ਸੁਸ਼ਮਾ ਦੇ ਟਵੀਟ: ਇਰਾਕ 'ਚ ਮਾਰੇ ਗਏ 39 ਭਾਰਤੀਆਂ ਦੀ ਪੂਰੀ ਕਹਾਣੀ

ਇਰਾਕ 'ਚ 39 ਭਾਰਤੀਆਂ ਦੀ ਮੌਤ ਦੀ ਖ਼ਬਰ ਨਾਲ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ 31 ਘਰਾਂ ਵਿੱਚ ਮਾਤਮ ਦਾ ਮਾਹੌਲ ਹੈ।

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸੰਸਦ ਵਿੱਚ ਦਿੱਤੇ ਗਏ ਬਿਆਨ ਤੋਂ ਬਾਅਦ ਇਨ੍ਹਾਂ ਘਰਾਂ ਦੇ ਜੀਆਂ ਦੀ ਆਸ ਸਦਾ ਲਈ ਖ਼ਤਮ ਹੋ ਗਈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਮੇਂ-ਸਮੇਂ 'ਤੇ ਇਰਾਕ ਵਿੱਚ ਭਾਰਤੀਆਂ ਦੇ ਫਸੇ ਹੋਣ ਅਤੇ ਉਨ੍ਹਾਂ ਦੀ ਸੁਰੱਖਿਆ ਬਾਬਤ 2014 ਤੋਂ ਲੈ ਕੇ ਹੁਣ ਤੱਕ ਕਈ ਵਾਰ ਟਵੀਟ ਕੀਤੇ।

ਆਪਣੇ ਟਵਿੱਟਰ ਹੈਂਡਲ ਤੋਂ ਕੀਤੇ ਗਏ ਇਨ੍ਹਾਂ ਟਵੀਟ 'ਚ ਉਨ੍ਹਾਂ ਕੀ ਕਿਹਾ......ਆਓ ਜਾਣਦੇ ਹਾਂ

ਪਹਿਲਾ ਟਵੀਟ - 24 ਜੁਲਾਈ 2014

ਆਪਣੇ ਭਾਸ਼ਣ ਦਾ ਵੀਡੀਓ ਲਿੰਕ ਉਨ੍ਹਾਂ ਆਪਣੇ ਟਵੀਟ ਰਾਹੀਂ ਸਾਂਝਾ ਕੀਤਾ।

ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਸਰਕਾਰ ਵੱਲੋਂ ਇਰਾਕ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਕਿਹਾ, ''ਸਰਕਾਰ ਇਰਾਕ 'ਚ ਫ਼ਸੇ ਭਾਰਤੀ ਕਾਮਿਆਂ ਦੀ ਸੁਰੱਖਿਆ ਦੇ ਸਬੰਧ 'ਚ ਸੰਸਦ ਦੇ ਮਾਣਯੋਗ ਮੈਂਬਰਾਂ ਦੀ ਚਿੰਤਾ ਤੋਂ ਸਹਿਮਤ ਹੈ।''

ਦੂਜਾ ਟਵੀਟ - 4 ਅਗਸਤ 2014

ਆਪਣੇ ਇੱਕ ਹੋਰ ਭਾਸ਼ਣ ਦਾ ਵੀਡੀਓ ਲਿੰਕ ਸਾਂਝਾ ਕਰਦਿਆਂ ਉਨ੍ਹਾਂ ਇਰਾਕ ਅਤੇ ਲੀਬੀਆ 'ਚ ਭਾਰਤੀਆਂ ਬਾਬਤ ਆਪਣੀ ਗੱਲ ਰਾਜ ਸਭਾ 'ਚ ਰੱਖੀ।

ਰਾਜ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਇਰਾਕ 'ਚ ਕਾਮਿਆਂ ਦੀ ਸਥਿਤੀ ਬਾਰੇ ਗੱਲ ਰੱਖੀ।

ਉਨ੍ਹਾਂ ਕਿਹਾ ਉੱਥੇ ਕੋਈ ਸੰਘਰਸ਼ ਨਹੀਂ ਹੋ ਰਿਹਾ। 41 ਬੰਧਕ ਭਾਰਤੀਆਂ ਨਾਲ ਸਾਡਾ ਸੰਪਰਕ ਟੁੱਟਿਆ ਹੋਇਆ ਹੈ।

ਤੀਜਾ ਟਵੀਟ - 28 ਨਵੰਬਰ 2014

ਰਾਜ ਸਭਾ ਵਿੱਚ ਆਪਣੇ ਭਾਸ਼ਣ ਦਾ ਵੀਡੀਓ ਲਿੰਕ ਸਾਂਝਾ ਕਰਦਿਆਂ ਸੁਸ਼ਮਾ ਨੇ ਆਪਣੇ ਟਵੀਟ 'ਚ ਲਿਖਿਆ - 'ਇਰਾਕ ਵਿੱਚ ਭਾਰਤੀ ਬੰਧਕ - ਮੇਰਾ ਰਾਜ ਸਭਾ ਵਿੱਚ ਭਾਸ਼ਣ।'

ਇੱਕ ਰਾਜ ਸਭਾ ਮੈਂਬਰਾਂ ਨੂੰ ਜਵਾਬ ਦਿੰਦੇ ਵਿਦੇਸ਼ ਮੰਤਰੀ ਨੇ ਕਿਹਾ ਸੀ , ''ਇਰਾਕ 'ਚ ਫਸੇ ਭਾਰਤੀਆਂ ਦੇ ਪਰਿਵਾਰ ਵਾਲਿਆਂ ਨਾਲ ਪੰਜ ਵਾਰ ਮੁਲਾਕਾਤ ਕਰ ਚੁੱਕੀ ਹਾਂ'

ਚੌਥਾ ਟਵੀਟ - 24 ਜੁਲਾਈ 2017

ਇਸ ਦੌਰਾਨ ਸੁਸ਼ਮਾ ਸਵਰਾਜ ਇਰਾਕ ਦੇ ਵਿਦੇਸ਼ ਮੰਤਰੀ ਡਾ. ਇਬਰਾਹਿਮ ਅਲ-ਜਾਫ਼ਰੀ ਦਾ ਦਿੱਲੀ ਪਹੁੰਚਣ 'ਤੇ ਸਵਾਗਤ ਕਰਨ ਬਾਰੇ ਟਵੀਟ ਕਰਦੇ ਹਨ।

ਪੰਜਵਾ ਟਵੀਟ - 27 ਜੁਲਾਈ 2017

ਇਰਾਕ 'ਚ ਫ਼ਸੇ ਭਾਰਤੀਆਂ ਬਾਰੇ ਸੁਸ਼ਮਾ ਸਵਰਾਜ ਟਵੀਟ ਰਾਹੀਂ ਰਾਜ ਸਭਾ ਵਿੱਚ ਆਪਣੇ ਭਾਸ਼ਣ ਦਾ ਵੀਡੀਓ ਲਿੰਕ ਸਾਂਝਾ ਕਰਦੇ ਹਨ।

ਇਸ ਦੌਰਾਨ ਉਨ੍ਹਾਂ ਆਪਣੇ ਪੁਰਾਣੇ ਭਾਸ਼ਣ ਦਾ ਹਵਾਲਾ ਦਿੰਦਿਆਂ ਆਪਣੇ ਉਸ ਭਾਸ਼ਣ ਬਾਰੇ ਸਫ਼ਾਈ ਰੱਖੀ ਤੇ ਕਿਹਾ,''ਮੈਂ ਕਿਹਾ ਸੀ ਕਿ ਅੱਜ ਨਾ ਤਾਂ ਮੇਰੇ ਕੋਲ ਕੋਈ ਵੀ ਠੋਸ ਸਬੂਤ ਉਨ੍ਹਾਂ ਦੇ (ਇਰਾਕ 'ਚ ਫਸੇ ਭਾਰਤੀ) ਜ਼ਿੰਦਾ ਹੋਣ ਦਾ ਹੈ ਤੇ ਨਾ ਹੀ ਉਨ੍ਹਾਂ ਦੇ ਮਰਨ ਦਾ।''

ਛੇਵਾਂ ਟਵੀਟ - 20 ਮਾਰਚ 2018

ਇਰਾਕ ਵਿੱਚ 39 ਭਾਰਤੀਆਂ ਦੇ ਫ਼ਸੇ ਹੋਣ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਆਖਰੀ ਟਵੀਟ ਦੇ ਜ਼ਰੀਏ ਸੰਸਦ 'ਚ ਆਪਣੇ ਭਾਸ਼ਣ ਦਾ ਵੀਡੀਓ ਲਿੰਕ ਸਾਂਝਾ ਕੀਤਾ।

ਇਸ ਭਾਸ਼ਣ 'ਚ ਉਨ੍ਹਾਂ ਇਰਾਕ ਵਿੱਚ ਫਸੇ 39 ਭਾਰਤੀਆਂ ਦੇ ਮਰਨ ਦੀ ਪੁਸ਼ਟੀ ਕੀਤੀ।

ਇਸ ਭਾਸ਼ਣ ਤੋਂ ਬਾਅਦ ਹੀ ਮੁਲਕ ਵਿੱਚ ਸੋਗ ਦੀ ਲਹਿਰ ਹੈ ਅਤੇ ਖਾਸ ਤੌਰ 'ਤੇ ਪੰਜਾਬ ਦੇ 31 ਪਰਿਵਾਰਾਂ 'ਚ ਮਾਤਮ ਦਾ ਆਲਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)