You’re viewing a text-only version of this website that uses less data. View the main version of the website including all images and videos.
ਅੰਮ੍ਰਿਤਸਰ ਰੇਲ ਹਾਦਸਾ꞉ ਦਸਹਿਰਾ ਸਮਾਗਮ ਦੀ ਇਜਾਜ਼ਤ ਕਿਸ ਨੇ ਦਿੱਤੀ ਸੀ?
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ
ਅੰਮ੍ਰਿਤਸਰ ਵਿੱਚ ਰਾਵਣ ਦਹਿਨ ਮੌਕੇ ਹੋਏ ਹਾਦਸੇ ਬਾਰੇ ਸਭ ਤੋਂ ਵੱਡਾ ਸਵਾਲ ਇਹੀ ਕੀਤਾ ਜਾ ਰਿਹਾ ਹੈ ਕੀ ਜੌੜਾ ਫਾਟਕ ਨਜ਼ਦੀਕ ਧੋਬੀ ਘਾਟ ਵਿੱਚ ਹੋਏ ਦਸਹਿਰੇ ਦੇ ਪ੍ਰੋਗਰਾਮ ਦੀ ਪ੍ਰਬੰਧਕਾਂ ਨੇ ਨਗਰ ਨਿਗਮ ਅਤੇ ਪ੍ਰਸ਼ਾਸ਼ਨ ਤੋਂ ਇਜਾਜ਼ਤ ਨਹੀਂ ਲਈ ਸੀ?
ਇਸ ਘਟਨਾ ਤੋਂ ਬਾਆਦ ਇਸ ਬਾਰੇ ਤੁਰੰਤ ਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ ਡੀਸੀਪੀ ਪਵਾਰ ਨੇ ਦੱਸਿਆ ਸੀ, "ਪੁਲਿਸ ਨੇ ਇਸ ਸਮਾਗਮ ਦੀ ਆਗਿਆ ਦੇ ਦਿੱਤੀ ਸੀ ਪਰ ਸ਼ਰਤ ਇਹ ਸੀ ਕਿ ਇਸ ਸਮਾਗਮ ਬਾਰੇ ਅੰਮ੍ਰਿਤਸਰ ਨਗਰ ਨਿਗਮ ਤੋਂ ਵੀ ਇਸ ਦੀ ਇਜਾਜ਼ਤ ਲੈ ਲਈ ਜਾਵੇ। ਜੇ ਨਗਰ ਨਿਗਮ ਇਹ ਆਗਿਆ ਨਹੀਂ ਦਿੰਦਾ ਤਾਂ ਪੁਲਿਸ ਸੁਰੱਖਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।"
ਇਹ ਵੀ ਪੜ੍ਹੋ ਅਤੇ ਦੇਖੋ:
ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉
- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
- ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।
- ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
- ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।
- ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
- ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
- ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।
ਇਸ ਹਾਦਸੇ ਤੋਂ ਦੋ ਦਿਨਾਂ ਬਾਅਦ ਮਿੱਠੂ ਮਦਾਨ ਜੋ ਇਸ ਦਸਹਿਰਾ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਸੀ ਨੇ ਸੋਸ਼ਲ ਮੀਡੀਆ ਉੱਪਰ ਦੋ ਮਿੰਟ 14 ਸਕਿੰਟਾਂ ਦਾ ਇੱਕ ਵੀਡੀਓ ਸਾਂਝਾ ਕੀਤਾ।
ਇਸ ਵੀਡੀਓ ਵਿੱਚ ਮਿੱਠੂ ਮਦਾਨ ਨੇ ਕਿਹਾ, "ਰਾਵਨ ਦੇ ਆਲੇ-ਦੁਆਲੇ ਵੀਹ ਫੁੱਟ ਦਾ ਘੇਰਾ ਵੀ ਬਣਾਇਆ ਹੋਇਆ ਸੀ। ਕਿਸੇ ਤਰ੍ਹਾਂ ਦੀ ਵੀ ਆਪਾਂ ਆਪਣੇ ਵੱਲੋਂ ਕੋਈ ਕਮੀ ਨਹੀਂ ਸੀ ਛੱਡੀ। ਪੰਜਾਹ ਤੋਂ ਸੌ ਪੁਲਿਸ ਵਾਲੇ ਉੱਥੇ ਸਨ। ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਅਤੇ ਪਾਣੀ ਦੇ ਟੈਂਕਰ ਵੀ ਆਏ ਹੋਏ ਸਨ।"
"ਜੋ ਪ੍ਰੋਗਰਾਮ ਕੀਤਾ ਗਿਆ ਉਹ ਦਸਹਿਰਾ ਗਰਾਊਂਡ ਦੀ ਚਾਰਦਿਵਾਰੀ ਦੇ ਅੰਦਰ ਸੀ ਨਾ ਕਿ ਰੇਲਵੇ ਲਾਈਨਾਂ ਉੱਪਰ। ਲਾਈਨਾਂ 'ਤੇ ਤਦ ਹੁੰਦਾ ਜੇ ਆਪਾਂ ਕੁਰਸੀਆਂ ਉੱਥੇ ਲਾਈਆਂ ਹੁੰਦੀਆਂ।"
ਇਸ ਦੌਰਾਨ ਮਿੱਠੂ ਨੇ ਸਾਰੀਆਂ ਇਜਾਜ਼ਤਾਂ ਲੈਣ ਦੀ ਗੱਲ ਵੀ ਕਹੀ।
ਇਸ ਬਾਰੇ ਧੁੰਦ ਸਾਫ਼ ਕਰਦਿਆਂ ਨਗਰ ਨਿਗਮ ਦੀ ਕਮਿਸ਼ਨਰ ਸੋਨਾਲੀ ਨੇ ਦੱਸਿਆ, ਅਸੀਂ ਅਜਿਹੇ ਕਿਸੇ ਪ੍ਰੋਗਰਾਮ ਦੀ ਇਜਾਜ਼ਤ ਨਹੀਂ ਦਿੱਤੀ।
ਕਾਰਪੋਰੇਸ਼ਨ ਤੋਂ ਫਾਇਰ ਬ੍ਰਿਗੇਡ ਅਤੇ ਪਾਣੀ ਦੇ ਟੈਂਕਰ ਭੇਜਣ ਬਾਰੇ ਉਨ੍ਹਾਂ ਕਿਹਾ, " ਉੱਥੇ ਕੋਈ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨਹੀਂ ਦਿੱਤਾ ਗਿਆ। ਰਹੀ ਗੱਲ ਪਾਣੀ ਦੇ ਟੈਂਕ ਦੀ ਤਾਂ ਉਹ ਅਸੀਂ ਹਲਕੇ ਦੇ ਐਮਸੀ ਦੇ ਕਹਿਣ 'ਤੇ ਦਿੱਤੇ ਸਨ। ਸਾਨੂੰ ਇਸ ਪ੍ਰੋਗਰਾਮ ਬਾਰੇ ਨਹੀਂ ਦੱਸਿਆ ਗਿਆ। ਇਸ ਬਾਰੇ ਨਾ ਹੀ ਜ਼ਬਾਨੀ ਅਤੇ ਨਾ ਹੀ ਲਿਖਿਤ ਆਗਿਆ ਦਿੱਤੀ ਗਈ।"
ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਕੂ ਨੇ ਕਿਹਾ, " ਪ੍ਰਬੰਧਕਾਂ ਨੇ ਇਸ ਪ੍ਰੋਗਰਾਮ ਲਈ ਅਰਜੀ ਤੱਕ ਨਹੀਂ ਦਿੱਤੀ। ਅਜਿਹੇ ਸਮਾਗਮਾਂ ਲਈ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਤੋਂ ਵੀ ਆਗਿਆ ਲੈਣੀ ਪੈਂਦੀ ਹੈ। ਜਿਹੜੀ ਪ੍ਰਬੰਧਕਾਂ ਨੇ ਨਹੀਂ ਲਈ ਗਈ।"
ਇਸੇ ਵਿਵਾਦ ਵਿਚਕਾਰ 15 ਅਕਤੂਬਰ ਦੀ ਇੱਕ ਚਿੱਠੀ ਸਾਹਮਣੇ ਆਈ, ਜਿਸ ਵਿੱਚ ਮਿੱਠੂ ਮਦਾਨ ਨੇ ਅੰਮ੍ਰਿਤਸਰ ਦੇ ਡੀਸੀਪੀ ਤੋਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਲਈ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ।
ਦੂਸਰੀ ਚਿੱਠੀ ਵਿੱਚ ਪੁਲਿਸ ਸਟੇਸ਼ਨ ਮੋਹਕਮਪੁਰ ਨੇ ਪ੍ਰਬੰਧਕਾਂ ਨੂੰ ਸਮਾਗਮ ਦੀ ਆਗਿਆ ਦੇ ਦਿੱਤੀ ਸੀ। ਸ਼ਰਤ ਇਹ ਲਾਈ ਗਈ ਸੀ ਕਿ ਉਹ ਲਾਊਡ ਸਪੀਕਰਾਂ ਦੀ ਵਰਤੋਂ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨਗੇ।
ਇਸ ਸਮਾਗਮ ਵਿੱਚ 20 ਹਜ਼ਾਰ ਦੇ ਇਕੱਠ ਦੀ ਆਗਿਆ ਦਿੱਤੀ ਗਈ ਸੀ।
ਹਾਲਾਂਕਿ ਅਹਿਮ ਗੱਲ ਇਹ ਵੀ ਹੈ ਕਿ ਇੱਕ ਏਕੜ ਤੋਂ ਵੀ ਘੱਟ ਖੇਤਰਫਲ ਵਾਲੇ ਧੋਬੀਘਾਟ ਮੈਦਾਨ ਵਿੱਚ 20 ਹਜ਼ਾਰ ਲੋਕ ਉਸਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਹਨ। ਮੈਦਾਨ ਦਾ ਇੱਕ ਹੀ ਗੇਟ ਜੋ ਕਰੀਬ 10 ਫੁੱਟ ਚੌੜਾ ਹੈ। ਪ੍ਰੋਗਰਾਮ ਲਈ ਵੀਆਈਪੀ ਐਂਟਰੀ ਪਿਛਲੇ ਪਾਸੇ ਤੋਂ ਤਿਆਰ ਕੀਤੀ ਗਈ ਸੀ।
ਲੋਕਾਂ ਦੀ ਸਹੂਲਤ ਲਈ ਮੈਦਾਨ ਵਿੱਚ ਇੱਕ ਵੱਡੀ ਐਲਈਡੀ ਸਕਰੀਨ ਰੇਲਵੇ ਲਾਈਨ ਵੱਲ ਲਾਈ ਗਈ ਸੀ। ਵੱਡੀ ਗਿਣਤੀ ਵਿੱਚ ਲੋਕ ਰੇਲਵੇ ਲਾਈਨਾਂ ਉੱਪਰ ਖੜ੍ਹੇ ਹੋ ਕੇ ਸਕਰੀਨ ਉੱਪਰ ਹੀ ਪ੍ਰੋਗਰਾਮ ਦੇਖ ਰਹੇ ਸਨ।
ਅੰਮ੍ਰਿਤਸਰ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਜੀਆਰਪੀ ਅੰਮ੍ਰਿਤਸਰ ਪੁਲਿਸ ਸਟੇਸ਼ਨ ਵਿੱਚ 19 ਅਕਤੂਬਰ ਨੂੰ ਦਰਜ ਐਫਆਈਆਰ ਨੰਬਰ 169 ਵਿੱਚ ਅਣਪਛਾਤੇ ਵਿਅਕਤੀਆਂ ਉੱਪਰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 304,304-ਏ, 337, 338 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਦੂਸਰੇ ਪਾਸੇ ਰੇਲਵੇ ਪੁਲਿਸ ਦੇ ਐਡੀਸ਼ਨਲ ਨਿਰਦੇਸ਼ਕ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਐਸਆਈਟੀ ਬਣਾਈ ਗਈ ਹੈ। ਜੋ ਇਸ ਮਾਮਲੇ ਵਿੱਚ ਰੇਲਵੇ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ।
ਇਹ ਵੀ ਪੜ੍ਹੋ