ਖਾਪ ਪੰਚਾਇਤ꞉ ਹਮ-ਜਿਣਸੀ ਵਿਆਹ ਮਨੁੱਖੀ ਨਸਲ ਲਈ ਖ਼ਤਰਾ

    • ਲੇਖਕ, ਸਤ ਸਿੰਘ
    • ਰੋਲ, ਰੋਹਤਕ ਤੋਂ ਬੀਬੀਸੀ ਪੰਜਾਬੀ ਲਈ

"ਜੇ ਕੋਈ ਮਰਦ ਆਪਸ ਵਿੱਚ ਅਤੇ ਔਰਤਾਂ ਆਪਸ ਵਿੱਚ ਵਿਆਹ ਕਰਵਾਉਣਗੀਆਂ ਤਾਂ ਇਨਸਾਨੀ ਨਸਲ ਅੱਗੇ ਕਿਵੇਂ ਵਧੇਗੀ? ਇਸ ਨਾਲ ਵਿਆਹ ਦੀ ਪਵਿਤਰਤਾ ਖ਼ਤਮ ਹੋ ਜਾਵੇਗੀ।"

ਇਹ ਸ਼ਬਦ ਹਰਿਆਣਾ ਦੀਆਂ ਖਾਪ ਪੰਚਾਇਤਾਂ ਵਿੱਚੋਂ ਇੱਕ ਦੇ ਮੁਖੀ ਓਮ ਪ੍ਰਕਾਸ਼ ਨਾਂਦਲ ਨੇ ਸੁਪਰੀਮ ਕੋਰਟ ਦੇ ਹਮ-ਜਿਣਸੀ ਵਿਆਹਾਂ ਅਤੇ ਅਡਲਟਰੀ ਕਾਨੂੰਨ ਬਾਰੇ ਆਏ ਫੈਸਲੇ ਦੀ ਪ੍ਰਤੀਕਿਰਿਆ ਵਜੋਂ ਕਹੇ।

ਉਹ ਰੋਹਤਕ ਵਿੱਚ ਬੈਠੀ 61 ਪਿੰਡਾਂ ਦੀ ਖਾਪ ਪੰਚਾਇਤ ਵਿੱਚ ਸ਼ਨਿੱਚਰਵਾਰ ਨੂੰ ਬੋਲ ਰਹੇ ਸਨ।

ਇਹ ਵੀ ਪੜ੍ਹੋ:

ਇਸ ਪੰਚਾਇਤ ਵਿੱਚ ਉਪਰੋਕਤ ਦੋਹਾਂ ਫੈਸਲਿਆਂ ਨੂੰ ਖਾਪ ਸੱਭਿਆਚਾਰ ਅਤੇ ਇੱਜ਼ਤ ਉੱਪਰ ਸਿੱਧਾ ਹਮਲਾ ਦੱਸਿਆ ਗਿਆ।

ਪੰਚਾਇਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਇਨ੍ਹਾਂ ਮਾਮਲਿਆਂ ਬਾਰੇ ਸੰਸਦ ਵਿੱਚ ਇੱਕ ਆਰਡੀਨੈਂਸ ਲੈ ਕੇ ਆਉਣ।

ਉਨ੍ਹਾਂ ਕਿਹਾ, ''ਇਹ ਦੋਵੇਂ ਫੈਸਲੇ ਨੌਜਵਾਨਾਂ ਦਾ ਦਿਮਾਗ ਖ਼ਰਾਬ ਕਰਨਗੇ ਅਤੇ ਉਹ ਅਜਿਹੇ ਕੰਮ ਕਰਨੇ ਸ਼ੁਰੂ ਕਰ ਦੇਣਗੇ ਜੋ ਗੈਰ-ਕੁਦਰਤੀ ਹੋਣ ਦੇ ਨਾਲ-ਨਾਲ ਸਮਾਜਿਕ ਪੱਖੋਂ ਪ੍ਰਵਾਨ ਵੀ ਨਹੀਂ ਹੋਣਗੇ।''

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਸਾਥੀ ਨਾਲ ਬੇਵਫਾਈ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨ ਦੇ ਘੇਰੇ ਤੋਂ ਬਾਹਰ ਰੱਖਣ ਨਾਲ ਲੋਕ ਸ਼ਰੇਆਮ ਇੱਕ ਦੂਸਰੇ ਨੂੰ ਧੋਖਾ ਦੇਣਗੇ ਜਿਸ ਕਰਕੇ ਜੁਰਮ ਵਧੇਗਾ ਅਤੇ ਦੁਖਾਂਤ ਵਾਪਰਨਗੇ।

ਅਡਲਟਰੀ ਕਾਨੂੰਨ ਬਾਰੇ ਉਨ੍ਹਾਂ ਕਿਹਾ, "ਪਰਿਵਾਰ ਟੁੱਟਣਗੇ ਕਿਉਂਕਿ ਪਤੀ ਬਿਨਾਂ ਕਾਨੂੰਨ ਦੀ ਪ੍ਰਵਾਹ ਦੇ ਪਤਨੀਆਂ ਨਾਲ ਧੋਖਾ ਕਰਨਗੇ। ਧੋਖਾ ਦੇਣਾ ਆਪਣੇ-ਆਪ ਵਿੱਚ ਅਨੈਤਿਕ ਕੰਮ ਹੈ ਅਤੇ ਸਾਡੇ ਸਮਾਜ ਨੂੰ ਅੰਨ੍ਹੇਵਾਹ ਆਧੁਨਿਕਤਾ ਦੇ ਨਾਂ ਹੇਠ ਪੱਛਮੀਂ ਦੇਸਾਂ ਦੇ ਤਰਜ਼ 'ਤੇ ਜਿੰਦਗੀ ਨਹੀਂ ਅਪਣਾਉਣੀ ਚਾਹੀਦੀ।"

ਓਮ ਪ੍ਰਕਾਸ਼ ਨੇ ਸਪਸ਼ਟ ਕੀਤਾ ਕਿ ਉਹ ਸੁਪਰੀਮ ਕੋਰਟ ਪਰ ਉੱਤਰੀ ਭਾਰਤ ਦੇ ਰੀਤ-ਰਿਵਾਜ਼ ਦੱਖਣੀ ਭਾਰਤ ਨਾਲੋਂ ਵੱਖਰੇ ਹਨ। ਸਭਿਆਚਾਰਾਂ ਅਤੇ ਰਵਾਇਤਾਂ ਨੂੰ ਅਪਨਾਉਣ ਵਿੱਚ ਵੱਡਾ ਫਰਕ ਹੈ।

ਲਿਵ-ਇਨ ਰਿਲੇਸ਼ਨਸ਼ਿਪ ਬਾਰੇ ਵੀ ਸਵਾਲ

ਖਾਪ ਪੰਚਾਇਤਾਂ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੇ ਜੋੜਿਆਂ ਦੀ ਕਾਨੂੰਨੀ ਮਾਨਤਾ ਬਾਰੇ ਵੀ ਸਵਾਲ ਚੁੱਕੇ।

ਖਾਪ ਆਗੂਆਂ ਨੇ ਕਿਹਾ ਕਿ ਅਜਿਹੇ ਜੋੜਿਆਂ ਲਈ "ਸਾਥੀ ਬਦਲਣ ਦੀ ਥਾਂ ਵਿਆਹ ਕਰਵਾਉਣ ਲਈ ਛੇ ਮਹੀਨਿਆਂ ਦੀ ਸਮਾਂ-ਹੱਦ ਮਿੱਥੀ ਜਾਣੀ ਚਾਹੀਦੀ ਹੈ।"

ਨਾਂਦਲ ਖਾਪ ਦੇ ਬੁਲਾਰੇ ਦੇਵਰਾਜ ਨਾਂਦਲ ਨੇ ਦੱਸਿਆ ਖਾਪ ਨੇ ਇਨ੍ਹਾਂ ਤਿੰਨਾਂ ਮੁੱਦਿਆਂ ਬਾਰੇ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਹਨ; ਖ਼ਾਸ ਕਰਕੇ ਅਡਲਟਰੀ ਕਾਨੂੰਨ ਦੇ ਖਾਤਮੇ, ਹਮ-ਜਿਣਸੀ ਸੰਬੰਧਾਂ ਅਤੇ ਲਿਵ-ਇਨ ਰਿਸ਼ਤਿਆਂ ਉੱਪਰ ਕੁੰਡਾ ਰੱਖਣ ਬਾਰੇ।

"ਨਾਂਦਲ ਖਾਪ ਕਿਸੇ ਵਿਅਕਤੀ ਦੀ ਕਿਸੇ ਕਿਸਮ ਦੀ ਆਜ਼ਾਦੀ ਦੇ ਖਿਲਾਫ਼ ਨਹੀਂ ਹੈ ਪਰ ਵਿਸ਼ਾਲ ਅਰਥਾਂ ਵਿੱਚ ਇਹ ਇੱਕ ਸਮਾਜਿਕ ਮੁੱਦਾ ਹੈ।"

ਦੇਵਰਾਜ ਨੇ ਕਿਹਾ ਕਿ ਇਨ੍ਹਾਂ ਰਿਸ਼ਤਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਅਣ-ਵਿਆਹੇ ਔਰਤਾਂ ਅਤੇ ਮਰਦਾਂ ਦੇ ਹੋਣਗੇ।

ਇਹ ਵੀ ਪੜ੍ਹੋ꞉

ਉਨ੍ਹਾਂ ਕਿਹਾ, "ਅਜਿਹੇ ਬੱਚਿਆਂ ਨੂੰ ਜਾਇਦਾਦ ਉੱਪਰ ਆਪਣਾ ਜਾਇਜ਼ ਹੱਕ ਸਾਬਤ ਕਰਨ ਵਿੱਚ ਦਿੱਕਤ ਹੋਵੇਗੀ ਅਤੇ ਉਹ ਆਪਣੇ ਮਾਪਿਆਂ ਦੇ ਮਾੜੇ-ਕਰਮਾਂ ਦੀ ਸ਼ਰਮਿੰਦਗੀ ਵਿੱਚ ਜਿਉਣਗੇ।

ਨਾਂਦਲ ਖਾਪ ਨੇ ਚੇਤਾਵਨੀ ਦਿੱਤੀ ਕਿ ਜੇ ਪ੍ਰਧਾਨ ਮੰਤਰੀ ਦਫ਼ਤਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਨੂੰ ਸੂਬੇ ਅਤੇ ਇਸ ਤੋਂ ਬਾਹਰ ਇੱਕ ਵੱਡਾ ਸੰਘਰਸ਼ ਵਿਢਣਾ ਪਵੇਗਾ।

ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)