੀ ਦੇ ਉੱਤਰੀ-ਦੱਖਣੀ ਇਲਾਕੇ ਵਿੱਚ ਬੰਬ ਨੂੰ ਨਾਕਾਮ ਕਰਦੇ ਹੋਏ ਦੋ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ।
  • ਕੁੰਦੂਜ਼ ਸ਼ਹਿਰ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਅਤੇ 50 ਲੋਕ ਜ਼ਖਮੀ ਹੋ ਗਏ।
  • ਰੱਖਿਆ ਮੰਤਰੀ ਮੁਤਾਬਕ ਚੋਣਾਂ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ 70, 000 ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ।

'ਅਸੀਂ ਤਾਲਿਬਾਨ ਨੂੰ ਜਿੱਤਣ ਨਹੀਂ ਦੇਵਾਂਗੇ'

ਕਾਬੁਲ ਵਿੱਚ ਬੀਬੀਸੀ ਪੱਤਰਕਾਰ ਲਾਇਸੇ ਡੌਸੇਟ ਨੇ ਇਨ੍ਹਾਂ ਚੋਣਾਂ ਉੱਤੇ ਨਜ਼ਦੀਕੀ ਨਜ਼ਰ ਰੱਖੀ।

ਅਫ਼ਗਾਨਿਸਤਾਨ ਵਿੱਚ ਚੋਣਾਂ ਵੇਲੇ ਵੋਟਾਂ ਪਾਉਣਾ ਬਹਾਦਰੀ ਦਾ ਕੰਮ ਹੈ। ਅਸੀਂ ਉਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਗਏ ਜਿੱਥੇ ਅਸੀਂ 2014 ਵਿੱਚ ਗਏ ਸੀ। ਇਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਇਸ ਵਾਰ ਜ਼ਿਆਦਾ ਭੀੜ ਸੀ, ਲਾਈਨਾਂ ਹੋਰ ਵੀ ਲੰਬੀਆਂ ਸਨ।

ਵੋਟ ਦੇਣ ਆਈਆਂ ਔਰਤਾਂ ਵਿੱਚ ਉਤਸਾਹ ਹੋਰ ਵੀ ਜ਼ਿਆਦਾ ਦੇਖਣ ਨੂੰ ਮਿਲਿਆ। ਕਈ ਅਫਗਾਨਾਂਕਾਂ ਨੇ ਦੱਸਿਆ, ''ਅਸੀਂ ਤਾਲਿਬਾਨ ਨੂੰ ਜਿੱਤਣ ਨਹੀਂ ਦੇਵਾਂਗੇ।''

ਇਹ ਚੋਣਾਂ ਮਹੱਤਵਪੂਰਨ ਕਿਉਂ ਹਨ?

ਅਫਗਾਨਿਸਤਾਨ ਵਿੱਚ ਜ਼ਿਆਦਾਤਰ ਲੋਕ ਚੰਗੀ ਜ਼ਿੰਦਗੀ, ਰੁਜ਼ਗਾਰ, ਸਿੱਖਿਆ ਅਤੇ ਤਾਲੀਬਾਨ ਨਾਲ ਜੰਗ ਖ਼ਤਮ ਹੋਣ ਦੇ ਹਾਮੀ ਹਨ।

ਇਨ੍ਹਾਂ ਚੋਣਾਂ ਵਿੱਚ ਬਹੁਤੇ ਉਮੀਦਵਾਰ ਨੌਜਵਾਨ ਅਤੇ ਪੜ੍ਹੇ ਲਿਖੇ ਹਨ। ਉਥਲ-ਪੁਥਲ ਵਾਲੇ ਇਸ ਮੁਲਕ ਵਿੱਚ ਉਹ ਬਦਲਾਅ ਲਿਆਉਣ ਦੀ ਗੱਲ ਕਰ ਰਹੇ ਹਨ।

ਹਾਲਾਂਕਿ ਚੋਣਾਂ ਪੰਜ ਸਾਲ ਪੂਰੇ ਹੋਣ 'ਤੇ ਸਾਲ 2015 ਵਿੱਚ ਹੀ ਹੋ ਜਾਣੀਆਂ ਚਾਹੀਦੀਆਂ ਸਨ। ਪਰ 2014 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਹੋਏ ਵਿਵਾਦ ਕਾਰਨ ਮੁਲਕ ਵਿੱਚ ਅੰਦਰੂਨੀ ਜੰਗ ਛਿੜ ਗਈ।

ਅਫਗਾਨਿਸਤਾਨ ਵਿੱਚ ਅਸਲ ਤਾਕਤ ਤਾਂ ਰਾਸ਼ਟਰਪਤੀ ਦੇ ਹੱਥਾਂ ਵਿੱਚ ਹੀ ਹੁੰਦੀ ਹੈ। ਇਨ੍ਹਾਂ ਚੋਣਾਂ ਨੂੰ ਅਪਰੈਲ 2019 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਲਈ ਇਮਤਿਹਾਨ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ ਅਤੇ ਦੇਖੋ

ਅਫਗਾਨਿਸਤਾਨ ਦੇ ਸਿੱਖਾਂ ਨਾਲ ਜੁੜੀਆਂ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)