ਦਿਲ ਦੇ 2 ਦੌਰੇ ਝੱਲ ਕੇ ਇੱਕ ਸਾਲ ਦੀ ਹੋਈ ਇਸ ਬੱਚੀ ਨੂੰ ਡਾਕਟਰਾਂ ਨੇ ਦੱਸਿਆ 'ਕਰਿਸ਼ਮਾ'

ਸਮੇਂ ਤੋਂ ਪਹਿਲਾਂ ਜੰਮੀ ਲੇਸੀ ਦੇ ਦਿਲ ਦੀ ਧੜਕਨ ਜਨਮ ਤੋਂ ਬਾਅਦ 22 ਮਿੰਟਾਂ ਤੱਕ ਬੰਦ ਰਹੀ ਸੀ। ਲੇਸੀ ਹੁਣ ਇੱਕ ਸਾਲ ਦੀ ਹੋ ਗਈ ਹੈ ਜਿਸ ਕਰਕੇ ਡਾਕਟਰਾਂ ਨੇ ਇਸ ਬੱਚੀ ਨੂੰ ਕ੍ਰਿਸ਼ਮਾ ਆਖਿਆ ਸੀ।

ਲੇਸੀ ਸ਼ੇਰੀਫ਼ ਦਾ ਜਨਮ ਗਰਭ ਦੇ 27ਵੇਂ ਹਫ਼ਤੇ ਵਿੱਚ ਹੀ ਹੋ ਗਿਆ ਸੀ। ਜਨਮ ਸਮੇਂ ਉਸਦਾ ਵਜ਼ਨ ਮਹਿਜ 635 ਗ੍ਰਾਮ ਸੀ। ਉਹ ਸਿਰਫ਼ ਪੰਜ ਦਿਨਾਂ ਦੀ ਸੀ ਜਦੋਂ ਦੋ ਵਾਰ ਦਿਲ ਦਾ ਦੌਰਾ ਪੈਣ ਕਰਕੇ ਉਸਦਾ ਐਮਰਜੈਂਸੀ ਵਿੱਚ ਆਪ੍ਰੇਸ਼ਨ ਕਰਨਾ ਪਿਆ।

ਮਾਪਿਆਂ ਦੀ ਉਮੀਦ ਖ਼ਤਮ ਹੋ ਰਹੀ ਸੀ, ਪਰ ਉਨ੍ਹਾਂ ਦੀ ਬੇਟੀ ਮੌਤ ਨਾਲ ਲੜ ਕੇ ਵਾਪਸ ਆ ਗਈ।

ਲੰਡਨ ਦੇ ਸੇਂਟ ਜੌਰਜ਼ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਲੇਸੀ ਵੱਡੀ ਹੋ ਕੇ ਇੱਕ ਆਮ ਜ਼ਿੰਦਗੀ ਬਤੀਤ ਕਰ ਸਕਦੀ ਹੈ।

ਲੇਸੀ ਦਾ ਜਨਮ ਸੇਂਟ ਪੀਟਰਜ਼ ਹਸਪਤਾਲ ਵਿੱਚ ਵੱਡੇ ਅਪਰੇਸ਼ਨ ਨਾਲ ਹੋਇਆ ਸੀ। ਪੰਜ ਦਿਨਾਂ ਬਾਅਦ ਹੀ ਉਸ ਨੂੰ ਅੰਤੜੀਆਂ ਦੀ ਬਿਮਾਰੀ(ਨੈਕਰੋਟਾਇਜ਼ਿੰਗ ਐਂਟੈਰੋਕੋਲਾਈਟਿਸ) ਕਰਨ ਸੇਂਟ ਜੌਰਜਜ਼ ਹਸਪਤਾਲ ਭੇਜ ਦਿੱਤਾ ਗਿਆ।

ਉੱਥੇ ਡਾਕਟਰਾਂ ਨੂੰ ਤੁਰੰਤ ਲੇਸੀ ਦਾ ਅਪਰੇਸ਼ਨ ਕਰਨਾ ਪਿਆ।

ਇਹ ਵੀ ਪੜ੍ਹੋ

ਇਸ ਅਪਰੇਸ਼ਨ ਦੌਰਾਨ ਉਸਦਾ ਦਿਲ 12 ਮਿੰਟ ਲਈ ਧੜਕਣਾ ਬੰਦ ਹੋ ਗਿਆ, ਪਰ ਡਾਕਟਰ ਕਿਸੇ ਤਰ੍ਹਾਂ ਉਸਦੀ ਹਾਲਤ ਨੂੰ ਸਥਿਰ ਕਰਨ ਵਿਚ ਕਾਮਯਾਬ ਰਹੇ। ਇਸ ਤੋਂ ਬਾਅਦ ਇੱਕ ਵਾਰ ਫਿਰ ਉਸ ਦਾ ਦਿਲ 10 ਮਿੰਟ ਲਈ ਰੁਕ ਗਿਆ।

'ਭਾਵਨਾਵਾਂ ਦਾ ਉਤਾਰ-ਚੜ੍ਹਾਅ'

ਸੇਂਟ ਜੌਰਜਜ਼ ਦੇ ਆਪ੍ਰੇਸ਼ਨ ਥੀਏਟਰ ਵਿੱਚ ਲੇਸੀ ਨੂੰ ਬਚਾਉਣ ਲਈ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਡਾਕਟਰਾਂ ਦੀ ਟੀਮ ਦੀ ਅਗਵਾਈ ਡਾ. ਥੌਮਸ ਬਰੀਨ ਕਰ ਰਹੇ ਸਨ।

ਉਨ੍ਹਾਂ ਦੱਸਿਆ, "ਅਪਰੇਸ਼ਨ ਠੀਕ ਚੱਲ ਰਿਹਾ ਸੀ ਪਰ ਅਚਾਨਕ ਉਸ ਦੀ ਹਾਲਤ ਵਿਗੜ ਗਈ, ਅਸੀਂ ਸਾਰੇ ਹੀ ਉਸਦੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਡਰ ਗਏ ਸੀ ਪਰ ਅਸੀਂ ਹਾਰ ਨਹੀਂ ਮੰਨੀ।"

ਡਾ. ਬਰੀਨ ਨੇ ਦੱਸਿਆ ਕਿ ਉਨ੍ਹਾਂ ਆਪਣੇ ਡਾਕਟਰੀ ਜੀਵਨ ਵਿੱਚ ਪਹਿਲਾਂ ਇੰਨੇ ਛੋਟੇ ਬੱਚੇ ਦਾ ਕੋਈ ਕੇਸ ਨਹੀਂ ਦੇਖਿਆ ਜੋ ਅਜਿਹੇ ਹਾਲਾਤਾਂ ਵਿੱਚੋਂ ਬਿਨਾਂ ਕਿਸੇ ਨੁਕਸ ਦੇ ਨਿਕਲ ਆਈ ਹੋਵੇ।

ਡਾ. ਬਰੀਨ ਨੇ ਲੇਸੀ ਨੂੰ ਇੱਕ 'ਲੜਾਕੀ' ਦੱਸਿਆ ਜੋ ਆਪਣੇ ਖਿਲਾਫ਼ ਹਰ ਹਾਲਾਤ ਨਾਲ ਡੱਟ ਕੇ ਲੜੀ ਅਤੇ ਜੀ ਉੱਠੀ।

ਲੇਸੀ ਦੇ ਮਾਪਿਆਂ ਲੁਇਸ (39) ਅਤੇ ਫ਼ਿਲਿਪ (41) ਲੰਡਨ ਦੇ ਐਸ਼ਫੋਰਡ ਵਿਚ ਰਹਿੰਦੇ ਹਨ। ਉਹ ਜਾਣਦੇ ਸਨ ਕਿ ਉਨ੍ਹਾਂ ਦੀ ਬੇਟੀ ਦੀ ਹਾਲਤ ਨਾਜ਼ੁਕ ਸੀ ਅਤੇ ਉਸਦੇ ਬਚਣ ਦੀਆਂ ਸੰਭਾਵਨਾਵਾਂ ਕਾਫ਼ੀ ਮੱਧਮ ਸਨ।

ਲੁਇਸ ਮੁਤਾਬਕ, "ਸਾਨੂੰ ਨਹੀਂ ਲੱਗਿਆ ਕਿ ਉਹ ਇਸ ਆਪ੍ਰੇਸ਼ਨ ਨੂੰ ਝੱਲ ਸਕੇਗੀ। ਇੰਝ ਲੱਗ ਰਿਹਾ ਸੀ ਕਿ ਅਸੀਂ ਲੇਸੀ ਦੇ ਜਨਮ ਅਤੇ ਮਰਨ ਦੇ ਸਰਟੀਫ਼ੀਕੇਟ ਦੋਵੇਂ ਇੱਕਠੇ ਹੀ ਬਣਵਾਵਾਂਗੇ।"

"ਅਸੀਂ ਭਾਵਨਾਵਾਂ ਦਾ ਬਹੁਤ ਜ਼ਿਆਦਾ ਉਤਾਰ-ਚੜ੍ਹਾਅ ਮਹਿਸੂਸ ਕਰ ਰਹੇ ਸੀ। ਕਦੇ ਲੱਗਦਾ ਸੀ ਕਿ ਅਸੀਂ 4 ਮੈਂਬਰਾਂ ਦਾ ਪਰਿਵਾਰ, ਤਿੰਨ ਮੈਂਬਰਾਂ ਦਾ ਰਹਿ ਕੇ ਘਰ ਜਾਵਾਂਗੇ, ਫਿਰ ਲੱਗਦਾ ਸੀ ਕਿ ਨਹੀਂ, ਅਸੀਂ ਚਾਰੇ ਇਕੱਠੇ ਵਾਪਸ ਜਾਵਾਂਗੇ।"

ਇੰਨੀ ਛੋਟੀ ਉਮਰ ਵਿੱਚ ਆਪ੍ਰੇਸ਼ਨ ਦੀਆਂ ਆਪਣੀਆਂ ਮੁਸ਼ਕਿਲਾਂ ਹੁੰਦੀਆਂ ਹਨ ਪਰ ਇਸ ਤੋਂ ਬਿਨਾਂ ਲੇਸੀ ਦੇ ਬਚਣ ਦੀ ਸੰਭਾਵਨਾ ਹੋਰ ਵੀ ਘਟ ਜਾਂਦੀ।

'ਲੇਸੀ ਦਾ ਪਹਿਲਾ ਜਨਮਦਿਨ'

ਸਰਜਰੀ ਤੋਂ ਬਾਅਦ ਉਸਦੀ ਹਾਲਤ ਵਿੱਚ ਹੌਲੀ - ਹੌਲੀ ਸੁਧਾਰ ਹੋ ਰਿਹਾ ਸੀ।

ਅਚਾਨਕ, ਜਦੋਂ ਉਹ 13 ਦਿਨਾਂ ਦੀ ਸੀ ਤਾਂ ਉਸਦੇ ਸਟੋਮਾ (ਮਲ-ਮੂਤਰ ਬਾਹਰ ਕੱਢਣ ਲਈ ਲਾਈ ਜਾਂਦੀ ਨਲਕੀ, ਜੋ ਪਹਿਲੇ ਆਪ੍ਰੇਸ਼ਨ ਸਮੇਂ ਲਾਈ ਗਈ ਸੀ) ਵਿੱਚ ਕੁਝ ਦਿੱਕਤਾਂ ਆ ਗਈਆਂ।

ਇਸ ਦੇ ਲਈ ਲੇਸੀ ਦੀ ਇੱਕ ਹੋਰ ਸਰਜਰੀ ਕਰਨੀ ਪਈ।

ਆਖਰਕਾਰ ਹਸਪਤਾਲ ਵਿਚ 111 ਦਿਨ ਬਿਤਾਉਣ ਤੋਂ ਬਾਅਦ ਲੇਸੀ ਨੂੰ ਫਰਵਰੀ 2018 ਵਿੱਚ, ਛੁੱਟੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ

ਹਸਪਤਾਲ ਵਿਚ ਬੱਚਿਆਂ ਦੇ ਸਰਜਨ ਜ਼ਾਹਿਦ ਮੁਖ਼ਤਾਰ ਨੇ ਕਿਹਾ, "ਉਸਦੀ ਸਿਹਤ ਬਾਰੇ ਜਾਂਚ ਲਈ, ਉਹ ਨੀਯਮਿਤ ਤੌਰ 'ਤੇ ਹਸਪਤਾਲ ਤਾਂ ਆਉਂਦੀ ਰਹੇਗੀ ਪਰ ਉਹ ਇੱਕ ਆਮ ਜ਼ਿੰਦਗੀ ਜਿਉਂ ਸਕੇਗੀ, ਜੋ ਕਿ ਇੱਕ ਵੱਡੀ ਖ਼ੁਸ਼-ਖ਼ਬਰੀ ਹੈ।"

ਸਰਜਨ ਜ਼ਾਹਿਦ ਮੁਖ਼ਤਾਰ ਨੇ ਕਿਹਾ , "ਪਹਿਲਾ ਜਨਮ ਦਿਨ ਮੁਬਾਰਕ ਹੋਵੇ ਲੇਸੀ- ਜੋ 'ਕ੍ਰਿਸ਼ਮਾ' ਹੈ"

ਪਿਛਲੇ ਮਹੀਨੇ ਲੇਸੀ ਦਾ ਇੱਕ ਹੋਰ ਆਪ੍ਰੇਸ਼ਨ ਕਰਕੇ ਉਸਦਾ ਸਟੋਮਾ ਹਟਾ ਦਿੱਤਾ ਗਿਆ ਹੈ। ਇਹ ਅਪਰੇਸ਼ਨ ਕਾਮਯਾਬ ਰਿਹਾ ਅਤੇ ਹੁਣ ਉਸਦੀ ਪਾਚਨ ਪ੍ਰਣਾਲੀ ਠੀਕ ਕੰਮ ਕਰ ਰਹੀ ਹੈ।

ਲੇਸੀ ਅਤੇ ਪੰਜ ਸਾਲਾ ਬੇਟੇ ਐਲਫ਼ੀ ਸਮੇਤ ਹੁਣ ਪੂਰਾ ਪਰਿਵਾਰ ਆਪਣੇ ਐਸ਼ਫੋਰਡ ਸਥਿਤ ਘਰ ਵਾਪਸ ਆ ਗਿਆ ਹੈ।

ਲੁਇਸ ਮੁਤਾਬਕ ਚਾਰ ਮਹੀਨਿਆਂ ਦਾ ਉਹ ਸਮਾਂ ਜਦੋਂ ਲੇਸੀ ਹਸਪਤਾਲ ਵਿਚ ਸੀ, ਬਹੁਤ ਹੀ ਮੁਸ਼ਕਲ ਸੀ। ਉਸਨੂੰ ਦੇਖਣ ਜਾਣ ਤੇ ਘਰ ਵਾਪਸ ਆਉਣ ਵਿਚ ਤਿੰਨ ਘੰਟਿਆਂ ਦਾ ਸਮਾਂ ਲੱਗ ਜਾਂਦਾ ਸੀ ਪਰ ਉਸਨੂੰ ਇਹ ਯਕੀਨ ਸੀ ਕਿ ਉਸਦੀ ਧੀ ਸੁਰੱਖਿਅਤ ਹੱਥਾਂ ਵਿੱਚ ਹੈ।

"ਜੇ ਸੇਂਟ ਜੌਰਜਜ਼ ਦੇ ਡਾਕਟਰਾਂ ਅਤੇ ਸਟਾਫ਼ ਨਾ ਹੁੰਦਾ ਤਾਂ ਮੇਰੀ ਬੇਟੀ ਆਪਣਾ ਪਹਿਲਾ ਜਨਮ ਦਿਨ ਨਾ ਮਨਾ ਰਹੀ ਹੁੰਦੀ। "

"ਪੂਰੇ ਇਲਾਜ ਦੌਰਾਨ ਲੇਸੀ ਨੂੰ ਬੇਮਿਸਾਲ ਦੇਖਭਾਲ ਕੀਤੀ ਗਈ, ਮੈਂ ਇਸ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਲੱਭ ਸਕਦੀ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)