ਪੜ੍ਹੀਆਂ-ਲਿਖੀਆਂ ਭਾਰਤੀ ਕੁੜੀਆਂ ਸਾਊਦੀ 'ਚ ਤਸਕਰੀ ਕਰਕੇ ਲਿਜਾਣ ਮਗਰੋਂ ਨੌਕਰਾਣੀਆਂ ਬਣਨ ਨੂੰ ਮਜਬੂਰ

    • ਲੇਖਕ, ਪ੍ਰਮੀਲਾ ਕ੍ਰਿਸ਼ਨਨ
    • ਰੋਲ, ਬੀਬੀਸੀ ਤਮਿਲ

"ਸਾਊਦੀ ਅਰਬ ਦੇ ਕਿਸੇ ਦੂਰ ਦੇ ਪਿੰਡ ਦੇ ਘਰ ਵਿੱਚ ਕੈਦ ਮੈਂ, ਸ਼ਾਇਦ ਜਲਦੀ ਹੀ ਮਰ ਜਾਵਾਂਗੀ। ਕਿਰਪਾ ਕਰਕੇ ਇਹ ਸੁਨੇਹਾ ਭਾਰਤੀ ਵਿਦੇਸ਼ ਮੰਤਰੀ, ਸੁਸ਼ਮਾ ਸਵਰਾਜ ਨੂੰ ਦੇ ਦਿਓ ਅਤੇ ਮੈਨੂੰ ਬਚਾਓ"

ਕੰਪਿਊਟਰ ਵਿਗਿਆਨ ਵਿੱਚ ਗਰੈਜੂਏਟ ਇੱਕ ਭਾਰਤੀ ਲੜਕੀ ਨੂੰ ਜਦੋਂ ਅਹਿਸਾਸ ਹੋਇਆ ਕਿ ਮੱਧ ਪੂਰਬੀ ਦੇਸਾਂ ਵਿੱਚ ਉਸਦੀ ਵਧੀਆ ਨੌਕਰੀ ਦੀ ਭਾਲ ਨੇ ਉਸ ਨੂੰ ਫਸਾ ਦਿੱਤਾ ਹੈ, ਤਾਂ ਉਸਨੇ ਮਦਦ ਲਈ ਗੁਹਾਰ ਲਾਈ।

24 ਸਾਲਾ ਪ੍ਰਿਆ (ਬਦਲਿਆ ਨਾਮ) ਨੂੰ ਸਾਊਦੀ ਅਰਬ ਦੇ ਡਾਮਮ ਦੇ ਇੱਕ ਪਿੰਡ ਵਿੱਚ ਘਰੇਲੂ ਨੌਕਰਾਣੀ ਦਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ।

ਪ੍ਰਿਆ ਵਾਂਗ ਹੀ ਤਾਮਿਲਨਾਡੂ ਦੀਆਂ ਕਈ ਪੜ੍ਹੀਆਂ-ਲਿਖੀਆਂ ਲੜਕੀਆਂ ਨੂੰ ਪਿਛਲੇ 6 ਮਹੀਨਿਆਂ ਦੌਰਾਨ ਤਸਕਰੀ ਕਰਕੇ ਸਾਊਦੀ ਅਰਬ ਦੇ ਘਰਾਂ ਵਿੱਚ ਨੌਕਰਾਣੀ ਵਜੋਂ ਕੰਮ ਕਰਨ ਲਈ ਲਿਜਾਇਆ ਗਿਆ ਹੈ।

ਬਿਊਟੀ ਪਾਰਲਰ ਦੀ ਨੌਕਰੀ ਦਾ ਝਾਂਸਾ

ਦੋ ਔਰਤਾਂ ਨੇ ਆਪਣੇ ਮਾਲਕ ਦੇ ਘਰੋਂ ਭੱਜਣ ਵਿੱਚ ਕਾਮਯਾਬ ਹੋਣ ਮਗਰੋਂ ਭਾਰਤੀ ਸਫਾਰਤਖਾਨੇ ਤੋਂ ਮਦਦ ਦੀ ਗੁਹਾਰ ਲਾਈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਹੋਰ ਸਹੇਲੀਆਂ ਅਤੇ ਹੋਰ ਵੀ ਕਈ ਔਰਤਾਂ ਨੂੰ ਬਚਾਇਆ ਜਾਣਾ ਹੈ ਜੋ ਕਿ ਅਣਜਾਣ ਥਾਵਾਂ 'ਤੇ ਉਨ੍ਹਾਂ ਵਾਂਗ ਹੀ ਫਸੀਆਂ ਹੋ ਸਕਦੀਆਂ ਹਨ।

ਸੁੰਦਰੀ ਅਤੇ ਮੇਘਲਾ (ਬਦਲਿਆ ਨਾਮ) ਆਰਜ਼ੀ ਤੌਰ 'ਤੇ ਭਾਰਤੀ ਸਫਾਰਤਖਾਨੇ ਵਿੱਚ ਰਹਿ ਰਹੀਆਂ ਹਨ।

ਉਨ੍ਹਾਂ ਨੇ ਬੀਬੀਸੀ ਤਾਮਿਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਬਿਊਟੀ ਪਾਰਲਰਾਂ ਵਿੱਚ ਨੌਕਰੀਆਂ ਅਤੇ ਵਧੀਆ ਤਨਖਾਹਾਂ ਦਾ ਝਾਂਸਾ ਦੇ ਕੇ ਦੁਬਈ ਲਿਆਂਦਾ ਗਿਆ ਸੀ।

ਉਨ੍ਹਾਂ ਦੱਸਿਆ, "ਜਦੋਂ ਅਸੀਂ ਇੱਥੇ ਪਹੁੰਚੀਆਂ ਤਾਂ ਸਾਨੂੰ ਅਰਬੀ ਸਿੱਖਣ ਲਈ ਵੱਖਰੇ-ਵਖਰੇ ਘਰਾਂ ਵਿੱਚ ਤਿੰਨ ਮਹੀਨਿਆਂ ਲਈ ਨੌਕਰਾਣੀਆਂ ਵਜੋਂ ਕੰਮ ਕਰਨ ਲਈ ਕਿਹਾ ਗਿਆ। ਜਦੋਂ ਅਸੀਂ ਮਨ੍ਹਾਂ ਕੀਤਾ ਤਾਂ ਸਾਨੂੰ ਦੱਸਿਆ ਗਿਆ ਕਿ ਅਸੀਂ ਇੰਨੀ ਜਲਦੀ ਵਾਪਸ ਨਹੀਂ ਜਾ ਸਕਦੀਆਂ।"

ਹੋਰਾਂ ਨੂੰ ਸੱਦੋ

ਸੁੰਦਰੀ ਨੇ ਆਪਣੇ ਕੰਮ ਬਾਰੇ ਦੱਸਿਆ, ਮੈਂ ਐਮਬੀਏ ਕੀਤੀ ਹੋਈ ਹੈ। ਮੈਨੂੰ ਕਿਸੇ ਬਿਊਟੀ ਪਾਰਲਰ ਵਿੱਚ ਸਹਾਇਕ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ।''

"ਮੈਂ ਹੈਰਾਨ ਰਹਿ ਗਈ ਜਦੋਂ ਮੈਨੂੰ ਭਾਂਡੇ ਮਾਂਜਣ, ਪੋਚੇ ਲਾਉਣ ਅਤੇ ਰਿਆਧ ਦੇ ਇੱਕ ਵੱਡੇ ਪਰਿਵਾਰ ਦਾ ਘਰੇਲੂ ਕੰਮ ਕਰਨ ਲਈ ਕਿਹਾ ਗਿਆ। ਮੈਂ 16 ਘੰਟੇ ਕੰਮ ਕਰਦੀ ਅਤੇ ਮੈਨੂੰ ਆਰਾਮ ਵੀ ਨਹੀਂ ਕਰਨ ਦਿੱਤਾ ਜਾਂਦਾ ਸੀ। ਪਹਿਲੇ ਦੋ ਮਹੀਨੇ ਤਾਂ ਮੈਨੂੰ ਆਪਣੇ ਪਰਿਵਾਰ ਨਾਲ ਵੀ ਗੱਲ ਨਹੀਂ ਕਰਨ ਦਿੱਤੀ ਗਈ।"

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਤਾਮਿਲਨਾਡੂ ਤੋਂ ਹੋਰ ਕੁੜੀਆਂ ਨੂੰ ਸਾਉਦੀ ਸੱਦਣ ਲਈ ਕਿਹਾ ਜਾਂਦਾ ਸੀ।

ਭਰੀਆਂ ਅੱਖਾਂ ਨਾਲ ਸੁੰਦਰੀ ਨੇ ਦੱਸਿਆ, "ਜਦੋਂ ਮੈਂ ਝੂਠ ਬੋਲਣ ਤੋਂ ਇਨਕਾਰ ਕਰ ਦਿੱਤਾ ਤਾਂ ਪੱਟੂਕੋਟਈ (ਤਾਮਿਲਨਾਡੂ ਦਾ ਇੱਕ ਕਸਬਾ) ਵਿੱਚ ਆਨੰਦ ਅਤੇ ਮੁੰਬਈ ਵਿੱਚ ਮੁਸਕਾਨ ਨੇ ਮੈਨੂੰ ਦੱਸਿਆ ਕਿ ਜਦੋਂ ਤੱਕ ਮੈਂ ਹੋਰ ਲੜਕੀਆਂ ਨੂੰ ਸਾਊਦੀ ਆਉਣ ਲਈ ਪ੍ਰੇਰਿਤ ਨਹੀਂ ਕਰਦੀ ਤਦ ਤੱਕ ਕੋਈ ਵੀ ਮੈਨੂੰ ਬਚਾ ਨਹੀਂ ਸਕਦਾ।"

"ਮੈਂ ਹੋਰ ਔਰਤਾਂ ਨਾਲ ਧੋਖਾ ਕਰਨ ਦੇ ਅਪਰਾਧ ਨਾਲ ਭਰੀ ਹੋਈ ਹਾਂ।''

"ਆਨੰਦ ਨੇ ਮੇਰੀ ਮੌਜੂਦਗੀ ਵਿੱਚ ਕਿਸੇ ਔਰਤ ਨੂੰ ਫੌਨ ਕੀਤਾ ਅਤੇ ਉਸ ਦੇ ਆਧਾਰ 'ਤੇ ਸਾਊਦੀ ਆਉਣ ਦਾ ਫੈਸਲਾ ਕਰ ਲਿਆ। ਮੇਰਾ ਮੰਨਣਾ ਹੈ ਕਿ ਇਸੇ ਢੰਗ ਨਾਲ ਹੋਰ ਔਰਤਾਂ ਨੂੰ ਵੀ ਸਾਉਦੀ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਏਜੰਟਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਬਚਾਇਆ ਜਾ ਸਕੇਗਾ।"

'ਮੈਂ ਸਾਰਾ ਦਿਨ ਖਾਣਾ ਪਕਾਉਂਦੀ ਸੀ'

ਮੇਘਲਾ ਦੀ ਕਹਾਣੀ ਇਸ ਤੋਂ ਵੀ ਦੁੱਖ ਭਰੀ ਹੈ, "ਮੈਂ ਬੀਸੀਏ ਕੀਤੀ ਹੋਈ ਹੈ। ਮੈਂ ਤਾਮਿਲਨਾਡੂ ਵਿੱਚ ਸਕੂਲ ਅਧਿਆਪਕ ਸੀ।"

"ਇੱਥੇ ਸਾਊਦੀ ਵਿੱਚ ਮੈਂ 20 ਮੈਂਬਰਾਂ ਦੇ ਇੱਕ ਵੱਡੇ ਪਰਿਵਾਰ ਲਈ ਖਾਣਾ ਬਣਾਉਂਦੀ ਹਾਂ। ਪਿਛਲੇ ਛੇ ਮਹੀਨਿਆਂ ਤੋਂ ਮੈਨੂੰ ਇੱਕ ਵੀ ਛੁੱਟੀ ਨਹੀਂ ਮਿਲੀ।"

"ਮੈਂ ਆਪਣੀ ਸਾਰੀ ਊਰਜਾ ਗੁਆ ਲਈ ਅਤੇ ਕਈ ਦਿਨ ਸੁੱਤੀ ਵੀ ਨਹੀਂ। ਮੈਂ ਸਾਰਾ ਦਿਨ ਖਾਣਾ ਪਕਾਉਂਦੀ ਸੀ। ਮੈਂ ਆਪਣੇ-ਆਪ ਨੂੰ ਬਚਾ ਲਿਆ ਪਰ ਕਿਉਂਕਿ ਮੈਂ ਰਿਆਧ ਵਿੱਚ ਸੀ ਜਿਸ ਕਰਕੇ ਅੰਬੈਸੀ ਪਹੁੰਚਣ ਲਈ ਟੈਕਸੀ ਨਹੀਂ ਲੈ ਸਕੀ।"

'ਪਲੀਜ਼ ਮੈਨੂੰ ਬਚਾਓ...'

ਜਦੋਂ ਬੀਬੀਸੀ ਤਾਮਿਲ ਨੇ ਪ੍ਰਿਆ ਨਾਲ ਗੱਲ ਕੀਤੀ ਤਾਂ ਉਹ ਰੋ ਰਹੀ ਸੀ ਅਤੇ ਵਾਰ-ਵਾਰ ਮਦਦ ਲਈ ਪੁਕਾਰ ਰਹੀ ਸੀ।

"ਪਲੀਜ਼ ਮੈਨੂੰ ਬਚਾਓ। ਮੈਂ ਆਪਣੇ ਮਾਪਿਆਂ ਕੋਲ ਘਰ ਵਾਪਸ ਆਉਣਾ ਚਾਹੁੰਦੀ ਹਾਂ। ਪਲੀਜ਼ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦੱਸੋ ਅਤੇ ਮੈਨੂੰ ਬਚਾਓ।''

"ਮੈਂ ਪ੍ਰੇਸ਼ਾਨ ਹਾਂ ਅਤੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੀ ਹਾਂ। ਮੈਂ ਕਈ ਦਿਨਾਂ ਤੋਂ ਰੱਜ ਕੇ ਰੋਟੀ ਨਹੀਂ ਖਾਧੀ। ਇਸ ਥਾਂ 'ਤੇ ਮੇਰਾ ਦਮ ਘੁਟਦਾ ਹੈ। ਮੈਨੂੰ ਪਿਛਲੇ ਦੋ ਮਹੀਨਿਆਂ ਤੋਂ ਨੌਕਰਾਣੀ ਦੇ ਕੰਮ ਦੀ ਵੀ ਤਨਖਾਹ ਨਹੀਂ ਮਿਲੀ।"

ਸਾਊਦੀ ਆਧਾਰਿਤ ਸਮਾਜਿਕ ਕਾਰਕੁਨ ਰਸ਼ੀਦ ਖਾਨ ਨੂੰ ਜਦੋਂ ਭਾਰਤੀ ਸਫਾਰਤਖਾਨੇ ਤੋਂ ਇਸ ਬਾਰੇ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਨ੍ਹਾਂ ਔਰਤਾਂ ਦੀ ਅੰਬੈਸੀ ਪਹੁੰਚਣ ਵਿੱਚ ਮਦਦ ਕੀਤੀ।

ਰਸ਼ੀਦ ਪਿਛਲੇ ਦੋ ਦਹਾਕਿਆਂ ਤੋਂ ਸਾਊਦੀ ਅਰਬ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਲੋਕਾਂ ਨੂੰ ਬਚਾ ਕੇ ਭਾਰਤੀ ਅੰਬੈਸੀ ਪਹੁੰਚਾਇਆ ਹੈ।

ਵਿਦੇਸ਼ੀ ਧਰਤੀ 'ਤੇ ਲਿਆ ਕੇ ਧੋਖੇ ਕੀਤਾ ਗਿਆ

ਰਸ਼ੀਦ ਖਾਨ ਨੇ ਦੱਸਿਆ, "ਪ੍ਰਿਆ ਡਾਮਮ ਦੇ ਇੱਕ ਸਦੂਰ ਇਲਾਕੇ ਵਿੱਚ ਰਹਿ ਰਹੀ ਹੈ। ਉਸਦੀ ਤਲਾਸ਼ ਕਰਨਾ ਅਤੇ ਉਸ ਤੱਕ ਪਹੁੰਚਣਾ ਕਾਫੀ ਮੁਸ਼ਕਿਲ ਹੈ। ਉਸ ਨੂੰ ਬਚਾਉਣ ਵਿੱਚ ਸਾਨੂੰ ਭਾਰਤ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ।''

"ਇਹ ਦੁੱਖ ਦੇਣ ਵਾਲਾ ਹੈ ਕਿ ਏਜੰਟਾਂ ਵੱਲੋਂ ਕਈ ਪੜ੍ਹੀਆਂ-ਲਿਖੀਆਂ ਭਾਰਤੀ ਔਰਤਾਂ ਨੂੰ ਸਾਊਦੀ ਵਿੱਚ ਘਰੇਲੂ ਨੌਕਰਾਣੀ ਦਾ ਕੰਮ ਕਰਵਾਉਣ ਲਈ ਲਿਆਂਦਾ ਜਾਂਦਾ ਹੈ।"

"30 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਨੂੰ ਨੌਕਰਾਣੀ ਰੱਖਿਆ ਜਾ ਸਕਦਾ ਹੈ। ਇਸ ਕੇਸ ਵਿੱਚ ਇਨ੍ਹਾਂ ਔਰਤਾਂ ਨੂੰ ਤਸਕਰੀ ਕਰ ਕੇ ਲਿਆਂਦਾ ਗਿਆ ਹੈ ਅਤੇ ਏਜੰਟਾਂ ਨੇ ਇਨ੍ਹਾਂ ਨਾਲ ਵਿਦੇਸ਼ੀ ਧਰਤੀ 'ਤੇ ਲਿਆਉਣ ਮਗਰੋਂ ਧੋਖੇ ਕੀਤਾ।"

ਉਨ੍ਹਾਂ ਦੱਸਿਆ ਕਿ ਭਾਵੇਂ ਔਰਤਾਂ ਆਪਣੀਆਂ ਸਹੇਲੀਆਂ ਨਾਲ ਆਈਆਂ ਸਨ ਪਰ ਉਨ੍ਹਾਂ ਨੂੰ ਦੂਰ-ਦੂਰ ਕੰਮ 'ਤੇ ਲਾਇਆ ਗਿਆ ਹੋਵੇਗਾ ਅਤੇ ਭੱਜਣ ਤੋਂ ਰੋਕਣ ਲਈ ਇੱਕ-ਦੂਜੇ ਨਾਲ ਗੱਲ ਨਹੀਂ ਕਰਨ ਦਿੱਤੀ ਗਈ ਹੋਵੇਗੀ।

ਭਾਰਤੀ ਸਫਾਰਤਖਾਨੇ ਦਾ ਪੱਖ

ਜਦੋਂ ਬੀਬੀਸੀ ਤਾਮਿਲ ਨੇ ਰਿਆਧ ਵਿੱਚ ਭਾਰਤੀ ਸਫਾਰਤਖਾਨੇ ਨਾਲ ਸੁੰਦਰੀ ਅਤੇ ਮੇਘਲਾ ਦੇ ਵੇਰਵਿਆਂ ਸਹਿਤ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ।

ਭਾਰਤੀ ਸਫਾਰਤਖਾਨੇ ਦੇ ਭਾਈਚਾਰਕ ਭਲਾਈ ਵਿਭਾਗ ਦੇ ਕਾਊਂਸਲਰ ਅਨਿਲ ਨੌਟਿਆਲ ਨੇ ਦੱਸਿਆ, "ਅਸੀਂ ਸੁੰਦਰੀ ਅਤੇ ਮੇਘਲਾ ਨੂੰ ਆਰਜ਼ੀ ਰਹਾਇਸ਼ ਮੁਹੱਈਆ ਕਰਵਾਈ ਸੀ। ਸਾਨੂੰ ਕਿਸੇ ਹੋਰ ਔਰਤ ਮੁਲਾਜ਼ਮ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।''

"ਇਨ੍ਹਾਂ ਔਰਤਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਕਿਵੇਂ ਉਨ੍ਹਾਂ ਨੂੰ ਏਜੰਟਾਂ ਨੇ ਤਸਕਰੀ ਕਰਕੇ ਇੱਥੇ ਲਿਆਂਦਾ ਸੀ ਅਤੇ ਘਰੇਲੂ ਨੌਕਰਾਣੀ ਦਾ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਸੀ। ਏਜੰਟਾਂ ਦੀ ਧੋਖਾਧੜੀ ਤੋਂ ਪੀੜਤ ਲੋਕਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ।"

ਪਿੱਛੇ ਤਾਮਿਲਨਾਡੂ ਵਿੱਚ

ਟ੍ਰਿਚੀ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਜ਼ੀਆ-ਉਲ-ਹੱਕ ਹਨ। ਮੰਨਿਆ ਜਾਂਦਾ ਹੈ ਕਿ ਇਸੇ ਜ਼ਿਲ੍ਹੇ ਤੋਂ ਕਈ ਪੜ੍ਹੀਆਂ-ਲਿਖੀਆਂ ਔਰਤਾਂ ਨੂੰ ਸਾਊਦੀ ਅਰਬ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ, "ਏਜੰਟ ਆਨੰਦ ਅਤੇ ਪੱਟੂਕੁੱਟੀ ਦੀ ਭਾਲ ਕੀਤੀ ਜਾ ਰਹੀ ਹੈ।"

"ਸਾਨੂੰ ਇੱਕ ਮਾਂ-ਬਾਪ ਦੀ ਸ਼ਿਕਾਇਤ ਮਿਲੀ ਹੈ। ਸਾਨੂੰ ਸ਼ੱਕ ਹੈ ਕਿ ਬਹੁਤ ਸਾਰੇ ਮਾਪਿਆਂ ਨੂੰ ਆਪਣੀਆਂ ਧੀਆਂ ਦੇ ਭਵਿੱਖ ਦੀ ਚਿੰਤਾ ਹੈ ਪਰ ਉਹ ਸ਼ਿਕਾਇਤ ਕਰਨ ਤੋਂ ਘਬਰਾਉਂਦੇ ਹਨ ਜਿਵੇਂ ਹੀ ਸਾਨੂੰ ਹੋਰ ਜਾਣਕਾਰੀ ਮਿਲਦੀ ਹੈ ਅਸੀ ਰੈਕਟ ਨੂੰ ਫੜਨ ਵਿੱਚ ਸਫਲ ਹੋ ਜਾਵਾਂਗੇ।"

ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਬਾਰੇ ਸਾਡੇ ਹੋਰ ਫੀਚਰ ਜਿਨ੍ਹਾਂ ਵਿੱਚ ਤੁਹਾਡੀ ਦਿਲਚਸਪੀ ਹੋ ਸਕਦੀ ਹੈ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)