ਜਦੋਂ ਇਰਾਕ ਤੋਂ ਆਇਆ ਤਾਬੂਤ ਖੋਲ੍ਹਿਆ...

ਇਰਾਕ ਦੇ ਮੂਸਲ ਵਿੱਚ ਆਈਐੱਸ ਵੱਲੋਂ ਮਾਰੇ ਗਏ 39 ਭਾਰਤੀਆਂ ਵਿੱਚੋਂ 38 ਦੀਆਂ ਦੇਹਾਂ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਸਨ।

ਰਵਿੰਦਰ ਸਿੰਘ ਰੌਬਿਨ ਨੇ ਦਸਿਆ ਕਿ ਭਿਉਵਾਲ ਪਿੰਡ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਦੇ ਪਰਿਵਾਰ ਨੇ ਜਦੋਂ ਤਾਬੂਤ ਖੋਲ੍ਹਿਆ ਤਾਂ ਉਸ ਦੀਆਂ ਹੱਡੀਆਂ ਹੀ ਸਨ। ਮਨਜਿੰਦਰ ਦੀ ਭੈਣ ਗੁਰਪਿੰਦਰ ਕੌਰ ਦੇ ਉਸੇ ਵੇਲੇ ਹੰਝੂ ਨਿਕਲ ਗਏ।

ਇਸ ਦੇ ਨਾਲ ਹੀ ਇੱਕ ਕਾਲੇ ਰੰਗ ਦਾ ਬੈਗ ਦਿੱਤਾ ਗਿਆ ਜਿਸ ਵਿੱਚ ਉਸ ਦੇ ਵਾਲ, ਲੋਹੇ ਦਾ ਕੜਾ ਅਤੇ ਕੁਝ ਕਪੜੇ ਸਨ।

ਪ੍ਰਸ਼ਾਸਨ ਨੇ ਨਿਰਦੇਸ਼ ਦਿੱਤੇ ਸਨ ਕਿ ਤਾਬੂਤ ਨਾ ਖੋਲ੍ਹੇ ਜਾਣ ਕਿਉਂਕਿ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕੀਤਾ ਕੈਮੀਕਲ ਅੱਖਾਂ ਲਈ ਖਤਰਨਾਕ ਹੋ ਸਕਦਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਕਿ ਉਹ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਾਉਂਦੇ।"

2014 ਵਿੱਚ ਹੀ ਹੋ ਗਈ ਸੀ ਮੌਤ

ਪਾਲ ਸਿੰਘ ਨੌਲੀ ਨੇ ਦਸਿਆ ਕਿ ਕਪੂਰਥਲਾ ਜਿਲ੍ਹੇ ਦੇ ਪਿੰਡ ਮੁਰਾਰ ਦੇ ਰਹਿਣ ਵਾਲੇ ਗੋਬਿੰਦਰ ਸਿੰਘ ਦਾ ਪਰਿਵਾਰ ਚਾਰ ਸਾਲ ਤੋਂ ਉਸ ਦੇ ਘਰ ਮੁੜਨ ਦੀ ਉਡੀਕ ਕਰ ਰਿਹਾ ਸੀ ਪਰ ਜਦੋਂ ਉਸ ਦੀ ਦੇਹ ਘਰ ਪਹੁੰਚੀ ਤਾਂ ਸਾਰਾ ਪਰਿਵਾਰ ਹੀ ਸੋਗ ਵਿੱਚ ਡੁੱਬ ਗਿਆ।

ਪਰਿਵਾਰ ਨੂੰ ਨਾਲ ਹੀ ਤਿੰਨ ਦਸਤਾਵੇਜ਼ ਸੌਂਪੇ ਗਏ।

ਰਿਪਬਲਿਕ ਆਫ਼ ਇਰਾਕ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਮੌਤ ਦੇ ਸਰਟੀਫਿਕੇਟ ਵਿੱਚ ਗੋਬਿੰਦਰ ਸਿੰਘ ਦੀ ਮੌਤ ਦੀ ਕੋਈ ਪੱਕੀ ਤਰੀਕ ਨਹੀਂ ਦੱਸੀ ਗਈ ਸਿਰਫ਼ ਸਾਲ 2014 ਲਿਖਿਆ ਹੋਇਆ ਹੈ। ਮੌਤ ਦਾ ਇੱਕ ਸਰਟੀਫਿਕੇਟ ਬਗਦਾਦ ਵਿਚਲੀ ਭਾਰਤੀ ਐਮਬਸੀ ਨੇ ਵੀ ਜਾਰੀ ਕੀਤਾ ਹੈ।

ਰਿਪੋਰਟ ਮੁਤਾਬਕ ਗੋਬਿੰਦਰ ਦਾ ਡੀ.ਐਨ.ਏ ਪਿਤਾ ਬਲਜਿੰਦਰ ਸਿੰਘ ਅਤੇ ਪੁੱਤਰ ਅਮਨਦੀਪ ਸਿੰਘ ਦੇ ਖੂਨ ਨਾਲ ਮੈਚ ਹੋਇਆ ਹੈ। ਇਹ ਸਾਰੇ ਦਸਤਾਵੇਜ਼ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਪਰਿਵਾਰ ਨੂੰ ਸੌਂਪੇ ।

ਕਿਵੇਂ ਹੋਈ ਮੌਤ

ਰਾਹੁਲ ਚਾਬਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆ ਦਸਿਆ, "ਇਨ੍ਹਾਂ ਰਿਪੋਰਟਾਂ ਅਨੁਸਾਰ ਗੋਬਿੰਦਰ ਸਿੰਘ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ।"

ਪਿੰਡ ਵਾਲਿਆਂ ਨੇ ਦਸਿਆ ਕਿ ਉਹ ਤਾਬੂਤ ਘਰ ਲੈਕੇ ਗਏ ਅਤੇ ਫਿਰ ਸ਼ਮਸ਼ਾਨਘਾਟ ਜਾ ਕੇ ਉਸ ਦਾ ਸਸਕਾਰ ਕਰ ਦਿੱਤਾ ਗਿਆ। ਚਿਤਾ ਨੂੰ ਅੱਗ ਉਨ੍ਹਾ ਦੇ ਪੁਤਰ ਅਮਨਦੀਪ ਸਿੰਘ ਨੇ ਦਿੱਤੀ।

ਗੋਬਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ, "ਮੇਰਾ ਪਤੀ ਜੁਲਾਈ 2013 ਨੂੰ ਰੋਜ਼ੀ ਰੋਟੀ ਖਾਤਰ ਇਰਾਕ ਗਿਆ ਸੀ ਪਰ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਵੇਗਾ ਇਹ ਸਾਨੂੰ ਪਤਾ ਹੀ ਨਹੀਂ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)