You’re viewing a text-only version of this website that uses less data. View the main version of the website including all images and videos.
ਇਹ ਹੈ ਦੁਨੀਆਂ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ ਦਾ ਕ੍ਰਿਸ਼ਮਈ ਨਜ਼ਾਰਾ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਪੁਲ ਦਾ ਉਦਘਾਟਨ ਕਰ ਦਿੱਤਾ ਹੈ। ਨੌਂ ਸਾਲ ਪਹਿਲਾਂ ਇਸ ਪੁੱਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਸੀ।
55 ਕਿਲੋਮੀਟਰ ਲੰਬਾ ਇਹ ਪੁਲ ਹਾਂਗਕਾਂਗ ਤੋਂ ਮਕਾਊ ਅਤੇ ਚੀਨ ਦੇ ਸ਼ਹਿਰ ਜੂਹਾਈ ਨੂੰ ਜੋੜਦਾ ਹੈ।
ਇਸ ਪੁੱਲ ਦੀ ਉਸਾਰੀ ਉੱਤੇ 20 ਬਿਲੀਅਨ ਦੀ ਲਾਗਤ ਆਈ ਹੈ ਅਤੇ ਉਸਾਰੀ ਵਿੱਚ ਕਈ ਵਾਰੀ ਦੇਰ ਹੋਈ। ਅਲੋਚਕਾਂ ਇਸ ਨੂੰ ਫਿਜੂਲ ਖਰਚਾ ਕਹਿੰਦੇ ਰਹੇ ਹਨ।
ਇਸ ਪੁਲ ਦੀ ਉਸਾਰੀ ਦੀ ਸੁਰੱਖਿਆ ਵੀ ਸਵਾਲਾਂ ਵਿੱਚ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਉਸਰੀ ਦੌਰਾਨ 18 ਵਰਕਰਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:
ਪੁਲ ਦੀ ਖਾਸੀਅਤ
- ਇਹ ਪੁਲ ਚੀਨ ਦੇ ਤਿੰਨ ਤੱਟੀ ਸ਼ਹਿਰਾਂ ਹਾਂਗਕਾਂਗ, ਮਕਾਓ ਅਤੇ ਜੂਹਾਈ ਨੂੰ ਜੋੜਦਾ ਹੈ।
- ਭੂਚਾਲ ਅਤੇ ਤੂਫਾਨ ਦੀ ਮਾਰ ਨੂੰ ਝੱਲਣ ਵਾਲੇ ਇਸ ਪੁੱਲ ਦੀ ਉਸਾਰੀ ਵਿੱਚ 4 ਲੱਖ ਟਨ ਸਟੀਲ ਲੱਗਿਆ ਹੈ ਜੋ ਕਿ 60 ਆਈਫਲ ਟਾਵਰ ਬਣਾਉਣ ਦੇ ਲਈ ਕਾਫੀ ਹੈ।
- ਇਸ ਦੀ ਕੁੱਲ ਲੰਬਾਈ ਦਾ ਤਕਰੀਬਨ 30 ਕਿਲੋਮੀਟਰ ਲੰਬਾ ਹਿੱਸਾ ਪਰਲ ਰਿਵਰ ਡੈਲਟਾ ਤੋਂ ਲੰਘਦਾ ਹੈ।
- ਸਮੁੰਦਰੀ ਜਹਾਜ਼ਾਂ ਦੇ ਲਾਂਘੇ ਲਈ 6.7 ਕਿਲੋਮੀਟਰ ਲੰਬੇ ਹਿੱਸੇ ਵਿੱਚ ਇੱਕ ਸੁਰੰਗ ਹੈ ਜੋ ਕਿ ਦੋ ਆਰਟੀਫੀਸ਼ਅਲ ਟਾਪੂਆਂ ਨੂੰ ਜੋੜਦੀ ਹੈ।
- ਬਾਕੀ ਦੇ ਹਿੱਸੇ ਲਿੰਕ ਰੋਡ, ਪੁਲ ਅਤੇ ਜ਼ੂਹਾਈ ਅਤੇ ਹਾਂਗਕਾਂਗ ਨੂੰ ਮੁੱਖ ਪੁਲ ਨਾਲ ਜੋੜਨ ਵਾਲੀਆਂ ਜ਼ਮੀਨੀ ਸੁਰੰਗਾਂ ਹਨ।
ਇਹ ਪੁਲ ਕਿਉਂ ਬਣਾਇਆ ਗਿਆ ਹੈ?
ਇਹ ਪ੍ਰੋਜੈਕਟ ਚੀਨ ਦੇ ਸ਼ਹਿਰ ਹਾਂਗਕਾਂਗ, ਮਕਾਓ ਅਤੇ ਦੱਖਣੀ ਚੀਨ ਦੇ ਹੋਰਨਾਂ 9 ਸ਼ਹਿਰਾਂ ਲਈ ਇੱਕ ਵੱਡਾ ਖਾੜੀ ਖੇਤਰ ਬਣਾਉਣ ਦੀ ਯੋਜਨਾ ਦਾ ਹਿੱਸਾ ਹੈ।
ਇਹ ਖੇਤਰ 68 ਮਿਲੀਅਨ ਲੋਕਾਂ ਲਈ ਘਰ ਹੈ। ਪਹਿਲਾਂ ਜੂਹਾਈ ਅਤੇ ਹਾਂਗਕਾਂਗ ਦੇ ਸਫ਼ਰ ਵਿੱਚ ਚਾਰ ਘੰਟੇ ਲਗਦੇ ਸਨ ਪਰ ਹੁਣ ਮਹਿਜ਼ ਅੱਧਾ ਘੰਟਾ ਲਗਦਾ ਹੈ।
ਇਹ ਪੁਲ 'ਤੇ ਸਫਰ ਕਰਨ ਲਈ ਜੇਬ ਢਿੱਲੀ ਕਰਨੀ ਪਵੇਗੀ
ਜੋ ਲੋਕ ਪੁੱਲ ਪਾਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵਿਸ਼ੇਸ਼ ਇਜਾਜ਼ਤ ਲੈਣੀ ਪਏਗੀ ਜਿਸ ਲਈ ਕੋਟਾ ਸਿਸਟਮ ਹੋਵੇਗਾ। ਸਾਰੀਆਂ ਗੱਡੀਆਂ ਨੂੰ ਟੋਲ ਟੈਕਸ ਦੇਣਾ ਪਏਗਾ।
ਇਹ ਪੁਲ ਪਬਲਿਕ ਟਰਾਂਸਪੋਰਟ ਰਾਹੀਂ ਨਹੀਂ ਚਲਾਇਆ ਜਾਂਦਾ ਇਸ ਲਈ ਨਿੱਜੀ ਸ਼ਟਲ ਬੱਸਾਂ ਵੀ ਚਲਾਈਆਂ ਜਾ ਸਕਦੀਆਂ ਹਨ। ਇਸ ਦਾ ਕੋਈ ਰੇਲ ਲਿੰਕ ਨਹੀਂ ਹੈ।
ਪ੍ਰਸ਼ਾਸਨ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਰੋਜ਼ਾਨਾ 9200 ਗੱਡੀਆਂ ਲੰਘ ਸਕਣਗੀਆਂ। ਬਾਅਦ ਵਿੱਚ ਨਵਾਂ ਟਰਾਂਸਪੋਰਟ ਨੈੱਟਵਰਕ ਬਣਨ ਤੋਂ ਬਾਅਦ ਉਨ੍ਹਾਂ ਨੇ ਇਹ ਅੰਦਾਜ਼ਾ ਘਟਾ ਦਿੱਤਾ।
ਲੋਕ ਇਸ ਬਾਰੇ ਕੀ ਕਹਿ ਰਹੇ ਹਨ?
ਇਸ ਪ੍ਰੋਜੈਕਟ ਦੀ ਸਖ਼ਤ ਅਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਕੁਝ ਲੋਕਾਂ ਨੇ ਇਸ ਪੁਲ ਨੂੰ 'ਮੌਤ ਦਾ ਪੁਲ' ਕਰਾਰ ਦਿੱਤਾ।
ਹਾਂਗਕਾਂਗ ਵਾਲੇ ਪਾਸੇ 9 ਕਾਮਿਆਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ 9 ਲੋਕ ਮੁੱਖ ਹਿੱਸੇ ਉੱਤੇ ਵੀ ਮਾਰੇ ਗਏ ਸਨ।
ਇਸ ਪੁਲ ਦੀ ਉਸਾਰੀ ਦੌਰਾਨ ਸੈਂਕੜੇ ਵਰਕਰ ਜ਼ਖਮੀ ਵੀ ਹੋਏ ਹਨ।
ਇਸ ਤੋਂ ਇਲਾਵਾ ਵਾਤਾਵਰਨ ਉੱਤੇ ਪੈਣ ਵਾਲੇ ਅਸਰ ਬਾਰੇ ਵੀ ਫਿਕਰ ਜਤਾਈ ਜਾ ਰਹੀ ਹੈ।
ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਕਾਰਨ ਸਮੁੰਦਰੀ ਜੀਵਾਂ ਨੂੰ ਵੀ ਕਾਫੀ ਨੁਕਸਾਨ ਪਹੁੰਚੇਗਾ ਜਿਸ ਵਿੱਚ ਚੀਨੀ ਚਿੱਟੀ ਡਾਲਫਿਨ ਵੀ ਸ਼ਾਮਿਲ ਹੈ।
ਹਾਂਗਕਾਂਗ ਵਿੱਚ ਵਰਲਡ ਵਾਈਡ ਫੰਡ ਫਾਰ ਨੇਚਰ (ਡਬਲੂਡਬਲੂਐਫ) ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ 148 ਵਿੱਚੋਂ 47 ਡਾਲਫਿਨ ਹੀ ਰਹਿ ਗਈਆਂ ਹਨ। ਇਹ ਡਾਲਫਿਨ ਹੁਣ ਪੁਲ ਦੇ ਨੇੜਿਓਂ ਗਾਇਬ ਹਨ।
ਇਹ ਵੀ ਪੜ੍ਹੋ:
ਕੀ ਇਹ ਇਸ ਦੀ ਲਾਗਤ ਨੂੰ ਪੂਰਾ ਕਰਨ ਜਾ ਰਿਹਾ ਹੈ?
ਇਸ ਪੁਲ, ਲਿੰਕ ਰੋਡ ਅਤੇ ਆਰਟੀਫੀਸ਼ਅਲ ਟਾਪੂਆਂ ਦੀ ਉਸਾਰੀ ਲਈ 20 ਬਿਲੀਅਨ ਡਾਲਰ ਦਾ ਖਰਚ ਆਇਆ ਹੈ।
ਇਕੱਲੇ ਮੁੱਖ ਪੁੱਲ ਉੱਤੇ 6.92 ਬਿਲੀਅਨ ਦੀ ਲਾਗਤ ਆਈ ਹੈ।
ਚੀਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨਾਲ ਅਰਥਚਾਰੇ ਨੂੰ 1.44 ਟ੍ਰਿਲੀਅਨ ਡਾਲਰ ਦਾ ਫਾਇਦਾ ਹੋਵੇਗਾ ਪਰ ਵਿਧਾਇਕ ਤਾਨਿਆ ਚੈਨ ਨੂੰ ਅਜਿਹਾ ਨਹੀਂ ਲਗਦਾ।
ਬੀਬੀਸੀ ਨਿਊਜ਼ ਚਾਈਨੀਜ਼ ਨੂੰ ਤਾਨਿਆ ਚੈਨ ਨੇ ਦੱਸਿਆ, "ਮੈਨੂੰ ਸਮਝ ਨਹੀਂ ਆ ਰਿਹਾ ਕਿ ਜੇ ਜ਼ਿਆਦਾਤਰ ਕਾਰਾਂ ਇਸ ਦੀ ਵਰਤੋਂ ਨਹੀਂ ਕਰ ਰਹੀਆਂ ਤਾਂ ਇਹ ਕਿਵੇਂ ਬਚੇਗਾ। ਮੈਨੂੰ ਨਹੀਂ ਲਗਦਾ ਕਿ ਕਦੇ ਲਾਗਤ ਮੁੱਲ ਵੀ ਪੂਰਾ ਹੋਵੇਗਾ।"
ਬੀਬੀਸੀ ਚਾਈਨੀਜ਼ ਦੇ ਇੱਕ ਅੰਦਾਜ਼ੇ ਮੁਤਾਬਕ ਇਸ ਪੁੱਲ ਤੋਂ ਟੋਲ ਰਾਹੀਂ ਸਲਾਨਾ ਕਮਾਈ ਡਾਲਰ 86 ਮਿਲੀਅਨ ਹੋ ਸਕਦੀ ਹੈ।
ਇਸ ਪੁੱਲ ਦੇ ਰੱਖ-ਰਖਾਅ ਵਿੱਚ ਹੀ ਕਮਾਈ ਦਾ ਤੀਜਾ ਹਿੱਸਾ ਖਰਚ ਹੋਵੇਗਾ।
ਅਲੋਚਕਾਂ ਦਾ ਮੰਨਣਾ ਹੈ ਕਿ ਇਸ ਨਾਲ ਕੋਈ ਵਿੱਤੀ ਲਾਹਾ ਨਹੀਂ ਮਿਲਣ ਵਾਲਾ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਦਾ ਮਕਸਦ ਸੰਕੇਤਕ ਹੈ, ਇਹ ਯਕੀਨੀ ਕਰਨਾ ਕਿ ਹਾਂਗਕਾਂਗ ਮੁੱਖ ਸ਼ਹਿਰਾਂ ਨਾਲ ਜੁੜਿਆ ਰਹੇ।